ਕੀ ਹਿੰਦੂ ਪਹਿਲੇ ਪੰਜ ਪਿਆਰੇ ਸਨ?

 -  -  194


“ਪਾਂਚ ਹਿੰਦੂ ਹੀ ਪਹਲੇ ‘ਪੰਜ ਪਿਆਰੇ’ ਸਜੇ ਥੇ।”  ਹਰ ਮੌਕੇ ਸਿੱਖ ਪੰਥ ਨੂੰ ਨੀਵਾਂ ਦਿਖਾਉਣ ਲਹੀ ਕੋਈ ਕਸਰ ਨਾ ਛੱਡਣ ਵਾਲੇ ਸਵੈ ਐਲਾਨੇ ਇਤਿਹਾਸਕਾਰ, ਸਾਬਕਾ ਭਾਰਤੀ ਪਾਰਲੀਮੈਂਟ ਦੇ ਮੇਂਬਰ ਅਤੇ ਸਾਬਕਾ ਭਾਰਤੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸੱਜੇ ਹੱਥ -ਤਰਲੋਚਨ ਸਿੰਘ ਵਲੋਂ ਲਿਖਿਆ ਇਕ ਇਕ ਬਹੁਤ ਹੀ ਵਿਵਾਦਤ ਅਤੇ ਅਣਲੋੜੀਂਦਾ ਲੇਖ ਵੱਡੀ ਗਿਣਤੀ ਵਿਚ ਗਸ਼ਤ ਕਰ ਰਿਹਾ ਹੈ। ਇਸ ਨੇ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਕੀਤੀ ਹੈ।  ਪਰ ਧਾਰਮਿਕ ਅਤੇ ਇਤਿਹਾਸਕ ਪੱਖੋਂ ਇਹ ਸਰਾਸਰ ਬੇ-ਬੁਨਿਆਦ ਅਤੇ ਗ਼ਲਤ ਲੇਖ ਹੈ। ਬਹੁ ਚਰਚਿਤ ਇਤਿਹਾਸਕਾਰ, ਵਕੀਲ ਅਤੇ ਚਿੰਤਕ ਗੁਰਚਰਨਜੀਤ ਸਿੰਘ ਲਾਂਬਾ ਨੇ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਤੇ ਇਤਿਹਾਸਕ ਤੱਥਾਂ ਦੇ ਅਧਾਰ ਤੇ ਤਰਲੋਚਨ ਸਿੰਘ ਨੂੰ ਸੰਪੂਰਨ ਜਵਾਬ ਦਿੱਤਾ ਹੈ।

ਹ ਲੇਖ ਤਰਲੋਚਨ ਸਿੰਘ ਨੇ ਕਿਉਂ ਅਤੇ ਕਿਸ ਮਕਸਦ ਨਾਲ ਲਿਖਿਆ ਜਾਂ ਲਿਖਵਾਇਆ ਗਿਆ ਹੈ ਕਿਹਾ ਨਹੀਂ ਜਾ ਸਕਦਾ। ਪਰ ਜੇਕਰ ਇਸ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਵਿਚ ਕਈ ਭਰਮ ਭੁਲੇਖੇ ਪੈਦਾ ਕਰਣ ਦਾ ਕਾਰਣ ਬਣ ਸਕਦਾ ਹੈ, ਕਿਉਂ ਕਿ ਇਹ ਲੇਖ ਕਿਸੇ ਸਿੱਖ ਵਲੋਂ ਲਿਖਿਆ ਅਤੇ ਪ੍ਰਸਾਰਿਆ ਗਿਆ ਹੈ।

ਇਸ ਵਿਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜੰਤ ਗੱਲਾਂ ਅੰਕਤ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਖਾਲਸੇ ਦੇ ਮਾਣ ਮੱਤੇ ਇਤਿਹਾਸ ਨੂੰ ਖੋਰਾ ਲਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਸ ਦੀ ਵਿਚਾਰ ਜ਼ਰੂਰੀ ਹੈ ਤਾਂ ਕਿ ਸਹੀ ਤੱਥ ਪੇਸ਼ ਕੀਤੇ ਜਾ ਸਕਣ ।

ਸਿੱਖ ਪੰਥ ਦੀ ਨੀਂਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਖੀ। ਇਸ ਕਰਿਸ਼ਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਬਧ ਕੀਤਾ,

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ।।
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ।।4।।
ਤਿਨ ਇਹ ਕਲ ਮੋ ਧਰਮ ਚਲਾਯੋ।। ਸਭ ਸਾਧਨ ਕੋ ਰਾਹੁ ਬਤਾਯੋ।।
ਜੋ ਤਾ ਕੇ ਮਾਰਗ ਮਹਿ ਆਏ।। ਤੇ ਕਬਹੂੰ ਨਹਿ ਪਾਪ ਸੰਤਾਏ।।5।।

ਉਪਰੰਤ ਨੌਂ ਗੁਰੂ ਸਾਹਿਬਾਨ ਨੇ ਇਸ ਮਹਿਲ ਨੂੰ ਸੁਦ੍ਰਿੜ ਕੀਤਾ।  ਫ਼ਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਇਸ ਨੂੰ ਸੰਪੂਰਨ ਕੀਤਾ ਅਤੇ  ਇਸ ਤਰ੍ਹਾਂ ਗੁਰੂ ਪੰਥ ਵਿਚ ਤਬਦੀਲ ਕਰ ਦਿੱਤਾ। ਪ੍ਰੋ. ਪੂਰਨ ਸਿੰਘ ਵੀ ਕਹਿ ਉਠਿਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ। ਪੰਜਾਬ ਜੀਂਦਾ ਗੁਰਾਂ ਦੇ ਨਾਮ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਹੀ ਸਿੱਖ ਅਤੇ ਸਿੱਖੀ ਪੂਰੀ ਤਰ੍ਹਾਂ ਸੁਦ੍ਰਿੜ ਅਤੇ ਸੰਸਥਾਗਤ ਹੋ ਚੁਕੇ ਸਨ।  ਹੁਣ ਜੇਕਰ ਹਿੰਦੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰੇ ਸਾਜਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1699 ਦੀ ਵਿਸਾਖੀ ਤਕ ਗੁਰੂ ਕਾਲ ਦੀ ਘਾਲਣਾ ਨਾਲ ਤਿਆਰ ਕੀਤੇ ਸਿੱਖ ਕਿੱਥੇ ਸਨ।

ਇਸ ਲੇਖ ਮੁਤਾਬਿਕ ਤਾਂ 1469 ਤੋਂ 1699 ਤਕ ਦੀ ਸਾਰੀ ਘਾਲਣਾ ਹੀ ਅਲੋਪ ਕਰ ਦਿੱਤੀ ਗਈ ਹੈ।  ਗੁਰੂ  ਗੋਬਿੰਦ ਸਿੰਘ ਸਾਹਿਬ ਨੂੰ ਸੀਸ ਭੇਟ ਕਰਣ ਵਾਲੇ ਮਹਾਨ ਸੂਰਬੀਰ ਪੰਜ ਪਿਆਰੇ ਗੁਰੂ ਕੇ ਅਨਿੰਨ ਸਿੱਖ ਸਨ।  ਉਹਨਾਂ ਨੂੰ ਹਿੰਦੂ ਕਹਿਣਾ ਮਹਾਨ ਯੋਧਿਆਂ ਨੂੰ ਸਿੱਖੀ ਤੋਂ ਮਹਿਰੂਮ ਕਰਨਾ ਅਤੇ ਬਹੁਤ ਵੱਡੀ ਧਾਰਮਿਕ ਅਵੱਗਿਆ ਹੈ।

ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਪਹਿਲੇ ਜਾਮੇ ਵਿਚ ਹੀ ਸਿੱਖ ਬਣਨ ਲਈ ਸ਼ਰਤ ਰਖ ਦਿੱਤੀ ਸੀ,

ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।20।। (ਮ. 1, ਅੰਗ 1412)

ਇਸ ਤਰ੍ਹਾਂ ਜਿਹੜੇ ਵੀ ਗੁਰੂ ਸਾਹਿਬ ਦੇ ਮਾਰਗ ਤੇ ਆਏ ਉਹ ਗੁਰੂ ਕੇ ਸਿੱਖ ਸਨ ਅਤੇ ਉਹਨਾਂ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ,

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।

ਬਿਲਕੁਲ ਇਸੇ ਤਰਜ਼ ਤੇ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਚਨ ਨੂੰ ਨੰਗੀ ਸ੍ਰੀ ਸਾਹਿਬ ਲੈ ਕੇ ਸਿੱਖਾਂ ਦੇ ਸਿਰ ਦੀ ਮੰਗ ਕੀਤੀ ਸੀ ਕਿ ਜੋ ਵੀ ਇਸ ਪ੍ਰੇਮ ਦੇ ਮਾਰਗ ਤੇ ਤੁਰਨਾ ਚਾਹੁੰਦੇ ਹਨ, ਜੋ ਵੀ ਪਿਆਰੇ ਅਖਵਾਉਣਾ ਚਾਹੁੰਦੇ ਹਨ ਉਹ ਆਪਣਾ ਸੀਸ ਭੇਟ ਕਰਨ। ਇਸ ਤਰ੍ਹਾਂ ਚਰਣਾਂਮ੍ਰਿਤ ਤੋਂ ਖੰਡੇ ਦੀ ਪਾਹੁਲ ਦਾ ਸਫ਼ਰ ਤੈਅ ਪਾਇਆ ਗਿਆ।

ਇੱਥੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਸੀ ਅਤੇ ਸਿੱਖ ਸੰਗਤਾਂ ਹੀ ਜੁੜੀਆਂ ਸਨ।

ਦੋਹਰਾ- ਭਯੋ ਮੇਲ ਜਬਿ ਅਨੰਪੁਰਿ ਚਹੁਦਿਸ਼ਿ ਤੇ ਸਿਖ ਆਇ।।
ਭਈ ਭੀਰ ਦੀਰਘ ਤਹਾਂ ਦਰਸ ਚਾਹਿ ਅਧਿਕਾਇ।।1।। ਰੁਤ 3, ਅਧਿਆਇ 17

ਇਸ ਮੁਕਾਮ ਤਕ ਪਹੁੰਚਣ ਲਈ  ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਥਾਂ ਥਾਂ ਧਰਮ ਸਾਲਾ ਅਤੇ ਸੰਗਤਾਂ ਕਾਇਮ ਕੀਤੀਆਂ।  ਜਿਵੇਂ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ ਆਦਿ ਆਦਿ ਅਤੇ ਇਹ ਸਿਲਸਿਲਾ ਬਾਅਦ ਵਿਚ ਵੀ ਗੁਰੂ ਕਾਲ ਵਿਚ ਜਾਰੀ ਰਿਹਾ।  ਇਹਨਾਂ ਸੰਗਤਾਂ ਨੂੰ ਪੱਕੇ ਤੌਰ ਤੇ ਧੁਰੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ ਅਤੇ ਮਸੰਦ ਥਾਪੇ।

ਗੁਰੂ ਸਾਹਿਬ ਦੇ ਮਾਰਗ ਨੂੰ ਅਪਨਾਉਣ ਵਾਲੇ ਸਿੱਖ ਅਖਵਾਏ।  ਇਹ ਸ਼ਬਦ ਸਿੱਖ ਕਿਸੇ ਵੇਦ, ਪੁਰਾਣ, ਸ਼ਾਸਤ੍ਰ ਵਿਚ ਨਹੀਂ ਸੀ।  ਪਰ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ਸਿੱਖ, ਗੁਰਸਿੱਖ, ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਪ੍ਰੰਪਰਾ ਵਿਚ ਇਹ ਲਫ਼ਜ਼ ਪੂਰੀ ਤਰ੍ਹਾਂ ਮਕਬੂਲ ਹੋ ਗਿਆ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। (ਮ.3, ਅੰਗ 920)
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।। (ਮ.3 ਅੰਗ 602)
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ।।  ਨਾਮੁ ਜਪਹੁ ਨਾਮੇ ਸੁਖ ਪਾਵਹੂ (ਮ.4ਅੰਗ 367)
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ।।
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।। (ਮ.4 ਅੰਗ 306)

ਗੁਰੂ ਨਾਨਕ ਦੇਵ ਜੀ ਵਲੋਂ ਲਾਏ ਗੁਰਸਿੱਖੀ ਦੇ ਬੂਟੇ ਦੀ ਮਹਿਕ ਕਿਤਨੀ ਫੈਲ ਚੁੱਕੀ ਸੀ ਕਿ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿਖਾਂ ਦੀ ਭਗਤ ਮਾਲਾ ਵਿਚ ਤਕਰੀਬਨ ਦੋ ਸੌ ਸਿੱਖਾਂ ਦਾ ਜ਼ਿਕਰ ਹੈ ਅਤੇ ਹਰ ਇਕ ਨੂੰ ਭਾਈ ਲਫ਼ਜ਼ ਨਾਲ ਸੰਬੋਧਨ ਕੀਤਾ ਗਿਆ ਹੈ।   ਇਸੇ ਤਰ੍ਹਾਂ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਤੇਗ ਬਾਹਾਦੁਰ ਜੀ ਦੇ ਹੁਕਮਨਾਮੇ ਵੀ ਮੌਜੂਦ ਹਨ ਜਿਹਨਾਂ ਵਿਚ ਗੁਰੂ ਸਾਹਿਬ ਨੇ ਗੁਰਸਿੱਖਾਂ ਦੇ ਨਾਮ ਅੰਕਤ ਹਨ। ਹੋਰ ਤਾਂ ਹੋਰ ਗੁਰੂ ਹਰਗੋਬਿੰਦ ਜੀ ਨੇ ਆਪਣੇ ਹੁਕਮਨਾਮੇ ਵਿਚ ਸਿੱਖਾਂ ਬਾਰੇ ਲਿਖਿਆ ਹੈ ਕਿ ਤੁਸੀਂ ਮੇਰਾ ਖਾਲਸਾ ਹੋ।  ਖਾਲਸਾ ਉਸ ਜ਼ਮੀਨ ਨੂੰ ਕਿਹਾ ਜਾਂਦਾ ਹੈ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ ਅਤੇ ਜਿਸ ਤੇ ਕੋਈ ਮਾਲੀਆ, ਟੈਕਸ ਜਾ ਲਗਾਨ ਨਾ ਹੇਵੇ।

ਇਹ ਗੱਲ ਨਿਰ-ਵਿਵਾਦਤ ਰੂਪ ਵਿਚ ਸਹੀ ਹੈ ਕਿ ਸ਼ੁਰੂ ਸ਼ੁਰੂ ਵਿਚ ਸਿੱਖੀ ਦੀ ਪਨੀਰੀ ਵਿਚ ਵੱਡਾ ਯੋਗਦਾਨ ਦੇਣ ਵਾਲੇ ਹਿੰਦੂ ਹੀ ਸਨ। ਪਰ ਉਹ ਸਿੰਘ ਸਜੇ ਸਨ ਸਿੱਖਾਂ ਦੀਆਂ ਕੁਰਬਾਨੀਆਂ, ਆਚਰਣ ਅਤੇ ਦੂਸਰਿਆਂ ਲਈ ਆਪਾਂ ਵਾਰਨ ਦੇ ਜਜ਼ਬੇ ਤੋਂ ਪ੍ਰਭਾਵਤ ਹੋ ਕੇ।

ਇਹ ਗੱਲ ਨਿਰ-ਵਿਵਾਦਤ ਰੂਪ ਵਿਚ ਸਹੀ ਹੈ ਕਿ ਸ਼ੁਰੂ ਸ਼ੁਰੂ ਵਿਚ ਸਿੱਖੀ ਦੀ ਪਨੀਰੀ ਵਿਚ ਵੱਡਾ ਯੋਗਦਾਨ ਦੇਣ ਵਾਲੇ ਹਿੰਦੂ ਹੀ ਸਨ। ਪਰ ਉਹ ਸਿੰਘ ਸਜੇ ਸਨ ਸਿੱਖਾਂ ਦੀਆਂ ਕੁਰਬਾਨੀਆਂ, ਆਚਰਣ ਅਤੇ ਦੂਸਰਿਆਂ ਲਈ ਆਪਾਂ ਵਾਰਨ ਦੇ ਜਜ਼ਬੇ ਤੋਂ ਪ੍ਰਭਾਵਤ ਹੋ ਕੇ। ਪੰਥ ਪ੍ਰਕਾਸ਼ ਵਿਚ ਇਸ ਦਾ ਜ਼ਿਕਰ ਹੈ, ਪਲੇ ਪਲਾਏ ਇਨ ਮਹਿ ਆਵੇਂ।  ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਇਕ ਵਾਰ ਸਿੰਘ ਸਜ ਜਾਣ ਤੋਂ ਬਾਅਦ ਸਿੱਖੀ ਦਾ ਤਿਆਗ ਕਰਨ ਵਾਲਾ ਪਤਿਤ ਹੁੰਦਾ ਹੈ, ਸਹਿਜਧਾਰੀ ਜਾਂ ਹਿੰਦੂ ਨਹੀਂ।

ਇਸ ਤੋਂ ਜ਼ਿਆਦਾ ਮਹੱਤਵ ਪੂਰਨ ਗੱਲ ਇਹ ਹੈ ਕਿ ਜਿਵੇਂ ਇਸਲਾਮ, ਮਸੀਹੀ ਜਾਂ ਯਹੂਦੀ ਧਰਮਾਂ ਦਾ ਮੁੱਢ ਅਤੇ ਸ੍ਰੋਤ, ਉਹਨਾਂ ਦੀਆਂ ਧਾਰਮਿਕ ਪੁਸਤਕਾਂ, ਉਹਨਾਂ ਦੇ ਪੈਗੰਬਰ ਵੀ ਸਾਂਝੇ ਹਨ ਪਰ ਉਹਨਾਂ ਦੀ ਅੱਡਰੀ ਧਾਰਮਿਕ ਹਸਤੀ ਹੋਣ ਤੇ ਕਦੀ ਵਿਵਾਦ ਨਹੀਂ ਹੋਇਆ। ਦੂਸਰੇ ਪਾਸੇ ਸਿੱਖ ਅਤੇ ਹਿੰਦੂ ਧਰਮ ਗ੍ਰੰਥ ਵੱਖ ਵੱਖ ਹਨ। ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਪੁਰਾਤਨ ਮਿਥਿਹਾਸਕ ਪਾਤਰਾਂ ਨੂੰ ਅੰਕਤ ਕੀਤਾ। ਪੌਰਾਣਿਕ ਗਾਥਾਵਾਂ ਦੇ ਹਵਾਲੇ ਦਿੱਤੇ ਹਨ। ਪਰ ਸ਼ਰਤ ਸਿਰਫ਼ ਇਕ ਸੀ ਕਿ ਸਾਰੀ ਮਾਨਵਤਾ ਦਾ ਕਰਤਾ ਅਤੇ ਪੂਜਣ ਯੋਗ ਹਸਤੀ ਜਾਂ ਸਤੁਤੀ ਕੇਵਲ ਇਕ ਅਕਾਲ ਪੁਰਖ ਦੀ ਹੀ ਹੈ।ਇਸੇ ਲਈ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ,

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ ॥
ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ ॥
ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ ॥੧੬॥੮੬॥

ਗੁਰੂ ਕਾਲ ਦੇ ਦੌਰਾਨ ਹੀ ਸਿੱਖ ਪੰਥ ਦੇ ਨਿਆਰੇ ਪਨ ਨੂੰ ਗੁਰੂ ਸਾਹਿਬਾਨ ਨੇ ਨਿਰਣਾਇਕ ਤੌਰ ਤੇ ਪਰਪੱਕ ਕਰ ਦਿੱਤਾ ਸੀ। ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਪੁਸਤਕ ਦੀ ਸਿੱਖਸ  ਵਿਚ ਅੰਕਤ ਕੀਤਾ ਹੈ,

The following that Nanak had created in his lifetime could at best be described as a group dissenting from both Hinduism and Islam.

(ਗੁਰੂ ਨਾਨਕ ਦੇਵ ਜੀ  ਨੇ ਆਪਣੇ ਜੀਵਨ ਕਾਲ ਵਿਚ ਹੀ ਜਿਹੜੇ ਪੈਰੋਕਾਰ ਬਣਾਏ ਸਨ ਉਹਨਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹ ਲੋਕ ਸਨ ਜਿਹਨਾਂ ਨੇ ਆਪਣੇ ਆਪ ਨੂੰ ਇਲਸਾਮ ਅਤੇ ਹਿੰਦੂ ਮਤ ਤੋਂ ਵੱਖ ਕਰ ਲਿਆ ਸੀ।)

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਿਸ਼ਾਨਾ ਸਪਸ਼ਟ ਕੀਤਾ,

ਬਿਸਰਿ ਗਈ  ਸਭ ਤਾਤਿ ਪਰਾਈ ॥ ਜਬ ਤੇ  ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
ਨਾ ਕੋ ਬੈਰੀ  ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥

ਇਸ ਮਹਾਂ ਵਾਕ ਨੂੰ ਗੁਰੂ ਸਾਹਿਬਾਨ ਨੇ ਅਮਲੀ ਰੂਪ ਵਿਚ ਤਨ ਤੇ ਹੰਢਾਇਆ। ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਹਿੰਦੂ,  ਮੁਸਲਮਾਨ ਔਰਤਾਂ ਤੇ ਹੁੰਦੇ ਜ਼ੁਲਮਾਂ ਨੂੰ ਵੇਖ ਕੇ ਹਾਅ ਦਾ ਨਾਅਰਾ ਮਾਰਿਆ,

ਮੁਸਲਮਾਨੀਆ ਪੜਹਿ ਕਤੇਬਾ ਕਸ਼ਟ ਮਹਿ ਕਰਹਿ ਖੁਦਾਇ ਵੇ ਲਾਲੇ।।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੇ।।1।। (ਮ.1 , ਅੰਗ 723)

ਇਤਨਾ ਹੀ ਨਹੀਂ ਗੁਰੂ ਤੇਗ ਬਹਾਦੁਰ ਜੀ ਨੇ ਤਾਂ ਤਿਲਕ ਅਤੇ ਜੰਞੂ ਦੀ ਰਾਖੀ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ।  ਬਾਅਦ ਵਿਚ ਗੁਰੂ ਕੇ ਖਾਲਸੇ ਨੇ ਇਸ ਪਿਰਤ ਨੂੰ ਜਾਨਾਂ ਹੂਲ ਕੇ ਜਾਰੀ ਰਖਿਆ।

ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ,ਜਾ ਤੇ ਛੂਟ ਗਯੋ ਭ੍ਰਮ ਉਰ ਕਾ, ਤਿਸ ਆਗੈ ਹਿੰਦੂ ਕਿਆ ਤੁਰਕਾ।।   ਇਸ ਤਰ੍ਹਾਂ ਬਿਨਾ ਕਿਸੇ ਭੇਦ ਭਾਵ ਦੇ ਕੇਵਲ ਇਨਸਾਨੀਅਤ ਦੇ ਨਾਤੇ ਆਪਾ ਵਾਰਨ ਦਾ ਇਤਿਹਾਸ ਰਚਿਆ।  ਪਰ ਇਸ ਦੇ ਨਾਲ ਹੀ ਆਪਣੀ ਨਿਆਰੀ ਹਸਤੀ ਨੂੰ ਵੀ ਕਾਇਮ ਰਖਿਆ। ਗੁਰਵਾਕ ਹੈ,

ਭੈਰਉ ਮਹਲਾ ੫ ॥  ਵਰਤ ਨ ਰਹਉ  ਨ ਮਹ ਰਮਦਾਨਾ ॥ ਤਿਸੁ ਸੇਵੀ  ਜੋ ਰਖੈ ਨਿਦਾਨਾ ॥੧॥
ਏਕੁ ਗੁਸਾਈ  ਅਲਹੁ ਮੇਰਾ ॥ ਹਿੰਦੂ ਤੁਰਕ  ਦੁਹਾਂ ਨੇਬੇਰਾ ॥੧॥ ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ  ਅਵਰੁ ਨ ਦੂਜਾ ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ  ਲੇ ਰਿਦੈ ਨਮਸਕਾਰਉ ॥੩॥
ਨਾ ਹਮ ਹਿੰਦੂ  ਨ ਮੁਸਲਮਾਨ ॥ ਅਲਹ ਰਾਮ ਕੇ  ਪਿੰਡੁ ਪਰਾਨ ॥੪॥
ਕਹੁ ਕਬੀਰ  ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ  ਖੁਦਿ ਖਸਮੁ ਪਛਾਨਾ ॥੫॥੩॥

ਸੋ ਇਹ ਕਹਿਣਾ ਕਿ ਪਹਿਲੇ ਪੰਜ ਪਿਆਰੇ ਹਿੰਦੂ ਸਨ, ਸਰਾਸਰ ਗ਼ਲਤ ਹੈਅਤੇ ਕਿਸੇ ਵਿਸ਼ੇਸ਼ ਮਕਸਦ ਨਾਲ ਕਿਹਾ ਗਿਆ।  ਇਹ ਪੰਥਕ ਪਿੜ ਵਿਚ ਉਤੇਜਨਾ ਪੈਦਾ ਕਰਨ ਸਿੱਖ ਹੋਂਦ ਤੇ ਪ੍ਰਹਾਰ ਕਰਨ ਵਾਲਾ ਬਿਆਨ ਹੈ।

ਅੰਮ੍ਰਿਤ ਦਾ ਅਧਿਕਾਰੀ ਹਰ ਪ੍ਰਾਣੀ ਮਾਤਰ ਹੈ। ਪਰ  ਅੰਮ੍ਰਿਤ ਛਕਣ ਲਈ ਕੁਝ ਬੁਨਿਆਦੀ ਸ਼ਰਤਾਂ ਹਨ ਜਿਹਨਾਂ ਵਿਚ ਸਭ ਤੋਂ ਪਹਿਲੀ ਹੈ, ਉਸ ਦਾ ਸਾਬਤ ਸੂਰਤ ਹੋਣਾ।  ਇਸ ਲਈ ਗੈਰ ਸਿੱਖ ਤੋਂ ਸਿੰਘ ਸਜਣ ਵਿਚਕਾਰ ਇਕ ਪੜਾਅ ਸਿੱਖ ਹੋਣ ਦਾ ਹੈ।  ਹਿੰਦੂ ਤੋਂ ਸਿੰਘ ਸਜਾਣ ਲਈ ਕੁਝ ਮਹੀਨੇ ਦਾ ਸਮਾਂ ਲਗਦਾ ਹੈ।  

ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਗੁਰੂ, ਸਿੱਖ, ਸੰਗਤ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਕਥਾ-ਕੀਰਤਨ, ਸਿੱਖ ਮਰਯਾਦਾ, ਸਚਿਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਨਿਸ਼ਾਨ, ਨਗਾਰੇ, ਲੰਗਰ, ਚੌਂਕੀਆਂ, ਝੰਡੇ, ਬੁੰਗੇ  ਆਦਿ ਸਾਰੇ ਸਿਧਾਂਤ, ਪਰੰਪਰਾਵਾਂ ਪੱਕੇ ਪੈਰੀ ਹੋ ਚੁੱਕੀਆਂ ਸਨ।

ਅੰਮ੍ਰਿਤ ਪ੍ਰਾਪਤੀ ਦਾ ਰਾਹ ਤਟ ਫਟ ਨਹੀਂ ਹੁੰਦਾ। ਇਸ ਲਈ ਦ੍ਰਿੜ ਇਰਾਦੇ, ਤਿਆਰੀ ਅਤੇ ਸਮੇਂ ਦੀ ਲੋੜ ਹੁੰਦੀ ਹੈ।  ਇਸ ਤਰ੍ਹਾਂ ਗੁਰਮਤਿ ਅਤੇ ਗੁਰਸਿੱਖੀ ਨੂੰ ਦ੍ਰਿੜ ਹੋ ਚੁੱਕੇ ਪੰਜ ਪਿਆਰਿਆਂ ਤੇ ਹੀ ਅੰਮ੍ਰਿਤ ਦੀ ਇਲਾਹੀ ਦਾਤ ਦੀ ਬਖਸ਼ਿਸ਼ ਹੋਈ।  ਇਸ ਤੋਂ ਸਪਸ਼ਟ ਹੈ ਕਿ ਗੁਰੂ ਕਲਗੀਧਰ ਪਿਤਾ ਨੇ ਗੁਰ ਸੰਗਤ ਨੂੰ ਖਾਲਸਾ ਬਣਾਇਆ। ਸੋ ਗੁਰੂ ਤੋਂ ਸਿੱਖ ਬਣੇ, ਸਿੱਖ ਤੋਂ ਸੰਗਤਾਂ ਬਣੀਆਂ ਅਤੇ ਸੰਗਤ ਤੋਂ ਖਾਲਸਾ।  ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।।1।।(ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ , ਭਾਈ ਗੁਰਦਾਸ ਦੋਇਮ)। ਧਰਮ ਦੇ ਖੇਤਰ ਵਿਚ ਇਕ ਨੁਕਤਾ ਅਹਿਮ ਹੈ ਕਿ ਆਪਣਾ ਛੱਡੋ ਨਾ, ਦੂਜੇ ਦਾ ਛੇੜੋ ਨਾ।

ਮੇਰੇ ਤਾਇਆ ਜੀ, ਸੂਬੇਦਾਰ ਮੇਜਰ ਹਰਬੰਸ ਸਿੰਘ ਜੀ ਫੌਜ ਵਿਚ ਸਨ । ਉਹਨਾਂ ਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਉਹ ਹਿੰਦੂਆਂ ਨੂੰ ਸਿੱਖ ਬਣਾਂਦੇ ਹਨ।  ਕਮਾਂਡਰ ਅੰਗਰੇਜ਼ ਸੀ। ਉਸਨੇ ਸ਼ਿਕਾਇਤ ਕਰਤਾ ਨੂੰ ਸਵਾਲ ਕੀਤਾ ਕਿ ਇਕ ਹਿੰਦੂ ਨੂੰ ਸਿੱਖ ਬਣਾਣ ਲਈ ਘਟੋ ਘਟ ਕਿਤਨਾ ਸਮਾਂ ਚਾਹੀਦਾ ਹੈ। ਜਵਾਬ ਸੀ ਤਿੰਨ ਮਹੀਨੇ।  ਅੰਗਰੇਜ਼ ਨੇ ਪੁਛਿਆ ਕਿ ਇਕ ਸਿੱਖ ਨੂੰ ਹਿੰਦੂ ਬਣਾਣ ਲਈ ਕਿਤਨਾ ਸਮਾਂ ਚਾਹੀਦਾ ਹੈ। ਜਵਾਬ ਸੀ ਇਕ ਮਿੰਟ।  ਕਮਾਂਡਰ ਨੇ ਕਿਹਾ ਕਿ ਕੀ ਹਰਬੰਸ ਸਿੰਘ ਕੋਲ ਕੋਈ ਐਸੀ ਥਾਂ ਹੈ ਜਿੱਛੇ ਉਹ ਕਿਸੇ ਬੰਦੇ ਨੂੰ ਤਿੰਨ ਮਹੀਨੇ ਆਪਣੇ ਕਬਜ਼ੇ  ਵਿਚ ਛੁਪਾ ਕੇ ਰਖ ਸਕੇ?

ਇਕ ਬਹੁਤ ਹੀ ਮਹੱਤਵ ਪੂਰਣ ਗਵਾਹੀ ਹੈ।  ਸੰਮਤ 1756 ਦੀ ਪਾਵਨ ਵੈਸਾਖੀ ਵਾਲੇ ਦਿਨ ਜਦੋਂ ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਨਾ ਕੀਤੀ ਤਾਂ ਉਸ ਸਮੇਂ ਉਹਨਾਂ ਨੇ ਕਿਸੇ  ਵੀ ਆਮ ਸਿਰ ਦੀ ਮੰਗ ਨਹੀਂ ਕੀਤੀ, ਬਲਕਿ ਆਵਾਜ਼ ਦਿੱਤੀ ਕਿ ਮੈਨੂੰ ਜ਼ਰੂਰਤ ਆ ਪਈ ਹੈ। ਕੀ ਕੋਈ ਮੇਰਾ ਬਹੁਤ ਪਿਆਰਾ ਸਿੱਖ ਹੈ ਜੋ ਇਸੇ ਵੇਲੇ ਮੈਨੂੰ ਅਪਣਾ ਸੀਸ ਦੇ ਦਵੇ। ਇੱਥੇ ਗੁਰੂ ਜੀ ਨੇ ਕਿਸੇ ਸਿੱਖ ਦੇ ਸਿਰ ਦੀ ਮੰਗ ਕੀਤੀ।

ਭਾਈ ਸੰਤੋਖ ਸਿੰਘ ਜੀ ਗਵਾਹੀ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਕਿਹਾ,

ਕੋ ਸਿਖ ਪ੍ਰਿਯ ਮੁਝ ਦੇਇ ਸੁ ਦਾਨਾ। ਕਰਹਿ ਕਾਜ ਅਰਪਹਿ ਨਿਜ ਪ੍ਰਾਨਾ।
ਦੇਹ ਅਹੰ ਕਹੁ ਤਜਿ ਕਰਿ ਦੂਰ। ਧੀਰਜ ਥਰਿ ਦੇ ਸੀਸ ਹਜੂਰ।।36।। ਰੁਤ 3, ਅਧਿਆਇ17

ਇਕ ਵਾਰ ਫ਼ਿਰ ਆਵਾਜ਼ ਆਈ,

ਅਤਿ ਪ੍ਰਿਯ ਸਿਖ ਅਹੈ ਕੋ ਮੇਰਾ? ਅਪਨੋ ਸੀਸ ਦੇਹਿ ਇਸ ਬੇਰਾ ।
ਕਾਰਜ ਪਰ੍ਯੋ ਆਨ ਇਸ ਕਾਲਾ। ਪੁਰਵ ਹਿ ਸਿਰ ਦੇ ਅਬਹਿ ਬਿਸਾਲਾ।।33।। (ਰੁੱਤ3, ਅੰਸੂ 17)
ਇਸੇ ਤਰ੍ਹਾਂ ਤੀਸਰੀ ਵਾਰ ਵੀ ਗੁਰੂ ਸਾਹਿਬ ਜੀ ਨੇ ਸਿੱਖ ਦੇ ਸਿਰ ਦੀ ਮੰਗ ਕੀਤੀ।
ਧੁਨਿ ਊਚੀ ਪੁਨ ਗੁਰੂ ਉਚਾਰਾ। ਔਰ ਦੇਇ ਸਿਰ ਕੋ ਸਿਖ ਪ੍ਯਾਰਾ।।
ਕਾਰਜ ਪਰ੍ਯੋ ਆਨ ਕਰਿ ਮੇਰਾ। ਸਿਰ ਦੀਨੇ ਬਿਨ ਹੋਹਿ ਨ ਹੇਰਾ।।3।। (ਰੁੱਤ3, ਅੰਸੂ18)

ਯਾਨਿ ਕਿ ਬਾਰ ਬਾਰ ਸਿੱਖ ਦੇ ਸਿਰ ਦੀ ਮੰਗ ਕੀਤੀ ਸੀ।  ਉਪਰੰਤ ਜਿਹੜਾ ਖਾਲਸਾ ਗੁਰੂ ਸਾਹਿਬ ਨੇ ਸਾਜਿਆ ਸੀ ਉਸਦਾ ਜ਼ਿਕਰ ਭਾਈ ਗੁਰਦਾਸ ਦੋਇਮ ਜੀ ਵਾਰ 41 ਵਿਚ ਕਰਦੇ ਹਨ,

ਨਿਜ ਪੰਥ ਚਲਾਇਓ ਖਾਲਸਾ। ਧਰਿ ਤੇਜ ਕਰਾਰਾ।
ਸਿਰ ਕੇਸ ਧਾਰਿ ਕਰ ਖੜਗ ਕੋ ਸਭ ਦੁਸਟ ਪਛਾਰਾ।।
ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ।
ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ। ……..
ਇਉ ਤੀਸਰ ਮਜਹਬ ਖਾਲਸਾ, ਉਪਜਿਓ ਪਰਧਾਨਾ।
ਜਿਨਿ ਗੁਰ ਗੋਬਿੰਦ ਕੇ ਹੁਕਮ ਸਿਉ, ਗਹ ਖੜਗ ਦਿਖਾਨਾ।

ਇਤਿਹਾਸ ਗਵਾਹ ਹੈ ਕਿ ਬਾਅਦ ਵਿਚ ਘੱਲੂਘਾਰਿਆਂ ਵੇਲੇ ਵੀ ਕੇਸਾਂ ਵਾਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਹੀ ਅੱਸੀ ਅੱਸੀ ਰੁਪਏ ਪੈਂਦੇ ਸਨ।ਕਿਸੇ ਹੋਰ ਆਮ ਸਿਰ ਦੇ ਨਹੀਂ। ਬੰਦਾ ਬਹਾਦੁਰ ਦੇ ਨਾ ਨਾਲ ਜਿਹਨਾਂ ਸੱਤ ਸੌ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਸੀ ਉਹਨਾਂ ਦੇ ਨਾਲ ਨੇਜ਼ਿਆਂ ਤੇ ਸੈਂਕੜੇ ਸਿੱਖਾਂ ਦੇ ਸਿਰ ਟੰਗੇ ਸਨ ਅਤੇ ਉਹਨਾਂ ਦੇ ਕੇਸ ਖੌਲ੍ਹ ਕੇ ਪਿੱਛੇ ਕੀਤੇ ਹੋਏ ਸਨ। ਇਹ ਦੱਸਣ ਲਈ ਕਿ ਇਹ ਸਿੱਖਾਂ ਦੇ ਸਿਰ ਹਨ।

ਨਾਦਰ ਦਾ ਜ਼ਿਕਰ ਕੀਤਾ ਹੈ ਤਾਂ ਪੰਥ ਪ੍ਰਕਾਸ਼ ਵਿਚ ਉਸਦੇ ਹਵਾਲੇ ਨਾਲ ਲਿਖਿਆ ਹੈ ਕਿ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਪੁਛਿਆ ਕਿ ਸਿੱਖ ਸਭ ਤੋਂ ਵੱਧ ਕਿਹੜੀ ਗੱਲ ਤੇ ਖ਼ਫਾ ਹੁੰਦੇ ਹਨ।  ਤਾਂ ਉਸ  ਨੇ ਕਿਹਾ ਸੀ ਕਿ ਹਿੰਦੂ ਕਹੇ ਤੇ ਖਿਝਤ ਵਧੇਰਾ।ਮੁਗਲਾਂ, ਦੁੱਰਾਨੀਆਂ, ਰੰਘਣਾ, ਪਠਾਣਾ, ਪਹਾੜੀ ਹਿੰਦੂ ਰਾਜਿਆਂ ਨਾਲ ਹੱਕ ਅਤੇ ਇਨਸਾਫ਼ ਲਈ ਖਾਲਸੇ ਨੇ ਲੋਹਾ ਲਿਆ।

ਉਕਤ ਵਿਵਾਦਤ ਲੇਖ ਵਿਚ ਇਕ ਹੋਰ ਹਾਸੋ ਹੀਣੀ ਗੱਲ ਲਿਖੀ ਗਈ ਹੈ,ਨਾਦਿਰਸ਼ਾਹ ਔਰ ਅਬਦਾਲੀ ਕੇ ਜੁਲਮੋਂ ਸੇ ਬਚਾਨੇ ਕੇ ਲਿਏ ਸਿਖੋਂ ਕੀ ਸਹਾਇਤਾ ਕੌਨ ਕਰਤਾ ਥਾ?  ਇਹ ਤਾਂ ਸਾਰੇ ਦੇ ਸਾਰੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਹਰਕਤ ਹੈ।  ਨਾਦਰ ਦੇ ਹਮਲਿਆਂ ਬਾਰੇ ਉਸ ਸਮੇਂ ਮਸ਼ਹੂਰ ਲੋਕ ਅਖਾਣ ਸੀ, ਛਈ ਰੰਨ ਗਈ ਬਸਰੇ, ਮੋੜੀਂ ਮੋੜੀਂ ਭਾਈ ਕਛ ਵਾਲਿਆ।  ਅਤੇ ਭਾਗੇ ਜਾ ਰਹੇ ਦੁੱਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ।   ਨਾਦਰ ਦਾ ਜ਼ਿਕਰ ਕੀਤਾ ਹੈ ਤਾਂ ਪੰਥ ਪ੍ਰਕਾਸ਼ ਵਿਚ ਉਸਦੇ ਹਵਾਲੇ ਨਾਲ ਲਿਖਿਆ ਹੈ ਕਿ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਪੁਛਿਆ ਕਿ ਸਿੱਖ ਸਭ ਤੋਂ ਵੱਧ ਕਿਹੜੀ ਗੱਲ ਤੇ ਖ਼ਫਾ ਹੁੰਦੇ ਹਨ।  ਤਾਂ ਉਸ  ਨੇ ਕਿਹਾ ਸੀ ਕਿ ਹਿੰਦੂ ਕਹੇ ਤੇ ਖਿਝਤ ਵਧੇਰਾ।ਮੁਗਲਾਂ, ਦੁੱਰਾਨੀਆਂ, ਰੰਘਣਾ, ਪਠਾਣਾ, ਪਹਾੜੀ ਹਿੰਦੂ ਰਾਜਿਆਂ ਨਾਲ ਹੱਕ ਅਤੇ ਇਨਸਾਫ਼ ਲਈ ਖਾਲਸੇ ਨੇ ਲੋਹਾ ਲਿਆ। ਅਗਰ ਇਹ ਨਾ ਹੁੰਦਾ ਤਾਂ ਭਾਈ ਸੰਤੋਖ ਸਿੰਘ ਜੀ ਇਹ ਨਾ ਲਿਖਦੇ,

ਛਾਇ ਜਾਤੇ ਏਕਤਾ ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਿਤਾਬਿਨ ਕੁਰਾਨ ਕੀ।
ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗਰੱਕ ਜਾਤੇ ਸਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ।
ਸ੍ਰੀ ਗੁਰੂ ਗੁਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤਿ ਨ ਹੋਤੀ ਜਉ ਪੈ ਕਰੁਨਾ ਨਿਧਾਨ ਕੀ।।27।।ਰੁਤਿ 5, ਅਧਿਆਇ 52

ਉਕਤ ਵਿਵਾਦਤ ਲੇਖ ਵਿਚ ਇਕ ਹੋਰ ਹਾਸੋ ਹੀਣੀ ਗੱਲ ਲਿਖੀ ਗਈ ਹੈ,ਨਾਦਿਰਸ਼ਾਹ ਔਰ ਅਬਦਾਲੀ ਕੇ ਜੁਲਮੋਂ ਸੇ ਬਚਾਨੇ ਕੇ ਲਿਏ ਸਿਖੋਂ ਕੀ ਸਹਾਇਤਾ ਕੌਨ ਕਰਤਾ ਥਾ?  ਇਹ ਤਾਂ ਸਾਰੇ ਦੇ ਸਾਰੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਹਰਕਤ ਹੈ। 

ਪਰ ਇਹ ਕੁਰਬਾਨੀਆਂ ਸਿੱਖਾਂ ਨੇ ਕਿਸੇ ਤੇ ਅਹਿਸਾਨ ਲਈ ਨਹੀਂ ਕੀਤੀਆਂ। ਇਹ ਉਹਨਾਂ ਦਾ ਧਾਰਮਿਕ ਫ਼ਰਜ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਹੀ ਬਰਕਤ ਸੀ ਕਿ ਸੋਮਨਾਥ ਦੇ ਮੰਦਰ ਦੇ ਦਰਵਾਜੇ ਗਜ਼ਨੀ ਤੋਂ ਵਾਪਸ ਲਿਆਂਦੇ ਗਏ ਅਤੇ ਅਬਦਾਲੀ ਦੇ ਚੰਗੁਲ ਚੋ ਭਾਰਤ ਦੀ ਅਜ਼ਮਤ ਆਜਾਦ ਕਰਾ ਕੇ ਉਹਨਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ ਗਿਆ। ਧਾਰਮਿਕ ਤੌਰ ਤੇ ਵੀ ਵਿਚਾਰਿਆ ਜਾਏ ਤਾਂ ਸਾਰੀ ਮਾਨਵਤਾ ਦਾ ਮਾਲਕ, ਖਾਲਕ, ਸਿਰਜਣਹਾਰ ਕੇਵਲ ਇਕ ਹੀ ਹੈ ਜਿਸਨੂੰ ਕਿਸੇ ਨੇ ਵਸੁਧੇਵ ਕੁਟੰਬਕਮ ਅਤੇ ਕਿਸੇ ਨੇ ਰੱਬੁਲ ਆਲਮੀਨ ਕਹਿ ਦਿੱਤਾ। ਤਾਂ ਤੇ ਗੁਰਬਾਣੀ ਦਾ ਫੁਰਮਾਨ ਹੈ,

ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ।।
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ।।1।। ਆਸਾ

ਇਸ ਲਈ ਮਸਲਾ ਕੇਵਲ ਲਿਖਣ, ਪੜਨ, ਬੋਲਣ ਅਤੇ ਪ੍ਰਚਾਰਨ ਦਾ ਨਹੀਂ ਬਲਕਿ ਮੰਨਣ ਅਤੇ ਮੰਨ ਕੇ ਅਮਲ ਕਰਨ ਦਾ ਹੈ।

ਇਸ ਵਿਵਾਦਤ ਲੇਖ ਵਿਚ ਇਕ ਹੋਰ ਸੰਵਿਧਾਨਕ ਨੁਕਤੇ ਧਾਰਾ 25 ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੁਖਦੀ ਰਗ ਵਾਲੀ ਧਾਰਾ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਸਿੱਖਾਂ ਨੂੰ ਕਾਂਨੂੰਨੀ ਮਾਨਤਾ ਦੇਣ ਤੋਂ ਮੁਨਕਰ ਹੈ।

ਇਸ ਵਿਵਦਤ ਲੇਖ ਵਿਚ ਇਕ ਹੋਰ ਸੰਵਿਧਾਨਕ ਨੁਕਤੇ ਧਾਰਾ 25 ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੁਖਦੀ ਰਗ ਵਾਲੀ ਧਾਰਾ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਸਿੱਖਾਂ ਨੂੰ ਕਾਂਨੂੰਨੀ ਮਾਨਤਾ ਦੇਣ ਤੋਂ ਮੁਨਕਰ ਹੈ।  ਸੁਘੜ ਲਿਖਾਰੀ ਨੇ ਸਿੱਖ ਕੌਮ ਦੀ ਇਸ ਬਹੁਤ ਵੱਡੀ ਅਤੇ ਅਹਿਮ ਮੰਗ ਨੂੰ ਬਹੁਤ ਹੀ ਨਿਗੂਣਾ ਜਿਹਾ ਦਰਸਾ ਕੇ ਲਿਖਿਆ ਹੈ, ਉਸਮੇਂ ਸਿੱਖ, ਜੈਨੀ ਵਾ ਬੋਧੋਂ ਕੋ ਹਿੰਦੂਓਂ ਸੇ ਜੋੜ ਦਿਯਾ ਗਯਾ। ਵਿਧਾਨਕਾਰ ਡਾ. ਅੰਬੇਦਕਰ ਥੇ। ਇਸ ਧਾਰਾ ਕੇ ਕਾਰਣ ਹਮ ਯੇ ਅਰਥ ਨਹੀਂ ਨਿਕਾਲ ਸਕਤੇ ਕਿ ਸੰਵਿਧਾਨ ਵਾਲੇ ਸਿਖੋਂ ਕੇ ਵਿਰੁੱਧ ਥੇ? ਉਨਕਾ ਕੋਈ ਇਰਾਦਾ ਹਮਾਰੇ ਵਿਪਰੀਤ ਨਹੀਂ ਥਾ। ਸੰਵਿਧਾਨ ਮੇਂ ਸ਼ੋਧ ਕਰਨੇ ਵਾਲੀ ਕਮੇਟੀ ਨੇ ਇਸ ਮਦ ਕੋ ਬਦਲਨੇ ਕੀ ਸਿਫਾਰਿਸ਼ ਕਰ ਦੀ ਹੈ।  ਪੰਚਾਂ ਦਾ ਕਿਹਾ ਸਿਰ ਮੱਥੇ। ਪਰਨਾਲਾ ਉੱਥੇ ਦਾ ਉੱਥੇ।

ਇਹ ਠੀਕ ਹੈ ਕਿ ਦੋ ਦਹਾਕੇ ਪਹਿਲਾਂ ਵਾਜਪੇਈ ਜੀ ਦੇ ਪ੍ਰਧਾਨ ਮੰਤਰੀ ਕਾਰਜ ਕਾਲ ਵਿਚ ਸਰਕਾਰ ਵਲੋਂ ਨਿਯੁਕਤ ਵੈਂਕਟਾਚਲੀਆ ਕਮੀਸ਼ਨ ਨੇ ਧਾਰਾ 25 ਵਿਚ ਸੋਧ ਦੀ ਸਿਫਾਰਿਸ਼ ਕੀਤੀ ਸੀ।  ਪਰ ਸਵਾਲ ਹੈ ਕਿ ਇਸ ਨਿਗੂਣੀ ਜਿਹੀ ਮੰਗ ਨੂੰ ਵੀ ਲਾਗੂ ਕਰਨ ਲਈ ਸਰਕਾਰ ਨੂੰ ਕਿਤਨੇ ਦਹਾਕੇ ਹੋਰ ਚਾਹੀਦੇ ਹਨ? ਕਾਰਣ ਸਪਸ਼ਟ ਹੈ ਕਿ ਸਿੱਖਾਂ ਨੂੰ ਧਾਰਮਿਕ ਅਤੇ ਕਾਂਨੂਨੀ ਤੌਰ ਤੇ ਆਜ਼ਾਦ ਨਹੀਂ ਹੋਣ ਦੇਣਾ।

ਇਸ ਵਿਵਾਦਤ ਲੇਖ ਵਿਚ ਵੱਡਾ ਦਾਅਵਾ ਕੀਤਾ ਗਿਆ ਹੈ ਕਿ, ਮੈਨੇ (ਤਰਲੋਚਨ ਸਿੰਘ) ਲਿਖਤੀ ਰੂਪ ਮੇਂ ਆਰ.ਐਸ.ਐਸ. ਸੇ ਬਯਾਨ ਲਿਯਾ ਥਾ ਕਿ ਸਿੱਖ ਏਕ ਅਲਗ ਧਰਮ ਹੈ ਤਥਾ ਵਹ ਉਸੇ ਮਾਨਤੇ ਹੈਂ। ਕਈ ਮੁਸਲਮਾਨ ਹਮੇਂ ਅਪਨਾ ਭਾਈ ਕਹਿਤੇ ਹੈਂ ਤੋਂ ਕਯਾ ਹਮ ਉਨਹੇਂ ਐਸਾ ਕਹਿਨੇ ਸੇ ਮਨਾ ਕਰ ਦੇਂ? ਜ਼ਬਾਨੀ ਕਲਾਮੀ ਤਾਂ ਠੀਕ ਹੈ। ਪਰ ਕੀ ਆਰ. ਐਸ. ਐਸ. ਵਲੋਂ ਐਸੀ ਕੋਈ ਲਿਖਤ ਹੈ?

ਇਸ ਵਿਵਾਦਤ ਲੇਖ ਵਿਚ ਵੱਡਾ ਦਾਅਵਾ ਕੀਤਾ ਗਿਆ ਹੈ ਕਿ, ਮੈਨੇ (ਤਰਲੋਚਨ ਸਿੰਘ) ਲਿਖਤੀ ਰੂਪ ਮੇਂ ਆਰ.ਐਸ.ਐਸ. ਸੇ ਬਯਾਨ ਲਿਯਾ ਥਾ ਕਿ ਸਿੱਖ ਏਕ ਅਲਗ ਧਰਮ ਹੈ ਤਥਾ ਵਹ ਉਸੇ ਮਾਨਤੇ ਹੈਂ। ਕਈ ਮੁਸਲਮਾਨ ਹਮੇਂ ਅਪਨਾ ਭਾਈ ਕਹਿਤੇ ਹੈਂ ਤੋਂ ਕਯਾ ਹਮ ਉਨਹੇਂ ਐਸਾ ਕਹਿਨੇ ਸੇ ਮਨਾ ਕਰ ਦੇਂ? ਜ਼ਬਾਨੀ ਕਲਾਮੀ ਤਾਂ ਠੀਕ ਹੈ। ਪਰ ਕੀ ਆਰ. ਐਸ. ਐਸ. ਵਲੋਂ ਐਸੀ ਕੋਈ ਲਿਖਤ ਹੈ? ਜੇ ਹੈ ਤਾਂ ਉਸਨੂੰ ਸਾਂਝੀ ਕਰਨ ਵਿਚ ਦਿੱਕਤ ਕੀ ਹੈ?  ਬਾਵਜੂਦ ਇਸਦੇ ਸਵਾਲ ਇਹ ਹੈ ਕਿ ਕੀ ਇਸ ਲੇਖ ਦੇ ਲਿਖਾਰੀ ਨੂੰ ਸਾਵਰਕਰ ਅਤੇ ਹੋਰ ਹਮ ਖਿਆਲ ਲਿਖਾਰੀਆਂ ਦੀਆਂ ਲਿਖਤਾਂ ਨਜ਼ਰ ਨਹੀਂ ਆਂਦੀਆਂ ਜਿਹਨਾਂ ਵਿਚ ਸਿੱਖਾਂ ਨੂੰ ਸਪਸ਼ਟ ਤੌਰ ਤੇ ਹਿੰਦੂ ਲਿਖਿਆ ਜਾਂਦਾ ਹੈ।

ਦੂਸਰੀ ਗੱਲ ਜੇਕਰ ਮੁਸਲਮਾਨ, ਹਿੰਦੂ, ਜੈਨੀ, ਬੋਧੀ, ਈਸਾਈ ਜਾਂ ਕੋਈ ਹੋਰ ਵੀ  ਸਿੱਖਾਂ ਨੂੰ ਆਪਣਾ ਭਰਾ ਕਹਿੰਦੇ ਹਨ ਤਾਂ ਸਿੱਖਾਂ ਨੂੰ ਉਸਤੇ ਇਤਰਾਜ਼ ਕਿਉਂ ਹੋਏਗਾ। ਗੁਰੂ ਸਾਹਿਬਾਨ ਵਲੋਂ ਬਖਸ਼ੀ ਸਿੱਖਾਂ ਦੀ ਆਜਾਦ ਧਾਰਮਿਕ ਹਸਤੀ ਹੈ।  ਪਰ ਜੇਕਰ ਮੁਸਲਮਾਨ ਵੀ ਸਿੱਖਾਂ ਨੂੰ ਮੁਸਲਮਾਨ ਕਹਿਣਗੇ ਤਾਂ ਨਿਸਚਤ ਤੌਰ ਤੇ ਇਸ ਤੇ ਇਤਰਾਜ਼ ਹੋਏਗਾ।  ਸਿੱਖ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਪਸ਼ਟ ਹੁਕਮ ਹੈ,

ਜਬ ਲਗ ਖਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਉ ਮੈਂ ਸਾਰਾ।।
ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰਉਂ ਇਨ ਕੀ ਪ੍ਰਤੀਤ।।

ਅੰਤ ਵਿਚ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਕਥਨ ਬਹੁਤ ਹੀ ਮਾਕੂਲ ਹੈ ਕਿ ਹਿੰਦੂ ਅਤੇ ਸਿੱਖ ਗਾਂ ਅਤੇ ਮੱਝ ਦੀ ਨਿਆਈਂ ਕਿੱਲੇ ਨਾਲ ਬੱਧੀਆਂ ਹੋਈਆਂ ਇਕੋ ਖੁਰਲੀ ਵਿਚੋਂ ਪੱਠੇ ਖਾਈ ਜਾਣ। ਜੇਕਰ ਇਹ ਇਸ ਬਹਿਸ ਵਿਚ ਪੈ ਜਾਣ ਕਿ ਮੱਝ ਗਾਂ ਕਿਉਂ ਨਹੀਂ ਅਤੇ ਗਾਂ ਕਿਉਂ ਗਾਂ ਹੈ, ਤਾਂ ਸ਼ਾਇਦ ਖੁਰਲੀ ਹੀ ਨਾ ਸਾਹਮਣਿਓਂ ਚੁੱਕੀ ਜਾਏ।

194 recommended
1710 views
bookmark icon

Write a comment...

Your email address will not be published. Required fields are marked *