ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਥੰਬ ਡਾ. ਸੰਤੋਖ ਸਿੰਘ ਨਹੀਂ ਰਹੇ –ਕੁਝ ਅਭੁੱਲ ਯਾਦਾਂ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਤੇ ਕਾਰਕੁੰਨ ਹਰਵਿੰਦਰ ਸਿੰਘ ਖਾਲਸਾ ਆਪਣੀਆਂ ਨਿੱਜੀ ਯਾਦਾਂ ਤਾਜ਼ੀਆਂ ਕਰਦੇ ਹੋਏ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਥੰਬ ਡਾ. ਸੰਤੋਖ ਸਿੰਘ ਦੀ ਦੇਣ ਅਤੇ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਨ।
ਡਾਕਟਰਸੰਤੋਖ ਸਿੰਘ ਜੀ ਦਾ ਜਨਮ ੨੧ ਜੁਲਾਈ ੧੯੨੩ ਈ ਨੂੰ ਬੀਬੀ ਤੇਜ ਕੌਰ ਜੀ ਅਤੇ ਪਿਤਾ ਸ੍ਰ. ਬਿਸਾਖਾ ਸਿੰਘ ਜੀ ਦੇ ਗ੍ਰਹਿ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਡਾ. ਸੰਤੋਖ ਸਿੰਘ ਨੇ ਮੁਢਲੀ ਵਿੱਦਿਆ ਰਾਵਲਪਿੰਡੀ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਉਚ ਵਿੱਦਿਆ ਲਈ ਮੈਡੀਕਲ ਕਾਲਜ ਲਾਹੌਰ ਵਿਖੇ ਦਾਖਲਾ ਲਿਆ, ਜਿੱਥੇ ੧੯੪੪ ਤੋਂ ੧੯੪੭ ਤੱਕ ਵਿੱਦਿਆ ਹਾਸਲ ਕੀਤੀ।
ਲਾਹੌਰ ਮੈਡੀਕਲ ਕਾਲਜ ਪੜ੍ਹਦਿਆਂ ਹੀ ਆਪ ਜੀ ਦਾ ਮਿਲਾਪ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਹੁਦੇਦਾਰ ਸ੍ਰ. ਸਰੂਪ ਸਿੰਘ ਜੀ, ਸ੍ਰ. ਅਮਰ ਸਿੰਘ ਅੰਬਾਲਵੀ ਅਤੇ ਡਾ. ਜਸਵੰਤ ਸਿੰਘ ਨੇਕੀ ਨਾਲ ਹੋਇਆ ਅਤੇ ੧੯੪੬ ਈ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਮੀਟਿੰਗਾਂ ‘ਅਜੀਤ ਅਖਬਾਰ’ ਦੇ ਦਫਤਰ ਹੋਇਆ ਕਰਦੀਆਂ ਸਨ। ਡਾ. ਸੰਤੋਖ ਸਿੰਘ ਜਿੱਥੇ ਆਪਣੀ ਪੜ੍ਹਾਈ ਵਿੱਚ ਹੁਸ਼ਿਆਰ ਸਨ ਉਥੇ ਉਸਾਰੂ ਪੰਥਕ ਵਿਚਾਰ ਵੀ ਰੱਖਦੇ ਸਨ।
ਸ੍ਰ. ਸਰੂਪ ਸਿੰਘ ਜੀ ਨੇ ਛੇਤੀ ਹੀ ਡਾ. ਸੰਤੋਖ ਸਿੰਘ ਜੀ ਨੂੰ ਫੈਡਰੇਸ਼ਨ ਦੀ ਕਾਰਜਕਾਰਨੀ ਵਿੱਚ ਮੈਂਬਰ ਲੈ ਲਿਆ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਮੀਟਿੰਗਾਂ ਕਰਕੇ ਸਾਰੇ ਅਹੁਦੇਦਾਰ ਸ੍ਰ. ਸਾਧੂ ਸਿੰਘ ਹਮਦਰਦ ਅਤੇ ਗਿਆਨੀ ਸ਼ਾਦੀ ਸਿੰਘ ਜੀ ਨੂੰ ਮਿਲਦੇ ਹੀ ਰਹਿੰਦੇ ਸਨ। ਇਹ ਦੋਨੋ ਹੰਢੇ ਹੋਏ ਪੱਤਰਕਾਰ ਸਨ।
ਅਕਾਲੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਹਿਤੈਸ਼ੀ ਸਨ। ਉਥੇ ਨਾਲ ਹੀ ਅਕਾਲੀ ਦਲ ਦਾ ਦਫਤਰ ਸੀ, ਜਿੱਥੇ ਅਕਾਲੀ ਨੇਤਾ ਵਿਸ਼ੇਸ਼ ਤੌਰ ਤੇ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਜੀ ਦਫਤਰ ਵਿੱਚ ਆਉਂਦੇ ਹੀ ਰਹਿੰਦੇ ਸਨ। ਇਥੇ ਹੀ ਡਾ. ਸੰਤੋਖ ਸਿੰਘ ਅਤੇ ਫੈਡਰੇਸ਼ਨ ਦੇ ਬਾਕੀ ਮੈਂਬਰਾਂ ਦਾ ਸਬੰਧ ਅਕਾਲੀ ਨੇਤਾਵਾਂ ਨਾਲ ਬਣਿਆ। ਦੇਸ਼ ਵਿੱਚ ਅਜਾਦੀ ਦੀ ਲਹਿਰ ਚੱਲ ਰਹੀ ਸੀ ਅਤੇ ਅਗਸਤ ੧੯੪੭ ਈ ਨੂੰ ਦੇਸ਼ ਦੋ ਭਾਗਾਂ ਵਿੱਚ ਵੰਡਿਆ ਗਿਆ।
ਫੈਡਰੇਸ਼ਨ ਦੇ ਨੌਜਵਾਨ ਪਾਕਿਸਤਾਨ ਤੋਂ ਭਾਰਤ ਜਾ ਰਹੇ ਹਿੰਦੂ, ਸਿੱਖਾਂ ਦੇ ਕਾਫਲਿਆਂ ਲਈ ਪੂਰਾ ਸਹਿਯੋਗ ਕਰ ਰਹੇ ਸਨ ਤਾਂ ਇਸੇ ਸਮੇਂ ਡਾ. ਸੰਤੋਖ ਸਿੰਘ ਲਾਹੌਰ ਤੋਂ ਮੁੰਬਈ ਚਲੇ ਗਏ ਅਤੇ ਮੈਡੀਕਲ ਕਾਲਜ ਮੁੰਬਈ ਦਾਖਲਾ ਲੈ ਲਿਆ। ਇੱਥੇ ਕਾਲਜ ਵਿੱਚ ਪੜ੍ਹਦਿਆਂ ਮੁੰਬਈ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਯੂਨਿਟ ਸਥਾਪਿਤ ਕੀਤਾ।
ਡਾ. ਸੰਤੋਖ ਸਿੰਘ ਆਪਣੀ ਮੈਡੀਕਲ ਪੜ੍ਹਾਈ ਪੂਰੀ ਕਰਕੇ ਮੈਡੀਕਲ ਕਾਲਜ ਗਵਾਲੀਅਰ ਚਲੇ ਗਏ ਜਿੱਥੇ ੧੯੫੪ ਤੋਂ ੧੯੫੮ ਤੱਕ ਬੱਚਿਆਂ ਨੂੰ ਪੜਾਇਆ ਅਤੇ ਗਵਾਲੀਅਰ ਵਿੱਚ ਵੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਕੀਤੀ। ਡਾ. ਸੰਤੋਖ ਸਿੰਘ ਜੀ ਮੈਡੀਕਲ ਕਾਲਜ ਪੜ੍ਹਦਿਆਂ ਹੋਇਆਂ ਵੀ ਫੈਡਰੇਸ਼ਨ ਦੀਆਂ ਸਰਗਰਮੀਆਂ ਵਿੱਚ ਪੂਰਾ ਹਿੱਸਾ ਲੈਂਦੇ ਰਹੇ। ਸ੍ਰ. ਸਰੂਪ ਸਿੰਘ ਜੀ ਤੋਂ ਬਾਅਦ ਡਾ. ਜਸਵੰਤ ਸਿੰਘ ਨੇਕੀ ੨੦ ਨਵੰਬਰ ੧੯੪੮ ਈ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ।
ਡਾ. ਜਸਵੰਤ ਸਿੰਘ ਨੇਕੀ ਨੇ ਸਿੱਖ ਵਿਦਿਆਰਥੀਆਂ ਵਿੱਚ ਧਾਰਮਿਕ ਰੁਚੀ ਅਤੇ ਧਾਰਮਿਕ ਪ੍ਰੇਰਨਾ ਪੈਦਾ ਕਰਨ ਦੇ ਲਈ ਅਕਤੂਬਰ ੧੯੪੯ ਈ ਨੂੰ ਪਾਉਂਟਾ ਸਾਹਿਬ ਗੁਰਮਤਿ ਟ੍ਰੇਨਿੰਗ ਕੈਂਪ ਦਾ ਪ੍ਰਬੰਧ ਕੀਤਾ ਜਿਸ ਕੈਂਪ ਵਿੱਚ ੪੦ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਵਿਦਿਆਰਥੀਆਂ ਵਿੱਚੋਂ ਸ੍ਰ. ਸਰੂਪ ਸਿੰਘ, ਸ੍ਰ. ਅਮਰ ਸਿੰਘ ਅੰਬਾਲਵੀ, ਡਾ. ਸੰਤੋਖ ਸਿੰਘ, ਸ੍ਰ. ਉਮਰਾਓ ਸਿੰਘ, ਸ੍ਰ. ਭਾਨ ਸਿੰਘ, ਭਾਈ ਹਰਬੰਸ ਲਾਲ, ਸ੍ਰ. ਗੁਰਮੀਤ ਸਿੰਘ ਮੁਕਤਸਰ, ਸ੍ਰ. ਪ੍ਰੇਮ ਸਿੰਘ ਲਾਲਪੁਰਾ, ਪ੍ਰਿੰਸੀਪਲ ਪ੍ਰਕਾਸ਼ ਸਿੰਘ, ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਸਤਿਬੀਰ ਸਿੰਘ, ਸਿੰਘ ਸਾਹਿਬ ਭਾਈ ਹਰਭਜਨ ਸਿੰਘ ਅਮਰੀਕਾ ਨੇ ਆਪਣੇ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ।
ਡਾ. ਸੰਤੋਖ ਸਿੰਘ ਜੀ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਸਨ, ਇਹੀ ਕਾਰਨ ਹੈ ਕਿ ਕਾਲਜ ਦੀ ਪੜ੍ਹਾਈ ਕਰਦਿਆਂ ਅਤੇ ਪੜ੍ਹਾਈ ਤੋਂ ਬਾਅਦ ਸਰਕਾਰੀ ਨੌਕਰੀ ਕਰਦਿਆਂ ਹੋਇਆਂ ਵੀ ਹਰ ਥਾਂ ਤੇ ਸਿੱਖ ਇਤਿਹਾਸ ਤੇ ਸਿੱਖ ਵਿਰਸੇ ਦੀਆਂ ਬਾਤਾਂ ਪਾਉਂਦੇ ਰਹੇ। ਡਾ. ਸੰਤੋਖ ਸਿੰਘ ਜੀ ਅੱਖਾਂ ਦੇ ਮਾਹਿਰ ਡਾਕਟਰ ਸਨ। ਡਾ. ਸੰਤੋਖ ਸਿੰਘ ਜੀ ਗਾਂਧੀ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ, ਵਿਭਾਗ ਦੇ ਮੁਖੀ, ਡੀਨ ਰਹੇ। ਡਾ. ਸੰਤੋਖ ਸਿੰਘ ਜੀ ਮੱਧ ਪ੍ਰਦੇਸ਼ ਸਰਕਾਰ ਵਿੱਚ ਡਾਇਰੈਕਟਰ ਮੈਡੀਕਲ ਐਜੂਕੇਸ਼ਨ, ਵਿਸ਼ੇਸ਼ ਸਕੱਤਰ (ਸਿਹਤ ਵਿਭਾਗ) ਰਹੇ ਅਤੇ ੧੯੮੪ ਵਿੱਚ ਸੇਵਾ ਮੁਕਤ ਹੋਏ।
ਡਾ. ਸੰਤੋਖ ਸਿੰਘ ਜੀ ਨੇ ਸਰਕਾਰੀ ਨੌਕਰੀ ਕਰਦਿਆਂ ਹੋਇਆਂ ਵੀ ਗੁਰਮਤਿ ਅਤੇ ਸਿੱਖੀ ਪ੍ਰਚਾਰ ਦੀ ਸੇਵਾ ਨੂੰ ਨਹੀਂ ਛੱਡਿਆ। ਡਾ. ਸੰਤੋਖ ਸਿੰਘ ਜੀ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਭੋਪਾਲ ਸਰਕਲ ਦੇ ੧੦ ਗੁਰਮਤਿ ਕੈਂਪ ਗਵਾਲੀਅਰ, ਬਰਹਾਨਪੁਰ, ਨਾਨਕ ਝੀਰਾ (ਬਿਦਰ), ਭਿਲਾਈ, ਇੰਦੋਰ, ਮਦਰਾਸ, ਸਾਗਰ, ਅਨੰਦਪੁਰ ਸਾਹਿਬ ਵਿਖੇ ਲਵਾਏ। ਜਿਸ ਸਮੇਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ ਅਤੇ ਹਰ ਸਾਲ ਵੱਖੋ ਵੱਖ ਥਾਵਾਂ ਤੇ ਸੈਮੀਰਨਾਰ ਕਰਵਾਏ। ਡਾ. ਸੰਤੋਖ ਸਿੰਘ ਜੀ ਦੇ ਮਨ ਵਿੱਚ ਫੈਡਰੇਸ਼ਨ ਮੈਂਬਰਾਂ ਅਤੇ ਅਹੁਦੇਦਾਰਾਂ ਲਈ ਬਹੁਤ ਸਤਿਕਾਰ ਸੀ।
ਜਦ ਫੈਡਰੇਸ਼ਨ ਦੇ ਸਾਬਕਾ ਮੈਂਬਰਾਂ ਨੇ ਸਿੱਖ ਫੋਰਮ ਦੀ ਸਥਾਪਨਾ ਕੀਤੀ ਅਤੇ ਫੈਡਰੇਸ਼ਨ ਦੇ ਫਾਊਂਡਰ ਪ੍ਰਧਾਨ ਸ੍ਰ. ਸਰੂਪ ਸਿੰਘ ਜੀ ਦਾ ਜਨਵਰੀ ੧੯੭੭ ਈ ਨੂੰ ਕਲਕੱਤਾ ਵਿਖੇ ਸਨਮਾਨ ਕੀਤਾ ਤਾਂ ਉਸ ਸਨਮਾਨ ਅਤੇ ਸਨਮਾਨ ਲਈ ਆਪ ਜੀ ਨੇ ਪੂਰਨ ਸਹਿਯੋਗ ਦਿੱਤਾ। ਉਸ ਸਮੇਂ ਸਿੱਖ ਫੋਰਮ ਵੱਲੋਂ ਸ੍ਰ. ਸਰੂਪ ਸਿੰਘ ਜੀ ਨੂੰ ਵੀ ਅੰਬੈਸਡਰ ਕਾਰ ਭੇਂਟ ਕੀਤੀ ਗਈ ਸੀ। ਜਿਸ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਿੱਚ ਬਿਲਕੁਲ ਹੀ ਮੱਧਮ ਪੈ ਗਈ ਸੀ ਉਸ ਸਮੇਂ ਫੈਡਰੇਸ਼ਨ ਨੂੰ ਮੁੜ ਆਪਣੀਆਂ ਲੀਹਾਂ ਤੇ ਖੜਾ ਹੋਣ ਲਈ ਅਤੇ ਵਿਸ਼ੇਸ਼ ਤੋਰ ਤੇ ਪ੍ਰੋ. ਜੰਗੀਰ ਸਿੰਘ ਅਤੇ ਭਾਈ ਅਮਰੀਕ ਸਿੰਘ ਜੀ ਨੂੰ ਪੂਰਨ ਸਹਿਯੋਗ ਦਿੱਤਾ।
ਡਾ. ਸੰਤੋਖ ਸਿੰਘ ਜੀ ਨੇ ਸਿਕਲੀਗਰ ਸਿੱਖਾਂ ਲਈ ਭੋਪਾਲ ਵਿੱਚ ਹਰ ਤਰਾਂ ਦਾ ਸਹਿਯੋਗ ਦਿੱਤਾ। ਗੁਰਦੁਆਰਾ ਬੰਦੀਛੋੜ ਗਵਾਲੀਅਰ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਡਾ. ਸੰਤੋਖ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਡਾ. ਸੰਤੋਖ ਸਿੰਘ ਕਿਹਾ ਕਰਦੇ ਸਨ ਕਿ ਪੰਜਾਬ ਅਤੇ ਦਿੱਲੀ ਤੋਂ ਬਾਹਰ ਭਾਰਤ ਦੇ ਸਭ ਰਾਜਾਂ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਹੀ ਇੱਕ ਅਜਿਹੀ ਜਥੇਬੰਦੀ ਹੈ ਜੋ ਇਨ੍ਹਾਂ ਰਾਜਾਂ ਵਿੱਚ ਸਿੱਖਾਂ ਨੂੰ ਸੰਗਠਤ ਕਰਕੇ ਯੋਜਨਾਬੱਧ ਤਰੀਕੇ ਨਾਲ ਧਰਮ ਪ੍ਰਚਾਰ ਅਤੇ ਸਮਾਜਿਕ ਖੇਤਰ ਵਿੱਚ ਠੀਕ ਅਗਵਾਈ ਦੇ ਸਕਦੀ ਹੈ।
ਡਾ. ਸੰਤੋਖ ਸਿੰਘ ਜੀ ਨੇ ਇੱਕ ਪੰਜ ਨੁਕਾਤੀ ਪ੍ਰੋਗਰਾਮ ਉਲੀਕ ਕੇ ਦਿੱਤਾ ਜਿਸ ਅਨੁਸਾਰ ਪਹਿਲਾਂ ਨੁਕਤਾ, ਨਿੱਜੀ ਅਧਿਆਤਮਿਕ ਪੜਚੋਲ ਅਤੇ ਸੁਧਾਰ, ਦੀਜਾ ਨੁਕਤਾ ਪਨੀਰੀ ਦੀ ਸੰਭਾਲ, ਤੀਜਾ ਨੁਕਤਾ ਗੁਰਦੁਆਰਿਆ ਵਿੱਚ ਸਿੱਖਅਤ ਗ੍ਰੰਥੀ ਰੱਖਣੇ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਪਾਲਣ ਕਰਨਾ, ਚੌਥਾ ਨੁਕਤਾ ਸਮਾਜ ਸੁਧਾਰ ਅਤੇ ਪੰਜਵਾ ਨੁਕਤਾ ਮਜ਼ਬੂਤ ਜਥੇਬੰਦੀ ਦਾ ਹੋਣਾ ਜਰੂਰੀ ਹੈ।
ਇਹੀ ਕਾਰਨ ਹੈ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੰਨ ੧੯੭੩ ਤੋਂ ਲਗਾਤਾਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਰਾਜਾਂ ਵਿੱਚ ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਅਤੇ ਸੁਚਾਰੂ ਰੂਪ ਵਿੱਚ ਪੂਰਾ ਕਰਨ ਲਈ ਸੰਨ ੧੯੯੦ ਤੋਂ ਅਪਣਾਏ ਗਏ ਪੰਜ ਨੁਕਾਈ ਪ੍ਰੋਗਰਾਮ ਰਾਹੀਂ ਆਪਣੀਆਂ ਗਤੀਵਿਧੀਆਂ ਕਰ ਰਹੀ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੈ। ਡਾ. ਸੰਤੋਖ ਸਿੰਘ ਜੀ ਪਿਛਲੇ ਇੱਕ ਸਾਲ ਤੋਂ ਬੀਮਾਰ ਚਲੇ ਆਉਣ ਦੇ ਬਾਵਜੂਦ ਪੰਥ ਦੀ ਚੜ੍ਹਦੀ ਕਲਾ ਲਈ ਸੁਚਾਰੂ ਸੁਝਾਅ ਦਿੰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਅੱਜ ਡਾ. ਸੰਤੋਖ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਉਨ੍ਹਾਂ ਨੂੰ ਪਿਆਰੇ ਤੇ ਸਤਿਕਾਰ ਦੇਣ ਵਾਲੇ ਪੰਥਕ ਦਰਦੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਅਹੁਦੇਦਾਰ ਸ੍ਰ. ਤਰਲੋਚਨ ਸਿੰਘ ਦਿੱਲੀ, ਸ੍ਰ ਮੱਖਣ ਸਿੰਘ ਦਿੱਲੀ, ਸ੍ਰ. ਸੁਰਜੀਤ ਸਿੰਘ ਮਿਨਹਾਸ, ਸ੍ਰ. ਬੀਰ ਦਵਿੰਦਰ ਸਿੰਘ, ਸ੍ਰ. ਜਗਜੀਤ ਸਿੰਘ ਬਰਾੜ ਦਾ ਡਾਕਟਰ ਸੰਤੋਖ ਸਿੰਘ ਜੀ ਨਾਲ ਬਹੁਤ ਲਗਾਵ ਸੀ। ਡਾ. ਸੰਤੋਖ ਸਿੰਘ ਜੀ ਦੇ ਜਾਣ ਨਾਲ ਸਿੱਖ ਪੰਥ ਇੱਕ ਉਚ ਸ਼ਖੀਅਤ ਤੋਂ ਵਾਂਝਾ ਹੋ ਗਿਆ ਹੈ। ਗੁਰੂ ਪਾਤਸ਼ਾਹ ਡਾਕਟਰ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।