ਕੁਲਫ਼ੀ ਠੰਡਮ-ਠੰਡੀ ਤੇ ਅਖ਼ਬਾਰ ਦਾ ਕਿਰਦਾਰ – ਪੁੱਛੇ ਪੰਜਾਬ ਸਿਰ-ਦਾਰ
ਪੱਤਰਕਾਰੀ ਦੀ ਇਹ ਕੋਈ ਪਰਿਭਾਸ਼ਾ ਤਾਂ ਨਹੀਂ ਪਰ ਜੇ ਸੰਪਾਦਕ ਨੂੰ ਪਤਾ ਲੱਗੇ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਡਾ ਦਲਜੀਤ ਸਿੰਘ ਚੀਮਾ, ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਤੋਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਤੇ ਖੇਡ ਜਗਤ ਦੀ ਚੋਟੀ ਦੀ ਹਸਤੀ ਪਰਗਟ ਸਿੰਘ ਚੰਡੀਗੜ੍ਹ ਦੇ ਸੈਕਟਰ 17 ਵਿੱਚ ਇਕੱਠੇ ਕੁਲਫ਼ੀ ਖਾ ਰਹੇ ਹਨ ਤਾਂ ਵੀ ਉਹਦੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਫਟਾਫਟ ਕਿਸੇ ਫੋਟੋਗ੍ਰਾਫ਼ਰ ਨੂੰ ਭਜਾਏ, ਇਸ ਨਜ਼ਾਰੇ ਨੂੰ ਆਪਣੇ ਪਾਠਕਾਂ ਤਕ ਪਹੁੰਚਾਏ ਅਤੇ ਇਹਨਾਂ ਸਿਆਸਤਦਾਨਾਂ ਦੇ ਇਓਂ ਇਕੱਠੇ ਹੋਣ ਦਾ ਸਬੱਬ ਪੁੱਛੇ।
ਪਰ ਧੰਨ ਹੈ ਪੰਜਾਬ ਦੇ ਮਸਲਿਆਂ ਨੂੰ ਕਵਰ ਕਰਦਾ ਅੰਗਰੇਜ਼ੀ ਵਾਲਾ The Tribune ਅਖ਼ਬਾਰ – ਪੰਜਾਬ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਪਿਛਲੇ ਹਫ਼ਤੇ ਐੱਸ.ਵਾਈ.ਐੱਲ ਨਹਿਰ ਅਤੇ ਸਬੰਧਿਤ ਮੁੱਦਿਆਂ ਬਾਰੇ ਸੈਮੀਨਾਰ ਅਨੂਠਾ, ਮਿਸਾਲੀ ਅਤੇ ਦਿਲ ਨੂੰ ਧਰਵਾਸ ਦੇਂਦਾ ਸਬੱਬ ਸੀ ਜਿੱਥੇ ਸੂਝਵਾਨ ਲੋਕਾਂ ਨੇ ਸਿਆਸੀ ਲੜਾਈ ਦੇ ਆਹਮੋ ਸਾਹਮਣੇ ਦੇ ਵੋਟ ਘੁਲਾਟੀਆਂ ਨੂੰ ਇਕੱਠਿਆਂ ਬੈਠ ਪੰਜਾਬ ਦੇ ਬੁੱਧੀਜੀਵੀਆਂ ਨੂੰ ਘੰਟਿਆਂ-ਬੱਧੀ ਸੁਣਦਿਆਂ ਵੇਖਿਆ ਪਰ The Tribune ਨੇ ਇਸ ਦਾ ਮੁਕੰਮਲ ਬਾਈਕਾਟ ਕੀਤਾ, ਛੋਟੀ ਜਿਹੀ ਰਸਮ ਅਦਾਇਗੀ ਵਾਲੀ ਖ਼ਬਰ ਵੀ ਨਹੀਂ ਲਾਈ ਅਤੇ ਨਾ ਹੀ ਅਗਲੇ ਦਿਨ ਇਸ ਘੋਰ ਕੁਤਾਹੀ ਦੀ ਦਰੁਸਤੀ ਲਈ ਕੋਈ ਸ਼ਬਦ ਇਸ ਅਖ਼ਬਾਰ ਤੋਂ ਝਰੀਟੇ ਗਏ।
ਸੈਮੀਨਾਰ ਐਸਾ ਕਿ ਲੋਕਾਂ ਆਖਿਆ ਪੰਜਾਬ ਸਰਦਾਰਾਂ ਦਾ ਵੀ ਹੈ, ਸਿਰ-ਦਾਰਾਂ ਦਾ ਵੀ ਹੈ। ਇੰਡੀਅਨ ਐਕਸਪ੍ਰੈੱਸ ਨੇ ਉਸੇ ਸੈਮੀਨਾਰ ਦੀ ਖ਼ਬਰ ਬਿਹਤਰੀਨ ਤਰੀਕੇ ਨੁਮਾਇਆ ਰੂਪ ਵਿੱਚ ਲਗਾਈ (ਖ਼ੈਰ, ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਅਖ਼ਬਾਰ ਵੱਲੋਂ ਸੈਮੀਨਾਰ ਦੀ ਕਵਰੇਜ ਇਹੋ ਜਿਹੇ ਪੱਤਰਕਾਰ ਦੀ ਡਿਊਟੀ ਸੀ ਜਿਹੜੇ ਨਾ ਕੇਵਲ ਸੂਝਬੂਝ ਰੱਖਦੇ ਹਨ ਬਲਕਿ ਕਿਸੇ ਵੀ ਮਸਲੇ ਉੱਤੇ ਵਧੇਰੇ ਜਾਣਕਾਰੀ ਲੈਣ ਲਈ ਸਾਥੀ ਸੀਨੀਅਰ ਪੱਤਰਕਾਰਾਂ ਨੂੰ ਪੁੱਛਣ ਵਿੱਚ ਕੋਈ ਗੁਰੇਜ਼ ਨਹੀਂ ਕਰਦੇ। (ਮੈਂ ਇਹ ਅਰਜ਼ ਕਰ ਦਿਆਂ ਕਿ ਮੇਰੀ ਉਹਨਾਂ ਨਾਲ ਰਫ਼ਾਕਤ ਕੇਵਲ ਉਹਨਾਂ ਦੀ ਲੇਖਣੀ ਦੀ ਹਦ ਤਕ ਹੈ।)
SYL seminar offers novel template for Nov 1 debate –The Times of India -ਦੀ ਹੀ ਪਤਾ ਨਹੀਂ ਕਿਹੜੀ ਮਤ ਮਾਰੀ ਗਈ ਸੀ ਕਿ ਇਹ ਅਖ਼ਬਾਰ ਲਗਾਤਾਰ ਦੋ ਦਿਨ ਇਸੇ 27 ਅਕਤੂਬਰ ਵਾਲੇ ਸੈਮੀਨਾਰ ਬਾਰੇ ਲਿਖਦਾ ਰਿਹਾ। ਬਾਕੀ ਅਖ਼ਬਾਰਾਂ ਨੇ ਵੀ ਆਪਣੀ ਸਮਝ ਅਨੁਸਾਰ ਸੈਮੀਨਾਰ ਦੀ ਰਿਪੋਰਟਿੰਗ ਕੀਤੀ। ਪੰਜਾਬੀ ਟ੍ਰਿਬਿਊਨ ਨੇ ਕਿਹੜੀ ਸਮਝ ਅਨੁਸਾਰ ਰਿਪੋਰਟਿੰਗ ਕੀਤੀ, ਇਹ ਤਾਂ ਰੱਬ ਹੀ ਜਾਣਦਾ ਹੈ। ਵੈਸੇ, ਸਭ ਤੋਂ ਬਿਹਤਰ ਰਿਪੋਰਟਿੰਗ ਦੀ ਉਮੀਦ ਪੰਜਾਬੀ ਟ੍ਰਿਬਿਊਨ ਤੋਂ ਹੀ ਸੀ। ਮੈਨੂੰ ਤਾਂ ਇਹੀ ਸ਼ੱਕ ਹੈ ਕਿ ਉਸ ਦਿਨ ਕਿਧਰੇ ਸੰਪਾਦਕ ਸਾਹਿਬ ਦੀ ਗੈਰਹਾਜ਼ਰੀ ਦਾ ਹੀ ਤਾਂ ਲਾਭ ਨਹੀਂ ਉਠਾਇਆ ਅਮਲੇ ਨੇ?
ਵੈਸੇ ਹੁਣ ‘ਕੋਈ ਉਮੀਦ ਬਰ ਨਹੀਂ ਆਤੀ’ ਵਾਲੀ ਹਾਲਤ ਤੋਂ ਅਗਾਂਹ ਪਹੁੰਚ ਚੁੱਕੀ ਹੈ ਗੱਲ – ਹੁਣ ਤਾਂ ‘ਆਗੇ ਆਤੀ ਥੀ ਹਾਲ-ਏ-ਦਿਲ ਪੇ ਹੰਸੀ, ਅਬ ਕਿਸੀ ਬਾਤ ਪਰ ਨਹੀਂ ਆਤੀ” ਵਾਲੇ ਹਾਲਾਤ ਹਨ। ਅੱਜ ਮੰਗਲਵਾਰ ਨੂੰ ਪੰਜਾਬ ਦੇ ਪਾਣੀਆਂ ਬਾਰੇ ਡਾ ਪਿਆਰਾ ਲਾਲ ਗਰਗ ਦਾ ਤਫ਼ਸੀਲੀ ਲੇਖ ਜ਼ਰੂਰ ਛਪਿਆ ਹੈ ਸੰਪਾਦਕੀ ਪੰਨੇ ਉੱਤੇ, ਇਹਤੋਂ ਸੰਪਾਦਕ ਸਾਹਿਬ ਦੇ ਆਪਣੇ ਕਮਰੇ ਵਿੱਚ ਬਾਕਾਇਦਾ ਹਾਜ਼ਰ ਹੋਣ ਦੀ ਸੂਹ ਪਈ ਹੈ।
ਵੈਸੇ, ਅੰਗਰੇਜ਼ੀ ਵਾਲੀ The Tribune ਨੂੰ ਜਿਹੜੀ ਚਿੰਤਾ ਨੇ ਡੂੰਘਾ ਸਤਾਇਆ ਹੋਇਆ ਹੈ ਅੱਜਕਲ, ਉਹਨੂੰ ਵੇਖ ਮੇਰਾ ਦਿਲ ਹੀ ਪਸੀਜ ਗਿਆ ਹੈ। 2036 ਵਿੱਚ ਭਾਰਤ ਵਿੱਚ ਹੋਣ ਵਾਲੀਆਂ ਓਲਿੰਪਿਕ ਖੇਡਾਂ ਵੇਲੇ ਪ੍ਰਦੂਸ਼ਣ ਨਾ ਕਰ ਦੇਵਣ ਕਿਸਾਨ ਸਾੜ ਸਾੜ ਕੇ ਪਰਾਲੀ, ਇਸ ਚਿੰਤਾ ਨੇ ਸੰਪਾਦਕ ਸਾਹਿਬ ਨੂੰ ਕੁੰਡਲੀ ਤੋਂ ਨੋਇਡਾ ਦੇ ਸਾਰੇ ਰਸਤੇ ਘੇਰੀ ਰੱਖਿਆ। ਉਹਨਾਂ ਨੇ ਪਰਾਲੀ ਦੇ ਡੱਕੇ ਡੱਕੇ ਦੇ ਅੰਦਰ ਵੜ੍ਹ ਕੇ ਏਨੀ ਜਾਣਕਾਰੀ ਹਾਸਲ ਕੀਤੀ ਹੈ ਕਿ ਤੁਹਾਨੂੰ ਪਰਾਲੀ ਦੀਆਂ ਗੰਢਾਂ ਬੰਨ੍ਹਣ ਤੋਂ ਲੈਕੇ ਇਹਦਾ ਪੂਰਾ ਮੱਕੂ ਠੱਪਣ ਤੱਕ ਦਾ ਸਾਰਾ ਫਾਰਮੂਲਾ ਲਿਖ ਮਾਰਿਆ ਹੈ। ਭਾਗਾਂ ਵਾਲਾ ਹੈ ਪੰਜਾਬ ਜੋ ਖੇਤੀ ਬਾਰੇ ਮੁੱਦਿਆਂ ਦੀ ਏਨੀ ਸਮਝ ਰੱਖਣ ਵਾਲੇ ਸੰਪਾਦਕ ਮਿਲੇ ਹਨ। ਜਾਖੜ, ਮਜੀਠੀਆ, ਮਾਨ ਤੇ ਪਰਗਟ ਸਿੰਘ ਭਾਵੇਂ ਜਿੱਥੇ ਮਰਜ਼ੀ ਬਾਂਹ ‘ਚ ਬਾਂਹ ਪਾ ਕੇ ਕੁਲਫ਼ੀ ਖਾਂਦੇ ਫਿਰਨ, ਸੁੱਟੋ ਇਹ ਮਸਲੇ ਐੱਸ.ਵਾਈ.ਐੱਲ ਨਹਿਰ ‘ਚ।
The Tribune ਜਿਸ ਕੰਮ ਉੱਤੇ ਡਟਿਆ ਹੋਇਆ ਹੈ, ਪੂਰੀ ਤਨਦੇਹੀ ਨਾਲ ਕਰ ਰਿਹਾ ਹੈ। ਹੁਣ ਜੇ 2036 ਤੱਕ ਉੱਤੇ ਮੋਦੀ ਹੀ ਨਾ ਰਿਹਾ, ਫਿਰ ਮਾਮਾ ਕੀ ਕਰੇਂਗਾ? ਜੇ ਕੁਲਫੀ ਗਰਮਾ ਗਰਮ ਵਾਲੇ ਦੀ ਇਸ਼ਤਿਹਾਰੀ ਹੱਟੀ ਠੰਡੀ ਹੋ ਗਈ, ਫਿਰ ਕਿਸ ਭਾਅ ਵਿਕੂਗੀ ਪਰਾਲੀ ਤੇਰੀ? ਛੱਡੋ, ਹੁਣ ਇਹ ਕੋਈ ਕਹਿਣ ਦੀਆਂ ਗੱਲਾਂ ਨੇ? ਨਾਲੇ ਉਹ ਨਹੀਂ ਕਰੀ ਦੀਆਂ ਜਿਹੜੀਆਂ ਗ਼ਾਲਿਬ ਆਪ ਕਰ ਗਏ ਹੋਣ – “ਹੈ ਕੁਛ ਐਸੀ ਹੀ ਬਾਤ ਜੋ ਚੁੱਪ ਹੂੰ, ਵਰਨਾ ਕਯਾ ਬਾਤ ਕਰ ਨਹੀਂ ਆਤੀ।”
(ਪਰਾਲੀ ਦੀ ਗੰਢ ਏਥੇ ਬੰਨ੍ਹੋ – Let Farmers Make Hay and Money Too – ਦੂਜਾ ਸਿਰਾ ਸੰਪਾਦਕ ਨੇ ਕੱਸ ਕੇ ਫੜ ਲਿਆ ਹੈ, 2036 ਤੱਕ ਤਾਂ ਧੂੰਆਂ ਧੂੰਆਂ ਕਰ ਦੇਵੇਗਾ। ਉਹਨਾਂ ਦੇ ਲੇਖ ਦਾ ਸਿਰਨਾਵਾਂ ਹੈ – ਨਾਲੇ ਵਹਿੰਦੀ ਗੰਗਾ ਵਿੱਚ ਹੱਥ ਧੋਵੋ, ਨਾਲੇ ਨੋਟ ਕਮਾਓ। ਉਹ ਦੋਵੇਂ ਕੰਮ ਕਰ ਰਹੇ ਹਨ, ਤੁਹਾਨੂੰ ਵੀ ਇਹੀ ਸਲਾਹ ਦੇ ਰਹੇ ਹਨ।)
ਬਚੀ ਹੋਈ ਭੜਾਸ – ਸਾਰਾ ਕੁੱਝ ਕਹਿ ਮਾਰਿਆ ਹੈ ਤਾਂ ਇਹ ਕਿਓਂ ਦਿਲ ਵਿੱਚ ਰੱਖਣਾ – ਨਾਲੇ ਅਸਾਂ ਥੋੜ੍ਹੀ ਕਿਹਾ ਹੈ, ਗ਼ਾਲਿਬ ਦੇ ਪੱਲੇ ਪਿਆ ਹੈ
“ਕਾਅਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮ ਕੋ ਮਗਰ ਨਹੀਂ ਆਤੀ”
One thought on “ਕੁਲਫ਼ੀ ਠੰਡਮ-ਠੰਡੀ ਤੇ ਅਖ਼ਬਾਰ ਦਾ ਕਿਰਦਾਰ – ਪੁੱਛੇ ਪੰਜਾਬ ਸਿਰ-ਦਾਰ”