ਕੀ ਕੋਵਿਡ-੧੯ ਕਰੋਨਾਵਾਇਰਸ ਮਹਾਂਮਾਰੀ ਬਾਅਦ ਇਕ ਨਵੇਂ ਵਿਸ਼ਵ ਪ੍ਰਬੰਧ ਦੀ ਸ਼ੁਰੂਆਤ ਹੋਵੇਗੀ?
ਕੁਝ ਦਿਨ ਪਹਿਲਾਂ ਵ੍ਹਾਈਟ ਹਾਊਸ ਦੇ ਸਿਹਤ ਸਲਾਹਕਾਰ -ਡਾ. ਐਂਥਨੀ ਫਾਊਚੀ ਨੇ ਦੱਸਿਆ ਕਿ ਕੋਵਿਡ-੧੯ ਤੋਂ ਬਾਅਦ, ਲੋਕਾਂ ਨੂੰ ਇਕ ਦੂਜੇ ਨੂੰ ਮਿਲਣ ਮੌਕੇ, ਹੱਥ ਮਿਲਾਉਣ ਦੀ ਪਰੰਪਰਾ ਹੁਣ ਛੱਡਣੀ ਪਵੇਗੀ। ਮਨੁੱਖਤਾ ਲਈ ਜ਼ਿੰਦਗੀ ਇਕ ਨਿਵੇਕਲੇ ਢੰਗ ਨਾਲ ਬਦਲ ਜਾਏਗੀ। ਆਪਣੇ ਤਜਰਬੇ ਮੁਤਾਬਕ, ਦਸਤਾਵੇਜ਼ੀ ਸੰਭਾਲ਼ ਦੇ ਮਾਹਰ, ਦੂਰਦਰਸ਼ੀ ਸੋਚਵਾਨ ਦਵਿੰਦਰ ਪਾਲ ਸਿੰਘ, ਇਸ ਲੇਖ ਵਿਚ ਇਕ ਨਵੇਂ ਕਿਸਮ ਦੀ ਆਮ ਜ਼ਿੰਦਗੀ ਬਾਰੇ ਦਸ ਰਹੇ ਹਨ। ਅਜਿਹੀ ਜ਼ਿੰਦਗੀ ਵਿੱਚ ਮਨੁੱਖ ਇਕ ਦੂਜੇ ਨਾਲ ਕਿਹੋ ਜਿਹੇ ਸੰਬੰਧ ਰੱਖੇਗਾ ਅਤੇ ਕਿਵੇਂ ਕੋਵਿਡ-੧੯ ਦੇ ਘੱਟ ਹੋਣ ਤੋਂ ਬਾਅਦ, ਜਦ ਅਸੀ ਉਸ ਜ਼ਿੰਦਗੀ ਵੱਲ ਵਾਪਸ ਮੁੜਾਂਗੇ ਜਿਹੜੀ ਕਿ ਅਸੀ ਇਤਨੇ ਚਿਰ ਤੋਂ ਜਿਉ ਰਹੇ ਹਾਂਂ, ਤਾਂ ਸਮਾਜ ਕਿਸ ਤਰਾਂ ਵਿਚਰੇਗਾ? ਉਹ ਇਹੋ ਜਿਹੇ ਕਈ ਸਵਾਲ ਪੁੱਛ ਰਹੇ ਹਨ ਜਿਹੜੇ ਹੋਰ ਸਵਾਲ ਪੈਦਾ ਕਰਦੇ ਹਨ ਅਤੇ ਸੋਚਣ ਤੇ ਮਜਬੂਰ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਕੋਈ ਅਸਾਨ ਜਵਾਬ ਨਹੀਂ ਹਨ।
ਚੀਨ ਦੇ ਇਕ ਕਸਬੇ ਅੰਦਰ ਇਕ ਛੋਟਾ ਜਿਹਾ ਵਿਸ਼ਾਣੂ ਪ੍ਰਕੋਪ ਇਕ ਇਹੋ ਜਿਹੀ ਵਿਸ਼ਵ ਵਿਆਪੀ ਮਹਾਂਮਾਰੀ ਵਿੱਚ ਬਦਲ ਗਿਆ ਹੈ, ਜਿਸਨੇ ਸਾਰੇ ਸੰਸਾਰ ਦੀ ਆਰਥਿਕਤਾ ਤੇ ਅਸਰ ਪਾਇਆ ਅਤੇ ਜਨ-ਜੀਵਨ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸਨੇ ਸਾਰੇ ਸੰਸਾਰ ਨੂੰ ਉਸ ਦੀਆਂ ਜੜਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ਮਨੁੱਖ ਨੂੰ ਅਕਹਿ ਦੁੱਖ ਅਤੇ ਬੇਹੱਦ ਸੰਤਾਪ ਭੋਗਣਾ ਪੈ ਰਿਹਾ ਹੈ। ਉਹ ਤਬਕਾ ਜਿਹੜਾ ਕਿ ਪਹਿਲਾਂ ਹੀ ਸਮਾਜਿਕ ਜੀਵਨ ਦੇ ਬਾਹਰਲੇ ਘੇਰੇ ਵਿੱਚ ਰਹਿੰਦਾ ਹੈ, ਉਨ੍ਹਾਂ ਨੂੰ ਹੋਰ ਵੀ ਹਾਸ਼ੀਏ ਤੇ ਧੱਕ ਦਿੱਤਾ ਹੈ। ਅਮੀਰ-ਗਰੀਬ ਦਾ ਫਾਸਲਾ ਹੋਰ ਵਧ ਗਿਆ ਹੈ।
ਮਨੁਖ-ਰਹਿਤ ਕੰਮਕਾਜ, ਕਾਰਖਾਨੇ, ਦਫਤਰ, ਦੁਕਾਨਾਂ, ਘਰਾਂ ਦਾ ਡਿਜੀਟਲ ਹੋ ਜਾਣਾ, ਨੌਕਰੀਆਂ ਦਾ ਛੁੱਟਣਾ, ਤਨਖ਼ਾਹਾਂ ਨਾ ਮਿਲਣੀਆਂ ਜਾਂ ਘਟ ਮਿਲਣੀਆਂ, ਨਵੇਂ ਤੋਂ ਨਵੇਂ ਕਾਨੂੰਨ ਬਣਨੇ, ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ, ਸਰਕਾਰਾਂ ਵਲੋਂ ਨਿੱਜੀ ਅਤੇ ਸਮਾਜਕ ਨਿਗਰਾਨੀ -–ਇਹ ਸਾਰੇ ਹੀ ਤੇਜ਼ੀ ਨਾਲ ਆਣ ਵਾਲੇ ਬਦਲਾਅ ਅਤੇ ਇਕ ਨਿਸ਼ਚਿਤ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ। ਕੀ ਇਹ ਨਵੇਂ ਵਿਸ਼ਵ ਪ੍ਰਬੰਧ ਦੀ ਸ਼ੁਰੂਆਤ ਹੈ?
ਕੀ ਇਹ ਡਿਜੀਟਲ ਦੁਨੀਆ ਦਾ ਮੁਕੰਮਲ ਆਗਾਜ਼ ਹੈ?
ਕੋਵਿਡ-੧੯ ਸਾਡੇ ਸੱਭਿਆਚਾਰ, ਹੋਂਦ ਅਤੇ ਵਿਰਾਸਤ ਤੇ ਕਿਸ ਤਰ੍ਹਾਂ ਅਸਰ ਪਾਏਗਾ? ਕੀ ਇਹ ਸਾਡੇ ਜੀਵਨ, ਕਾਰੋਬਾਰ, ਯਾਤਰਾ, ਸੰਚਾਰ ਅਤੇ ਧਾਰਮਿਕ ਰਸਮਾਂ ਨਿਭਾਉਣ ਦੇ ਢੰਗਾਂ ਨੂੰ ਬਦਲ ਦੇਵੇਗਾ? ਧਰਮਾਂ ਨੂੰ ਮਨਣ ਜਾਂ ਕਾਰਜ ਵਿਧੀ ਤੇ ਵੀ ਛਾਪ ਛਡੇਗਾ? ਕੀ ਇਹ ਸਾਡੀਆਂ ਤਰਜੀਹਾਂ, ਸਿਆਸੀ ਵਿਚਾਰਧਾਰਾਵਾਂ ਤੇ ਸੁਪਨਿਆਂ ਨੂੰ ਵੀ ਬਦਲੇਗਾ? ਇਨ੍ਹਾਂ ਸਵਾਲਾਂ ਨਾਲ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਹਨ।
ਜੇ ਸਾਨੂੰ ਨਿੱਜਤਾ ਅਤੇ ਸਿਹਤ ਵਿਚਕਾਰ ਕੋਈ ਬਦਲ ਦਿੱਤਾ ਜਾਂਦਾ ਹੈ, ਤਾਂ ਸਾਡੀ ਚੋਣ ਕੀ ਹੋਵੇਗੀ? ਕੀ ਹੁਣ ਰਾਜ ਕਰਣ ਦਾ ਢੰਗ ਬਦਲ ਜਾਵੇਗਾ? ਮੌਜੂਦਾ ਕਾਨੂੰਨਾਂ ਅਤੇ ਓਨ੍ਹਾਂ ਤਹਿਤ ਸਾਡੀ ਹਿਫਾਜ਼ਤ ਦਾ ਕੀ ਹੋਵੇਗਾ? ਕੀ ਇਹ ਵਡੇ ਕਾਰੋਬਾਰੀਆਂ ਨੂੰ ਮੌਕਾ ਦੇਵੇਗਾ ਕਿ ਉਹ ਸਿਆਸਤਦਾਨਾਂ ਤੇ ਦਬਾਅ ਪਾ ਕੇ ਇਹੋ ਜਿਹੇ ਕਾਨੂੰਨ ਲੈ ਆਉਣ, ਜਿਹੜੇ ਕਿ ਜਨ-ਜੀਵਨ ਵਿਚ ਵਿਚਰਣ ਦੇ ਸਾਰੇ ਨਿਯਮ ਹੀ ਬਦਲ ਦੇਣਗੇ? ਕੀ ਸਿਆਸਤਦਾਨ ਇਸ ਮੌਕੇ ਦੀ ਵਰਤੋਂ ਕਰਕੇ, ਸ਼ਹਿਰੀਆਂ ਤੇ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਸਫਲ ਹੋ ਜਾਣਗੇ? ਕੀ ਦੁਨੀਆ ਦੇ ਕਈ ਮੁਲਕ ਇਕ ਉੱਚ ਦਰਜੇ ਦੇ ਤਾਨਾਸ਼ਾਹੀ ਰਾਜ ਦਾ ਸਾਹਮਣਾ ਕਰਨ ਜਾ ਰਹੇ ਹਨ? ਕੀ ਨਿਗਰਾਨੀ ਕਰਨ ਵਾਲੇ ਯੰਤਰ ਹਮੇਸ਼ਾਂ ਵਾਸਤੇ ਸਾਡੇ ਸਿਰ ਤੇ ਬਿਠਾ ਦਿੱਤੇ ਜਾਣਗੇ?
ਕਿਵੇਂ ਅਤੇ ਕਦੋਂ ਇਹ ਆਰਥਕ ਸੰਕਟ ਸਾਡੀ ਰਸੋਈ ਦੇ ਖਰਚੇ ਨੂੰ ਹਿਲਾ ਕੇ ਰੱਖ ਦੇਵੇਗਾ? ਅਜਾਇਬ ਘਰਾਂ, ਕਿਤਾਬ ਘਰਾਂ ਦਾ ਭਵਿੱਖ ਕੀ ਹੈ? ਕੀ ਅਸੀਂ ਪਹਿਲਾਂ ਵਾਂਗ, ਇਨ੍ਹਾਂ ਵੱਲ ਗੇੜਾ ਮਾਰਿਆ ਕਰਾਂਗੇ? ਸਭ ਤੋਂ ਜ਼ਰੂਰੀ ਹੈ ਇਹ ਵਾਚਣਾ ਕਿ ਕੋਵਿਡ-੧੯ ਸਾਡੀ ਸਦੀਆਂ ਪੁਰਾਣੀ ਸੱਭਿਅਤਾ ਤੇ ਕੀ ਅਸਰ ਕਰੇਗਾ? ਕੀ ਸਾਡੀ ਸਾਰੀ ਪੀੜ੍ਹੀ ਕੀਟਾਣੂ-ਡਰ ਨਾਲ ਪੀੜਤ ਹੋ ਜਾਏਗੀ?
ਕੀ ਅਸੀਂ ਇਸ ਤੂਫ਼ਾਨ ਦਾ ਸਾਮ੍ਹਣਾ ਇਸ ਲਈ ਕਰ ਰਹੇ ਹਾਂ ਕਿਉਂਕਿ ਅਸੀਂ ਇਕ ਚਮਗਾਦੜ ਖਾਧਾ, ਹਵਾ, ਦਰਿਆਵਾਂ ਨੂੰ ਗੰਧਲਾ ਕੀਤਾ ਅਤੇ ਕੁਦਰਤ ਨਾਲ ਖਿਲਵਾੜ ਕੀਤਾ? ਕੀ ਅਸੀਂ ਧਰਤੀ ਤੇ ਮੋਬਾਈਲ ਟਾਵਰਾਂ ਤੋਂ ਜਿਹੜਾ ਵਿਕੀਰਣ ਪ੍ਰਦੂਸ਼ਣ ਫੈਲਾਅ ਰਹੇ ਹਾਂ ਉਹ ਜਾਨਵਰਾਂ ਅੰਦਰ ਸਦੀਆਂ ਤੋਂ ਟਿਕੇ ਬੈਠੇ ਕੀਟਾਣੂਆਂ ਨੂੰ ਪਰੇਸ਼ਾਨ ਕਰਦਾ ਹੈ ਅਤੇ ਸਾਨੂੰ ਕਮਜ਼ੋਰ?
ਤਕਰੀਬਨ ਵੀਹ ਸਾਲ ਪਹਿਲਾਂ ਅਸੀਂ ਸੁਣਿਆ ਕਰਦੇ ਸੀ ਕਿ ਪੱਛਮ ਵਿੱਚ ਵੱਡੇ ਪੱਧਰ ਤੇ ਲੋਕਾਂ ਅਤੇ ਸਮਾਜ ਦੀ ਨਿਗਰਾਨੀ ਅਤੇ ਲੋਕਾਂ ਨੂੰ ਆਪਣੇ ਹਿਸਾਬ ਨਾਲ ਚਲਾਣ ਵਾਸਤੇ ਤਕਨਾਲੋਜੀ ਬਣਾਈ ਜਾ ਰਹੀ ਹੈ। ਕੀ ਇਸ ਤਕਨਾਲੋਜੀ ਨੇ ਹੁਣ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਹੈ? ਕੀ ਹੋਵੇਗਾ ਜੇ ਕੋਵਿਡ-੧੯ ਕਰੋਨਾਵਾਇਰਸ ਦਾ ਕੋਈ ਟੀਕਾ ਤਿਆਰ ਨਾ ਕੀਤਾ ਜਾ ਸਕਿਆ? ਜ਼ਾ ਤਿਆਰ ਕਰਨ ਵਿਚ ਦੇਰੀ ਹੋ ਗਈ? ਜਾਂ ਫਿਰ ਵਿਸ਼ਵ ਨਕਸ਼ੇ ਤੇ ਸਦਾ ਲਈ ਲਾਗ ਵਾਲੇ ਵਿਸ਼ਾਣੂ ਉਭਰਦੇ ਰਹੇ? ਕੀ ਸਾਨੂੰ ਹਰ ਕੁਝ ਸਾਲਾਂ ਬਾਅਦ ਬਿਮਾਰ ਹੁੰਦੇ ਰਹਿਣਾ ਹੋਵੇਗਾ?
ਸਾਡੇ ਬਜ਼ੁਰਗ ਅਸਲੀ ਯੋਧੇ ਰਹੇ ਹੋਣਗੇ । ਉਨ੍ਹਾਂ ਨੇ ਹੌਂਸਲੇ ਨਾਲ ਤਕਲੀਫਾਂ ਦਾ ਮੁਕਾਬਲਾ ਕੀਤਾ ਜਿਸ ਸਦਕਾ ਅਜ ਸਾਡੀ ਹੋਂਦ ਹੈ। ਉਨ੍ਹਾਂ ਨੇ ਮੁਸ਼ਕਲਾਂ ਨਾਲ ਮੱਥਾ ਲਾਇਆ ਅਤੇ ਬਚ ਗਏ। ਅਸੀਂ ਉਨ੍ਹਾਂ ਦੇ ਬੱਚੇ ਹਾਂ; ਅਸੀਂ ਵੀ ਬਚ ਜਾਵਾਂਗੇ। ਸਵਾਲ ਸਿਰਫ ਬਚਾਅ ਦਾ ਨਹੀਂ ਹੈ, ਸਵਾਲ ਉਸ ਬਦਲਾਅ ਦਾ ਹੈ ਜਿਹੜਾ ਕਿ ਅਸੀ ਵੇਖਾਂਗੇ।
ਸਵਾਲ ਬਥੇਰੇ! ਜਵਾਬ ਬਹੁਤ ਘਟ!!
ਦੁਨੀਆ ਅੱਜ ਮੁਸ਼ਕਲ ਵਿੱਚ ਹੈ। ਅਸੀਂ ਅੱਜ ਇਕ ਵਿਸ਼ਵ ਪੱਧਰੀ ਤਕਲੀਫ ਝੱਲ ਰਹੇ ਹਾਂ। ਸਾਡੀ ਪੀੜ੍ਹੀ ਦੀ ਸਭ ਤੋਂ ਵੱਡੀ ਮੁਸ਼ਕਲ। ਸ਼ਾਇਦ ਤਿੰਨ ਪੀੜ੍ਹੀਆਂ ਦੀ ਸਭ ਤੋਂ ਵੱਡੀ ਮੁਸ਼ਕਲ। ਪੰਜਾਬ ਵਿੱਚ, ਅਖੀਰਲੀ ਭਿਆਨਕ ਘਟਨਾ ਜਿਹੜੀ ਅਸੀਂ ਵੇਖੀ ਸੀ, ਉਹ ੧੯੪੭ ਵਿੱਚ ਪੰਜਾਬ ਦੀ ਵੰਡ ਸੀ, ਜਿਸ ਦੇ ਨਤੀਜੇ ਵਜੋਂ, ਕੋਈ ਦੱਸ ਲੱਖ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਲੱਖਾਂ ਹੋਰ, ਬੇਘਰ ਹੋ ਗਏ ਸਨ। ਪੰਜਾਬ ਦੀ ਵੰਡ ਤੋਂ ਪਹਿਲਾਂ, ਭਾਰਤ ਨੂੰ ਸਪੈਨਿਸ਼ ਫਲੂ ਅਤੇ ਪਲੇਗ ਦਾ ਸਾਹਮਣਾ ਵੀ ਕਰਨਾ ਪਿਆ ਸੀ, ਜਿਸ ਵਿੱਚ ਇਕ ਕਰੋੜ ਤੋਂ ਜ਼ਿਆਦਾ ਲੋਕ ਖਤਮ ਹੋ ਗਏ ਸਨ। ਸਮਾਂ ਹਮੇਸ਼ਾ ਔਖਾ ਰਿਹਾ ਪਰ ਇਨ੍ਹਾਂ ਤਰਾਸਦੀਆਂ ਨੇ ਪੀੜ੍ਹੀਆਂ ਵਿੱਚ ਮੁੜ ਉੱਭਰਨ ਦੀ ਵਧੇਰੇ ਤਾਕਤ ਪੈਦਾ ਕਰ ਦਿੱਤੀ ਸੀ।
ਸਾਡੇ ਬਜ਼ੁਰਗ ਅਸਲੀ ਯੋਧੇ ਰਹੇ ਹੋਣਗੇ । ਉਨ੍ਹਾਂ ਨੇ ਹੌਂਸਲੇ ਨਾਲ ਤਕਲੀਫਾਂ ਦਾ ਮੁਕਾਬਲਾ ਕੀਤਾ ਜਿਸ ਸਦਕਾ ਅਜ ਸਾਡੀ ਹੋਂਦ ਹੈ। ਉਨ੍ਹਾਂ ਨੇ ਮੁਸ਼ਕਲਾਂ ਨਾਲ ਮੱਥਾ ਲਾਇਆ ਅਤੇ ਬਚ ਗਏ। ਅਸੀਂ ਉਨ੍ਹਾਂ ਦੇ ਬੱਚੇ ਹਾਂ; ਅਸੀਂ ਵੀ ਬਚ ਜਾਵਾਂਗੇ। ਸਵਾਲ ਸਿਰਫ ਬਚਾਅ ਦਾ ਨਹੀਂ ਹੈ, ਸਵਾਲ ਉਸ ਬਦਲਾਅ ਦਾ ਹੈ ਜਿਹੜਾ ਕਿ ਅਸੀ ਵੇਖਾਂਗੇ।
ਪਹਿਲਾਂ ਜਦੋਂ ਵੀ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਲੋਕਾਂ ਨੂੰ ਆਪਣੇ ਕੰਮ-ਕਾਰ ਬਦਲਣ ਲਈ ਬਦਲ ਨਹੀਂ ਸਨ । ਇਸ ਲਈ ਬਿਮਾਰੀ ਦਾ ਡਰ ਦੂਰ ਹੋ ਜਾਣ ਤੋਂ ਬਾਅਦ, ਉਨ੍ਹਾਂ ਦੀ ਜ਼ਿੰਦਗੀ, ਇਕ ਤਰਾਂ ਨਾਲ, ਪਹਿਲਾਂ ਵਾਲੀ ਆਮ ਵਰਗੀ ਹੋ ਜਾਂਦੀ ਸੀ। ਹੁਣ ਉਨ੍ਹਾਂ ਕੋਲ ਡਿਜੀਟਲ ਜ਼ਿੰਦਗੀ ਜੀਉਣ ਦਾ ਬਦਲ ਹੈ। ਘਰੋਂ ਕੰਮ ਕਰੋ, ਔਨਲਾਈਨ ਪੜ੍ਹਾਈ, ਔਨਲਾਈਨ ਇਮਤਿਹਾਨ, ਘਰੇ ਹੀ ਖਾਣੇ ਦੀ ਸਪੁਰਦਗੀ ਲਓ, ਔਨਲਾਈਨ ਖ਼ਰੀਦਾਰੀ ਕਰੋ, ਦੁਕਾਨਦਾਰੀ ਕਰੋ, ਕਿਤਾਬਾਂ ਪੜ੍ਹੋ, ਖ਼ਬਰਾਂ ਪੜ੍ਹੋ, ਘਰੋਂ ਹੀ ਪੇਸੇ ਕਮਾਓ ਅਤੇ ਹੋਰ ਬਹੁਤ ਕੁਝ। ਕਾਰਖਾਨੇ, ਦਫਤਰ, ਦੁਕਾਨਾਂ, ਘਰ, ਆਦਿ ਸਭ ਇਨਸਾਨ ਦੀ ਦਖਲਅੰਦਾਜ਼ੀ ਤੋਂ ਬਿਨਾ ਚਲ ਸਕਦੇ ਹਨ।
ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਇਨ੍ਹਾਂ ਸਵਾਲਾਂ ਤੇ ਆਪਣਾ ਧਿਆਨ ਲਗਾਉਣਾ ਪਵੇਗਾ ਤਾਂ ਹੀ ਜਵਾਬ ਲੱਭਣਗੇ। ਅਸੀਂ ਸਾਰੇ ਸਮਝਦੇ ਹਾਂ ਕਿ ਸਾਡੀ ਸਿਹਤ ਪ੍ਰਣਾਲੀ ‘ਚ ਇਕ ਵੱਡਾ ਬਦਲਾਅ ਦਿਖੇਗਾ, ਆਰਥਿਕਤਾ ਅਤੇ ਸਿਆਸਤ ਵੀ ਵੱਖਰੀ ਤਰ੍ਹਾਂ ਦੀ ਹੋ ਜਾਵੇਗੀ। ਸਿਰਫ ਇਨ੍ਹਾਂ ਹੀ ਨਹੀਂ, ਸਾਡੇ ਕੰਮ ਕਰਨ ਦੇ ਤਰੀਕੇ ਵੀ ਬਦਲ ਜਾਣਗੇ। ਹਰ ਕੰਮ ਵਾਸਤੇ ਬਹੁਤੇ ਮਨੁਖਾਂ ਦੀ ਲੋੜ ਨਹੀਂ ਰਹੇਗੀ। ਇਨਸਾਨ ਨੇ ਪਹਿਲਾ ਮਸ਼ੀਨੀ ਯੁਗ ਵੀ ਦੇਖਿਆ ਜਦੋਂ ਇਨਸਾਨ ਜਾਂ ਜਾਨਵਰ ਵਲੋਂ ਕੀਤੇ ਜਾਣ ਵਾਲੇ ਕਮ ਮਸ਼ੀਨਾਂ ਕਰਨ ਲਗੀਆਂ। ਉਸ ਵਿਚ ੨੦੦ ਸਾਲ ਲੰਗ ਗਏ। ਅਸੀਂ ਦੂਜੇ ਮਸ਼ੀਨੀ ਯੁਗ ਵਿਚ ਦਾਖਲ ਹੋ ਰਹੇ ਸੀ ਜਿਸ ਵਿਚ ਕੰਮ ਕਰਨ ਵਾਸਤੇ ਇਨਸਾਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਜ਼ਾ ਬਹੁਤ ਘਟ ਪਵੇਗੀ। ਕੀ ਕਰੋਨਾ ਇਸ ਤਬਦੀਲੀ ਦੀ ਰਫਤਾਰ ਹੋਰ ਵਧਾ ਦੇਵੇਗਾ? ਸਾਨੂੰ ਲੋੜ ਹੈ ਕਿ ਅਸੀਂ ਇਨ੍ਹਾਂ ਸਵਾਲਾਂ ਬਾਰੇ ਸੋਚਣਾ ਸ਼ੁਰੂ ਕਰੀਏ ਅਤੇ ਇਸ ਤਬਦੀਲੀ ਵਾਸਤੇ ਖ਼ੁਦ ਨੂੰ ਤਿਆਰ ਕਰੀਏ।
ਇਕ ਤਬਦੀਲੀ ਮੈਨੂੰ ੧੯੯੬ ਵਿਚ ਮਹਿਸੂਸ ਹੋਈ ਸੀ, ਜਦੋਂ ਪਹਿਲੀ ਵਾਰ ਕੰਪਿਊਟਰ ਵੇਖਿਆ, ਉਸਨੇ ਮੈਨੂੰ ਹੈਰਾਨ ਕੀਤਾ, ਤੇ ਇਕ ਸੇਧ ਚੇਤੇ ਆਈ। ਓਹ ਸੇਧ ਜੋ ਸਾਨੂੰ ਗੁਰੁ ਸਾਹਿਬ ਤੋਂ ਮਿਲੀ ਹੈ ਕਿ ਆਪਣੇ ਪਿਓ-ਦਾਦੇ ਕੋਲੋਂ ਮਿਲੀ ਕੀਮਤੀ ਜਾਣਕਾਰੀ ਨੂੰ ਸਾਂਭ ਕੇ ਰਖਣਾ ਜ਼ਰੂਰੀ ਹੈ। ਇਹ ਮੈਂ ਬਚਪਨ ਤੋਂ ਮਹਿਸੂਸ ਕਰਦਾ ਸੀ ਕਿ ਪੰਜਾਬ ਬਾਰੇ ਕੀਮਤੀ ਜਾਣਕਾਰੀ ਨੂੰ ਸੰਭਾਲ਼ਣਾ ਤੇ ਸੁਰੱਖਿਅਤ ਰਖਣਾ ਹੈ। ਪਰ ਕਿਵੇਂ? ਇਹ ਪਤਾ ਨਹੀਂ ਸੀ। ਬਚਪਨ ਵਿਚ ਕੁਝ ਕੁ ਅਖਬਾਰਾਂ ਸਾਂਭ ਕੇ ਮੈਂ ਸੋਚਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਂਭ ਲਿਆ ਹੈ। ੧੯੯੬ ਮਗਰੋਂ ਮੈਨੂੰ ਲਗਿਆ ਕਿ ਕੰਪਿਊਟਰ ਰਾਹੀਂ ਅਸੀ ਆਪਣੇ ਪਿਓ-ਦਾਦੇ ਦਾ ਖਜ਼ਾਨਾ ਲੰਬੇ ਸਮੇ ਲਈ ਸਾਂਭ ਸਕਦੇ ਹਾਂ। ਇਹ ਮੇਰੀ ਸਮਝ ਮੁਤਾਬਕ ਸਮੇਂ ਦੀ ਲੋੜ ਸੀ । ਪਰ ਸਮਾਂ ਵਾਜਬ ਨਹੀਂ ਸੀ। ਮੈਂ ਤਿਆਰ ਨਹੀਂ ਸੀ । ਆਖਰਕਾਰ, ਮੈਂ ਆਪਣੇ ਕਾਰੋਬਾਰ ਤੋਂ ਪਰ੍ਹੇ ਹੋਕੇ, ੨੦੦੩ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਡਿਜੀਟਾਈਜ਼ ਕਰਨ ਦਾ ਬੀੜਾ ਚੁਕ ਲਿਆ, ਕਿਉਂਕਿ ਮੈਨੂੰ ਲੱਗਣ ਲੱਗ ਪਿਆ ਸੀ ਕਿ ਸਮਾਜਿਕ ਜੀਵਨ ੨੦੫੦ ਤੱਕ ਪੂਰੀ ਤਰਾਂ ਡਿਜੀਟਾਈਜ਼ ਹੋ ਸਕਦਾ ਹੈ ਅਤੇ ਆਣ ਵਾਲੀਆਂ ਪੀੜੀਆਂ ਤਕ ਵਿਰਾਸਤ ਤਾਂ ਹੀ ਪਹੁੰਚਾਈ ਜਾ ਸਕਦੀ ਹੈ ਜੇ ਓਹ ਡਿਜੀਟਲ ਹੋਵੇ। ਇਸ ਤਰ੍ਹਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਸੰਸਥਾਂ ਦੀ ਨੀਂਹ ਰਖੀ ਗਈ ਸੀ।
੨੦੦੩ ਵਿਚ ਸਾਡੀ ਸੰਸਥਾ ਨੂੰ ਅੰਦਾਜ਼ਾ ਸੀ ਕਿ ਅਗਲੇ ੧੦ ਸਾਲਾਂ ਵਿਚ ਪੰਜਾਬ ਦੇ ਹਰ ਘਰ ਵਿੱਚ ਕੰਪਿਊਟਰ ਹੋਵੇਗਾ ਅਤੇ ਉਸ ਮਗਰੋਂ ਜਲਦੀ ਹੀ ਸਾਰੀ ਸਿੱਖਿਆ ਕੰਪਿਊਟਰਾਂ ਰਾਹੀਂ ਦਿੱਤੀ ਜਾ ਸਕੇਗੀ । ਹੋਇਆ ਇਸ ਤੋਂ ਵੀ ਜ਼ਿਆਦਾ। ਅੱਜ ਹਰ ਕਿਸੇ ਦੀ ਜੇਬ ਵਿੱਚ ਕੰਪਿਊਟਰ ਹੈ। ਮੈਂ ਜਦ ਇਹ ਟਾਈਪ ਕਰ ਰਿਹਾ ਹਾਂ, ਮੇਰਾ ਬੇਟਾ ਆਪਣੇ ਬੀ. ਬੀ. ਏ. ਦੇ ਦੂਜੇ ਸਾਲ ਦੇ ਹਿਸਾਬ ਵਿਸ਼ੇ ਦਾ ਸਾਲਾਨਾ ਇਮਤਿਹਾਨ ਔਨਲਾਈਨ ਦੇ ਰਿਹਾ ਹੈ। ਉਸ ਦੀ ਯੁਨੀਵਰਸਿਟੀ ਨੇ ਹੁਣੇਂ ਹੀ ਐਲਾਨ ਕਰ ਦਿੱਤਾ ਹੈ ਕਿ ਅਗਸਤ ੨੦੨੦ ਤੋਂ ਸ਼ੁਰੂ ਹੋਣ ਵਾਲਾ ਅਗਲੇ ਛਿਮਾਹੀ ਸਮੈਸਟਰ ਦੀ ਪੜ੍ਹਾਈ ਵੀ ਔਨਲਾਈਨ ਹੀ ਹੋਵੇਗੀ। ਉਹ ਚੀਜ਼ਾਂ, ਜਿਨ੍ਹਾਂ ਦੇ ਹੌਲ਼ੀ-ਹੌਲ਼ੀ ਬਦਲਣ ਦੀ ਉਮੀਦ ਕੀਤੀ ਜਾਂਦੀ ਸੀ, ਯਕਦਮ ਹੀ ਸਾਡੀ ਜ਼ਿੰਦਗੀ ‘ਚ ਵਾੜੀਆਂ ਜਾ ਰਹੀਆਂ ਹਨ। ਓਨ੍ਹਾਂ ਨੂੰ ਅਪਨਾਉਣ ਲਈ ਸਾਨੂੰ ਮਜਬੂਰ ਕਰ ਦਿਤਾ ਗਿਆ ਹੈ।
ਗੋ-ਕਰੋਨਾ ਗੋ-ਕਰੋਨਾ ਦੀਆਂ ਅਵਾਜ਼ਾਂ ਵਿਚੋਂ ਮੈਨੂੰ ਗੋ-ਡਿਜੀਟਲ ਗੋ-ਡਿਜੀਟਲ ਜ਼ਿਆਦਾ ਸੁਣਦਾ ਹੈ।
ਸਾਨੂੰ ਦਿੱਖ ਰਿਹਾ ਸੀ ਕਿ ਮਨੁੱਖ ਜਾਤ, ਜਿਵੇਂ ਯਾਦ ਰਖਣ ਦੀ ਕਲਾ ਭੁਲ ਗਈ, ਠੀਕ ਓਸੇ ਤਰ੍ਹਾਂ ਲਿਖਣ ਦੀ ਕਲਾ ਵੀ ਭੁੱਲ ਜਾਵੇਗੀ ਅਤੇ ਕਲਮ, ਪੈਂਸਿਲ ਅਤੇ ਕਾਗ਼ਜ਼ ਦੇ ਕੰਮ ਅਲੋਪ ਹੋ ਜਾਣਗੇ। ਅੱਜ ਸਲਾਹਕਾਰ ਸਾਡੇ ਲੈਪਟਾਪ ਅਤੇ ਮੋਬਾਈਲ ਨੂੰ ਕੀਟਾਣੂ-ਮੁਕਤ ਕਰਨ ਬਾਰੇ ਖਬਰਦਾਰ ਕਰਦੇ ਹਨ ਪਰ ਕੋਈ ਵੀ ਸਾਨੂੰ ਆਪਣੀਆਂ ਕਲਮਾਂ, ਪੈਂਸਿਲਾਂ ਨੂੰ ਕੀਟਾਣੂ-ਮੁਕਤ ਕਰਨ ਲਈ ਨਹੀਂ ਕਹਿੰਦਾ। ਕੋਈ ਵੀ ਸਾਨੂੰ ਆਪਣੀਆਂ ਕੀਮਤੀ ਕਿਤਾਬਾਂ ਨੂੰ ਕੀਟਾਣੂ-ਮੁਕਤ ਰੱਖਣ ਦੀ ਸੇਧ ਨਹੀਂ ਦਿੰਦਾ, ਹਾਲਾਂਕਿ ਕੀਟਾਣੂ ਕਾਗ਼ਜ਼ ਤੇ ਲੰਬਾ ਸਮਾਂ ਜਿਉਂਦਾ ਰਹਿੰਦਾ ਹੈ ਅਤੇ ਅਸੀਂ ਕਿਤਾਬਾਂ ਸਾਂਝੀਆਂ ਵੀ ਕਰਦੇ ਹਾਂ।
ਉਹ ਤਬਦੀਲੀ ਜਿਹੜੀ ੨੦੫੦ ਵਿੱਚ ਕਿਆਸ ਕੀਤੀ ਸੀ, ਹੁਣ ਹੀ ਆ ਗਈ ਹੈ ੨੦੨੦ ਵਿਚ। ਜ਼ਰਾ ਉਸ ਅਫਰਾਤਫਰੀ ਦੀ ਕਲਪਨਾ ਕਰੋ ਜੇ ਜੁਲਾਈ ਵਿਚ ਆਣ ਵਾਲਾ ਮੀਂਹ ਜਨਵਰੀ ਵਿੱਚ ਆ ਜਾਏ? ਇਹ ਤਬਾਹਕਾਰੀ ਹੋਵੇਗਾ। ਅਸੀਂ, ਦਰਅਸਲ, ਅਜਿਹੀ ਹੀ ਤਬਦੀਲੀ ਦੇ ਵਿਚ-ਵਿਚਾਲੇ ਗੋਤੇ ਖਾ ਰਹੇ ਹਾਂ, ਪਰ ਉਸ ਲਈ ਤਿਆਰ ਨਹੀਂ। ਗੋ-ਕਰੋਨਾ ਗੋ-ਕਰੋਨਾ ਦੀਆਂ ਅਵਾਜ਼ਾਂ ਵਿਚੋਂ ਮੈਨੂੰ ਗੋ-ਡਿਜੀਟਲ ਗੋ-ਡਿਜੀਟਲ ਜ਼ਿਆਦਾ ਸੁਣਦਾ ਹੈ। ਇਹ ਹੀ ਕਾਰਣ ਹੈ ਸਾਨੂੰ ਜ਼ਿਆਦਾ ਤਿਆਰ ਹੋ ਜਾਣ ਦਾ।
ਕੀ ਇਹ ਡਿਜੀਟਲ ਦੁਨੀਆ ਦਾ ਮੁਕੰਮਲ ਆਗਾਜ਼ ਹੈ? ਸਵਾਲ ਬਥੇਰੇ! ਜਵਾਬ ਬਹੁਤ ਘਟ!!
ਪਹਿਲਾਂ ਜਦੋਂ ਵੀ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਲੋਕਾਂ ਨੂੰ ਆਪਣੇ ਕੰਮ-ਕਾਰ ਬਦਲਣ ਲਈ ਬਦਲ ਨਹੀਂ ਸਨ । ਇਸ ਲਈ ਬਿਮਾਰੀ ਦਾ ਡਰ ਦੂਰ ਹੋ ਜਾਣ ਤੋਂ ਬਾਅਦ, ਉਨ੍ਹਾਂ ਦੀ ਜ਼ਿੰਦਗੀ, ਇਕ ਤਰ੍ਹਾਂ ਨਾਲ, ਪਹਿਲਾਂ ਵਾਲੀ ਆਮ ਵਰਗੀ ਹੋ ਜਾਂਦੀ ਸੀ। ਹੁਣ ਉਨ੍ਹਾਂ ਕੋਲ ਡਿਜੀਟਲ ਜ਼ਿੰਦਗੀ ਜੀਉਣ ਦਾ ਬਦਲ ਹੈ। ਘਰੋਂ ਕੰਮ ਕਰੋ, ਔਨਲਾਈਨ ਪੜ੍ਹਾਈ, ਔਨਲਾਈਨ ਇਮਤਿਹਾਨ, ਘਰੇ ਹੀ ਖਾਣੇ ਦੀ ਸਪੁਰਦਗੀ ਲਓ, ਔਨਲਾਈਨ ਖ਼ਰੀਦਾਰੀ ਕਰੋ, ਦੁਕਾਨਦਾਰੀ ਕਰੋ, ਕਿਤਾਬਾਂ ਪੜ੍ਹੋ, ਖ਼ਬਰਾਂ ਪੜ੍ਹੋ, ਘਰੋਂ ਹੀ ਪੈਸੇ ਕਮਾਓ ਅਤੇ ਹੋਰ ਬਹੁਤ ਕੁਝ। ਕਾਰਖਾਨੇ, ਦਫਤਰ, ਦੁਕਾਨਾਂ, ਘਰ, ਆਦਿ ਸਭ ਇਨਸਾਨ ਦੀ ਦਖਲਅੰਦਾਜ਼ੀ ਤੋਂ ਬਿਨਾ ਚਲ ਸਕਦੇ ਹਨ। ਕੋਵਿਡ-੧੯, ਇਕ ਏਹੋ ਜਿਹੀ ਘਟਨਾ ਹੈ ਜਿਹੜੀ ਕੁਝ ਮਹੀਨਿਆਂ ਦੇ ਅੰਦਰ-ਅੰਦਰ ਹੀ ਇਕ ਪੂਰੀ ਪੀੜ੍ਹੀ ਨੂੰ ਡਿਜੀਟਲ ਦੁਨੀਆ ਵੱਲ ਧੱਕ ਸਕਦੀ ਰਹੀ ਹੈ ਤੇ ਧੱਕ ਰਹੀ ਹੈ। ਸਾਨੂੰ ਇਸ ਵਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਅਤੇ ਆਪਣੇ ਆਪ ਨੂੰ ਤਿਆਰ ਕਰਣ ਦੀ ਲੋੜ ਹੈ।
ਅਕਤੂਬਰ ੨੦੧੯ ਵਿੱਚ, ਅਮਰੀਕਾ ‘ਚ ਜ੍ਹੌਨ ਹੌਪਕਿੰਸ ਸੈਂਟਰ ਫੌਰ ਹੈਲਥ ਐਂਡ ਸਿਕਿਉਰਿਟੀ ਦੁਆਰਾ ਵਿਚਾਰ-ਵਟਾਂਦਰਾ “ਈਵੇਂਟ ੨੦੧” ਵਿੱਚ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਗਈ ਕਿ, “ਇਕ ਗੰਭੀਰ, ਬਹੁਤ ਹੀ ਤੇਜ਼ੀ ਨਾਲ ਮਨੁੱਖ ਤੋਂ ਮਨੁੱਖ ਨਾਲ ਫੈਲਣ ਵਾਲੀ ਮਹਾਂਮਾਰੀ ਕਿਸੇ ਵੀ ਸਮੇਂ ਪ੍ਰਗਟ ਹੋ ਸਕਦੀ ਹੈ”। ਫਿਰ ਵੀ, ਅਸੀਂ ਆਪਣੇ ਆਪ ਨੂੰ ਇਸ ਲਈ ਤਿਆਰ ਨਹੀਂ ਕੀਤਾ? ਕੀ ਅਸੀਂ ਅਪ੍ਰੈਲ ੨੦੨੦ ਵਿੱਚ ਵੀ ਤਿਆਰ ਹਾਂ? ਕੀ ਸਾਡੀ ਅਗਵਾਈ -ਸਿਆਣੇ, ਮਨੁੱਖਤਾਵਾਦੀ ਲੋਕ ਕਰ ਰਹੇ ਹਨ? ਕੀ ਸਾਡੀ ਅਗਵਾਈ ਕੋਈ ਕਰ ਵੀ ਰਿਹਾ ਹੈ? ਮਨੁੱਖਤਾ ਨੂੰ, ਇਸ ਲਈ ਸਰੀਰਕ, ਮਾਨਸਿਕ ਅਤੇ ਰੁਹਾਨੀ ਤੌਰ ਤੇ ਤਿਆਰੀ ਕਰਨੀ ਪਵੇਗੀ। ਸਾਨੂੰ ਆਪਣੇ ਵਾਸਤੇ ਆਪਣੀਆਂ ਅਗਲੀਆਂ ਪੀੜੀਆਂ ਵਾਸਤੇ ਆਪ ਖੜੇ ਹੋਣਾ ਹੋਏਗਾ। ਸਾਨੂੰ ਇਹ ਧਿਆਨ ਰਖਣਾ ਪਏਗਾ ਕਿ ਕਿਤੇ ਅਸੀਂ ਹਮੇਸ਼ਾਂ ਵਾਸਤੇ ਗੁਲਾਮ ਹੀ ਨਾ ਹੋ ਜਾਈਏ।
ਇਹ ਹੀ ਮੌਕੇ ਹੁੰਦੇ ਹਨ ਜਦੋਂ ਮੌਤ ਦਾ ਡਰ ਵਿਖਾ ਕੇ ਸਾਡੇ ਹਕ ਖੋਹ ਲਏ ਜਾਂਦੇ ਹਨ ਅਤੇ ਬਾਹਰਲਾ ਸਾਡਾ ਹਮਦਰਦ ਬਣਕੇ ਸਾਡੀ ਹਿਕ ਤੇ ਆ ਬੈਠਦਾ ਹੈ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਨਿੱਜਤਾ ਅਤੇ ਸਿਹਤ ਵਿਚਕਾਰ ਕੋਈ ਇਕ ਦੀ ਚੋਣ ਨਹੀਂ ਹੋ ਸਕਦੀ, ਇਹ ਚੋਣ ਹੀ ਗਲਤ ਹੈ -ਸਾਨੂੰ ਨਿੱਜਤਾ ਅਤੇ ਸਿਹਤ ਦੋਵੇਂ ਹੀ ਚਾਹੀਦੇ ਹੋਣਗੇ। ਪਰ ਅਜਿਹੇ ਹਾਲਾਤਾਂ ਵਿਚ ਨਿੱਜਤਾ ਪਿੱਛੇ ਰਹਿ ਜਾਂਦੀ ਹੈ, ਕਈ ਵਾਰ ਹਮੇਸ਼ਾਂ ਵਾਸਤੇ।
ਇਹ ਆਮ ਸਮਾਂ ਨਹੀਂ ਹੈ।
ਇਸ ਸੰਭਾਵੀ ਬਦਲਾਓ ਲਈ ਅਸੀਂ ਅਗਾਂਓ ਤਿਆਰ ਹੋਈਏ। ਕੰਮ-ਕਾਜ ਤੋਂ ਲੈਕੇ ਧਾਰਮਕ ਰਵਾਇਤਾਂ ਨੂੰ ਸਾਂਭਣ ਦਾ ਉਪਰਾਲਾ ਹੁਣੇ ਅਰੰਭੀਏ। ਧਿਆਨ ਕਰੀਏ ਕਿਤੇ ਸੁਪਨੇ ਨਾ ਮਰ ਜਾਣ! ਆਓ, ਵਖਰੇਵੇਂ ਛਡ ਕੇ ਇਕਜੁੱਟ ਹੋਈਏ ਅਤੇ ਚਿੰਤਾਜਨਕ ਖੇਤਰਾਂ ਦੀ ਪਛਾਣ ਕਰਨੀ ਸ਼ੁਰੂ ਕਰੀਏ ਅਤੇ ਕਲ ਲਈ ਯੋਜਨਾਬੱਧ ਹੋਈਏ। ਕਲ, ਜਿਹੜਾ ਕਿ ਬਹੁਤ ਹੀ ਵੱਖਰਾ ਹੋਣ ਜਾ ਰਿਹਾ ਹੈ। ਜੰਗ ਵੇਲੇ ਇਕ ਦੂਜੇ ਦਾ ਮੂੰਹ ਵੇਖਣ ਨਾਲੋਂ ਜੰਗ ਤੋਂ ਪਹਿਲਾਂ ਵਧ ਤਿਆਰੀ ਚੰਗੀ ਹੈ, ਭਾਂਵੇ ਜੰਗ ਨਾ ਹੀ ਵੇਖਣੀ ਪਵੇ। ਆਓ, ਛੇਤੀ ਹੀ ਵਿਉਂਤਬੰਦੀ ਕਰੀਏ, ਵਧੀਆ ਕਲ ਲਈ ਮਿਲ ਕੇ ਕੰਮ ਕਰੀਏ।
– ਦਵਿੰਦਰ ਪਾਲ ਸਿੰਘ, ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ. ਡੀ. ਐਲ.) ਦੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਹਨ। ਇਸ ਖੇਤਰ ਵਿੱਚ ਦੂਰਦਰਸ਼ਤਾ ਰੱਖਣ ਵਾਲੇ, ਇਨ੍ਹਾਂ ਨੇ ਪੰਜਾਬ ਵਿੱਚ ਵਿਰਸੇ ਨੂੰ ਡਿਜੀਟਾਈਜ਼ ਕਰਨ ਦੇ ਕੰਮ ਦੀ ਸ਼ੁਰੂਆਤ ਓਦੋਂਂ ਕਰ ਦਿੱਤੀ ਜਦੋਂ ਕਿ ਇਸ ਕੰਮ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਹਾਲੇ ਮੁਢਲੇ ਕਦਮ ਪੁੱਟ ਰਹੀ ਸੀ। ਇਹ, ਵਿਰਾਸਤਾਂ ਦੀ ਸੰਭਾਲ਼ ਹਿਤ ਵੱਖ-ਵੱਖ ਸੰਸਥਾਵਾਂ ਨਾਲ ਸਲਾਹਕਾਰ ਵਜੋਂ ਕੰਮ ਕਰਦੇ ਹਨ ਅਤੇ ਅਜਾਇਬ ਘਰਾਂ, ਪ੍ਰਦਰਸ਼ਨੀਆਂ ਅਤੇ ਡਿਜੀਟਲ ਲਾਇਬ੍ਰੇਰੀਆਂ ਸਥਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸੱਭਿਆਚਾਰਿਕ ਸੰਸਥਾਵਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੇ ਸੀਮਤ ਆਰਥਿਕ ਸਰੋਤਾਂ ਨੂੰ ਧਿਆਨ’ਚ ਰੱਖਦੇ ਹੋਏ, ਉਨ੍ਹਾਂ ਲਈ, ਲੋੜ ਮੁਤਾਬਕ ਤਕਨਾਲੋਜੀ ਬਨਾਉਣ ਵਿੱਚ ਯੋਗਦਾਨ ਪਾਇਆ ਹੈ। ਇਨ੍ਹਾਂ ਨੇ ਦੱਖਣੀ ਏਸ਼ੀਆ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਵਿੱਚ, ੨.੩ ਕਰੋੜ ਤੋਂ ਵੱਧ ਸਫ਼ਿਆਂ ਨੂੰ ਡਿਜੀਟਾਈਜ਼ ਕੀਤਾ ਹੈ ।
2 thoughts on “ਕੀ ਕੋਵਿਡ-੧੯ ਕਰੋਨਾਵਾਇਰਸ ਮਹਾਂਮਾਰੀ ਬਾਅਦ ਇਕ ਨਵੇਂ ਵਿਸ਼ਵ ਪ੍ਰਬੰਧ ਦੀ ਸ਼ੁਰੂਆਤ ਹੋਵੇਗੀ?”