ਕਾਂਗਰਸ ਜਿੱਤੀ ਪੰਜਾਬ, ਭਾਜਪਾ-ਬਾਦਲ ਪਰਿਵਾਰ ਨੇ ਚੰਮ ਬਚਾਇਆ, ਪੰਥ ਖੁੰਜੇ ਵਿੱਚ
ਪਿਛਲੇ ੪੦ ਸਾਲਾਂ ਵਿੱਚ, ਭਾਰਤੀ ਜਨਤਾ ਪਾਰਟੀ ਕਦਮ-ਦਰ-ਕਦਮ ਹਜ਼ਾਰਾ ਮੰਜ਼ਲਾਂ ਤਹਿ ਕਰਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਸਾਕਾਰ ਕਰ ਰਹੀ ਹੈ। ਇਨ੍ਹਾਂ ਚਾਰ ਦਹਾਕਿਆਂ ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਤਸੀਹੇ ਦਿੱਤੇ ਅਤੇ ਮਾਰਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਸਿਆਸਤ ਨੂੰ ਦੀਮਕ ਵਾਂਗੂੰ ਅੰਦਰੋਂ ਖੋਖਲਾ ਕੀਤਾ ਹੈ, ਪੰਥ ਦੀ ਆਤਮਾ ਅਤੇ ਪਵਿੱਤਰਤਾ ਨੂੰ ਭਾਰੀ ਢਾਹ ਲਾਈ ਹੈ। ਇਸ ਅਰਸੇ ਦੌਰਾਨ ਪੰਥ ਹਿਤੈਸ਼ੀ ਹਲਕਿਆਂ ਨੇ ਵੀ ਦੂਰਅੰਦੇਸ਼ੀ ਤੋਂ ਉੱਕਾ ਹੀ ਕੰਮ ਨਹੀਂ ਲਿਆ ਹੈ। ਪੰਥਕ ਕਾਰਕੁੰਨ ਚੋਣ ਸਿਆਸਤ ਨੂੰ ਸਮਝਣ ਵਿਚ ਢਿੱਲੇ ਰਹੇ ਹਨ ਅਤੇ ਉਸ ਬਾਰੇ ਰਣਨੀਤੀ ਬਨਾਉਣ ਵਿਚ ਆਖਰੀ ਵਕਤ ਤੇ ਇਕਮੁਠ ਹੋਣ ਦੀਆਂ ਗਲਾਂ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕੇ।
ਪੰਜਾਬ ਵਿੱਚ ੨੦੧੯ ਦੀਆਂ ਆਮ ਚੋਣਾਂ ਦੇ ਨਤੀਜਾ ਇੱਕ ਲੱਛਣ ਹੈ ਕਿ ਪੰਜਾਬ ਦਾ ਦਿਲ, ਆਤਮਾ ਅਤੇ ਸਰੀਰ ਜਖਮੀ ਹੋ ਗਿਆ ਹੈ। ਪੰਜਾਬ ਵਿੱਚ ਸਿਆਸੀ ਹਾਰ ਲਈ ਜ਼ਿੰਮੇਵਾਰ ਉਹ ਲੋਕ ਅਤੇ ਜਥੇਬੰਦੀਆਂ ਹਨ ਜਿਨ੍ਹਾਂ ਨੇ ਪੰਥ ਨੂੰ ਚੋਣਾਂ ਵੇਲੇ ਸਿਰਫ ਕੰਢਿਆਂ ਤੋਂ ਘੜੀਸਿਆ ਹੈ।
ਸਿੱਖਾਂ ਦੇ ‘ਰੋਸ਼ਨ ਦਿਮਾਗ’ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਜਿਨ੍ਹਾਂ ਨੂੰ ਵਧੇਰੇ ਚੇਤੰਨ ਅਤੇ ਜਾਣੂ ਹੋਣਾ ਚਾਹੀਦਾ ਹੈ, ਉਹ ਵੀ ਸਿੱਖ ਰਾਜਨੀਤੀ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਪਏ ਸ਼੍ਰੋਮਣੀ ਅਕਾਲੀ ਦਲ ਦੁਆਰਾ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਨਾਲ ਇੱਕ-ਮਿੱਕ ਹੋ ਕੇ ਕਾਰਗੁਜ਼ਾਰੀ ਕਰਦੇ ਹਨ ਅਤੇ ਆਮ ਪੰਜਾਬ ਦੇ ਸ਼ਹਿਰੀ ਨੂੰ ਅਹਿਸਾਸ ਕਰਵਾਉਂਦੇ ਹਨ ਕਿ ਉਹ ਨਿਰਪੱਖ ਹਨ।
ਪਿਛਲੇ ਹਫਤੇ ਪੰਜਾਬ ਤੋਂ ਅਤੇ ਦੁਨੀਆਂ ਭਰ ਤੋਂ ਕਈ ਸਿੱਖ ਸੰਸਥਾਵਾਂ ਨੇ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖਤ ਦੇ ਨਾਲ ਇੱਕ ਇਕਤ੍ਰਤਾ ਕੀਤੀ। ਗੱਲਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਪੁਰਬ ਬਾਰੇ ਸਨ ਪਰ ਦੁੱਖ ਵਾਲੀ ਗੱਲ ਇਹ ਹੈ ਕਿ ‘ਕਾਰਜਕਾਰੀ ਜਥੇਦਾਰ’ ਵਜੋਂ ਉਨ੍ਹਾਂ ਦੀ ਨਿਯੁਕਤੀ ਨੇ ਸਿੱਖਾਂ ਦੇ ਦਿਮਾਗ ਵਿੱਚ ਜੋ ਭੰਬਲਭੂਸਾ ਪਾਇਆ ਹੈ ਉਸ ਬਾਰੇ ਕੌਣ ਕਿਸਨੂੰ ਪੁੱਛੇਗਾ? ਇਨ੍ਹਾਂ ਜੱਥੇਬੰਦੀਆਂ ਦੇ ਮੁੱਖੀਆਂ ਦੀ ਸਿਆਸੀ ਰਣਨੀਤੀ ਵਿੱਚ ਕੋਈ ਰੋਲਾ-ਕਚੋਲਾ ਨਹੀਂ ਹੈ –ਸਪੱਸ਼ਟ ਹੈ ਕਿ ਇਹ ਕਿਸ ਨਾਲ ਖੜ੍ਹੇ ਹਨ। ਇਹ ਬਹੁਤ ਮੰਦਭਾਗਾ ਅਤੇ ਦੁਖਦਾਈ ਹੈ। ਇਸ ਤਰ੍ਹਾਂ ਕਰਕੇ ਬੜ੍ਹੀ ਹੀ ਸਿਆਣਪ ਨਾਲ ਬਾਦਲ ਦਲ ਆਪਣੀ ਸਿਆਸੀ ਲੜਾਈ ਵਿੱਚ ਇਨ੍ਹਾਂ ਨੂੰ ਹਮਸਫਰ ਬਣਾ ਲੈਂਦਾ ਹੈ।
ਜਿਨ੍ਹਾਂ ਤੋਂ ਸਿੱਖਾਂ ਨੂੰ ਬਦਲ ਮੁਹੱਈਆ ਕਰਨ ਦੀ ਆਸ ਸੀ ਉਹ ਧੋਖਾ ਦੇ ਗਏ।
ਬਰਗਾੜੀ ਮੋਰਚੇ ਦੇ ਆਗੂ, ਜਿਨ੍ਹਾਂ ਨੇ ਬੇਅਦਬੀ ਦੇ ਖਿਲਾਫ ਨਿਆਂ ਲਈ ਮੁਹਿੰਮ ਦੀ ਅਗਵਾਈ ਕਰਨ ਅਤੇ ਇਸ ਨੂੰ ਚੋਣ ਮੁੱਦੇ ਬਣਾਉਂਣਾ ਸੀ, ਸਪੱਸ਼ਟ ਤੌਰ ‘ਤੇ ਕਾਂਗਰਸ ਪਾਰਟੀ ਦੁਆਰਾ ਖਰੀਦੇ ਗਏ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਤੇ ਮੋਰਚਾ ਭੰਗ ਵੀ ਕੀਤਾ ਅਤੇ ਸਾਰੀ ਮੁਹਿੰਮ ਨੂੰ ਮਿੱਟੀ ਵਿਚ ਰੋਲਿਆ। ਚੋਣਾਂ ਦੌਰਾਨ, ਉਨ੍ਹਾਂ ਨੇ ਰੋਸ ਮਾਰਚ ਕੀਤਾ, ਜਿਸ ਦਾ ਸਾਫ ਤੌਰ’ ਤੇ ਕੋਈ ਅਸਰ ਨਹੀਂ ਪਿਆ ਨਾ ਹੀ ਪੈਣਾ ਸੀ ਕਿਉਂ ਕਿ ਲੋਕਾਂ ਨੂੰ ਸੱਚਾਈ ਜੱਗ ਜਾਹਿਰ ਹੋ ਗਈ ਸੀ।
ਵਿਦੇਸ਼ੀ ਸਿੱਖਾਂ ਨੂੰ ਇਸ ਵਾਰੀ ਪੰਜਾਬ ਵਿਚ ਕੋਈ ਵੀ ਚਮਤਕਾਰ ਵਾਪਰਦਾ ਨਜ਼ਰ ਨਹੀ ਆਇਆ ਇਸ ਲਈ ਜਿਸ ਤਰ੍ਹਾਂ ੨੦੧੪ ਵਿੱਚ “ਆਪ” ਤੋਂ ਆਸ ਸੀ, ਇਸ ਲਈ ਮੋਟੇ ਤੌਰ ਤੇ ਉਹ ੨੦੧੯ ਦੀਆਂ ਚੋਣਾਂ ਤੋਂ ਪਾਸੇ ਹੀ ਵੱਟ ਗਏ। ਸ਼ਾਇਦ ਉਨ੍ਹਾਂ ਦਾ ਪੰਜਾਬ ਅਤੇ ਪੰਜਾਬ ਵਿੱਚ ਵਸਦੇ ਪੰਥਕ ਹਲਕਿਆਂ ਤੋਂ ਮੋਹ ਭੰਗ ਹੋ ਗਿਆ ਹੈ। ਵਿਦੇਸ਼ੀ ਸਿੱਖਾਂ ਦੇ ਕੁੱਝ ਹਿੱਸੇ ਨੇ ਸਿਮਰਨਜੀਤ ਸਿੰਘ ਮਾਨ ਬਾਰੇ ਅਤੇ ਕੁੱਝ ਨੇ ਪਰਮਜੀਤ ਕੌਰ ਖਾਲੜਾ ਬਾਰੇ ਚਿੰਤਾ ਜਤਾਈ ਅਤੇ ਸਾਥ ਦਿੱਤਾ।
ਸਾਡਾ ਇਹ ਮੰਨਣਾ ਹੈ ਹਰ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਅਹਿਸਾਸ ਹੋਣਾ ਕਿ ਚੋਣਾਂ ਵਕਤੀ ਕਾਰਵਾਈ ਨਹੀ ਬਲਕਿ ਇਕ ਲਗਾਤਾਰ ਵਰਤਾਰਾ ਹੈ ਜਿਤਨੀ ਜਲਦੀ ਸਮਝ ਆਏਗਾ ਚੰਗਾ ਹੈ।
ਅੱਧ-ਪੱਕੇ ੨੦੨੦ ਰਾਏਸ਼ੁਮਾਰੀ ਵਾਲੇ ਪੰਜਾਬ ਅਤੇ ਹੋਰ ਥਾਵਾਂ ਤੇ ਸਿੱਖਾਂ ਨੂੰ ਕਿੱਥੇ ਲੈ ਕੇ ਜਾ ਰਹੇ ਹਨ, ਸਮਝ ਤੋਂ ਬਾਹਰ ਹੈ। ਪੰਥ ਦਾ ਇੱਕ ਵੱਡਾ ਹਿੱਸਾ ਇਸ ਵਰਤਾਰੇ ਨਾਲ ਕਿਵੇਂ ਨਜਿੱਠਣਾ ਹੈ ਉਸ ਬਾਰੇ ਜਾਂ ਚੁੱਪ ਹੈ ਜਾਂ ਦੋ-ਚਿੱਤੀ ਵਿੱਚ ਹੈ ਤੇ ਇਹ ਦੋਨੋ ਰਾਹ ਘਾਤਕ ਹਨ। ਇਸ ਮਾਮਲੇ ਬਾਰੇ ਵੀ ਕੌਮ ਪੰਥਕ ਆਗੂਆਂ ਤੋਂ ਅਗਵਾਈ ਦੀ ਆਸ ਰੱਖਦੀ ਹੈ।
ਸਿੱਖ ਰਾਜ ਦੇ ਹਮਾਇਤੀਆਂ ਨੂੰ ਚੋਣਾਂ ਦਾ ਬਾਈਕਾਟ ਕਰਨ ਵਿਚ ਹੀ ਖੁਸ਼ੀ ਮਿਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਵਿਚੋਂ ਕੁਝ ਇੰਝ ਕਹਿੰਦੇ ਨਜ਼ਰ ਆਏ ਹਨ “ਪੰਜਾਬ ਵਿਚ ਚੋਣਾਂ ਦੀ ਹਾਰ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ ਸਿੱਖ ਰਾਜ ਲਈ ਲੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ” ਕੀ ਇਹ ਇਤਨਾ ਸੌਖਾ ਅੰਦਾਜ਼ਾ ਹੈ? ਰੋਮ ਇੱਕ ਦਿਨ ਵਿਚ ਨਹੀਂ ਸੀ ਬਣਿਆ!
ਆਪਣੀ ਚੰਗੀ ਕਾਰਗੁਜ਼ਾਰੀ ਪਰ ਹਾਰ ਤੋਂ ਬਾਅਦ ਪਤਰਕਾਰਾਂ ਨਾਲ ਗੱਲ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਥਕ ਹਲਕੇ ਨਹੀਂ ਜਾਣਦੇ ਕਿ ਚੋਣਾਂ ਦੌਰਾਨ ਕੰਮ ਕਿਵੇਂ ਕਰਨਾ ਹੈ।
ਇਹੀ ਕੇਂਦਰ ਬਿੰਦੂ ਹੈ। ਚੋਣਾਂ ਵਿੱਚ ਕੋਈ ਟਰੇਨਿੰਗ ਨਹੀਂ, ਇਕ ਬਦਲਵੀਂ ਸਿਆਸੀ ਢਾਂਚੇ ਅਤੇ ਮੁਹਿੰਮ ਨੂੰ ਬਣਾਉਣ ਲਈ, ਸਿਰਫ ਨਾਅਰੇ ਲਗਾਉਣ ਅਤੇ ਸੋਸ਼ਲ ਮੀਡੀਆ ‘ਤੇ ਬਾਦਲ ਦਲ ਦੇ ਵਿਰੁੱਧ ਨਫ਼ਰਤੀ ਮੁਹਿੰਮ ਦੇ ਨਾਲ, ਤੁਸੀਂ ਪੰਥ ਦੇ ਰਾਹ ਨੂੰ ਕਿਵੇਂ ਬਦਲਣ ਬਾਰੇ ਸੋਚ ਸਕਦੇ ਹੋ?
ਚਾਲੀ ਵਰ੍ਹਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੋ ਸੀਟਾਂ ਤੋਂ ਭਾਰਤ ਦੀ ਯਾਤਰਾ ਸ਼ੁਰੂ ਕਰਕੇ ਅੱਜ ਆਪਣੀ ਤਾਕਤ ਇੰਨ੍ਹੀ ਵਧਾ ਲਈ ਹੈ ਕਿ ਹਿੰਦੂ ਭਾਰਤ ਦੇ ਆਪਣੇ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਸਮਰੱਥ ਹੋ ਗਈ ਹੈ। ਆਰ ਐਸ ਐਸ ਨੇ ਵੀ ਆਪਣੀ ਤਾਕਤ ਵਿੱਚ ਅਸੀਮ ਵਾਧਾ ਕੀਤਾ ਹੈ।
ਪਿਛਲੇ ਤਿੰਨ ਦਹਾਕਿਆਂ ਵਿਚ, ਕਾਂਗਰਸ ਜਿਸ ਨੇ ਦਰਬਾਰ ਸਾਹਿਬ’ ਤੇ ਹਮਲਾ ਕੀਤਾ, ਅਣਗਿਣਤ ਬੇਗੁਨਾਹ ਸਿੱਖ ਕਤਲ ਕੀਤੇ ਅਤੇ ਅਨੇਕਾਂ ਹੀ ਸਿੱਖਾਂ ਨੂੰ ਘਰਾਂ ‘ਚੋਂ ਚੁੱਕ ਕੇ ਗਾਇਬ ਕਰ ਦਿੱਤਾ, ਹੁਣ ਉਹ ਪੰਜਾਬ ਦਾ ਸ਼ਾਸਕ ਹੈ। ਸਪੱਸ਼ਟ ਹੈ ਕਿ ਜੂਨ ੧੯੮੪ ਅਤੇ ਨਵੰਬਰ ੧੯੮੪ ਚੋਣਾਂ ਦੇ ਮੁੱਦੇ ਹੁਣ ਨਹੀਂ ਹਨ। ਸਿੱਖਾਂ ਜਾਂ ਪੰਥ ਲਈ ਇਸਦਾ ਕੀ ਸਬਕ ਹੈ?
ਪੰਥ ਨੂੰ ਮੰਨਣਾ ਚਾਹੀਦਾ ਹੈ, ਕਿ ਦੋਵੇਂ ਪਾਰਟੀਆਂ ਨੇ ਆਪਣੀ ਮੌਜੂਦਾ ਸਥਿਤੀ ਨੂੰ ਪ੍ਰਾਪਤ ਕਰਨ ਲਈ ਬਹੁਤ ਕਰੜੀ ਮਿਹਨਤ ਕੀਤੀ ਹੈ। ਉਹਨਾਂ ਨੇ ਸਿੱਖਾਂ ਅਤੇ ਸਿੱਖ ਧਰਮ ਵਿੱਚ ਪਾੜ ਪਾਉਣ ਲਈ ਸਾਰੀਆਂ ਰਣਨੀਤੀਆਂ ਦਾ ਇਸਤੇਮਾਲ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਅਤੇ ਖੁੱਲ ਦਿੱਤੀ ਹੈ। ਅਸੀਂ ਖੁਦਗਰਜ਼ੀ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਏ ਹਾਂ। ਉਨ੍ਹਾਂ ਦੀ ਮਸ਼ੀਨਰੀ ਓਵਰਟਾਈਮ ਕੰਮ ਕਰਦੀ ਰਹੀ ਅਤੇ ਕਰ ਰਹੀ ਹੈ। ਉਨ੍ਹਾਂ ਦੇ ਕੰਮ ਕਰਨ ਦੀਆਂ ਨੀਤੀਆਂ ਵਿੱਚ ਵਿਚਾਰਧਾਰਾ ਅਤੇ ਹੁਸ਼ਿਆਰ ਪ੍ਰਬੰਧਨ ਦਾ ਇੱਕ ਮੁਕੰਮਲ ਸੁਮੇਲ ਹੈ। ਤੇ ਅਸੀਂ ਬੁੱਤ ਬਣ ਤਮਾਸ਼ਾ ਦੇਖਦੇ ਰਹੇ।
ਕੀ ਦੁਨੀਆਂ ਭਰ ਵਿੱਚ ਕਿਤੇ ਵੀ ਕੋਈ ਪੰਥਕ ਸਮੂਹ ਹੈ, ਜਿੱਥੇ ਪੰਜਾਬ ਵਿੱਚ ਸਿੱਖਾਂ ਅਤੇ ਪੰਜਾਬੀਆਂ ਲਈ ਚੋਣ ਸਿਖਲਾਈ ਅਤੇ ਪ੍ਰਬੰਧਨ ਯੋਜਨਾ ਹੈ? ਕੀ ਕਿਸੇ ਨੇ ਵੀ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਦਾ ਅਧਿਐਨ ਕੀਤਾ ਹੈ?
ਪੰਥ ਦੇ ਕੀ ਮੁੱਦੇ ਹੋਣ, ਪੰਥ ਕਿਵੇਂ ਚੋਣਾਂ ਲੜੇ, ਪੰਜਾਬ ਦੇ ਸਾਰੇ ਵਰਗਾਂ ਦਾ ਸਿਆਸੀ ਸੁਮੇਲ ਕਿਵੇਂ ਕੀਤਾ ਜਾਏ, ਇਸ ਬਾਬਤ ਅਸੀਂ ਬਿਲਕੁਲ ਨਾਕਾਮਯਾਬ ਰਹੇਂ ਹੈ। ਪੰਥ ਅੱਜ ਵੀ ਹਵਾ ਵਿੱਚ ਮਹਿਲ ਬਣਾਉਂਦਾ ਹੈ ਅਤੇ ਸਿੱਖ ਸਿਆਸਤ ਢਹਿੰਦੀ ਕਲਾ ਵੱਲ ਜਾ ਰਹੀ ਹੈ।
ਪੰਜਾਬ ਦੇ ਆਵਾਮ ਨੇ ਤਾਕਤ ਨਾਲ ਸਮਝੌਤਾ ਕਰ ਲਿਆ ਹੈ। ਇਸ ਸੂਰਤ ਵਿੱਚ ਪੰਜਾਬ ਦੀ ਕਿਸਮਤ ਬਦਲਣ ਲਈ ਪੰਜਾਬ ਜਾਂ ਵਿਦੇਸ਼ੀ ਸਿੱਖਾਂ ਵਲੋਂ ਪੰਜਾਬ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਦੇ ਮੁਕਾਬਲੇ ਲਈ ਇੱਕ ਸੋਚਵਾਨ ਜੱਥਾ ਬਣਾਉਣ ਦੀ ਜ਼ਰੂਰਤ ਹੈ।
ਬਾਦਲਾਂ ਅਤੇ ਕਾਂਗਰਸ ਨਾਲ ਜੁੜਿਆ ਵਰਗ ਆਪਣੇ ਹਿੱਤਾਂ ਦੀ ਜੰਗ ਲੜਨਾ ਬਾਖੂਬੀ ਜਾਣਦਾ ਹੈ। ਪੰਥਕ ਨੌਜਵਾਨ ਸਿਆਸੀ ਸਿਲਾਈ ਤੋਂ ਵਾਂਝੇ ਹਨ।
ਮੇਲੇ ਅਤੇ ਸਮਾਗਮਾਂ ਵਿੱਚ ਕੁਝ ਸੌ-ਹਜ਼ਾਰ ਲੋਕਾਂ ਦੇ ਨਾਲ ਕੁਝ ਚੰਗੀ ਤਰ੍ਹਾਂ ਨਾਲ ਹੋਈਆਂ ਚੰਦ ਕੁ ਮੀਟਿੰਗਾਂ ਨਾਲ, ਅਸੀਂ ਸ਼ਾਨਦਾਰ ਭਵਿੱਖ ਦੇ ਸੁਪਨੇ ਬੁਣਨ ਲੱਗ ਪੈਂਦੇ ਹਾਂ।ਅਸੀਂ ਹੋਰ ਕਿੰਨਾ ਕੁ ਥੱਲੇ ਡਿੱਗ ਕੇ ਫਿਰ ਉਠਾਂਗੇ।