ਕਿਸਾਨੀ ਸੰਘਰਸ਼ -ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ
ਇਹ ਕਿਸਾਨੀ ਸੰਘਰਸ਼ ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ ਹੈ। ਆਓ ਵੇਖੀਏ ਕਿਵੇਂ? ਪਹਿਲੀ ਨਜ਼ਰੇ ਦੇਖਣ ਨੂੰ ਇਹ ਸਿਰਫ ਨਵੇਂ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਲੱਗ ਸਕਦਾ ਹੈ, ਪਰ ਅਸਲੀਅਤ ਵਿੱਚ ਇਹ ਸੰਘਰਸ਼ ਗੁਰਮਤਿ ਵਿੱਚੋਂ ਮਿਲੀ ਸਰਬੱਤ ਦੇ ਭਲੇ ਦੀ ਪ੍ਰੇਰਨਾ ਸਦਕਾ ਹਰੇਕ ਕਿਰਤੀ-ਕਾਮੇ ਨੂੰ ਹੱਕ ਦਿਵਾਉਣ ਅਤੇ ਪੰਜਾਬ ਦੀ ਹੋਂਦ ਉਤੇ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਹੈ। ਪੰਥ ਸੇਵਕ ਜੱਥਾ ਦੁਆਬਾ ਵੱਲੋਂ ਤਿਆਰ ਕੀਤੇ ਇਸ ਦਸਤਾਵੇਜ਼ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਇਸ ਵੇਲੇ ਜਦੋਂ ਪੂਰੇ ਇੰਡੀਆ ਵਿੱਚ ਉੱਠਣ ਵਾਲੀ ਹੱਕ-ਸੱਚ ਦੀ ਹਰ ਆਵਾਜ਼ ਦੱਬੀ ਤੇ ਕੈਦ ਕੀਤੀ ਜਾ ਰਹੀ ਹੈ ਓਸ ਵੇਲੇ ਪੰਜਾਬ ਨੇ ਕਿਰਸਾਨੀ ਸੰਘਰਸ਼ ਦੇ ਰੂਪ ਵਿੱਚ ਜਾਬਰ ਦਿੱਲੀ ਤਖਤ ਨੂੰ ਸਫਲ ਚਣੌਤੀ ਦਿੱਤੀ ਹੈ ਜਿਸ ਨਾਲ ਬਾਕੀ ਸੂਬਿਆਂ ਦੇ ਲੋਕਾਂ ਦੇ ਹੌਸਲੇ ਮੁੜ ਬੁਲੰਦ ਹੋਣ ਲੱਗੇ ਹਨ।
ਕਿਸੇ ਵੀ ਸੰਘਰਸ਼ ਵਿੱਚ ਵਿਰੋਧੀ ਤੋਂ ਅੱਗੇ ਰਹਿਣਾ ਬਹੁਤ ਹੀ ਜਰੂਰੀ ਹੁੰਦਾ ਹੈ। ਇਸ ਪੱਖ ਤੋਂ ਵੀ ਇਸ ਸੰਘਰਸ਼ ਦੀ ਇਹ ਖਾਸ ਗੱਲ ਹੈ ਕਿ ਪੰਜਾਬ ਦੇ ਲੋਕ ਇਸ ਸੰਘਰਸ਼ ਦੇ ਹਰ ਪੜਾਅ ਉੱਤੇ ਪਹਿਲਕਦਮੀ ਕਰਦੇ ਆ ਰਹੇ ਹਨ ਤੇ ਦਿੱਲੀ ਤਖਤ ਦੀ ਹਕੂਮਤ ਨੂੰ ਦਬੱਲਦੇ ਆ ਰਹੇ ਹਨ।
‘ਦਿੱਲੀ ਚੱਲੋ’ ਦੇ ਨਾਅਰੇ ਤਾਂ ਦਿੱਲੀ ਤਖਤ ਦੇ ਜੁਲਮਾਂ ਤੋਂ ਪੀੜਤ ਹਰ ਧਿਰ ਦਹਾਕਿਆਂ ਤੋਂ ਦਿੰਦੀ ਆ ਰਹੀ ਹੈ ਪਰ ਪੰਜਾਬ ਨੇ ਦਿੱਲੀ ਦੀਆਂ ਬਰੂਹਾਂ ਤੇ ਛਾਉਣੀਆਂ ਪਾ ਕੇ ਇਤਿਹਾਸ ਵਿੱਚ ਨਾਂ ਦਰਜ ਕਰਵਾ ਦਿੱਤਾ ਹੈ ਕਿ ਅਸਲ ਵਿੱਚ ‘ਦਿੱਲੀ ਚੱਲੋ’ ਕਿਵੇਂ ਦਾ ਹੁੰਦਾ ਹੈ। ਇਹ ਅਹਿਮ ਅਤੇ ਇਤਿਹਾਸਕ ਗੱਲ ਹੈ।
ਆਪਾਂ ਨੂੰ ਲੱਗ ਸਕਦਾ ਹੈ ਕਿ ਅਸੀਂ ਭਾਜਪਾ ਜਾਂ ਮੋਦੀ ਦੀ ਕੇਂਦਰ ਸਰਕਾਰ ਕੋਲੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਆਏ ਹਾਂ। ਇਹ ਗੱਲ ਬਿਲਕੁਲ ਵਾਜਬ ਹੈ ਅਤੇ ਸਹੀ ਵੀ ਹੈ ਪਰ ਗੱਲ ਸਿਰਫ ਇੰਨੀ ਹੀ ਨਹੀਂ ਹੈ ਬਲਕਿ ਇਹ ਇਸ ਤੋਂ ਵੀ ਬਹੁਤ ਵੱਡੀ ਹੈ। ਆਓ ਵੇਖੀਏ ਕਿਵੇਂ?
ਕਿਰਸਾਨੀ ਸੰਘਰਸ਼ ਵਿੱਚ ਵਿਰੋਧੀ ਧਿਰ ਦੀਆਂ ਚਾਰ ਮੁੱਖ ਪਰਤਾਂ ਹਨ। ਪਹਿਲੀ ਪਰਤ ‘ਮੋਦੀ-ਸ਼ਾਹ’ ਦੀ ਨਿੱਜੀ ਅਗਵਾਈ ਦੀ ਹੈ ਜਿਹਨਾਂ ਭਾਜਪਾ ਅੰਦਰਲੇ ਮਰਾਠੇ ਬ੍ਰਾਹਮਣਾਂ, ਗਊ-ਪੱਟੀ ਦੇ ਠਾਕੁਰਾਂ ਅਤੇ ਅਡਵਾਨੀ-ਵਾਜਪਈ ਵੇਲੇ ਦੇ ਹੰਢੇ ਵਰਤੇ ਹੋਏ ਪੁਰਾਣੇ ਧੜਿਆਂ ਨੂੰ ਖੂੰਜੇ ਲਾ ਕੇ ਆਪਣੀ ਪੂਰੀ ਪੈਂਠ ਜਮਾਈ ਹੈ। ‘ਮੋਦੀ-ਸ਼ਾਹ’ ਦੀ ਚੜ੍ਹਤ ਨੇ ਜਦੋਂ ਭਾਜਪਾ ਅੰਦਰ ਵੀ ਸਭ ਨੂੰ ਚੁੱਪ ਕਰਵਾ ਰੱਖਿਆ ਹੈ ਓਸ ਵੇਲੇ ਪੰਜਾਬ ਉਹਦੇ ਬੂਹੇ ਅੱਗੇ ਜੈਕਾਰੇ ਗਜਾ ਰਿਹਾ ਹੈ।
ਵਿਰੋਧੀ ਧਿਰ ਦੀ ਦੂਜੀ ਪਰਤ ਵਿੱਚ ਭਾਜਪਾ-ਆਰ.ਐਸ.ਐਸ. ਹੈ ਜੋ ਅੱਜ ਦੇ ਸਮੇਂ ਖੁਦ ਨੂੰ ਦੁਨੀਆ ਦੀ ਸਭ ਤੋਂ ਮਜਬੂਤ ਤੇ ਸਭ ਤੋਂ ਵੱਧ ਮੈਂਬਰਸ਼ਿਪ ਵਾਲੀ ਜਥੇਬੰਦੀ ਦੱਸਦੀ ਹੈ। ਜਿਸ ਕੋਲ ਮਜਬੂਤ ਜਥੇਬੰਦਕ ਢਾਂਚੇ ਦੇ ਨਾਲ ਨਾਲ ਆਪਣਾ ਬਹੁਤ ਵੱਡਾ ਨਿੱਜੀ ਪ੍ਰਚਾਰ ਢਾਂਚਾ (ਆਈ.ਟੀ. ਸੈਲ) ਵੀ ਹੈ ਅਤੇ ਦੰਗੇ ਕਰਵਾਉਣ ਵਾਲੀਆਂ ਹਥਿਆਰਬੰਦ ਜਥੇਬੰਦੀਆਂ ਵੀ ਹਨ। ਪੰਜਾਬ ਦੇ ਲੱਖਾਂ ਲੋਕ ਦਿੱਲੀ ਆ ਕੇ ਇਸੇ ਭਾਜਪਾ-ਆਰ.ਐਸ.ਐਸ. ਨੂੰ ਲੋਕਾਂ ਦੀ ਅਸਲ ਤਾਕਤ ਦੇ ਦਰਸ਼ਨ ਕਰਵਾ ਰਹੇ ਹਨ।
ਵਿਰੋਧੀ ਧਿਰ ਦੀ ਤੀਜੀ ਪਰਤ ਵਿੱਚ ਪ੍ਰਮਾਣੂ ਤਾਕਤ ਵਾਲੀ ਦਿੱਲੀ ਹਕੂਮਤ ਹੈ। ਜਿਸ ਕੋਲ ਤਾਕਤਵਰ 25 ਲੱਖ ਤੋਂ ਵੱਧ ਫੌਜ ਅਤੇ ਪੈਰਾ ਮਿਲਟਰੀ ਫੋਰਸ, ਅਣਗਿਣਤ ਪੁਲਿਸ ਅਤੇ ਖੂਫੀਆ ਏਜੰਸੀਆਂ ਦੇ ਵੱਡੇ ਤੰਤਰ ਹਨ। ਇਸ ਤੋਂ ਬਿਨਾਂ ਐਨ.ਆਈ.ਏ., ਸੀ.ਬੀ.ਆਈ., ਈ.ਡੀ., ਆਮਦਨ ਕਰ ਮਹਿਕਮੇ ਵਰਗੀਆਂ ਹੱਥ ਠੋਕਾ ਤਫਤੀਸ਼ੀ ਏਜੰਸੀਆਂ ਵੀ ਹਨ। ਇਹ ਹਰ ਵੇਲੇ ਚੇਤੇ ਰੱਖੋ ਕਿ ਜਿਵੇਂ-ਜਿਵੇਂ ਸੰਘਰਸ਼ ਚੜ੍ਹਤ ਵੱਲ ਜਾਵੇਗਾ ਦਿੱਲੀ ਤਖਤ ਇਸ ਸੰਘਰਸ਼ ਖਿਲਾਫ ‘ਸਟੇਟ’ ਦੇ ਇਹਨਾ ਸੰਦਾਂ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਵੀਰੋ-ਭੈਣੋ, ਆਪਣੇ ਵਿਰੋਧੀ ਦੀ ਚੌਥੀ ਪਰਤ ਧਨਾਢ ਸੇਠਾਂ (ਕਾਰਪੋਰੇਟਾਂ) ਦੀ ਹੈ। ਪਰ ਮਤ ਇਹ ਸੋਚਿਓ ਕਿ ਧਨਾਢ ਸੇਠਾਂ ਵਿੱਚ ਸਿਰਫ ‘ਅੰਬਾਨੀ-ਅਡਾਨੀ’ ਅਤੇ ਉਹਨਾਂ ਦੇ ਜਰਖਰੀਦ ‘ਜੀ-ਨਿਊਜ਼, ਰਿਪਬਲਿਕ ਟੀ.ਵੀ. ਜਾਂ ਆਜ-ਤੱਕ’ ਵਗੈਰਾ ਹੀ ਹਨ।
ਅੰਬਾਨੀਆ-ਅਡਾਨੀਆਂ ਪਿੱਛੇ ਹੁਣ ਫੇਸਬੁਕ, ਗੂਗਲ ਵਗੈਰਾ ਜਿਹੇ ਦੁਨੀਆ ਦੇ ਵੱਡੇ ਧਨਾਢ ਸੇਠ ਵੀ ਖੜ੍ਹੇ ਹਨ, ਜਿਹਨਾਂ ਨੇ ਜੀਓ ਆਦਿ ਵਿੱਚ ਹਜ਼ਾਰਾਂ-ਖਰਬਾਂ ਰੁਪਏ ਦਾ ਸਰਮਾਇਆ ਲਗਾਇਆ ਹੈ। ਫੇਸਬੁੱਕ ਐਵੇਂ ਕਿਰਸਾਨੀ ਸੰਘਰਸ਼ ਵਾਲੇ ਖਾਤੇ ਬੰਦ ਨਹੀਂ ਕਰ ਰਹੀ। ਇਸ ਪਿੱਛੇ ਕਾਰਪੋਰੇਟ-ਪੂੰਜੀਵਾਦ ਦੀਆਂ ਸੰਸਥਾਵਾਂ ਕਾਰਜਸ਼ੀਲ ਹਨ।
ਇਸ ਸੰਘਰਸ਼ ਦੀ ਅਗਵਾਈ ਵੀ ਬੜੀ ਅਨੋਖੀ ਹੈ। ਇਸ ਸੰਘਰਸ਼ ਦੀ ਅਗਵਾਈ ਸਹੀ ਮਾਅਨਿਆਂ ਵਿੱਚ ਲੋਕ ਖੁਦ ਹੀ ਕਰ ਰਹੇ ਹਨ। ਇਕ ਗੱਲ ਇਹ ਵੀ ਯਾਦ ਰੱਖੀਏ ਕਿ ਇਹ ਸਾਂਝਾ ਸੰਘਰਸ਼ ਹੈ। ਇਸ ਸੰਘਰਸ਼ ਵਿੱਚ ਪੰਜਾਬ ਆਪਣੇ ਇਤਿਹਾਸ, ਵਿਰਸੇ ਅਤੇ ਸਰਬੱਤ ਦੇ ਭਲੇ ਦੇ ਆਸ਼ੇ ਤੋਂ ਪ੍ਰੇਰਣਾ ਲੈ ਕੇ ਚੱਲ ਰਿਹਾ ਹੈ। ਦੁਨੀਆ ਇਸ ਗੱਲੋਂ ਵੀ ਹੈਰਾਨ ਹੈ ਕਿ ਕੀ ਅੱਜ ਦੇ ਸਮੇਂ ਵਿੱਚ ਵੀ ਅਜਿਹੀ ਜੀਵਨ-ਜਾਚ ਹੋ ਸਕਦੀ ਹੈ।
ਇਸੇ ਤਰ੍ਹਾਂ ਬੇਸ਼ੱਕ ਇਹ ਸੰਘਰਸ਼ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੈ ਪਰ ਇਹ ਕਾਨੂੰਨ ਕਿਸੇ ਖਲਾਅ ਵਿਚੋਂ ਨਹੀਂ ਆਏ ਤੇ ਨਾ ਹੀ ਸੰਸਾਰ `ਤੇ ਚੱਲ ਰਹੇ ਬਾਕੀ ਅਮਲ ਤੋਂ ਬੇਲਾਗ ਹਨ। ਇੰਡੀਆ ਦੀ ਇਸ ਵਿਸ਼ਾਲ ਮੰਡੀ ਵਿੱਚ ਦੁਨੀਆ ਭਰ ਦੇ ਧਨਾਢ ਆਪਣਾ ਹਿੱਸਾ ਲੱਭ ਰਹੇ ਹਨ, ਖੇਤੀਬਾੜੀ ਖੇਤਰ ਨੂੰ ਨਿੱਜੀ ਪੂੰਜੀ ਨਿਵੇਸ਼ ਲਈ ਖੋਲ੍ਹਣਾ ਇਸੇ ਅਮਲ ਦਾ ਇੱਕ ਹਿੱਸਾ ਹੈ। ਇਹ ਵੀ ਧਿਆਨ ਦਿਓ ਕਿ ਸੰਸਾਰ ਦੇ ਚੱਲ ਰਹੇ ਆਰਥਿਕ, ਰਾਜਸੀ ਪ੍ਰਬੰਧ (ਮੌਜੂਦਾ ਵਰਲਡ ਆਰਡਰ) ਨੇ ਧਰਤੀ ਉੱਤੇ ਮਨੁੱਖਤਾ ਅਤੇ ਜੀਵਨ ਦੀ ਹੋਂਦ ਲਈ ਹੀ ਖਤਰੇ ਖੜ੍ਹੇ ਕਰ ਦਿੱਤੇ ਹਨ ਅਤੇ ਨਵਾਂ ਗਲੋਬਲ ਆਡਰਡ ਤਾਂ ਹੋਰ ਵੀ ਮਾਰੂ ਹੈ ਜਿਸ ਵਿੱਚ ਕੁਝ ਚੋਣਵੇਂ ਧਨਾਢ ਲੋਕ ਉਪਜ ਅਤੇ ਕਿਰਤ ਦੇ ਸਰੋਤਾਂ ਅਤੇ ਮਨੁੱਖਾਂ ਦੀਆਂ ਰੋਜਾਨਾ ਜੀਵਨ ਦੀਆਂ ਜਰੂਰਤਾਂ ਸਮੇਤ ਹਰ ਤਰ੍ਹਾਂ ਦੇ ਵਸੀਲਿਆਂ ਨੂੰ ਕਾਬੂ ਕਰਕੇ ਆਪ ਸੰਸਾਰ ਦੇ ਮਾਲਕ ਬਣਨਾ ਚਾਹੁੰਦੇ ਹਨ ਤੇ ਬਾਕੀਆਂ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਹਨ। ਨਵ-ਉਦਾਰਵਾਦ ਦੀ ਨੀਤੀ ਤਹਿਤ ਇਹ ਅਮਲ ਧਨਾਢਾਂ ਤੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇੰਡੀਅਨ ਧਨਾਢ ਨਵੇਂ ਸੰਸਾਰ ਨਿਜਾਮ (ਨਿਊ ਗਲੋਬਲ ਆਰਡਰ) ਨਾਲ ਗੂੜ੍ਹੇ ਰੂਪ ਵਿੱਚ ਜੁੜਿਆ ਹੋਇਆ ਹੈ।
ਸੋ ਯਾਦ ਰੱਖੋ ਕਿ ਇਸ ਵਾਰ ਆਪਣਾ ਟਾਕਰਾ ਇਸ ਚਾਰ ਪਰਤਾਂ ਵਾਲੇ ਵਿਰੋਧੀ ਨਾਲ ਹੈ ਅਤੇ ਇੰਡੀਅਨ ਬਿਪਰ ਸੱਤਾ ਦੀ ਪਿੱਠ ਪਿੱਛੇ ਦੁਨੀਆ ਭਰ ਦਾ ਪੂੰਜੀਵਾਦੀ ਨਿਜਾਮ ਹੈ, ਜੋ ਪੂੰਜੀਵਾਦ ਦੇ ਫੈਲਾਅ ਨੂੰ ਨਵੇਂ ਦੌਰ ਵਿੱਚ ਲੈ ਜਾਣ ਲਈ ਨਿਰੰਤਰ ਯਤਨਸ਼ੀਲ ਹੈ। ਇਸ ਲਈ ਇਸ ਸੰਘਰਸ਼ ਨੇ ਸਾਡੇ ਬਿਬੇਕ, ਸਿਦਕ, ਅਨੁਸ਼ਾਸਨ ਤੇ ਤਿਆਗ ਦੀਆਂ ਵੱਡੀਆਂ ਪਰਖਾਂ ਲੈਣੀਆਂ ਹਨ।
ਵੀਰੋ-ਭੈਣੋ, ਧਿਆਨ ਦਿਓ ਕਿ ਕਾਰਪੋਰੇਟ-ਪੂੰਜੀਵਾਦ ਨਾਲ ਰਲੀ ਬਿਪਰ ਤਾਕਤ ਵਿੱਚ ਪੂੰਜੀਵਾਦੀ ਦਮਨ ਤੇ ਲੁੱਟ ਦੇ ਨਾਲ ਨਾਲ ਆਪਣੀ ਉੱਚੀ ਨਸਲ, ਜਾਤ, ਵਰਣ, ਅਤੇ ਗਿਆਨ ਪਰੰਪਰਾ ਦੇ ਵਿਸ਼ਵ ਗੁਰੂ ਹੋਣ ਦਾ ਹੰਕਾਰ ਵੀ ਹੈ। ਬਿੱਪਰ ਆਪਣੇ ਬਣਾਏ ਸਮਾਜੀ ਰਾਜਸੀ ਵਿਧਾਨ ਦੀ ਰਾਖੀ ਛਲ, ਫਰੇਬ, ਦਮਨ ਅਤੇ ਜੁਲਮ ਨਾਲ ਕਰਦਾ ਆਇਆ ਹੈ। ਮਨੂੰ ਦੇ ਕਾਨੂੰਨ ਦੀ ਰਾਖੀ ਬਿਪਰ ਨੇ ਆਰੀਆ, ਬੋਧੀ, ਇਸਲਾਮ ਅਤੇ ਅੰਗਰੇਜ ਰਾਜ ਵਿੱਚ ਹਕੂਮਤ ਨਾਲ ਰਲ ਕੇ ਕੀਤੀ ਹੈ। ਇਸੇ ਲਈ ਰਾਜ ਟੁੱਟਦੇ-ਬਣਦੇ ਰਹੇ ਪਰ ਬਿਪਰ ਦਾ ਕਾਨੂੰਨ-ਵਿਧਾਨ ਸਦਾ ਥਿਰ ਰਿਹਾ। ਇਸ ਵੇਲੇ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ ਕੇਵਲ ਕਾਰਪੋਰੇਟ ਦਾ ਆਰਥਕ ਪੱਖ ਹੀ ਨਹੀਂ ਸਗੋਂ ਬਿਪਰ ਦੀ ਚੌਧਰ ਅਤੇ ਹੰਕਾਰ ਵੀ ਸ਼ਾਮਲ ਹੈ। ਸੋ, ਚੇਤੇ ਰਹੇ ਕਿ ਬਿਪਰ ਆਪਣੇ ਹੰਕਾਰ ਅਤੇ ਉਚਤਾ ਨੂੰ ਬਰਕਰਾਰ ਰੱਖਣ ਲਈ ਦੇਵੀ-ਦੇਵਤਿਆਂ ਦੀ ਮਰਿਆਦਾ ਤੇ ਮਾਨਤਾ ਨੂੰ ਵੀ ਉਲੰਘਦਾ ਰਿਹਾ ਹੈ।
ਇਸ ਲਈ ਇਹ ਲੜਾਈ ਬਹੁਤ ਵੱਡੀ ਹੈ। ਇਹ ਕੇਵਲ ਆਰਥਕ ਨਹੀਂ ਸਗੋਂ ਸਭਿਆਤਾਵਾਂ, ਫਲਸਫਿਆਂ ਅਤੇ ਵਿਸ਼ਵ ਤਾਕਤਾਂ ਦੀ ਵੀ ਲੜਾਈ ਹੈ। ਇਸ ਜੱਦੋਜਹਿਦ ਨੇ ਦੁਨੀਆ ਦਾ ਭਵਿੱਖ ਤੈਅ ਕਰਨਾ ਹੈ। ਆਪਾਂ ਸਭਨਾ ਦੇ ਸਿਰ ਦੁਨੀਆ ਦੀ ਅਜਾਦੀ ਦਾ ਭਾਰ ਅਤੇ ਜਿੰਮੇਵਾਰੀ ਵੀ ਹੈ।
ਇੱਥੇ ਇਸ ਸੰਘਰਸ਼ ਦੇ ਸੋਮੇ ਦੀ ਗੱਲ ਵੀ ਜਰੂਰ ਕਰਨੀ ਬਣਦੀ ਹੈ। ਦਿੱਲੀ ਨੂੰ ਲਗਦਾ ਸੀ ਅਸੀਂ ਪੰਜਾਬ ਨੂੰ ਜੁਲਮਾਂ ਤੇ ਮੱਕਰ ਚਾਲਾਂ, ਝੂਠੇ ਮੁਕਾਬਲਿਆਂ, ਲੰਮੀਆਂ ਜੇਲ੍ਹਾਂ, ਕਰਜੇ, ਖੁਦਕੁਸ਼ੀਆਂ, ਲੱਚਰਤਾ ਤੇ ਨਸ਼ਿਆਂ ਨਾਲ ਖਤਮ ਕਰ ਦਿੱਤਾ ਹੈ। ਦਿੱਲੀ ਸੋਚਦੀ ਸੀ ਕਿ ਜਦੋਂ ਇਸਨੇ ਪੰਜਾਬ ਦੀ ਸਿਆਸਤ ਅਤੇ ਇਸ ਦੇ ਆਗੂ ਆਪਣੀਆਂ ਜੇਬਾਂ ਵਿੱਚ ਪਾ ਲਏ ਹਨ ਤਾਂ ਪੰਜਾਬ ਕਦੇ ਦਿੱਲੀ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਪਰ ਪੰਜਾਬ ਨੇ ਮੁੜ ਜੱਗ ਜਾਹਰ ਕੀਤਾ ਹੈ ਕਿ ਇਸ ਦੀ ਸਭ ਤੋਂ ਡੂੰਘੀ ਜੜ੍ਹ ਗੁਰਮਤਿ ਅਤੇ ਸ਼ਹੀਦਾਂ ਦੇ ਖੂਨ ਵਿੱਚੋਂ ਖੁਰਾਕ ਗ੍ਰਹਿਣ ਕਰਦੀ ਹੈ।
ਪੰਜਾਬ ਦਾ ਇਤਿਹਾਸ ਸਿਰਫ ਜਾਲਮਾਂ ਵਲੋਂ ਕੀਤੇ ਗਏ ਜੁਲਮਾਂ ਦੀਆਂ ਕਹਾਣੀਆਂ ਨਹੀਂ ਬਲਕਿ ਉਸਦੇ ਖਿਲਾਫ ਜੂਝ ਕੇ ਲੜੇ ਸਿਦਕੀਆਂ ਅਤੇ ਉਨ੍ਹਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਹੈ। ਇਹਨਾਂ ਸ਼ਹਾਦਤਾਂ ਦੀ ਪ੍ਰੇਰਣਾ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦੀਆਂ ਅਜੀਮ ਸ਼ਹਾਦਤਾਂ ਅਤੇ ਗੁਰੂ ਹਰਗੋਬਿੰਦ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਖਾਲਸਾ ਪੰਥ ਵੱਲੋਂ ਲੜੇ ਗਏ ਜੰਗ ਹਨ। ਦੁਨੀਆ ਦੇ ਕਿਸੇ ਜਾਲਮ ਜਾਂ ਹਕੂਮਤ ਦੀ ਇੰਨੀ ਔਕਾਤ ਨਹੀਂ ਕਿ ਪੰਜਾਬ ਦੀ ਇਸ ਜੜ੍ਹ ਨੂੰ ਛੂਹ ਵੀ ਸਕੇ।
ਸੰਘਰਸ਼ ਦੇ ਦੌਰ ਵਿੱਚ ਪੰਜਾਬ ਆਪਣੀ ਇਸੇ ਜੜ੍ਹ ਤੋਂ ਹਰਾ ਹੁੰਦਾ ਰਿਹਾ ਹੈ, ਇਸ ਵਾਰ ਵੀ ਇਸੇ ਤੋਂ ਹਰਾ ਹੋਇਆ ਹੈ ਅਤੇ ਅੱਗੇ ਵੀ ਸੰਘਰਸ਼ਾਂ ਦੇ ਦੌਰ ਵਿੱਚ ਸਦਾ ਹਰਾ ਹੀ ਰਹੇਗਾ।
ਇਤਿਹਾਸ ਸਿਰਜਿਆ ਜਾ ਰਿਹਾ
ਪੰਜਾਬ ਦੇ ਵਾਰਿਸੋ! ਆਪਾਂ ਇਸ ਵੇਲੇ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਦੋਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਸ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਤੇ ਸੁਣਿਆ ਕਰਨਗੀਆਂ ਤੇ ਇਸ ਤੋਂ ਪ੍ਰੇਰਣਾ ਲਿਆ ਕਰਨਗੀਆਂ।
ਬਿਪਰਵਾਦੀ ਦਿੱਲੀ ਤਖਤ ਵੱਲੋਂ ਸਦਾ ਹੀ ਹੱਕ-ਸੱਚ ਦੀ ਹਰ ਆਵਾਜ਼ ਦੀ ਸੰਘੀ ਘੁੱਟ ਕੇ ਲੋਕਾਈ ਨੂੰ ਗੁਲਾਮ ਬਣਾਉਣ ਦਾ ਅਮਲ ਚਲਦਾ ਰਿਹਾ ਹੈ ਜੋ ਕਿ ਅੱਜ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ। ਪਰ ਇਸ ਬਹੁਭਾਂਤੀ ਖਿੱਤੇ ਵਿਚੋਂ ਇੱਕ ਵਾਰ ਮੁੜ ਪੰਜਾਬ ਹੀ ਉਹ ਆਗੂ ਬਣ ਕੇ ਉੱਭਰਿਆ ਹੈ ਜਿਸ ਨੇ ਬਿਪਰਵਾਦੀ ਦਿੱਲੀ ਤਖਤ ਦੇ ਜੁਲਮੀ ਚੱਕਰ ਨੂੰ ਠੱਲ੍ਹਣ ਦੀ ਜਿੰਮੇਵਾਰੀ ਓਟੀ ਹੈ।
ਸਰਬੱਤ ਦੇ ਭਲੇ ਦੇ ਆਸ਼ੇ ਮੁਤਾਬਿਕ ਗੁਰਾਂ ਦੇ ਨਾਂ `ਤੇ ਜਿਓਂਦੇ ਪੰਜਾਬ ਨੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਮੁੜ ਨਿਮਾਣਿਆਂ-ਨਿਤਾਣਿਆਂ ਦੀ ਧਿਰ ਬਣਨ ਦਾ ਇਤਿਹਾਸ ਦਹੁਰਾਉਣ ਵੱਲ ਕਦਮ ਪੁੱਟ ਲਏ ਹਨ ਤੇ ਜਰਵਾਣੇ ਦਿੱਲੀ ਤਖਤ ਦੀ ਈਨ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਸੰਘਰਸ਼ ਦੀ ਅਨੋਖੀ ਅਗਵਾਈ
ਇਸ ਸੰਘਰਸ਼ ਦੀ ਅਗਵਾਈ ਵੀ ਬੜੀ ਅਨੋਖੀ ਹੈ। ਕੋਈ ਇਕਹਿਰੀ ਜਾਂ ਇਕਹਿਰੇ ਕਬਜੇ ਵਾਲੀ ਧਿਰ ਇਸ ਦੀ ਅਗਵਾਈ ਨਹੀਂ ਕਰ ਰਹੀ। ਇਹ ਅਗਵਾਈ ਕੇਂਦਰਿਤ ਨਾ ਹੋ ਕੇ ‘ਹੰਨੇ-ਹੰਨੇ ਮੀਰੀ’ ਵਾਲੀ ਹੈ। ਇਸ ਕਾਰਨ ਹਕੂਮਤ ਨੂੰ ਇਹ ਅੰਦਾਜਾ ਲਾਉਣਾ ਮੁਸ਼ਕਲ ਹੋ ਰਿਹਾ ਹੈ ਕਿ ਇਸ ਸੰਘਰਸ਼ ਦੀ ਅਗਵਾਈ ਨੂੰ ਕਿਵੇਂ ਖਿੰਡਾਉਣ, ਦਬਾਉਣ ਜਾਂ ਡਰਾਉਣ ਦੀ ਕੋਸ਼ਿਸ਼ ਕਰੇ। ਇਹ ਹਕੂਮਤ ਦੇ ਤਜਰਬੇ ਅਤੇ ਰਾਜਨੀਤਕ ਸਿਧਾਂਤ ਤੋਂ ਬਾਹਰੀ ਵਰਤਾਰਾ ਹੈ।
ਯਾਦ ਰੱਖੋ ਕਿ ਵਿਕੇਂਦਰਿਤ ਅਗਵਾਈ ਇਸ ਸੰਘਰਸ਼ ਦੀ ਮਜਬੂਤੀ ਦਾ ਬੜਾ ਵੱਡਾ ਕਾਰਨ ਹੈ। ਗੁਰੂ ਆਸ਼ੇ ਚ ਵਿਚਰਦੇ ਪੰਜਾਬ ਦੇ ਇਹ ਵਿਰਸਾ ਹੈ ਕਿ ਜਦੋਂ ਇਸ ਦੀ ਹੋਂਦ ਉੱਤੇ ਕੋਈ ਜਰਵਾਣਾ ਹਮਲਾ ਕਰੇ ਤਾਂ ਇਹ ਬਿਨਾ ਆਗੂ ਤੋਂ ਖੁਦ ਹੀ ਜਰਵਾਣੇ ਵਿਰੁੱਧ ਖੜ੍ਹ ਜਾਂਦਾ ਹੈ। ਇਸ ਸੰਘਰਸ਼ ਵਿੱਚ ਵੀ ਅਜਿਹਾ ਹੀ ਹੋਇਆ ਹੈ।
ਇਸ ਸੰਘਰਸ਼ ਦੀ ਅਗਵਾਈ ਸਹੀ ਮਾਅਨਿਆਂ ਵਿੱਚ ਲੋਕ ਖੁਦ ਹੀ ਕਰ ਰਹੇ ਹਨ। ਕਿਸਾਨ ਧਿਰਾਂ ਨੇ ਲਾਮਬੰਦੀ ਲਈ ਬਹੁਤ ਮਿਹਨਤ ਕੀਤੀ ਹੈ, ਦਿਨ ਰਾਤ ਇੱਕ ਕੀਤਾ ਹੈ ਤੇ ਉਹ ਇਸ ਵਾਰ ਲੋਕਾਂ ਦੀਆਂ ਭਾਵਨਾਵਾਂ ਦੇ ਨੁਮਾਇੰਦੇ ਬਣਨ ਵਾਲੀ ਭੂਮਿਕਾ ਹੀ ਨਿਭਾਅ ਰਹੇ ਹਨ। ਇਹ ਸਲਾਹੁਣਯੋਗ ਗੱਲ ਹੈ। ਦੂਜਾ, ਲੋਕ ਇਸ ਵਾਰ ਸੰਘਰਸ਼ ਵਿੱਚ ਸ਼ਮੂਲੀਅਤ ਹੀ ਨਹੀਂ ਕਰ ਰਹੇ ਬਲਕਿ ਇਸ ਦੀ ਸੱਚੀ ਅਤੇ ਚੇਤਨ ਪਹਿਰੇਦਾਰੀ ਵੀ ਕਰ ਰਹੇ ਹਨ। ਸ਼ੁਰੂ ਤੋਂ ਹੀ ਲੋਕ ਕਿਸੇ ਨੂੰ ਵੀ ਸੰਘਰਸ਼ ਦੀ ਲੀਹ ਤੋਂ ਪਰੇ ਪੈਰ ਨਹੀਂ ਧਰਨ ਦੇ ਰਹੇ। ਭਾਵੇਂ ਕੋਈ ਹੰਢਿਆ ਵਰਤਿਆ ਅਤੇ ਘਾਗ ਅਖਵਾਉਂਦਾ ਆਗੂ ਹੋਵੇ, ਭਾਵੇਂ ਕੋਈ ਵਿਦਵਾਨ ਜਾਂ ਵਿਚਾਰਵਾਨ ਹੋਵੇ ਅਤੇ ਭਾਵੇਂ ਕੋਈ ਪਹਿਰੇਦਾਰੀ ਦੀ ਹੀ ਗੱਲ ਕਿਉਂ ਨਾ ਪ੍ਰਚਾਰਦਾ ਹੋਵੇ, ਜਿਸ ਨੇ ਵੀ ਸੰਘਰਸ਼ ਦੀ ਲੀਹ ਤੋਂ ਪੈਰ ਬਾਹਰ ਧਰਿਆ ਹੈ ਲੋਕ ਚੇਤਨਾ ਨੇ ਸਭ ਦੀ ਪਹਿਰੇਦਾਰੀ ਕਰਕੇ ਉਹਨਾਂ ਨੂੰ ਮੁੜ ਲੀਹ ਉੱਤੇ ਲਿਆਂਦਾ ਹੈ।
ਇਕ ਗੱਲ ਇਹ ਵੀ ਯਾਦ ਰੱਖੀਏ ਕਿ ਇਹ ਸਾਂਝਾ ਸੰਘਰਸ਼ ਹੈ। ਇਸ ਵਿੱਚ ਸਾਰੀਆਂ ਸਿਆਸੀ ਵਿਚਾਰਧਾਰਾਵਾਂ, ਸਾਰੇ ਧਰਮਾਂ, ਸਮਾਜਕ ਧਿਰਾਂ-ਵਰਗਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਸਭ ਰੰਗ ਸ਼ਾਮਿਲ ਹਨ। ਜਿਵੇਂ ਇੱਕ ਸਰੀਰ ਦੇ ਅੰਗ ਹੁੰਦੇ ਹਨ ਓਵੇਂ ਇਸ ਸੰਘਰਸ਼ ਵਿੱਚ ਹਰ ਹਿੱਸਾ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਆਪਾਂ ਨੂੰ ਲਗ ਸਕਦਾ ਹੈ ਕਿ ਅਸੀਂ ਭਾਜਪਾ ਜਾਂ ਮੋਦੀ ਦੀ ਕੇਂਦਰ ਸਰਕਾਰ ਕੋਲੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਆਏ ਹਾਂ। ਇਹ ਗੱਲ ਬਿਲਕੁਲ ਵਾਜਬ ਹੈ ਅਤੇ ਸਹੀ ਵੀ ਹੈ ਪਰ ਗੱਲ ਸਿਰਫ ਇੰਨੀ ਹੀ ਨਹੀਂ ਹੈ ਬਲਕਿ ਇਹ ਇਸ ਤੋਂ ਵੀ ਬਹੁਤ ਵੱਡੀ ਹੈ। ਇਸ ਲਈ ਇਹ ਲੜਾਈ ਬਹੁਤ ਵੱਡੀ ਹੈ। ਇਹ ਕੇਵਲ ਆਰਥਕ ਨਹੀਂ ਸਗੋਂ ਸਭਿਆਤਾਵਾਂ, ਫਲਸਫਿਆਂ ਅਤੇ ਵਿਸ਼ਵ ਤਾਕਤਾਂ ਦੀ ਵੀ ਲੜਾਈ ਹੈ। ਇਸ ਜੱਦੋਜਹਿਦ ਨੇ ਦੁਨੀਆ ਦਾ ਭਵਿੱਖ ਤੈਅ ਕਰਨਾ ਹੈ। ਆਪਾਂ ਸਭਨਾ ਦੇ ਸਿਰ ਦੁਨੀਆ ਦੀ ਅਜਾਦੀ ਦਾ ਭਾਰ ਅਤੇ ਜਿੰਮੇਵਾਰੀ ਵੀ ਹੈ।
ਪੰਜਾਬ ਦਾ ਇਤਿਹਾਸ, ਵਿਰਸਾ ਅਤੇ ਸਰਬੱਤ ਦੇ ਭਲੇ ਦਾ ਆਸ਼ਾ
ਇਸ ਸੰਘਰਸ਼ ਵਿੱਚ ਪੰਜਾਬ ਆਪਣੇ ਇਤਿਹਾਸ, ਵਿਰਸੇ ਅਤੇ ਸਰਬੱਤ ਦੇ ਭਲੇ ਦੇ ਆਸ਼ੇ ਤੋਂ ਪ੍ਰੇਰਣਾ ਲੈ ਕੇ ਚੱਲ ਰਿਹਾ ਹੈ। ਜਿਵੇਂ ਪੰਜਾਬ ਨੇ ਬੜੇ ਸਹਿਜੇ ਹੀ ਵਹੀਰ ਦਾ ਰੂਪ ਧਾਰ ਕੇ ਦਿੱਲੀ ਦੀਆਂ ਹੱਦਾਂ ਉੱਤੇ ਛਾਉਣੀਆਂ ਪਾ ਲਈਆਂ ਹਨ ਅਜਿਹਾ ਤਾਂ ਦੁਨੀਆਂ ਦੀਆਂ ਵੱਡੀਆਂ ਫੌਜਾਂ ਵੀ ਬਿਨਾ ਵੱਡੀਆਂ ਯੋਜਨਾਵਾਂ ਅਤੇ ਲੰਮੀਆਂ ਤਿਆਰੀਆਂ ਤੋਂ ਨਹੀਂ ਕਰ ਸਕਦੀਆਂ। ਪੰਜਾਬ ਅਜਿਹਾ ਇਸ ਲਈ ਕਰ ਸਕਿਐ ਕਿਉਂਕਿ ਇਸ ਦੀਆਂ ਰਗਾਂ ਵਿੱਚ ਉਹਨਾਂ ਪੁਰਖਿਆਂ ਦਾ ਖੂਨ ਦੌੜਦਾ ਹੈ ਜਿਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹੁੰਦੇ ਸਨ।
ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਲੋਕ ਸੰਘਰਸ਼ ਬੜੀ ਵਾਰ ਬੇਲਗਾਮ ਹੋ ਕੇ ਆਪੇ ਹੀ ਲੀਹੋਂ ਲੱਥ ਜਾਂਦੇ ਹਨ ਪਰ ਸੱਚੇ ਪਾਤਿਸ਼ਾਹ ਦੀ ਕਲਾ ਇਹ ਹੈ ਕਿ ਇਸ ਸੰਘਰਸ਼ ਵਿੱਚ ਬੜੀ ਵੱਡੀ ਗਿਣਤੀ ਵਿੱਚ ਉਹ ਲੋਕ ਸ਼ਾਮਲ ਹਨ ਜੋ ਕਿਸੇ ਵੀ ਜਥੇਬੰਦੀ ਦਾ ਸਿੱਖਿਅਤ ਤਬਕਾ ਨਹੀਂ, ਪਰ ਫਿਰ ਵੀ ਇਸ ਇਕੱਠ ਦਾ ਆਪਣਾ ਹੀ ਇੱਕ ਸਵੈ-ਜਾਬਤਾ ਹੈ, ਵੱਡਾ ਅਨੁਸ਼ਾਸਨ ਹੈ ਜਿਸ ਨੂੰ ਵੇਖ ਕੇ ਸਭ ਹੈਰਾਨ ਹਨ।
ਇਹ ਗੱਲ ਵੀ ਪੰਜਾਬ ਨੂੰ ਆਪਣੇ ਸਿੱਖ-ਵਿਰਸੇ ਚੋਂ ਹੀ ਮਿਲੀ ਹੈ ਕਿ ਸ਼ਖਸੀ ਤੌਰ ਉੱਤੇ ਆਮ ਅਤੇ ਵਿਕਾਰੀ ਮਨੁੱਖ ਵੀ ਸਮੂਹਿਕ ਵਰਤਾਰਿਆਂ `ਚ ਆਪਣੀ ਚੇਤਨਾ ਦੇ ਸ਼ੁੱਧ ਰੂਪ ਦੇ ਨੇੜੇ ਹੀ ਰਹਿੰਦਾ ਹੈ। ਭੀੜ ਪਈ `ਤੇ ਖਿੰਡਣ ਦੀ ਜਗ੍ਹਾ ਇਕੱਠੇ ਹੋਣ ਚ ਵਿਸ਼ਵਾਸ ਰੱਖਦਾ ਹੈ।
ਇਹੀ ਕਾਰਨ ਹੈ ਕਿ ਇਸ ਸੰਘਰਸ਼ ਚ ਸ਼ਾਮਿਲ ਆਮ ਮਨੁੱਖ ਵੀ ਆਪਣੇ ਨਿੱਜੀ ਸੁਭਾਅ ਤੋਂ ਕਿਤੇ ਵੱਧ ਕੇ ਅਨੁਸ਼ਾਸਨ, ਜਾਬਤਾ, ਨਿਮਰਤਾ, ਜੂਝਾਰੂਪਣ ਅਤੇ ਸੇਵਾ ਭਾਵ ਦਾ ਪਰਿਚੈ ਦੇ ਰਿਹਾ ਹੈ। ਦੁਨੀਆ ਇਸ ਗੱਲੋਂ ਵੀ ਹੈਰਾਨ ਹੈ ਕਿ ਕੀ ਅੱਜ ਦੇ ਸਮੇਂ ਵਿੱਚ ਵੀ ਅਜਿਹੀ ਜੀਵਨ-ਜਾਚ ਹੋ ਸਕਦੀ ਹੈ ਕਿ ਤੁਸੀਂ ਘਰਾਂ ਦੇ ਸੁੱਖ-ਅਰਾਮ ਛੱਡ ਕੇ ਸੜਕਾਂ ਉੱਤੇ ਡੇਰੇ ਲਾ ਲਓ। ਫਿਰ ਵਿਚਾਰੇ ਬਣਨ ਦੀ ਥਾਂ ਅਣਖੀ ਬਣ ਕੇ ਸਿਰ ਉੱਚਾ ਕਰਕੇ ਚੱਲੋ। ਆਪਣਾ ਆਪ ਸੰਕੋਚਣ ਦੀ ਥਾਂ ਸਭਨਾ ਨੂੰ ਕਲਾਵੇ ਵਿੱਚ ਲਵੋ। ਮੰਗਣ ਦੀ ਥਾਂ ਸਭ ਨੂੰ ਵਰਤਾਓ।
ਦੁੱਖ ਝੱਲ ਕੇ ਵੀ ਚੜ੍ਹਦੀਕਲਾ ਵਿੱਚ ਰਹੋ। ਕੀ ਆਪਾਂ ਕਦੀ ਸੋਚਿਆ ਹੈ ਕਿ ਅਸੀਂ ਜਿਹੜੇ ਆਪਣੀਆਂ ਜਿੰਦਗੀਆਂ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚ ਹੀ ਉਲਝੇ ਰਹਿੰਦੇ ਸਾਂ, ਸਾਡੇ ਅੰਦਰ ਇਹ ਵੱਡੀਆਂ ਗੱਲਾਂ ਕਰਨ ਦੀ ਪ੍ਰੇਰਣਾ ਕਿੱਥੋਂ ਆਈ? ਇਸ ਪ੍ਰੇਰਣਾ ਦਾ ਸੋਮਾ ਗੁਰਮਤਿ ਦੇ ਆਦਰਸ਼ਾਂ ਤੇ ਸਾਡੇ ਵਿਰਸੇ ਵਿੱਚ ਪਰੁੱਚੀ ਉਹ ਜੀਵਨ ਜਾਚ ਅਤੇ ਸਾਡਾ ਡੂੰਘਾ ਅਵਚੇਤਨ ਹੈ ਜੋ ਸਾਡੇ ਅੰਦਰੋਂ ਕਿਤੇ ਨਹੀਂ ਸੀ ਗੁਆਚਿਆ। ਸਮੇਂ ਨੇ ਇਸ ਉੱਤੇ ਧੂੜ-ਮਿੱਟੀ ਪਾ ਦਿੱਤੀ ਸੀ ਪਰ ਜਦੋਂ ਅਸੀਂ ਵੇਖਿਆ ਕਿ ਪੰਜਾਬ ਦੀ ਹੋਂਦ ਸਾਹਮਣੇ ਖਤਰੇ ਆਣ ਖੜ੍ਹੇ ਹੋਏ ਹਨ ਤਾਂ ਅਣਖ ਦੇ ਵੇਗ ਨੇ ਸਭ ਧੂੜ-ਮਿੱਟੀ ਉਡਾ ਦਿੱਤੀ ਹੈ ਤੇ ਹੁਣ ਸਾਡਾ ਅਸਲ ਆਪਾ ਪਰਗਟ ਹੋ ਰਿਹਾ ਹੈ। ਇਸ ਸੰਘਰਸ਼ ਦੀ ਇਹ ਖਾਸੀਅਤ ਹੈ ਕਿ ਇਸ ਨੇ ਸਾਨੂੰ ਆਪਣੇ ਅਸਲ ਆਪੇ ਨੂੰ ਪਛਾਨਣ ਤੇ ਉਸ ਮੁਤਾਬਿਕ ਅਮਲ ਕਰਨ ਵੱਲ ਪ੍ਰੇਰਿਆ ਹੈ।
ਸੰਘਰਸ਼ ਦੀ ਨੀਤੀ ਅਤੇ ਪੈਂਤੜੇਬਾਜ਼ੀ
ਆਓ ਸਮਾਪਤੀ ਤੋਂ ਪਹਿਲਾਂ ਕੁਝ ਵਿਚਾਰ ਸੰਘਰਸ਼ ਦੇ ਮੌਜੂਦਾ ਪੜਾਅ ਬਾਰੇ ਵੀ ਕਰ ਲਈਏ। ਇਸ ਸੰਘਰਸ਼ ਵਿੱਚ ਕਈ ਵਾਰ ਅਜਿਹੀ ਹਾਲਤ ਆਈ ਹੈ ਕਿ ਸੰਘਰਸ਼ ਵਿੱਚ ਖੜੋਤ (ਡੈਡਲਾਕ) ਵਾਲੀ ਸਥਿਤੀ ਬਣ ਜਾਂਦੀ ਰਹੀ। ਪਰ ਹਰ ਵਾਰ ਕਿਸਾਨੀ ਧਿਰਾਂ ਜਾਂ ਲੋਕ ਖੁਦ ਪਹਿਲਕਦਮੀ ਕਰਕੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਜਾਂਦੇ ਰਹੇ ਹਨ। ‘ਦਿੱਲੀ ਚੱਲੋ’ ਤੋਂ ਪਹਿਲਾਂ ਪੰਜਾਬ ਵਿੱਚ ਵੀ ਸੰਘਰਸ਼ `ਚ ਖੜੋਤ ਆ ਚੁੱਕੀ ਸੀ ਪਰ ‘ਦਿੱਲੀ ਚੱਲੋ’ ਨੇ ਇਸ ਨੂੰ ਮੁੜ ਰਵਾਨਗੀ ਵਿੱਚ ਲੈ ਆਂਦਾ।
ਦਿੱਲੀ ਤਖਤ ਦੀ ਹਕੂਮਤ ਦਬਾਅ ਹੇਠ ਆਈ ਅਤੇ ਇਹ ਮੰਨਣ ਲਈ ਮਜਬੂਰ ਹੋਈ ਕਿ ਕਨੂੰਨ ਤਰੁਟੀਆਂ ਭਰਪੂਰ ਹਨ। ਜਿਹੜੀ ਸਰਕਾਰ ਮਾਰੂ ਖੇਤੀ ਕਾਨੂੰਨਾਂ ਨੂੰ ਸਹੀ ਦੱਸ ਰਹੀ ਸੀ ਉਹ ਖੁਦ ਹੀ ਇਹ ਕਹਿਣ ਉੱਤੇ ਮਜਬੂਰ ਹੋਈ ਕਿ ਅਸੀਂ ਖਾਮੀਆਂ ਦੂਰ ਕਰਨ ਲਈ ਕਨੂੰਨਾਂ ਵਿੱਚ ਸੋਧ ਕਰ ਦਿੰਦੇ ਹਾਂ। ਕਿਸਾਨੀ ਧਿਰਾਂ ਨੇ ਬਿਲਕੁਲ ਸਹੀ ਪਹੁੰਚ ਅਪਣਾਈ ਹੈ ਕਿ ਜਦੋਂ ਕਨੂੰਨ ਦੋਸ਼ਪੂਰਨ ਹਨ ਤਾਂ ਸੋਧਾਂ ਨਹੀਂ ਚਾਹੀਦੀਆਂ। ਸਰਕਾਰ ਇਹਨਾਂ ਕਨੂੰਨਾਂ ਨੂੰ ਮੂਲੋਂ ਰੱਦ ਕਰੇ। ਪਰ ਹੁਣ ਹਕੂਮਤ ਮੁੜ ਆਪਣੀ ਪਹਿਲੀ ਗੱਲ ਵੱਲ ਪਰਤ ਰਹੀ ਹੈ ਤੇ ਇੱਕ ਵਾਰ ਫਿਰ ਇਹਨਾਂ ਕਨੂੰਨਾਂ ਨੂੰ ਠੀਕ ਦੱਸ ਰਹੀ ਹੈ। ਇਸ ਵੇਲੇ ‘ਦਿੱਲੀ ਚੱਲੋ’ ਦਾ ਪੜਾਅ ਆਪਣੇ ਸਿਖਰ ਨੂੰ ਹੰਢਾ ਰਿਹਾ ਹੈ ਤੇ ਹਾਲਤ ਮੁੜ ਖੜੋਤ ਵੱਲ ਪਰਤ ਰਹੀ ਹੈ। ਇਸ ਖੜੋਤ ਨੂੰ ਜਾਂ ਤਾਂ ਸਰਕਾਰ ਤੋੜੇਗੀ ਤੇ ਜਾਂ ਫਿਰ ਕਿਰਸਾਨੀ ਧਿਰਾਂ। ਪਰ ਇਹ ਗੱਲ ਜਰੂਰ ਹੈ ਕਿ ਜਿਹੜਾ ਵੀ ਇਹ ਪਹਿਲਕਦਮੀ ਕਰੇਗਾ ਉਸ ਦਾ ਦਬਾਅ ਦੂਜੀ ਧਿਰ ਉੱਤੇ ਬਣ ਜਾਵੇਗਾ। ਜੇਕਰ ਕਿਰਸਾਨੀ ਧਿਰਾਂ ਆਪ ਪਹਿਲ ਕਦਮੀ ਕਰਕੇ ਇਸ ਖੜੋਤ (ਡੈਡਲਾਕ) ਨੂੰ ਤੋੜਦਿਆਂ ਸੰਘਰਸ਼ ਦੇ ਅਗਲੇ ਪੜਾਅ ਦਾ ਪ੍ਰੋਗਰਾਮ ਐਲਾਨ ਦਿੰਦੀਆਂ ਹਨ ਤਾਂ ਇਸ ਨਾਲ ਸਰਕਾਰ ਅੰਦਰੂਨੀ ਅਤੇ ਕੌਮਾਂਤਰੀ ਦਬਾਅ ਵਿੱਚ ਆ ਜਾਵੇਗੀ।
ਵੀਰੋ-ਭੇਣੋ! ਇੱਕ ਹੋਰ ਅਹਿਮ ਗੱਲ ਇਸ ਸੰਘਰਸ਼ ਬਾਰੇ ਕਰਨੀ ਬਣਦੀ ਹੈ ਕਿ ਬੀਤੇ ਕਰੀਬ ਤਿੰਨ ਮਹੀਨੇ ਵਿੱਚ ਆਪਾਂ ਬਹੁਤੀ ਵਿਚਾਰ ਇਸ ਗੱਲ ਉੱਤੇ ਕੀਤੀ ਹੈ ਕਿ ਸੰਘਰਸ਼ ਕਿਵੇਂ ਕਰਨਾ ਹੈ ਤੇ ਕਿਹੜੇ ਢੰਗ ਤਰੀਕਿਆਂ ਨਾਲ ਕਰਨਾ ਹੈ। ਸੰਘਰਸ਼ ਦੀ ਨੀਤੀ ਅਤੇ ਪੈਂਤੜੇਬਾਜ਼ੀ ਤਹਿ ਕਰਦਿਆਂ ਕਈ ਵਾਰ ਆਪਾਂ ਕੋਲੋ ਸੰਘਰਸ਼ ਦੇ ਨੁਕਤੇ ਧੁੰਦਲੇ ਹੋ ਜਾਂਦੇ ਹਨ। ਇਸ ਬਾਰੇ ਆਪਣੀ ਭਾਰੂ ਸਮਝ ਇਹੀ ਹੈ ਕਿ ਆਪਾਂ ਨਵੇਂ ਖੇਤੀ ਕਾਨੂੰਨ ਜੋ ਕਿ ਮਜ਼ਦੂਰ ਅਤੇ ਕਿਰਸਾਨ ਵਿਰੋਧੀ ਹਨ ਉਹ ਰੱਦ ਕਰਵਾਉਣੇ ਹਨ। ਇਹ ਨੁਕਤਾ ਬਿਲਕੁਲ ਵਾਜਬ ਅਤੇ ਸਹੀ ਹੈ। ਪਰ ਨਾਲ ਹੀ ਆਪਾਂ ਇਹ ਵੀ ਵਿਚਾਰ ਕਰੀਏ ਕਿ ਇਹਨਾਂ ਕਨੂੰਨਾਂ ਤੋਂ ਪਹਿਲਾ ਵਾਲੇ ਪ੍ਰਬੰਧ ਵਿੱਚ ਵੀ ਤਾਂ ਮਜ਼ਦੂਰ ਤੇ ਕਿਰਸਾਨ ਹਾਸ਼ੀਏ ਉੱਤੇ ਹੀ ਸੀ।
ਉਸ ਵਿਚੋਂ ਕਰਜੇ ਅਤੇ ਖੁਦਕੁਸ਼ੀਆਂ ਹੀ ਨਿਕਲ ਰਹੀਆਂ ਸਨ। ਪੰਜਾਬ ਦੇ ਕਿਰਸਾਨ ਤਾਂ 1980ਵਿਆਂ ਤੋਂ ਖੇਤੀ ਖੇਤਰ ਵਿੱਚ ਕਿਰਤ ਅਤੇ ਕਿਰਸਾਨ ਪੱਖੀ ਸੁਧਾਰਾਂ ਦੀ ਮੰਗ ਕਰਦੇ ਆ ਰਹੇ ਹਨ। ਬੀਤੇ ਦੋ ਦਹਾਕਿਆਂ ਤੋਂ ਸਰਕਾਰਾਂ ਵੀ ਖੇਤੀ ਸੁਧਾਰਾਂ ਦੀ ਗੱਲ ਕਰ ਰਹੀਆਂ ਹਨ। ਪਰ ਹੁਣ ਜਦੋਂ ਦਿੱਲੀ ਤਖਤ ਦੀ ਹਕੂਮਤ ਨੇ ਸੁਧਾਰਾਂ ਦੇ ਨਾਂ ਉੱਤੇ ਨਵੇਂ ਕਾਨੂੰਨ ਬਣਾਏ ਤਾਂ ਉਹਨਾਂ ਵਿੱਚ ਮਜ਼ਦੂਰ ਤੇ ਕਿਰਸਾਨੀ ਦਾ ਭਲਾ ਕਰਨ ਦੀ ਬਜਾਏ ਕਿਰਤ ਦੀ ਲੁੱਟ ਕਰਨ ਵਾਲੇ ਕਾਰਪੋਰੇਟਾਂ ਦੇ ਪੱਖ ਪੂਰੇ ਗਏ ਹਨ।
ਖੇਤੀ ਸੁਧਾਰਾਂ ਤੋਂ ਬਿਨਾ ਖੇਤੀ ਤੇ ਕਿਰਸਾਨੀ ਦਾ ਭਲਾ ਨਹੀਂ ਬਸ਼ਰਤੇ ਕਿ ਇਹ ਸੁਧਾਰ ਕਿਰਤ ਪੱਖੀ ਹੋਣ। ਦੁਨੀਆ ਦੇ ਪ੍ਰਸਿੱਧ ਅਦਾਰੇ ‘ਦੀ ਈਕੋਨੋਮਿਸਟ’ ਨੇ ਵੀ ਆਪਣੀ ਇੱਕ ਅਹਿਮ ਲਿਖਤ ਇਸੇ ਨੁਕਤੇ ਉੱਤੇ ਲਿਆ ਕੇ ਮੁਕਾਈ ਹੈ ਕਿ ਇੰਡੀਆ ਦੇ ਬਹੁਭਾਂਤੀ ਖਿੱਤੇ ਲਈ ਇੱਕਸਾਰ ਇੱਕੋ ਕਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ।
ਕੇਂਦਰ ਸਰਕਾਰ ਦੇ ਕਾਨੂੰਨ ਦੀ ਬਜਾਏ ਹਰ ਸੂਬੇ ਨੂੰ ਆਪਣੇ ਮੁਕਾਮੀ ਹਾਲਾਤਾਂ ਮੁਤਾਬਿਕ ਕਨੂੰਨ ਬਣਾਉਣ ਦੀ ਖੁਦਮੁਖਤਿਆਰੀ ਚਾਹੀਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਗਵਰਨਰ ਤੇ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਰਘੁਰਾਮ ਰਾਜਨ ਨੇ ਵੀ ਇਹ ਨੁਕਤਾ ਉਭਾਰਿਆ ਹੈ ਕਿ ਇੰਡੀਆ ਦੇ ਬਹੁਭਾਂਤੀ ਖਿੱਤੇ ਦਾ ਅਰਥਚਾਰਾ ਕੇਂਦਰ ਵੱਲੋਂ ਇੱਕਸਾਰ ਨਹੀਂ ਚਲਾਇਆ ਜਾ ਸਕਦਾ।
ਕੇਂਦਰ ਸਿਰਫ ਸੁਧਾਰਾਂ ਦਾ ਘੇਰਾ ਜਾਂ ਵਿਜਨ ਪੇਸ਼ ਕਰੇ ਅਤੇ ਸੂਬਿਆਂ ਕੋਲ ਆਪਣੇ ਮੁਕਾਮੀ ਹਾਲਾਤਾਂ ਮੁਤਾਬਿਕ ਨੀਤੀਆਂ ਤੇ ਕਨੂੰਨ ਬਣਾਉਣ ਦੇ ਹੱਕ ਹੋਣ।
ਵੀਰੋ-ਭੇਣੋ, ਆਪਾਂ ਵੇਖੀਏ ਕਿ ਜਿਸ ਵੇਲੇ ਸਾਡੇ ਸੰਘਰਸ਼ ਦੇ ਨੁਕਤੇ ਤੇ ਮੰਗਾਂ ਵਿਸ਼ਾਲ ਸਨ ਉਦੋਂ ਆਪਣੇ ਸੰਘਰਸ਼ ਵਿੱਚ ਸ਼ਮੂਲੀਅਤ ਦਾ ਘੇਰਾ ਨਿੱਕਾ ਹੁੰਦਾ ਸੀ ਪਰ ਹੁਣ ਜਦੋਂ ਇਹਨਾਂ ਨਵੇਂ ਮਾਰੂ ਕਾਨੂੰਨਾਂ ਕਰਕੇ ਸਾਡਾ ਘੇਰਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚ ਹੀ ਨਹੀਂ ਫੈਲਿਆ ਬਲਕਿ ਇਸ ਦਾ ਅਸਰ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ ਤਾਂ ਸਾਡੇ ਸੰਘਰਸ਼ ਦੇ ਨੁਕਤੇ ਅਤੇ ਮੰਗਾਂ ਦਾ ਘੇਰਾ ਛੋਟਾ ਹੋ ਰਿਹੈ।
‘ਨਵੇਂ ਗਲੋਬਲ ਆਡਰ’ ਤੇ ਦਿਓ ਕੱਦ ਕਾਰਪੋਰੇਟਾਂ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਸਾਨੂੰ ਆਪਣੇ-ਆਪ ਨੂੰ ਸਮਰੱਥ ਬਣਾਉਣ ਵਾਲਾ ਖੁਦਮੁਖਤਿਆਰ ਪ੍ਰਬੰਧ ਸਿਰਜਣਾ ਪੈਣਾ ਹੈ ਇਸ ਵਾਸਤੇ ਇਹ ਬਹੁਤ ਹੀ ਜਰੂਰੀ ਹੈ ਕਿ ਫਸਲਾਂ ਦਾ ਭਾਅ ਮਿੱਥਣ, ਉਹਨਾਂ ਦੇ ਮੰਡੀਕਰਨ, ਉਹਨਾਂ ਦੇ ਵਣਜ-ਵਪਾਰ ਅਤੇ ਫਸਲਾਂ ਦੇ ਮੁਕਾਮੀ ਤੇ ਕੌਮਾਂਤਰੀ ਵਪਾਰ ਬਾਰੇ ਸਾਰੇ ਫੈਸਲੇ ਲੈਣ ਦੇ ਖੁਦਮੁਖਤਿਆਰ ਹੱਕ ਸੂਬਿਆਂ ਦੇ ਕਿਰਸਾਨਾਂ ਕੋਲ ਹੋਣ।
ਭਾਵ ਹੁਣ ਸਮਾਂ ਹੈ ਕਿ ਅਸੀਂ ਇੰਡੀਆ ਸਰਕਾਰ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲੈਣ ਦੀ ਬਜਾਏ ਆਪਣੀ ਫਸਲ ਦਾ ਮੁੱਲ ਆਪ ਤੈਅ ਕਰਨ ਅਤੇ ਖੇਤੀ ਨਾਲ ਸੰਬੰਧਤ ਹਰ ਮਸਲੇ ਦਾ ਇਖਤਿਆਰ ਹਾਸਲ ਕਰਨ ਦਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਲੜੀਏ।
ਸੋ ਵੀਰੋ-ਭੈਣੋ! ਆਪਾਂ ਜਾਣਦੇ ਹਾਂ ਕਿ ਕਾਨੂੰਨ ਰੱਦ ਕਰਵਾਏ ਬਿਨਾ ਪਿੱਛੇ ਪਰਤਣ ਦੇ ਸਭ ਦਰਵਾਜੇ ਆਪਣੇ ਲਈ ਬੰਦ ਹੋ ਚੁੱਕੇ ਹਨ। ਅਜਿਹੇ ਵਿੱਚ ਆਪਾਂ ਸੰਘਰਸ਼ ਦੇ ਆਗੂਆਂ ਨੂੰ ਸੰਘਰਸ਼ ਵਿੱਚ ਆ ਰਹੀ ‘ਖੜੋਤ’ ਜਾਂ ‘ਡੈਡਲਾਕ’ ਨੂੰ ਤੋੜਨ ਲਈ ਪਹਿਲ ਕਦਮੀ ਕਰਨ ਦੀ ਬੇਨਤੀ ਕਰੀਏ ਤਾਂ ਕਿ ਸੰਘਰਸ਼ ਅਗਲੇ ਪੜਾਅ ਵਿੱਚ ਜਾਵੇ।
ਆਪਾਂ ਬੁੱਧ-ਬਿਬੇਕ, ਸਿਦਕ, ਅਨੁਸ਼ਾਸਨ ਅਤੇ ਤਿਆਗ ਦਾ ਪੱਲਾ ਫੜੀ ਰੱਖੀਏ, ਸੱਚੇ ਪਾਤਿਸ਼ਾਹ ਦੀ ਮਿਹਰ ਨਾਲ ਜਿੱਤ ਆਪੇ ਹੀ ਸਭ ਪਰਖਾਂ ਲੈ ਕੇ ਲੋਕਾਂ ਦੇ ਕਦਮ ਆਣ ਚੁੰਮੇਗੀ!