ਬਹੁਤ ਯਾਦ ਆਵੇਗੀ ਅਜ਼ੀਮ ਸ਼ਖਸ਼ੀਅਤ ਬਾਈ ਕਮਿੱਕਰ ਸਿੰਘ ਦੀ

 -  -  300


“ਪ੍ਰੋਫੈਸਰ ਸਾਹਿਬ, ਯਾਰਾ ਕੈਂਸਰ ਹੋ ਗਿਆ”, ਕੁਝ ਹੱਸਦੇ-ਹੱਸਦੇ, ਕੁਝ ਗੰਭੀਰਤਾ ਨਾਲ ਬਾਈ ਜੀ ਕਮਿੱਕਰ ਸਿੰਘ ਨੇ ਮੈਨੂੰ ਫੋਨ ‘ਤੇ ਕੋਈ ਸਾਲ ਕੁ ਪਹਿਲਾਂ ਕਿਹਾ। ਯਕੀਨ ਨਹੀਂ ਹੋਇਆ। ਬਾਈ ਜੀ ਸਵੇਰੇ-ਆਥਣੇ ਪਰਸ਼ਾਦਾ ਤੇ ਚੋਣਵੀਆਂ ਚੀਜ਼ਾਂ ਛਕਣ ਵਾਲੇ, ਕਸਰਤ ਤੇ ਮਿਹਨਤ ਕਰਨ ਵਾਲਿਆ ਨੂੰ ਇਹ ਕਿਸ ਤਰ੍ਹਾਂ ਹੋਇਆ। ਨਾਲ ਹੀ ਕਿਹਾ, “ਸੁੱਖ ਸੰਸਾਰ ਹਸਪਤਾਲ ਕੌਮ ਦੇ ਨਾਂ ਕਰ ਦੇਣਾ ਹੈ ਪੂਰੀ ਤਰ੍ਹਾਂ -ਜਿਨ੍ਹਾਂ ਮਨਸੂਬਿਆਂ-ਮੰਤਵਾਂ ਲਈ ਸਾਰੀ ਜ਼ਿੰਦਗੀ ਜੂਝਦਾ ਰਿਹਾ ਹਾਂ ਉਸ ਦੇ ਨਾਮ ਕਰ ਦੇਣਾ ਹੈ।” ਮੈਂ ਕਿਹਾ ਕਿ, “ਉਹ ਤੇ ਪਹਿਲਾਂ ਹੀ ਹੈ”, ਕਹਿੰਦੇ, “ਨਹੀਂ ਹੋਰ ਪੱਕਿਆਂ ਕਰ ਦੇਣਾ ਹੈ।” ਮੈਂ ਕਿਹਾ ਅਮਰੀਕਾ ਚਲੇ ਜਾਉ, ਇਲਾਜ ਲਈ, ਜਵਾਬ ਆਇਆ ਰਿਪੋਰਟਾਂ ਭੇਜ ਦਿੱਤੀਆਂ ਨੇ, ਕੁਝ ਨਹੀਂ ਹੋ ਸਕਦਾ। ਫਿਰ ਆਪਣੇ ਅੰਦਾਜ਼ ਵਿੱਚ, “ਦੇਖਦੇ ਹਾਂ ਕੀ ਹੁੰਦਾ, ਲੜਾਂਗੇ” ਅਤੇ ਉਹ ਲੜਦੇ-ਲੜਦੇ ਰੁਕਸਤ ਹੋ ਗਏ। ਇਤਿਹਾਸ ਦੇ ਪੰਨੇ ਸ਼ਾਇਦ ਦਰਜ਼ ਕਰਨਗੇ।

ਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਆਪਣੀ ਜ਼ਿੰਦਗੀ ਨੂੰ ਟੈਚੀ ਵਿੱਚ ਸਮੇਟ ਕੇ ਮੈਂ ਮੁੰਬਈ ਤੋਂ ਕਲਕੱਤੇ ਬਾਈ ਕਮਿਕਰ ਸਿੰਘ ਦੇ ਰਾਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਉਥੇ ਮਿਲਿਆ । ਉਨ੍ਹਾਂ ਦੇ ਸੁਭਾਅ ਦਾ ਝਲਕਾਰਾ ਮਿਲਿਆ ਪਰ ਉਨ੍ਹਾਂ ਦੇ ਲਗਭਗ ਚਾਰ ਦਹਾਕਿਆਂ ਦੇ ਸਾਥ ਵਿਚ ਉਹ ਕਿਰਦਾਰੀ ਬਿਰਤੀ ਹਮੇਸ਼ਾਂ ਕਾਇਮ ਰਹੀ। ਕਮਿੱਕਰ ਸਿੰਘ ਇੱਕ ਨਿਰਭਉ, ਰੱਬ ਦਾ ਪਿਆਰਾ ਤੇ ਗੁਰੂ ਦਾ ਲਾਡਲਾ ਸੀ। ਕੋਈ ਦੁਨਿਆਵੀ, ਸ਼ਖਸ਼ੀਅਤ, ਤਾਕਤ ਉਨ੍ਹਾਂ ਨੂੰ ਡਰਾ ਨਾ ਸਕੀ, ਕਦੀ ਵੀ। ਜ਼ਿੰਦਗੀ ਦੇ ਰਾਹ’ਚ ਤੁਰਦੇ ਆਈਆਂ ਅੋਕੜਾਂ ਦਾ ਜ਼ਿਕਰ ਤਾਂ ਕਰ ਲੈਣਾ ਮੇਰੇ ਨਾਲ ਪਰ ਕੁਝ ਇਸ ਲਹਿਜ਼ੇ ਵਿੱਚ ਕਿ ਜਿਵੇਂ ਇਹ ਬਿਆਨ ਕਰਦੇ ਹੋਣ ਕਿ ਇਹੀ ਜ਼ਿੰਦਗੀ ਹੈ। ਛੇਤੀ ਕਿਤੇ ਕਿਸੇ ਤੇ ਵਿਸ਼ਵਾਸ ਤਾਂ ਨਹੀਂ ਕਰਦੇ ਸੀ ਪਰ ਕਈ ਵਾਰੀ ਆਪਣੇ ਪਿਆਰੇ ਭੋਲੇਪਨ ਵਿੱਚ ਅਗਲੇ ਵਿਅਕਤੀ ਨੂੰ ਹਾਵੀ ਹੋਣ ਦਾ ਮੌਕਾ ਦੇ ਦਿੰਦੇ, ਸੱਚ ਪਤਾ ਚੱਲਣ ‘ਤੇ ਫਿਰ ਉਹ ਵਿਅਕਤੀ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਾ ਰਹਿੰਦਾ।

ਅਜੋਕੀ ਪੀੜੀ ਨੂੰ ਉਨ੍ਹਾਂ ਦੀ ਦੇਣ ਬਾਰੇ ਦੱਸਣਾ ਜ਼ਰੂਰੀ ਹੈ। ਸਰਕਾਰੀ ਜ਼ਬਰ ਦਾ ਕਿਵੇਂ ਟਾਕਰਾ ਕਰੀਦਾ ਹੈ ਇਹ ਕਮਿੱਕਰ ਸਿੰਘ ਨੇ ਕਲਕੱਤੇ ਸਿੱਖਾਂ ਦਾ ਆਗੂ ਬਣਕੇ, 1984 ਵਿੱਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪੱਛਮ ਬੰਗਾਲ ਦੀ ਸਰਕਾਰ ਨਾਲ ਤਾਲੁਕਾਤ ਪੈਦਾ ਕਰ ਕੇ, ਭਾਰਤ ਵਿੱਚ ਪਹਿਲਾ ਵੱਡਾ ਰੋਸ ਪ੍ਰਦਰਸ਼ਨ ਅਤੇ ਕਨਵੈਨਸ਼ਨ ਕੀਤੀ।

ਆਮ ਦੁਨੀਆਂ ਦੇ ਵਿੱਚ ਇਹ ਪ੍ਰਚਲਤ ਹੈ ਕਿ ਪੰਜਾਬ ਤੋਂ ਬਾਹਰਲਾ ਸਿੱਖ ਡਰਪੋਕ ਹੈ, ਸਰਕਾਰੀ ਭੈਅ ਮੰਨਦਾ ਹੈ ਤੇ ਝੇਪ ਖਾਂਦਾ ਹੈ ਕੋਈ ਸਿਆਸੀ ਗੱਲ ਕਰਨ ਤੋਂ। ਕਮਿੱਕਰ ਸਿੰਘ ਨੇ ਦਿੱਲੀ ਤਖਤ ਨੂੰ ਵੰਗਾਰਿਆ ਅਤੇ ਇੱਕ ਅਜਿਹਾ ਰੋਸ ਮੁਜ਼ਾਹਿਰਾ ਈਸਟ ਇੰਡੀਆ ਸਿੱਖ ਕੋਆਰਡੀਨੇਸ਼ ਕਮੇਟੀ ਦੇ ਨਾਮ ‘ਤੇ ਕੀਤਾ ਕਿ ਉਸ ਨਾਲ ਪੰਜਾਬ ਦੇ ਵਿੱਚ ਸਰਕਾਰੀ ਜ਼ਬਰ ਅਤੇ ਵੱਡੀ ਗਿਣਤੀ ਵਿਚ ਫੌਜੀ ਅਤੇ ਨੀਮ ਫੌਜੀ ਦਸਤਿਆਂ ਦੇ ਹੁੰਦਿਆਂ ਥਾਂ-ਥਾਂ ਲੋਕ, ਖਾਸਕਰ ਨੌਜਵਾਨਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ।

ਪੰਜ ਸਾਲ ਭਾਗਲਪੁਰ ਜੇਲ ਆਪਣੇ ਸਾਥੀ ਸਿਮਰਨਜੀਤ ਸਿੰਘ ਮਾਨ, ਚਰਨ ਸਿੰਘ ਲੁਹਾਰਾ, ਜਗਪਾਲ ਸਿੰਘ ਗੋਰਖਾ ਅਤੇ ਭਾਈ ਰਾਮ ਸਿੰਘ ਨਾਲ ਕੱਟੀ ਪਰ ਮਜਾਲ ਹੈ ਕਿ ਕੋਈ ਦਿਲ ਵਿਚ ਗਿਲਾ-ਸ਼ਿਕਵਾ ਹੋਵੇ। ਉਹ ਅਸਲ ਵਿੱਚ ਜ਼ਮੀਰ ਦੇ ਕੈਦੀ – Prisoner of Conscience ਸੀ -ਉਹ ਕੈਦੀ ਜਿਸਨੂੰ ਸਿਰਫ ਉਸਦੇ ਵਿਚਾਰਾਂ ਕਰ ਕੇ ਕੈਦ ਕੀਤਾ ਹੋਵੇ।

ਉਨ੍ਹਾਂ ਦੇ ਬੇਟੇ ਗੁਰਬੀਰ ਸਿੰਘ ਨੇ ਦੱਸਿਆਂ ਕਿ ਕਿਵੇਂ ਜੇਲ ਵਿਚੋਂ ਬੱਚਿਆਂ ਨੂੰ ਚਿੱਠੀ ਲਿਖਦੇ ਹੁੰਦੇ ਸੀ, ਇਥੋਂ ਤੱਕ ਕਿ ਅਖਬਾਰੀ ਕਟਿੰਗ ਭੇਜੀ ਕਿ ਬੇਟੀ ਦੀ ਨਜ਼ਰ ਠੀਕ ਕਰਨ ਲਈ ਕਿਹੜੀ ਜੁਗਤ ਕੀਤੀ ਜਾਵੇ। ਗੁਰਬੀਰ ਸਿੰਘ ਨੇ ਦੱਸਿਆਂ ਕਿ ਉਹ ਤੇ ਭੈਣ-ਭਰਾ ਬਾਈ ਜੀ ਨੂੰ ਹੱਸਣ ਅਤੇ ਮਖੋਲ ਦੀਆਂ ਲਿਖਤਾਂ ਪਹੁੰਚਾਉਂਦੇ ਸਨ ਜਿਸ ਨਾਲ ਉਹ ਖੁਸ਼ ਹੋਣ।

Kamikar Singh jiਬਾਈ ਜੀ ਦੀ ਜ਼ਿੰਦਗੀ ਤੇ ਇਕ ਝਾਤ ਮਾਰਨ ਲਹੀ ਉਨ੍ਹਾਂ ਦੀਆਂ ਜੀਵਨ ਦੀ ਯਾਦਾਂ ਜਰੂਰ ਪੜ੍ਹੋ: ਇਸ ਲਿੰਕ ਤੇ ਕ੍ਲਿਕ ਕਰੋ: Kamikar Singh -Sikh Persona Par Excellence

ਕਲਕੱਤੇ ਦੇ ਟਰਾਂਸਪੋਰਟ ਜਗਤ ਨੂੰ ਚੜ੍ਹਦੀ ਕਲਾ ਵਿਚ ਲਿਜਾਣ ਦਾ ਮਸਲਾ ਹੋਵੇ, ਪਟਨਾ ਸਾਹਿਬ ਦਾ ਕੋਈ ਮਸਲਾ ਹੋਵੇ, ਪਰਿਵਾਰਕ ਹੋਵੇ, ਕੌਮੀ ਹੋਵੇ -ਬਾਈ ਜੇ ਨੇ ਸੁਚੱਜੇ ਢੰਗ ਨਾਲ ਪੂਰੀ ਇਮਾਨਦਾਰੀ ਨਾਲ ਨਜਿੱਠਣਾ। ਹਮੇਸ਼ਾਂ ਜਿਸ ਕੰਮ ਨੂੰ ਹੱਥ ਪਾਇਆ, ਉਸ ਵਿਚ ਭਿੱਜ ਕੇ ਕੰਮ ਕੀਤਾ। ਹਰ ਇੱਕ ਨੂੰ ਇੰਝ ਜਾਪਣਾ ਕਿ ਬਾਈ ਜੀ ਤਾਂ ਮੇਰੇ ਹੀ ਹਨ। ਇਹ ਪ੍ਰਭਾਵ ਤੇ ਹਰ ਇਕ ਨੂੰ ਦਿੰਦੇ ਹੀ ਸੀ ਪਰ ਨਾਲ ਹੀ ਸਿੱਖੀ ਨੂੰ ਪ੍ਰਣਾਇਆ ਕਮਿੱਕਰ ਸਿੰਘ ‘ਏਕਲਾ ਚਲੋ ਰੇ’ ਨੂੰ ਸਦਾ ਯਾਦ ਰੱਖਦੇ ਸਨ ਅਤੇ ਨਿਰਲੇਪ ਹੋ ਕੇ ਆਪਣੇ ਜੀਵਨ ਨੂੰ ਜੀੳਂਦੇ ਸਨ।

ਉਨ੍ਹਾਂ ਦੇ ਜੀਵਨ ਦੀ ਇਕ ਝਲਕ ਪਰਿਵਾਰ ਨਾਲ ਮਿਲਕੇ ਇਸ ਕਿਤਾਬਚੇ ਰਾਂਹੀ ਇਕੱਠੀ ਕਰਨ ਦਾ ਇਕ ਉਪਰਾਲਾ ਕੀਤਾ ਹੈ ਜੋ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਹੈ, ਉਨ੍ਹਾਂ ਦੇ ਬੱਚੇ-ਬੱਚੀਆਂ, ਪੋਤੇ-ਪੋਤੀਆਂ, ਦੋਤੇ-ਦੋਤੀਆਂ ਦੀ ਯਾਦ ਅਤੇ ਨਿੱਘ ਨੂੰ ਦਰਸਾੳਂਦਾ ਹੈ, ਸਾਥੀਆਂ ਦੇ ਪ੍ਰੇਮ ਦਾ ਲਿਸ਼ਕਾਰਾ ਹੈ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਨੇਕ ਕੰਮਾਂ ਦੀ ਨਿਮਾਣੀ ਜਿਹੀ ਝਲਕ ਹੈ।

ਸੁੱਖ ਸੰਸਾਰ ਨੂੰ ਸ਼ੁਰੂ ਕਰਨ ਵਿੱਚ ਅਤੇ ਚਲਾਉਣ ਵਿਚ ਉਨ੍ਹਾਂ ਨਾਲ ਸਾਂਝ ਰਹੀ ਅਤੇ ਦੇਖਿਆਂ ਕਿ ਲੱਖਾਂ ਰੁਪਏ ਕਿਵੇਂ ਇਕੱਠੇ ਕਰ ਖਰਚਦੇ ਸਨ ਅਤੇ ਆਪਣੇ ਹੱਥੀ ਸੇਵਾ ਕਰਕੇ ਇਸ ਸੰਸਥਾ ਨੂੰ ਖੜਾ ਕੀਤਾ।

ਕਲਕੱਤੇ ਦੀ ਮਾਰਵਾੜੀ ਬਰਾਦਰੀ ਨਾਲ ਖਾਸ ਪਿਆਰ ਸੀ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਉਹ ਮਨੁੱਖਤਾਵਾਦੀ ਸਨ ਅਤੇ ਸੌੜੀ ਸੋਚ ਤੋਂ ਬਹੁਤ ਉਪਰ ਸਨ।

ਸਿਆਸਤਦਾਨ ਭਾਂਵੇ ਕਾਂਗਰਸੀ ਹੋਵੇ, ਖੱਬੇ ਪੱਖੀ ਹੋਵੇ, ਜਰਨੈਲ ਭਾਵੇਂ ਸੰਘਰਸ਼ ਵਾਲਾ ਹੋਵੇ -ਹਰ ਇੱਕ ਨਾਲ ਤਾਲਮੇਲ ਇੱਕ ਸਟੇਟਸਮੈਨ ਵਾਂਗ ਕਿਵੇਂ ਰੱਖਣਾ ਹੈ ਅਤੇ ਕਿਵੇਂ ਇਲਜ਼ਾਮਕਸ਼ੀ ਤੋਂ ਉਪਰ ਉਠ ਕੇ ਕੌਮ ਦੀ ਗਲ ਨੂੰ ਅੱਗੇ ਤੋਰਨਾ ਹੈ, ਬਾਈ ਜੀ ਤੋਂ ਇਲਾਵਾ ਸਿੱਖ ਕੌਮ ਵਿੱਚ  ਮੈਨੂ ਕੋਈ ਹੱਲੇ ਤੱਕ ਨਹੀਂ ਲੱਭਿਆ।

ਸਾਰਾ ਸਿੱਖ ਜਗਤ ਵੱਖ-ਵੱਖ ਸੰਪ੍ਰਦਾਵਾਂ, ਸੰਤਾ ਮਹੰਤਾਂ ਦੇ ਆਪ-ਮੁਹਾਰੇ ਕਾਰਜਾਂ ਤੋਂ ਦੁੱਖੀ ਹੁੰਦਾ ਰਹਿੰਦਾ। ਬਾਈ ਜੇ ਨੇ ਆਪਣੇ ਵਲੋਂ ਇਨ੍ਹਾਂ ਨਾਲ ਸਾਂਝ ਪਾ ਕੇ ਇਨ੍ਹਾਂ ਨੂੰ ਸਿੱਖ ਕੌਮ ਦੇ ਦਰਿਆ ਵਿੱਚ ਸ਼ਾਮਲ ਕਰਨ ਲਈ ਵੀ ਬਹੁਤ ਉਪਰਾਲੇ ਕੀਤੇ ਸਨ। ਉਹ ਇਸ ਗਲ ਦੇ ਹਾਮੀ ਸਨ ਕਿ ਗੱਲ-ਬਾਤ ਨਾਲ, ਸੰਵਾਦ ਨਾਲ ਇਨ੍ਹਾਂ ਸਾਰਿਆਂ ਨੂੰ ਸਿੱਖ ਕੌਮ ਵਿਚ ਮੁੜ ਸ਼ਾਮਲ ਕੀਤਾ ਜਾ ਸਕਦਾ ਹੈ।

ਆਪਣੇ ਨਿਭਾਏ ਫਰਜ਼ ਨੂੰ ਪ੍ਰਚਾਰਣ ਦਾ ਕੋਈ ਸ਼ੋਕ ਨਹੀਂ ਸੀ। ਅਜੋਕੇ ਸਮੇਂ ਵਿੱਚ ਵੀ ਕਿਤਨੇ ਲੋਕ ਜਾਣਦੇ ਹਨ ਕਿ ਤਖਤ ਸ੍ਰੀ ਹਰਮੰਦਰ ਸਾਹਿਬ ਪਟਨੇ ਦੇ ਦੋਖੀ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕਮੇਟੀ ਦੇ ਮਤੇ ਦੇ ਬਾਵਜੂਦ ਉੱਥੋਂ ਹਟਾਉਣਾ ਮੁਸ਼ਕਲ ਹੋ ਗਿਆ ਸੀ। ਕਮਿਕਰ ਸਿੰਘ ਚਟਾਨ ਵਾਂਗ ਖੜ ਗਏ -ਕਿਹਾ “ਦਾਦਾਗਿਰੀ ਨਹੀਂ ਚਲੇਗੀ -ਜੇ ਡਰਾਉਣ ਦੀ ਕੋਸ਼ਸ਼ ਕੀਤੀ ਤਾਂ ਪਹਿਲੀ ਗੋਲੀ ਮੈਂ ਖਾਵਾਂਗਾਂ, ਗਿਆਨੀ ਇਕਬਾਲ ਸਿੰਘ ਕਾਬਜ਼ ਨਾ ਹੋ ਸਕੇ। ਉਨ੍ਹਾਂ ਦੇ ਖਾਲਸਈ ਰੋਹਬ ਨਾਲ ਕੰਮ ਕਰਨ ਦੀ ਇਹ ਇਕ ਮਿਸਾਲ ਹੈ। ਉਨ੍ਹਾਂ ਦੇ ਆਖਰੀ ਦਿਨਾਂ’ਚ ਬਿਮਾਰ ਹੁਣ ਤੋਂ ਪਹਿਲਾਂ ਦੀ ਇਹ ਵੱਡੀ ਪ੍ਰਾਪਤੀ ਹੈ। ਇਹ ਗਲ ਹੋਰ ਹੈ ਕਿ ਸਰਕਾਰੀ ਸ਼ਹਿ ਤੇ ਗਿਆਨੀ ਇਕਬਾਲ ਸਿੰਘ ਫਿਰ ਬਹਾਲ ਹੋਣ ਨੂੰ ਤਰਲੋ-ਮੱਛੀ ਹੈ ਤੇ ਇਹ ਸਾਡੀ ਸਾਰਿਆਂ ਦੀ ਬਾਈ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਉਸਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਈਏ।

ਅਕਾਲਪੁਰਖ ਨੇ ਚਾਹਿਆ ਤਾਂ ਇੱਕ ਕਿਤਾਬ ਰਾਂਹੀ ਬਾਈ ਜੀ ਦੀ ਜ਼ਿੰਦਗੀ ਨੂੰ ਕਲਮਬਧ ਕਰਨ ਦਾ ਉਪਰਾਲਾ ਕਰਾਂਗੇ। ਉਨ੍ਹਾਂ ਦੇ ਬੇਟੇ ਦੇ ਲਫਜ਼ ਬਾਕਮਾਲ ਹਨ। ਲਿਖਦੇ ਹਨ, “ਬਾਈ ਜੀ ਨੂੰ ਸਿਰਫ ਆਪਣੇ ਪਰਿਵਾਰ ਤੱਕ ਹੀ ਸੀਮਤ ਰੱਖਣਾ ਬੇਇਨਸਾਫੀ ਤੇ ਖੁਦਗਰਜ਼ੀ ਹੋਵੇਗੀ।”

ਭਾਈ ਕਮਿੱਕਰ ਸਿੰਘ ਇੱਕ ਅਦੁੱਤੀ ਰੂਹ ਸੀ ਜੋ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਪਰਿਵਾਰ, ਸਿੱਖ ਕੌਮ ਅਤੇ ਮਨੁੱਖਤਾ ਦੀ ਸੇਵਾ ਕਰਦੇ ਰਹੇ। ਆਉ, ਅਸੀਂ ਵੀ ਗੁਰੂ ਆਸ਼ੇ ਮੁਤਾਬਕ ਜੀਵਨ ਜੀਵੀਏ ਅਤੇ ਬਾਈ ਜੀ ਦੇ ਜੀਵਨ ਤੋਂ ਸੇਧ ਲੈ ਨਿਧੜਕ ਅਤੇ ਬੇਬਾਕ ਹੋ ਯਾਦ ਕਰੀਏ, “ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ॥” ਉਹ ਕਮਾ ਗਏ, ਨਿਭਾ ਗਏ, ਅਸੀਂ ਵੀ ਖੁੰਝੀਏ ਨਾ।

300 recommended
1420 views
bookmark icon

Write a comment...

Your email address will not be published. Required fields are marked *