ਅੱਜ ਲੀਡਰ ਮੇਰੀ ਕੌਮ ਦੇ ਹੋਏ ਦਿੱਲੀ ਦੇ ਦਲਾਲ। ਕਿਸ ਅੱਗੇ ਜਾ ਕੇ ਫੋਲੀਏ ਅੱਸੀ ਕੌਮ ਦਾ ਮੰਦਾ ਹਾਲ।
ਜਦ ਵੀ ਇਹ ਤਸਵੀਰ ਸਾਹਮਣੇ ਆਉਂਦੀ ਹੈ ਤੇ ਸਿੱਖ ਇਨਕਲਾਬੀ ਕਵੀ ਗਜਿੰਦਰ ਸਿੰਘ ਦੀਆਂ ਸਤਰਾਂ ਮਨ ਮਸਤਕ ਵਿਚ ਗੂੰਜਣ ਲੱਗ ਪੈਂਦੀਆਂ ਹੱਨ -“ਅੱਜ ਲੀਡਰ ਮੇਰੀ ਕੌਮ ਦੇ ਹੋਏ ਦਿੱਲੀ ਦੇ ਦਲਾਲ, ਕਿਸ ਅੱਗੇ ਜਾ ਕੇ ਫੋਲੀਏ ਅੱਸੀ ਕੌਮ ਦਾ ਮੰਦਾ ਹਾਲ।” ਪੰਜਾਬ ਤੋਂ ਬਾਹਰ ਉਂਗਲਾਂ ‘ਤੇ ਗਿਣੇ ਜਾਣ ਵਾਲੇ ਮੁੱਠੀ ਭਰ ਸਿਖਾਂ ਨੂੰ ਛੱਡ ਦੇਈਏ ਤਾਂ ਕਿਸੇ ਸਮੇਂ ਭਾਜਪਾ ਵਿਚ ਕੋਈ ਸਿੱਖ ਚਿਹਰਾ ਨਹੀਂ ਸੀ। ਅਸਲ ਵਿੱਚ, ਅਜੋਕੀ ਭਾਜਪਾ ਦੀ ਜਨਮਦਾਤੀ ‘ਜਨਸੰਘ’ ਵਿੱਚ ਕੋਈ ਸਿੱਖ ਚਿਹਰਾ ਸੀ ਹੀ ਨਹੀਂ। ਇੱਥੋਂ ਤੱਕ ਕਿ ਆਰ.ਐਸ.ਐਸ.- ਰਾਸ਼ਟਰੀ ਸਵੈਮਸੇਵਕ ਸੰਘ ਨੂੰ ਵੀ ਰਾਸ਼ਟਰੀ ਸਿੱਖ ਸੰਗਤ ਦੀ ਕਾਢ ਕੱਢਣੀ ਪਈ ਜਿੱਥੇ ਉਹਨਾਂ ਕੁਝ ਸਿੱਖਾਂ ਨੂੰ ਤਰਜੀਹ ਦਿੱਤੀ ਤਾਂ ਕਿ ਉਹਨਾਂ ਨੂੰ ਸਿੱਖ ਪੱਖੀ ਵਜੋਂ ਦੇਖਿਆ ਜਾ ਸਕੇ, ਭਾਵੇਂ ਕਿ ਉਹ ਆਰ. ਐਸ. ਐਸ.ਦੇ ਏਜੰਡੇ ਨੂੰ ਲਾਗੂ ਕਰਦੇ ਰਹੇ। ਅੱਜ ਸਾਡੇ ਕੋਲ ਮਨਜਿੰਦਰ ਸਿੰਘ ਸਿਰਸਾ ਵਰਗੇ ਟੋਡੀ ਹਨ ਜੋ ਭਾਜਪਾ ਦੀ ਬਹੁਗਿਣਤੀਵਾਦ ਦੀ ਸਿਆਸਤ, ਸਿੱਖਾਂ, ਸਿੱਖ ਧਰਮ, ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਵਰਲਡ ਸਿੱਖ ਨਿਉਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਦੀ ਇਕੱਤਰਤਾ ਦੇ ਵੇਰਵਿਆਂ ‘ਤੇ ਚਰਚਾ ਕਰਦੇ ਹੋਏ ਇਕੱਤਰਤਾ ਦੀ ਮੰਸ਼ਾ ਅਤੇ ਇਸ ਦੇ ਸੰਭਾਵੀ ਦੁਖੜੇ ਬਾਰੇ ਖ਼ਬਰਦਾਰ ਕੀਤਾ ਹੈ।
ਮਨਜਿੰਦਰ ਸਿੰਘ ਸਿਰਸਾ -ਦਿੱਲੀ ਸਿੱਖ ਗੁਰੂਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦਾ ਮੌਜੂਦਾ ਸਿੱਖ ਚਿਹਰਾ -ਸਿੱਖ ਸੰਸਥਾਵਾਂ, ਸਿੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਨੀਵਾਂ ਦਿਖਾ ਕੇ ਸੁਰਖੀਆਂ ਬਟੋਰਨ ਲਈ ਓਵਰਟਾਈਮ ਕੰਮ ਕਰ ਰਿਹਾ ਹੈ। ਜੋ ਨੁਕਸਾਨ ਉਸ ਨੇ ਪਹਿਲਾਂ ਕੀਤਾ ਹੈ, ਉਹ ਅੱਜ ਵੀ ਸਿੱਖਾਂ ਨੂੰ ਤਕਲੀਫ ਦਿੰਦਾ ਹੈ।
ਭਾਜਪਾ ਆਗੂ ਬਣਨ ਦੇ ਸ਼ੁਰੂਆਤੀ ਪੜਾਅ ਵਿੱਚ, ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲਣ ਵਿੱਚ ਅਸਫਲ ਰਹਿਣ ਤੋਂ ਬਾਅਦ, ਮਨਜਿੰਦਰ ਸਿੰਘ ਸਿਰਸਾ ਵੱਧ ਤੋਂ ਵੱਧ ਸਿੱਖ ਚਿਹਰਿਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਪਰਦੇ ਪਿੱਛੇ ਜੀ ਤੋੜ ਕੰਮ ਕਰ ਰਿਹਾ ਹੈ । ਚਿੰਤਾ ਜ਼ਾਹਰ ਕਰਕੇ ਅਤੇ ਫਿਰ ਉਨ੍ਹਾਂ ਨੂੰ ਲਾਂਭੇ ਛੱਡ ਕੇ, ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਸਿਰਸਾ ਆਪਣੇ ਆਪ ਨੂੰ ਇਕ ਮਸੀਹਾ ਵਜੋਂ ਦੇਖਣਾ ਚਾਹੁੰਦਾ ਹੈ। ਦ ਵਰਲਡ ਸਿੱਖ ਨਿਉਜ਼ ਇਸ ਗੱਲ ਤੋਂ ਜਾਣੂ ਹੈ ਕਿ ਉਹ ਕਿਵੇਂ ਵੱਖ-ਵੱਖ ਰਾਜਾਂ ਵਿੱਚ ਸਿੱਖਾਂ ਨੂੰ ਭਾਜਪਾ ਵੱਲ ਧੱਕ ਰਿਹਾ ਹੈ।
ਉਸ ਦਾ ਪਹਿਲਾ ਵੱਡਾ ਨਿਸ਼ਾਨਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਨ, ਜਿਨ੍ਹਾਂ ਨੇ ਉਸ ਦੇ ਕਹਿਣ ‘ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੇਜ਼ਬਾਨੀ ਕੀਤੀ ਸੀ। ਮੀਟਿੰਗ ਦੌਰਾਨ ਜਥੇਦਾਰ ਹੱਥ ਵਿੱਚ ਰਵਾਇਤੀ ਕਿਰਪਾਨ ਤੋਂ ਬਿਨਾਂ ਨਜ਼ਰ ਆਏ। ਸਿੱਖਾਂ ਦੇ ਕਾਰਜਕਾਰੀ ਜਥੇਦਾਰ ਨੇ ਭਾਰਤ ਦੇ ਗ੍ਰਹਿ ਮੰਤਰੀ ਨਾਲ ਬੰਦ ਕਮਰਾ ਮੀਟਿੰਗ ਕੀਤੀ, ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ। ਮੀਟਿੰਗ ਦੇ ਵੇਰਵੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਮੀਡੀਆ ਨੂੰ ਦਿੱਤੇ, ਜਿਨ੍ਹਾਂ ਨੇ ਕਿਹਾ ਕਿ “ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਪੰਜਾਬ ਨਾਲ ਸਬੰਧਤ ਅਤੇ ਸਿੱਖ-ਸਬੰਧਤ ਕਈ ਮੰਗਾਂ ਰੱਖੀਆਂ ਗਈਆਂ।” ਇਸ ਤੋਂ ਬਾਅਦ, ਇੱਕ ਟਵੀਟ ਰਾਹੀਂ, ਸ਼੍ਰੋਮਣੀ ਕਮੇਟੀ ਨੇ ਮੀਟਿੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ, “ਜੋ ਕੋਈ ਵੀ ਵਿਅਕਤੀ ਮਿਲਣ ਆਉਂਦਾ ਹੈ, ਉਹ ਮੀਟਿੰਗ ਕਰ ਸਕਦਾ ਹੈ।”
ਹੁਣ ਸਾਡੇ ਕੋਲ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਦਾ ਝੁੰਡ ਹੈ, ਜੋ ਗੈਰ-ਸਿਆਸੀ ਹੋਣ ਦਾ ਦਾਅਵਾ ਕਰਦੇ ਹਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ “ਸਿੱਖ ਭਾਈਚਾਰੇ ਲਈ ਕੀਤੇ ਗਏ ਵੱਖ-ਵੱਖ ਕੰਮਾਂ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦੇਣ” ਲਈ ਸਿਰਸਾ ਦੇ ਨਾਲ ਗਏ ਹਨ। ਉਨ੍ਹਾਂ ਬਿਲਕੁਲ ਵੀ ਨਾ ਸੋਚਿਆ ਕਿ ਇਸ ਨਾਲ ਸਿੱਖ ਹਿਰਦੇ ਕਿਵੇਂ ਵਲੂੰਦਰੇ ਜਾਣਗੇ.
ਇਹ ਘਿਣਾਉਣਾ ਅਤੇ ਦੁਖਦਾਈ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਾਲ ਖੁਸ਼ੀ ਨਾਲ ਫੋਟੋ ਖਿਚਵਾਉਣ ਵਾਲੀ ਲੀਡਰਸ਼ਿਪ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਸਨ। ਉਹਨਾਂ ਨੂੰ ਕਿਸੇ ਸਿਆਸੀ ਆਗੂ ਦੇ ਘਰ ਜਾਣ ਵਿਚ ਕੋਈ ਝਿਜਕ ਨਹੀਂ ਹੋਇਆ ਭਾਵੇਂ ਕਿ ਇਹ ਮਿਲਣੀ ਉਹਨਾਂ ਦੇ ਰੁਤਬੇ ਅਤੇ ਕੱਦ ਨਾਲ ਬੁਰੀ ਤਰ੍ਹਾਂ ਸਮਝੌਤਾ ਸੀ। ਉਹ ਪਟਨਾ ਤੋਂ ਦਿੱਲੀ, ਤਖ਼ਤ ਪਟਨਾ ਸਾਹਿਬ ਦੇ ਸੰਗਤ ਦੇ ਫੰਡਾਂ ਨਾਲ ਪ੍ਰਧਾਨ ਮੰਤਰੀ ਨੂੰ ਸਿਰੋਪਾਓ ਦੇ ਹਾਰ ਪਾਉਣ ਲਈ ਆਏ ਤੇ ਵਾਪਿਸ ਪਰਤ ਗਏ ! ਕੀ ਸਾਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰਾਂ ਨੇ ਸਰਕਾਰੀ ਲੀਹ ’ਤੇ ਕਿਉਂ ਪੈਰ ਰੱਖਿਆ? ਇਸ ਸਮੁੱਚੀ ਖੇਡ ਵਿੱਚ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਭੂਮਿਕਾ ਦੀ ਵੀ ਘੋਖ ਹੋਣੀ ਚਾਹੀਦੀ ਹੈ |
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਚੋਣ ਵਾਲੇ ਦਿਨ ਮਨਜਿੰਦਰ ਸਿੰਘ ਸਿਰਸਾ ਦੇ ਪਰਦੇ ਪਿੱਛੇ ਦਖਲਅੰਦਾਜ਼ੀ ਤੋਂ ਬਿਨਾਂ ਡੀ.ਐਸ.ਜੀ.ਐਮ.ਸੀ ਦਾ ਮੌਜੂਦਾ ਸਦਨ ਨਹੀਂ ਸੀ ਬਣ ਸਕਦਾ। ਹਰਮੀਤ ਸਿੰਘ ਕਾਲਕਾ ਹੁਣ ਨਰਿੰਦਰ ਮੋਦੀ ਦੇ ਗੁਣਗਾਨ ਕਰਨ ਲਈ ਦਿੱਲੀ ਕਮੇਟੀ ਦੀ ਵਰਤੋਂ ਕਰਨ ਲਈ ਹੁਣ ਮਜਬੂਰ ਹੈ।
ਦਿੱਲੀ ਕਮੇਟੀ ਵਲੋਂ ਦਿੱਤਾ ਮੈਮੋਰੰਡਮ ਦਿੱਲੀ ਵਿੱਚ ਸਿੱਖ ਯੂਨੀਵਰਸਿਟੀ ਦੀ ਮੰਗ ਕਰਦਾ ਹੈ ਜਦੋਂ ਕਿ ਹਰਮੀਤ ਸਿੰਘ ਕਾਲਕਾ ਅਤੇ ਉਸ ਦਾ ਟੋਲਾ ਦਿੱਲੀ ਦੇ 14 ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲਾਂ ਦਾ ਸੁਚਾਰੂ ਪ੍ਰਬੰਧ ਅਤੇ ਸਾਂਭ-ਸੰਭਾਲ ਕਰਨ ਵਿੱਚ ਨਾਕਾਮਯਾਬ ਹਨ . ਦਿੱਲੀ ਕਮੇਟੀ ਨੇ ਦਿੱਲੀ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ ਜਿਸ ਵਿਚ ਅਧਿਆਪਕਾਂ ਨੂੰ ਸੱਤਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਤਨਖ਼ਾਹ ਦਿੱਤੀ ਜਾਣ ਖਿਲਾਫ ਪਟੀਸ਼ਨ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ “ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਿੱਖ ਸਕੂਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,” ਜਦ ਕਿ ਕਮੇਟੀ ਨੇ ਪਿਛਲੇ ਕਹਿ ਦਹਾਕਿਆਂ ਤੋਂਹ ਸੰਗਤ ਦੇ ਲੱਖਾਂ ਰੁਪਏ ਸਕੂਲਾਂ ਉਪਰ ਖਰਚ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ ਦੇ ਬਾਗ਼ ਵਿੱਚ ਮੌਜੂਦ ਨੇਤਾਵਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਦਿੱਲੀ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਅਤੇ ਪੰਜਾਬੀ ਨੂੰ ਸੀ.ਬੀ.ਐਸ.ਈ .ਦੁਆਰਾ ਭਾਸ਼ਾਵਾਂ ਦੀ ਚੋਣ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ।
ਦਿੱਲੀ ਕਮੇਟੀ ਵਲੋਂ ਪ੍ਰਧਾਨਮੰਤਰੀ ਨੂੰ ਦਿੱਤੇ ਗਏ ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ “ਰਾਸ਼ਟਰੀ ਸਿੱਖਿਆ ਨੀਤੀ 2020 (NEP–2020) ਸਾਨੂੰ ਇੱਕ ਘੱਟ ਗਿਣਤੀ ਯੂਨੀਵਰਸਿਟੀ ਬਣਾਉਣ ਦਾ ਇੱਕ ਮੌਕਾ ਪ੍ਰਦਾਨ ਕਰਦੀ ਹੈ।” ਸਾਨੂੰ ਯਕੀਨ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਅਧਿਐਨ ਨਹੀਂ ਕੀਤਾ ਕਿ ਕਿਵੇਂ ਐਨ.ਈ.ਪੀ. ਘੱਟ ਗਿਣਤੀ ਸੰਸਥਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਰਹੀ ਹੈ, ਕਰਨਾਟਕ ਸੂਬਾ ਪਹਿਲੀ ਮਿਸਾਲ ਹੈ। ਇਹ ਵੀ ਕਿਸੇ ਨਹੀਂ ਦਸਿਆ ਹੋਂਣਾ ਕਿ ਕਿਵੇਂ ਫੌਜੀ ਸਕੂਲਾਂ ਨੇ ਪੰਜਾਬੀ ਪੜ੍ਹਾਉਣੀ ਬੰਦ ਕਰ ਦਿੱਤੀ ਹੈ ਅਤੇ ਪੰਜਾਬੀ ਅਧਿਆਪਕਾਂ ਦੀ ਭਰਤੀ ਵੀ ਬੰਦ ਕਰ ਦਿਤੀ ਹੈ।
ਪ੍ਰਧਾਨਮੰਤਰੀ ਨੂੰ ਦਿੱਤੇ ਮੈਮੋਰੰਡਮ ਵਿੱਚ ਕਿਹਾ ਗਿਆ ਹੈ, “ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ. ਸੀ. ਈ. ਆਰ. ਟੀ.) ਨੇ ਸਿਲੇਬਸ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਢੁਕਵੀਂ ਥਾਂ ਅਤੇ ਸਥਾਨ ਨਹੀਂ ਦਿੱਤਾ ਹੈ।” ਉਨ੍ਹਾਂ ਨੇ ਸਰਕਾਰ ਨੂੰ ਇਹ ਨਹੀਂ ਦੱਸਿਆ ਕਿ ਜਦੋਂ ਇਸ ਸਰਕਾਰ ਨੇ ਸਿੱਖ ਇਤਿਹਾਸ ਨੂੰ ਵੱਖ-ਵੱਖ ਸਿਲੇਬਸ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਮੰਗੇ ਸਨ ਤਾਂ ਦਿੱਲੀ ਕਮੇਟੀ ਨੇ ਕੀ ਯਤਨ ਕੀਤੇ ਸਨ।
ਹਰਮੀਤ ਸਿੰਘ ਕਾਲਕਾ ਨੇ ਅੱਗੇ ਕਿਹਾ ਹੈ ਕਿ “ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀਆਂ ਲਈ ਇਨਸਾਫ਼ ਭਾਜਪਾ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।” ਉਨ੍ਹਾਂ ਇਹ ਨਹੀਂ ਦਸਿਆ ਕਿ ਨਿਆਂਪਾਲਿਕਾ ਦਾ ਪ੍ਰਬੰਧ ਭਾਜਪਾ ਅਧੀਨ ਹੈ ਅਤੇ ਇਸ ਲਈ ਉਹ ਨਿਆਂ ਦੇ ਸਕੇ ਸਨ।
ਅਸੀਂ ਇਹ ਕਹਿ ਸਕਦੇ ਹਾਂ ਕਿ ਸਿਰਸਾ ਨੇ “ਗੁਰਦੁਆਰਾ ਬਾਲਾ ਸਾਹਿਬ ਵਿਖੇ ਇੱਕ ਮੈਡੀਕਲ ਅਤੇ ਨਰਸਿੰਗ ਕਾਲਜ” ਦੀ ਮੰਗ ਕੀਤੀ ਹੈ, ਜਦੋਂ ਉਹ ਖੁਦ ਦਿੱਲੀ ਕਮੇਟੀ ਦਾ ਤੇ ਉਸ ਨਾਲ ਸੰਬੰਧਤ ਮਾਮਲਿਆਂ ਦਾ ਸੰਚਾਲਨ ਅਤੇ ਪ੍ਰਬੰਧ ਪਿਛਲੇ ਅੱਠ ਸਾਲਾਂ ਵਿਚ ਕਰ ਰਹੇ ਸਨ, ਤਾਂ ਉਹਨਾਂ ਹਸਪਤਾਲ ਲਈ ਕੁਝ ਨਹੀਂ ਕੀਤਾ। ਉਹ ਸਿੱਖਾਂ, ਖਾਸ ਕਰਕੇ ਦਿੱਲੀ ਦੇ ਸਿੱਖਾਂ ਨੂੰ ਇਹ ਦੱਸਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਕਿ ਉਹ ਦਿੱਲੀ ਵਿਚ ਵੰਡ ਦੀ ਯਾਦਗਾਰ ਅਤੇ ਬਾਬਾ ਬਘੇਲ ਸਿੰਘ ਦੀ ਯਾਦਗਾਰ ਬਣਾਉਣ ਵਿਚ ਕਿਉਂ ਅਸਫਲ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਜਾਂ ਇਸਦੇ ਪ੍ਰਧਾਨ ਮੰਤਰੀ ਦੀ ਅਸ਼ੀਰਵਾਦ ਅਤੇ ਸਹਾਇਤਾ ਦੀ ਲੋੜ ਕਿਉਂ ਹੈ?
ਦਿੱਲੀ ਦੇ ਸਿੱਖ ਲੀਡਰਸ਼ਿਪ ਦੇ ਵੇਹੜੇ ਤੇ ਇਕ ਹੋਰ ਉਭਰਦਾ ਸਿਤਾਰਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ‘ਕਰਤਾਰਪੁਰ ਲਾਂਘਾ ਖੋਲ੍ਹਣਾ, ਸਿੱਖ ਕੈਦੀਆਂ ਦੀ ਰਿਹਾਈ ਅਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣਾ ਵੀ ਭਾਜਪਾ ਦਾ ਸਿੱਖਾਂ ਨੂੰ ਤੋਹਫ਼ਾ ਹੈ।” ਉਨ੍ਹਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਸਮੇਤ ਕਿੰਨੇ ਕੈਦੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਮਨਾਉਣ ਮੌਕੇ ਕਿੱਥੇ ਅਤੇ ਕਿਵੇਂ ਪੈਸੇ ਦਿੱਤੇ ਗਏ ਸਨ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੀਟਿੰਗ ਦੇ ਨਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ “ਮੋਦੀ ਸਿੱਖਾਂ ਦੇ ਸ਼ੁਭਚਿੰਤਕ ਹਨ ਅਤੇ ਇਸ ਲਈ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ।” ਉਨ੍ਹਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਸਾਲ ਭਰ ਚੱਲੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ 750 ਤੋਂ ਵੱਧ ਕਿਸਾਨਾਂ ਲਈ ਮਿਸਾਲੀ ਮੁਆਵਜ਼ੇ ਦੀ ਮੰਗ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਉਸ ਸਮੇਂ ਦੌਰਾਨ ਸਰਗਰਮੀਆਂ ਵਿਚ ਸ਼ਾਮਲ ਸਿੱਖ ਕਾਰਕੁੰਨਾਂ ਅਤੇ ਆਮ ਤੌਰ ‘ਤੇ ਸਿੱਖ ਪ੍ਰਦਰਸ਼ਨਕਾਰੀਆਂ ‘ਤੇ, ਭਾਜਪਾ ਦੀ ਥੱਲੇ ਤੋਂ ਸ਼ਿਖਰ ਤਕ ਦੀ ਲੀਡਰਸ਼ਿਪ ਨੇ ਸਿਖਾਂ ਉੱਤੇ ਚਿੱਕੜ ਸੁੱਟਣ ਅਤੇ ਸ਼ਰਮਸਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਸ ਨੇ ਸਾਨੂੰ ਇਹ ਵੀ ਨਹੀਂ ਦੱਸਿਆ ਕਿ ਉਸ ਨੇ ਭਾਜਪਾ ਸਮਰਥਕ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਦਾਇਰ ਕੀਤੇ ਕੇਸਾਂ ਵਿੱਚ ਕੀ ਹੋਇਆ ਹੈ। ਕੀ ਉਹ ਹੁਣ ਉਸਦੇ ਨਾਲ ਹੈ ਜਾਂ ਉਸਦੇ ਵਿਰੁੱਧ ਹੈ?
ਤਰਲੋਚਨ ਸਿੰਘ, ਜੋ ਹਮੇਸ਼ਾ ਹੀ ਭਾਰਤ ਸਰਕਾਰ ਦੇ ਸੱਜੇ ਪਾਸੇ ਰਿਹਾ ਹੈ, ਨੇ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਭਾਰਤੀ ਪਾਰਲੀਮੈਂਟ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਨ ਦੀ ਮੰਗ ਕੀਤੀ। ਉਸਨੇ ਸਾਨੂੰ ਇਹ ਨਹੀਂ ਦੱਸਿਆ ਕਿ ਉਸਨੇ ਜੂਨ 1984 ਤੋਂ ਪਹਿਲਾਂ ਉਸ ਸਮੇਂ ਦੇ ਭਾਰਤੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਭ ਤੋਂ ਸੀਨੀਅਰ ਵਿਸ਼ਵਾਸਪਾਤਰ ਦੇ ਰੂਪ ਵਿੱਚ ਉਸਦੀ ਭੂਮਿਕਾ ਅਤੇ ਜਾਅਲੀ-ਸੰਤ ਸੰਤਾ ਸਿੰਘ ਅਤੇ ਦਿੱਲੀ ਦੇ ਸਰਕਾਰੀ ਸਕਿੱਪਰ ਬਿਲ੍ਡਰਸ ਸਰਕਾਰੀ ਦੇਖ ਰੇਖ ਤਹਿਤ ਬਣਾਏ ਅਕਾਲ ਤਖ਼ਤ ਸਾਹਿਬ ਦੇ ਪੁਨਰ ਨਿਰਮਾਣ ਵਿੱਚ ਉਸਦੀ ਘਿਨਾਉਣੀ ਸ਼ਮੂਲੀਅਤ ਬਾਰੇ ਕਿਉਂ “ਮੌਨ ਵਰਤ – ਪੂਰੀ ਚੁੱਪ” ਬਣਾਈ ਹੋਈ ਹੈ?
ਰਿਪੋਰਟਾਂ ਅਨੁਸਾਰ ਪ੍ਰਧਾਨਮੰਤਰੀ ਮੋਦੀ ਨੇ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਸਿੱਖ ਭਾਈਚਾਰੇ ਲਈ ਆਪਣੇ ਪਿਆਰ ਦੀ ਗੱਲ ਕੀਤੀ। ਉਹ ਭਾਈਚਾਰੇ ਦੇ ਆਗੂਆਂ ਨੂੰ ਇਹ ਦੱਸਣ ਵਿੱਚ ਨਾਕਾਮਯਾਬ ਰਹੇ ਕਿ ਆਰ. ਐਸ. ਐਸ. ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਕਿਉਂ ਦਿੰਦੀ ਹੈ, ਆਰ. ਐਸ. ਐਸ. ਸਿੱਖਾਂ ਨੂੰ ਹਿੰਦੂ ਕਿਉਂ ਆਖਦੀ ਹੈ ਅਤੇ ਸਿੱਖਾਂ ਦੀ ਇੱਛਾ ਅਨੁਸਾਰ ਭਾਰਤੀ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦਾ ਮਾਮਲਾ ਕਿਸੇ ਨੇ ਕਿਉਂ ਨਹੀਂ ਚੁੱਕਿਆ? ਬੇਸ਼ੱਕ, ਹੋਰ ਵੀ ਬਹੁਤ ਕੁਝ ਹੈ।
ਡੀ. ਐਸ. ਜੀ. ਐਮ. ਸੀ. ਦੁਆਰਾ ਪ੍ਰਦਾਨ ਕੀਤੀ ਗਈ ਸੂਚੀ ਦੇ ਅਨੁਸਾਰ, “38 ਸਿੱਖ ਸ਼ਖਸੀਅਤਾਂ” ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਦ ਵਰਲਡ ਸਿੱਖ ਨਿਉਜ਼ ਜਲਦ ਹੀ ਸਿੱਖ ਪਾਠਕਾਂ ਦੇ ਫਾਇਦੇ ਲਈ ਇਹਨਾਂ ਵਿੱਚੋਂ ਹਰੇਕ ਸ਼ਖਸੀਅਤ ਦੀ ਸਥਿਤੀ ਅਤੇ ਭੂਮਿਕਾ ਵਿੱਚ ਇੱਕ ਝਾਤ ਪਾਵੇਗੀ, ਜਿਸ ਨਾਲ ਉਹ ਆਪਣਾ ਫੈਸਲਾ ਲੈਣ ਦੇ ਜੋਗ ਹੋਣਗੇ।
ਵਫ਼ਦ ਵਿਚ ਗਏ ਕੌਮ ਦੇ ਸਿਰਮੌਰ ਆਗੂਆਂ ਵਿਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਜਥੇਦਾਰ, ਤਖਤ ਸ੍ਰੀ ਪਟਨਾ ਸਾਹਿਬ, ਸ.ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ, ਡੀ.ਐਸ.ਜੀ.ਐਮ.ਸੀ., ਸ.ਤਰਲੋਚਨ ਸਿੰਘ ਸਾਬਕਾ ਚੇਅਰਮੈਨ, ਐਨ.ਸੀ.ਐਮ., ਸ: ਹਰਮੀਤ ਸਿੰਘ ਕਾਲਕਾ, ਪ੍ਰਧਾਨ, ਡੀ.ਐਸ.ਜੀ.ਐਮ.ਸੀ. , ਸ.ਜਗਦੀਪ ਸਿੰਘ ਕਾਹਲੋਂ, ਜਨਰਲ ਸਕੱਤਰ, ਡੀ.ਐਸ.ਜੀ.ਐਮ.ਸੀ, ਪਦਮ ਸ਼੍ਰੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ (ਸੁਲਤਾਨਪੁਰ ਲੋਧੀ), ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ, ਯਮੁਨਾ ਨਗਰ, ਬਾਬਾ ਜੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ (ਨਾਨਕਸਰ) ਕਰਨਾਲ, ਸ.ਐਸ.ਪੀ.ਸਿੰਘ ਓਬਰਾਏ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਚੰਡੀਗੜ੍ਹ, ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਮੋਹਾਲੀ ਚੰਡੀਗੜ੍ਹ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰਾ ਪੰਜਾਬ, ਸੰਤ ਬਾਬਾ ਮੇਜਰ ਸਿੰਘ ਵਾਲੇ, ਮੁਖੀ, ਡੇਰਾ ਬਾਬਾ ਤਾਰਾ ਸਿੰਘ ਵਾਲੇ, ਅੰਮ੍ਰਿਤਸਰ, ਜਥੇਦਾਰ ਬਾਬਾ ਸਾਹਿਬ ਸਿੰਘ ਜੀ, ਕਾਰ ਸੇਵਾ ਅਨੰਦਪੁਰ ਸਾਹਿਬ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ, ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ, ਗਿਆਨੀ ਹਰਨਾਮ ਸਿੰਘ, ਹੈੱਡ ਗ੍ਰੰਥੀ, ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ,ਸ: ਸੁਰਿੰਦਰ ਸਿੰਘ, ਨਾਮਧਾਰੀ ਦਰਬਾਰ (ਭੇਣੀ ਸਾਹਿਬ), ਬਾਬਾ ਜੱਸਾ ਸਿੰਘ ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖਤ, ਡਾ: ਹਰਭਜਨ ਸਿੰਘ ਦਮਦਮੀ ਟਕਸਾਲ ਚੌਕ ਮਹਿਤਾ, ਸੰਤ ਬਾਬਾ ਰੇਸ਼ਮ ਸਿੰਘ ਗੁਰਦੁਆਰਾ ਨਾਨਕ ਨਿਰੰਕਾਰ ਚੱਕਪਾਖੀ, ਸੰਤ ਬਾਬਾ ਸੁੰਦਰ ਸਿੰਘ, ਸ. ਸੇਵਾ ਪੰਥੀ, ਟਿਕਾਣਾ ਭਾਈ ਰਾਮ ਕਿਸ਼ਨ ਪਟਿਆਲਾ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਸ.ਬਲਦੇਵ ਸਿੰਘ ਪ੍ਰਧਾਨ ਕਸ਼ਮੀਰ ਗੁਰਦੁਆਰਾ ਕਮੇਟੀ ਸ੍ਰੀਨਗਰ, ਬਾਬਾ ਬੇਅੰਤ ਸਿੰਘ ਜੀ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਰੁਦਰ ਪ੍ਰਯਾਗ, ਐੱਸ.ਆਰ.ਐੱਸ. ਆਹੂਜਾ, ਪ੍ਰਧਾਨ, ਸਿੱਖ ਫੋਰਮ, ਨਵੀਂ ਦਿੱਲੀ, ਸ: ਇੰਦਰਜੀਤ ਸਿੰਘ, ਜਨਰਲ ਸਕੱਤਰ, ਤਖ਼ਤ ਸ੍ਰੀ ਪਟਨਾ ਸਾਹਿਬ, ਸ: ਪ੍ਰਭਲੀਨ ਸਿੰਘ, ਪ੍ਰਧਾਨ, ਯੰਗ ਪ੍ਰੋਗਰੈਸਿਵ ਫੋਰਮ, ਪਟਿਆਲਾ, ਸ: ਅਮਰਜੀਤ ਸਿੰਘ, ਮੀਤ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ, ਸ. , ਸੰਤ ਬਾਬਾ ਸੁਖਦੇਵ ਸਿੰਘ ਜੀ ਨਿਰਮਲ ਡੇਰਾ ਬੇਰ ਕਲਾਂ ਲੁਧਿਆਣਾ , ਸ.ਮਨਜੀਤ ਸਿੰਘ ਭਾਟੀਆ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸਾਹਿਬ ਇੰਦੌਰ ਐਮ.ਪੀ., ਸ.ਅਮਨਦੀਪ ਸਿੰਘ ਕਲਗੀਧਰ ਟਰੱਸਟ (ਬੜੂ ਸਾਹਿਬ),ਸ: ਕਸ਼ਮੀਰ ਸਿੰਘ, ਸਿੱਖ ਇੰਟਰਨੈਸ਼ਨਲ, ਪਟਿਆਲਾ, ਪ੍ਰੋ: ਸਰਚਾਂਦ ਸਿੰਘ ਖਿਆਲਾ ਬੁਲਾਰੇ ਦਮਦਮੀ ਟਕਸਾਲ, ਚੌਕ ਮਹਿਤਾ, ਸ: ਹਰਪਾਲ ਸਿੰਘ ਪ੍ਰਧਾਨ ਕੇਂਦਰੀ ਕਮੇਟੀ ਪੱਛਮੀ ਬੰਗਾਲ, ਸ: ਸ਼ੈਲੇਂਦਰ ਸਿੰਘ ਪ੍ਰਧਾਨ ਝਾਰਖੰਡ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਂਚੀ, ਸ: ਹਰਪਾਲ ਸਿੰਘ ਭਾਟੀਆ ਪ੍ਰਧਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਗੁਰਦੁਆਰਾ ਬੋਰਡ ਭੋਪਾਲ ਸ: ਹਰਜੀਤ ਸਿੰਘ ਦੂਆ ਪ੍ਰਧਾਨ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ.
ਭਾਰਤ ਦੇ ਪ੍ਰਧਾਨਮੰਤਰੀ ਦਾ ਧੰਨਵਾਦ ਕਰਦੇ ਹੋਏ, ਦਿੱਲੀ ਕਮੇਟੀ ਦੇ ਪੱਤਰ ਵਿੱਚ ਕਿਹਾ ਗਿਆ ਹੈ, “ਅਸੀਂ ਚਾਰ ਸਾਹਿਬਜ਼ਾਦੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ) ਦੀ ਬੇਮਿਸਾਲ ਕੁਰਬਾਨੀ ਨੂੰ ਮਾਨਤਾ ਦੇਣ ਅਤੇ 26 ਦਸੰਬਰ ਨੂੰ ਹਰ ਸਾਲ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਲਈ ਤੁਹਾਡੀ ਹੋਰ ਵੀ ਸ਼ਲਾਘਾ ਕਰਦੇ ਹਾਂ” ।ਪੱਤਰ ਵਿੱਚ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਦੱਸਿਆ ਗਿਆ ਹੈ ਕਿ ਸਿੱਖ ਭਾਈਚਾਰੇ ਦਾ ਇੱਕ ਵੱਡਾ ਵਰਗ ਇਸ ਕਦਮ ਦਾ ਸਵਾਗਤ ਨਹੀਂ ਕਰਦਾ ਹੈ ਅਤੇ ਇਸ ਦਾ ਹਰ ਕੀਮਤ ‘ਤੇ ਵਿਰੋਧ ਕੀਤਾ ਜਾਵੇਗਾ।
ਸਿਰਸਾ ਜਾਂ ਇੰਜ ਕਹੀਏ ਕਿ ਭਾਜਪਾ ਨੇ ਜੋ ਖੇਡ ਖੇਡੀ ਹੈ ਉਸ ਵਿਚ ਸ਼ਾਮਲ ਹੋਣ ਵਾਲੇ ਗੈਰ-ਸਿਆਸੀ ਕਿਸੀ ਸੂਰਤ ਵਿਚ ਨਹੀਂ ਕਿਹਾ ਜਾ ਸਕਦਾ. ਹੁਣ ਉਨ੍ਹਾਂਨੇ ਚਿੱਕੜ ਵਿੱਚ ਛਲਾਂਗ ਮਾਰ ਲਹੀ ਹੈ। ਇਨ੍ਹਾਂ ਵਿੱਚੋਂ ਹਰ ਇੱਕ ਸਿੱਖ ਕੌਮ ਪ੍ਰਤੀ ਜਵਾਬਦੇਹ ਹੈ ਅਤੇ ਇਨ੍ਹਾਂ ਵਿੱਚੋਂ ਹਰੇਕ ਆਗੂ ਦੀ ਭੂਮਿਕਾ ਨੂੰ ਹਮੇਸ਼ਾ ਗਹਿਰਾਈ ਨਾਲ ਘੋਖਿਆ ਜਾਵੇਗਾ।
ਅੰਗਰੇਜ਼ੀ ਤੋਂ ਪੰਜਾਬੀ ਵਿਚ ਤਰਜ਼ੁਮੇ ਲਹੀ ਗੁਰਮੀਤ ਸਿੰਘ ਦਾ ਧੰਨਵਾਦ।