ਗਵਾਚੀਆਂ ਕਸ਼ਮੀਰ ਫ਼ਾਈਲਾਂ, ਸ਼ਹਿਰ ਵਿੱਚ ਚੱਲ ਰਹੀ ਫਿਲਮ, ਸਿੱਖਾਂ ਬਾਰੇ ਕਲਿੰਟਨ-ਬੋਲ ਅਤੇ ਖਟਕੜ ਕਲਾਂ ਦੀ ਬਸੰਤ
ਪ੍ਰਧਾਨ ਮੰਤਰੀ ਦਾ ਥਾਪੜਾ ਹੈ – ਆਓ ਕਸ਼ਮੀਰੀ ਫ਼ਾਈਲਾਂ ਵਾਚਣ ਚਲੀਏ।
ਹਿੰਦੁਸਤਾਨ ਅੱਜਕਲ ਸਿਨੇਮਾ ਵੇਖਣ ਜਾ ਰਿਹਾ ਹੈ। ਰਾਜਨੀਤੀ ਨੇ ਇਤਿਹਾਸਕਾਰੀ ਕਰਨ ਉੱਤੇ ਲੱਕ ਬੱਧਾ ਹੈ, ਇਸ ਲਈ ਦੇਸ਼ ਭਰ ਵਿੱਚ ਭੀੜਾਂ ਕਸ਼ਮੀਰ ਸਮੱਸਿਆ ਦਾ ਇਤਿਹਾਸ ਸਮਝਣ ਲਈ “ਦਿ ਕਸ਼ਮੀਰ ਫਾਈਲਜ਼” ਨਾਮ ਦੀ ਫਿਲਮ ਵੇਖਣ ਬਹੁੜ ਰਹੀਆਂ ਹਨ। ਫਿਲਮ ਵਿੱਚ ਬਹੁਤੀਆਂ ਅੜਚਣਾਂ ਵੀ ਨਹੀਂ। ਸਾਰੀ ਗੱਲ ਏਨੀ ਸਾਫ਼ ਸ਼ਫ਼ਾਫ਼ ਸਪਸ਼ਟ ਤਰੀਕੇ ਨਾਲ ਬਿਆਨ ਕੀਤੀ ਗਈ ਹੈ ਕਿ ਇਤਿਹਾਸ ਸਮਝ ਆਉਂਦਿਆਂ ਹੀ ਸਿਨੇਮਾ ਹਾਲ ਵਿੱਚ “ਜੈ ਸ੍ਰੀ ਰਾਮ” ਗੂੰਜ ਉੱਠਦਾ ਹੈ। ਮਾਮਲਾ ਧਾਰਮਿਕ ਤਾਂ ਲੱਗਦਾ ਹੀ ਨਹੀਂ, ਦੇਸ਼ ਭਗਤੀ ਵਾਲਾ ਹੋ ਜਾਂਦਾ ਹੈ। “ਮੇਰਾ ਭਾਰਤ ਮਹਾਨ” ਦੇ ਬੋਲੇ ਵੀ ਬਾ-ਆਵਾਜ਼ੇ-ਬੁਲੰਦ ਗੂੰਜਦੇ ਹਨ। ਜੋ ਕੁੱਝ ਕਸ਼ਮੀਰੀ ਮੁਸਲਮਾਨਾਂ ਨਾਲ ਕਰਨ ਦੀ ਪ੍ਰੇਰਨਾ ਫਿਲਮ ਭੀੜਾਂ ਵਿੱਚ ਭਰ ਰਹੀ ਹੈ, ਉਸ ਬਾਰੇ ਹੁਣ ਕਿਸੇ ਲੇਖ, ਸੰਪਾਦਕੀ, ਤਰਜੀਹੇ ਦੀ ਲੋੜ ਬਾਕੀ ਨਹੀਂ ਬਚੀ।
ਜਦੋਂ ਹੁਣ ਲੋਕ ਕਸ਼ਮੀਰ ਨਾਲ ਜੁੜੀਆਂ ਫਾਈਲਾਂ ਵੇਖ ਹੀ ਰਹੇ ਹਨ ਤਾਂ ਇਹ ਸਾਡਾ ਫਰਜ਼ ਹੈ ਕਿ ਜਿਹੜੀਆਂ ਕਸ਼ਮੀਰ ਫਾਈਲਾਂ ਲੋਕਾਂ ਤੋਂ ਲੁਕਾਉਣ, ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਵੇਖਣ ਪੜ੍ਹਨ ਲਈ ਤਰੱਦਦ ਕਰੀਏ। ਅੱਜਕਲ ਫ਼ਾਈਲ ਲੁਕਾਉਣ ਲਈ ਫ਼ਾਈਲ ਛੁਪਾਉਣੀ ਵੀ ਨਹੀਂ ਪੈਂਦੀ। ਬਸ, ਤੁਸੀਂ ਮਸਲੇ ਬਾਰੇ ਗੱਲ ਨਾ ਕਰੋ, ਟੀਵੀ ਉੱਤੇ ਚਰਚਾ ਨਾ ਕਰੋ, ਬਿਆਨ ਨਾ ਦਿਓ, ਫ਼ਾਈਲ ਧੂੜ ਵਿਚ ਗਵਾਚ ਜਾਂਦੀ ਹੈ, ਯਾਦਾਂ ਦੇ ਤਹਿਖ਼ਾਨੇ ਵਿੱਚ ਦਫ਼ਨ ਹੋ ਜਾਂਦੀ ਹੈ।
ਫਿਲਮ, ਟੀਵੀ, ਅਖ਼ਬਾਰ, ਯੂ-ਟਿਊਬ — ਸਭ ਤੁਹਾਡਾ ਦਿਮਾਗ, ਅੱਖੀਆਂ, ਸਮਾਂ, ਧਿਆਨ ਮੰਗਦੇ ਹਨ। ਸੰਵੇਦਨਸ਼ੀਲ ਫ਼ਾਈਲਾਂ ਤਾਂ ਪੁਰਾਣੀਆਂ ਰੱਦੀ ਅਖ਼ਬਾਰਾਂ ਦੇ ਢੇਰਾਂ ਥੱਲੇ ਦੱਬੀਆਂ ਰਹਿ ਜਾਂਦੀਆਂ ਹਨ। ਸ਼ਾਇਦ ਹਾਲੇ “ਕਸ਼ਮੀਰ ਫਾਈਲਜ਼ – ਮੋੜਵਾਂ ਜਵਾਬ” ਫਿਲਮ ਬਣਾਉਣ ਵਾਲੀ ਧਿਰ ਆਪ ਹੀ ਲੜਖੜਾ ਰਹੀ ਹੈ, ਇਸ ਲਈ ਤੁਹਾਡੀ ਜਾਣਕਾਰੀ ਵਿੱਚ ਹੋਰ ਤਾਖ਼ੀਰ ਨਾ ਹੋਵੇ, ਇਹ ਭੁੱਲੀਆਂ ਵਿਸਰੀਆਂ ਜਾਂ ਭੁਲਾਈਆਂ ਵਿਸਾਰੀਆਂ ਕਸ਼ਮੀਰ ਫ਼ਾਈਲਾਂ ਤੁਹਾਡੀ ਨਜ਼ਰ ਕਰਨੀਆਂ ਜ਼ਰੂਰੀ ਹਨ।
ਦੇਸ਼ ਭਗਤੀ ਦੇ ਨਾਅਰੇ ਅਤੇ ਕਸ਼ਮੀਰ ਬਾਰੇ ਸਮਝ ਬਣਾਉਣ ਲੱਗਿਆਂ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਧਿਰ ਕੋਈ ਫ਼ਾਈਲ ਤੁਹਾਡੇ ਤੋਂ ਲੁਕਾਅ ਕੇ ਨਾ ਰੱਖ ਸਕੇ। ਮੇਰਾ ਇਹ ਯਕੀਨ ਹੈ ਕਿ ਸਿਨੇਮਾ ਹਾਲ ਵਿੱਚ ਫਿਲਮ ਦੇਖਦਿਆਂ ਗੂੰਜ ਰਹੇ “ਜੈ ਸ੍ਰੀ ਰਾਮ” ਦੇ ਨਾਅਰੇ ਵਿੱਚ ਭਗਵਾਨ ਦੇ ਪ੍ਰਤੀ ਸ਼ਰਧਾ ਵੀ ਹੈ, ਮਰਿਆਦਾ ਦੀ ਬਾਤ ਵੀ ਹੈ, ਬਚਨ ਪੁਗਾਉਣ ਦੀ ਪ੍ਰੇਰਨਾ ਵੀ ਅਤੇ ਨਿਸ਼ਾਨਾ ਠੀਕ ਲਗਾਉਣ ਲਈ ਸੂਖ਼ਮ ਅਤੇ ਸੰਪੂਰਨ ਸੂਚਨਾ ਦਾ ਇਦਰਾਕ਼ ਵੀ। ਵਿਭੀਸ਼ਨ ਜਿਹੜੀ ਗੁਪਤ ਸੂਚਨਾ ਮੁਹੱਈਆ ਕਰਦਾ ਹੈ, ਉਸੇ ਦੀ ਬਿਨਾ ਮੇਰੇ ਰਾਮ ਜੀ ਦਾ ਤੀਰ ਸਮੱਸਿਆ ਦੀ ਧੁੰਨੀ ਵਿੱਚ ਜਾ ਲੱਗਦਾ ਹੈ। ਜੇ ਧੁੰਨੀ ਵਾਲੀ ਫ਼ਾਈਲ ਗੁਪਤ ਰਹਿ ਜਾਂਦੀ ਤਾਂ …
ਭਗਵਾਨ ਰਾਮ ਤਾਂ ਪ੍ਰਭੂ ਸਵੈਮ ਸਨ, ਕਿਸੇ ਗੁਪਤ ਫ਼ਾਈਲ ਦੇ ਨੁਮਾਇਆ ਹੋ ਜਾਣ ਜਾਂ ਉਪਲਬਧ ਨਾ ਹੋਣ ਦੇ ਮੁਥਾਜ ਨਹੀਂ ਸਨ। ਕੋਈ ਹੋਰ ਰਸਤਾ ਕੱਢ ਲੈਂਦੇ।
ਅਸੀਂ ਪ੍ਰਭੂ ਨਹੀਂ ਹਾਂ। ਰਾਮ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਹਾਂ। ਹੱਢ ਮਾਸ ਦੇ ਇਨਸਾਨ ਹਾਂ। ਪ੍ਰਾਪਤ ਸੂਚਨਾ ਦੇ ਆਧਾਰ ਉੱਤੇ ਐਕਸ਼ਨ ਲੈਂਦੇ ਹਾਂ। ਪਤਾ ਲੱਗੇ ਕਿ ਪੁਰਾਣੇ ਸਭ ਚੋਰ ਹਨ ਤਾਂ 92/117 ਜਿਤਾਉਂਦੇ ਹਾਂ। ਜੇ ਪਹਿਲੋਂ ਪਤਾ ਲੱਗ ਜਾਂਦਾ ਕਿ ਰਾਜ ਸਭਾ ਵਿੱਚ ਕਿਹੜੇ ਸਿਰ-ਕੱਢ ਪੰਜ ਮਹਾਂਪੁਰਸ਼ਾਂ ਨੇ ਜਾਣਾ ਹੈ ਜਾਂ ਚੰਡੀਗੜ੍ਹ ਪੰਜਾਬ ਦਾ ਕਿੰਨ੍ਹਾ ਕੁ ਹੋ ਜਾਣਾ ਹੈ ਜਾਂ ਭਾਖੜਾ ਕਿਸ ਦੇ ਹੱਥ ਆਉਣਾ ਹੈ ਅਤੇ ਕਿਸ ਨੇ ਚੁੱਪ ਰਹਿਣਾ, ਕਿਸ ਨੇ ਬੋਲਣਾ ਹੈ ਤਾਂ ਫਿਰ ਨਤੀਜਾ ਕੀ ਹੁੰਦਾ? ਸਾਰੀਆਂ ਫ਼ਾਈਲਾਂ ਵੇਖ-ਪੜ੍ਹ ਲੈਣ ਨਾਲ ਫ਼ੈਸਲਾ-ਸਾਜ਼ੀ ਵਿੱਚ ਸਹੂਲਤ ਹੁੰਦੀ ਹੈ।
ਹੁਣੇ-ਹੁਣੇ ਜਿਸ ਦਿਨ ਅਸੀਂ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾ ਰਹੇ ਸੀ, ਅਮਰੀਕਾ ਤੋਂ ਇੱਕ ਐਸੀ ਖ਼ਬਰ ਆਈ ਜਿਸ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਜ਼ਾਹਰਾ ਵਾਸਤਾ ਨਹੀਂ ਸੀ। ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮੈਡਲੀਨ ਐੱਲਬ੍ਰਾਈਟ ਚੱਲ ਵਸੀ। ਜੇ ਅਸੀਂ ਕਸ਼ਮੀਰੀ ਫ਼ਾਈਲਾਂ ਨਾਲ ਜੁੜੇ ਰਹਿੰਦੇ ਤਾਂ ਉਸ ਬਹਿਸ ਦਾ ਮੁੜ ਆਗਾਸ ਹੁੰਦਾ ਕਿ ਛੱਤੀਸਿੰਗਪੁਰਾ ਵਿਚ 20 ਮਾਰਚ 2000 ਦੀ ਰਾਤ ਨੂੰ 35 ਸਿੱਖਾਂ ਨੂੰ ਲਾਈਨ ਵਿੱਚ ਖੜ੍ਹੇ ਕਰ ਕੇ ਕਿਸ ਨੇ ਗੋਲੀਆਂ ਮਾਰੀਆਂ ਸਨ। ਮੈਡਲੀਨ ਐੱਲਬ੍ਰਾਈਟ ਦੀ ਕਿਤਾਬ ਦੀ ਭੂਮਿਕਾ ਵਿੱਚ ਬਿੱਲ ਕਲਿੰਟਨ ਨੇ ਇਸ ਕਸ਼ਮੀਰੀ ਸਿੱਖਾਂ ਦੇ ਕਤਲਾਂ ਦੀ ਫ਼ਾਈਲ ਖੋਲ੍ਹ ਦਿੱਤੀ ਸੀ ਅਤੇ ਅੱਜ ਤੱਕ ਵੀ ਉਹ ਆਪਣੇ ਕਹੇ ਤੋਂ ਮੁਨਕਰ ਨਹੀਂ ਹੋਏ।
ਸਿੱਖ ਕੌਮ ਨੂੰ, ਸਮੂਹ ਪੰਜਾਬੀਆਂ ਨੂੰ, ਦੁਨੀਆ ਭਰ ਦੇ ਇਨਸਾਫ਼ ਪਸੰਦ ਗ਼ੈਰ-ਜਾਨਬਦਾਰ ਲੋਕਾਂ ਨੂੰ ਇਹਨਾਂ ਸਾਰੇ ਖ਼ਬਰ-ਚੱਕਰਾਂ (news cycles) ਵੱਲ ਧਿਆਨ ਦੇਣਾ ਬਣਦਾ ਹੈ। ਵਹੀਰਾਂ ਘੱਤ ਕੇ “ਦਿ ਕਸ਼ਮੀਰ ਫਾਈਲਜ਼” ਵੇਖਣ ਜਾਂਦੀਆਂ ਭੀੜਾਂ ਬਾਰੇ ਖ਼ਬਰਾਂ ਤਬਸਰੇ, ਪ੍ਰਧਾਨ ਮੰਤਰੀ ਦੀ ਫ਼ਿਲਮ ਵੇਖਣ ਬਾਰੇ ਤਾਕੀਦ ਅਤੇ ਮੈਡਲੀਨ ਐੱਲਬ੍ਰਾਈਟ ਦੀ ਕਿਤਾਬ ਦੀ ਭੂਮਿਕਾ ਵਿੱਚ ਕਲਿੰਟਨ ਦੀ ਲਿੱਖੀ ਸਿੱਖਾਂ ਨਾਲ ਜੁੜੀ “ਕਸ਼ਮੀਰ ਫ਼ਾਈਲ”।
ਸਾਡੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜਿਹੜੇ ਸਾਨੂੰ “ਦਿ ਕਸ਼ਮੀਰ ਫਾਈਲਜ਼” ਫਿਲਮ ਵੇਖਣ ਦੀ ਤਾਕੀਦ ਕਰ ਰਹੇ ਹਨ, ਤੋਂ ਪ੍ਰੇਰਣਾ ਲੈਕੇ ਅਸੀਂ ਤਿੰਨ ਹੋਰ ਕਸ਼ਮੀਰੀ ਫਾਈਲਾਂ ਵੀ ਨਾਲ ਹੀ ਨੱਥੀ ਕਰ ਰਹੇ ਹਾਂ – ਛੱਤੀਸਿੰਗਪੁਰਾ ਫ਼ਾਈਲਜ਼, ਪੱਥਰੀਬਲ ਫ਼ਾਈਲਜ਼ ਅਤੇ ਬਰਾਕਪੁਰਾ ਫ਼ਾਈਲਜ਼। ਇਹ ਤਿੰਨੋ ਫ਼ਾਈਲਾਂ 22 ਸਾਲ ਪਹਿਲੋਂ ਸੰਨ 2000 ਦੀ ਬਸੰਤ ਰੁੱਤੇ ਇੱਕੋ ਪੰਦਰਵਾੜੇ ਦੇ ਅੰਦਰ ਅੰਦਰ ਖੁੱਲ੍ਹੀਆਂ ਸਨ ਅਤੇ ਫਿਰ ਸਾਲਾਂ ਤੋਂ ਇਹਨਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਅਤੇ ਸਚਾਈ ਦਾ ਮੱਕੂ ਠੱਪਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹਨਾਂ ਫ਼ਾਈਲਾਂ ਉੱਤੇ ਖ਼ੂਨ ਦੇ ਛਿੱਟੇ ਪਏ ਹੋਏ ਹਨ, ਸਫ਼ੇ ਗੋਲੀਆਂ ਨਾਲ ਵਿੰਨ੍ਹੇ ਪਏ ਹਨ, ਅਤੇ ਅੰਦਰਲੇ ਸੱਚ ਕਦੀ ਫੌਜੀ ਬੂਟਾਂ ਥੱਲੇ ਅਤੇ ਕਦੀ ਅਤਿਵਾਦੀਆਂ ਦੀਆਂ ਬੰਦੂਕਾਂ ਨਾਲ ਵਲੂੰਧਰੇ ਪਏ ਹਨ। ਮੌਕਾ ਬੇਮੌਕਾ ਇਹ ਕਹਾਣੀ ਕਹੀ ਜਾਂਦੀ ਰਹੀ ਹੈ ਪਰ ਸਾਡੀਆਂ ਯਾਦਾਂ ਉੱਤੇ ਏਨੀ ਧੂੜ ਜੰਮ ਜਾਂਦੀ ਹੈ ਕਿ ਸਿਨੇਮਾ ਹਾਲ ਵਿੱਚ ‘ਹਿੰਦੂਆਂ ਨਾਲ ਵਾਦੀ ਵਿੱਚ ਕੀ ਹੋਇਆ’ ਦੀ ਗੱਲ ਕਰਦੀ “ਕਸ਼ਮੀਰ ਫਾਈਲਜ਼” ਫਿਲਮ ਲੱਗਣ ਤੋਂ ਬਾਅਦ ਵੀ ਕੋਈ ਯਾਦ ਨਹੀਂ ਕਰਦਾ ਕਿ ‘ਉਸੇ ਵਾਦੀ ਵਿਚ ਉਸ ਰਾਤ ਸਿੱਖਾਂ ਨਾਲ ਕੀ ਹੋਇਆ!’ ਅਤੇ ਫਿਰ ਜੋ ਸਿੱਖਾਂ ਨਾਲ ਹੋਇਆ, ਉਸ ਤੋਂ ਬਾਅਦ ਸਥਾਨਕ ਮੁਸਲਮਾਨ ਬਰਾਦਰੀ ਨਾਲ ਕੀ ਹੋਇਆ, ਇਹ ਤਾਂ ਪੰਥ ਵੀ ਬੜੀ ਪਹਿਲੋਂ ਪੁੱਛਣਾ ਛੱਡ ਚੁੱਕਾ ਹੈ।
ਹੁਣ ਪੁਰਾਣੀਆਂ ਭੇਤ-ਖੋਲ੍ਹਦੀਆਂ ਫ਼ਾਈਲਾਂ ਖੁੱਲ੍ਹ ਹੀ ਰਹੀਆਂ ਹਨ ਤਾਂ ਗੱਲ ਸਾਫ਼ ਸ਼ਫ਼ਾਫ਼ ਹੋਣੀ ਚਾਹੀਦੀ ਹੈ। ਇਸ ਲਈ ਮੈਂ ਸਿੱਧੇ ਸਿੱਧੇ “ਹਿੰਦੂ,” “ਸਿੱਖ,” “ਮੁਸਲਮਾਨ” ਵਰਤ ਰਿਹਾ ਹਾਂ। “ਬਹੁਗਿਣਤੀ” “ਘੱਟਗਿਣਤੀ” ਵਾਲੇ ਇਸ਼ਾਰਤਨ ਸੱਭਿਅਕ ਸ਼ਬਦਾਂ ਵਿੱਚ ਮਾਅਨੇ ਗਵਾਚਦੇ ਜਾ ਰਹੇ ਹਨ। ਸਿੱਟੇ ਵਜੋਂ ਬਾਹਰ ਨਮਾਜ਼ੀ ਉੱਤੇ ਪਹਾੜ ਟੁੱਟ ਰਿਹਾ ਹੈ, ਹਿਜਾਬ ਵਾਲੀ ਨਾਲ ਬਦਤਮੀਜ਼ੀ ਅਤੇ ਧੱਕਾ ਹੋ ਰਿਹਾ ਹੈ, ਵਿੱਚੇ ਪੱਗ ਵਾਲਾ ਵੀ ਘੜੀਸਿਆ ਜਾ ਰਿਹਾ ਹੈ। ਜ਼ਹਿਰ ਦਾ ਦਰਿਆ ਵੱਗ ਰਿਹਾ ਹੈ। ਸਿਨੇਮਾ ਹਾਲ ਵਿੱਚੋਂ ਨਵਾਂ ਨਵਾਂ ਦੇਸ਼ ਭਗਤ ਜਿਹਾਦੀ ਭੁੜਕ ਭੁੜਕ ਬਾਹਰ ਆ ਰਿਹਾ ਹੈ। ਜਿਹਾਦ ਦੀ ਗੱਲ ਕਰਨ ਵਾਲੇ ਨੂੰ ਕੁੱਟ ਮਾਰ ਭਜਾ ਰਿਹਾ ਹੈ। ਦੇਸ਼ ਭਗਤੀ ਉੱਤੇ ਅਜਾਰੇਦਾਰੀ ਦਾ ਡੰਕਾ ਵਜਾ ਰਿਹਾ ਹੈ।
ਫ਼ਾਈਲਾਂ ਦੇ ਇਸ ਢੇਰ ਉੱਤੋਂ ਸਿਖਰਲੀ ਫ਼ਾਈਲ ਚੁੱਕੋ।
ਛੱਤੀਸਿੰਘਪੁਰਾ ਫ਼ਾਈਲਜ਼ —
ਇਹ ਫ਼ਾਈਲ ਮਾਰਚ 20, 2000 ਦੀ ਦੇਰ ਸ਼ਾਮ ਕੋਈ ਸਵਾ ਸੱਤ ਵਜੇ ਦੇ ਆਸ ਪਾਸ ਖੁਲ੍ਹੀ ਸੀ। ਕਸ਼ਮੀਰ ਦੀ ਵਾਦੀ ਵਿੱਚ ਸੌਂਠ ਮਹੀਨੇ, ਜਿਸ ਨੂੰ ਅਸੀਂ ਬਸੰਤ ਰੁੱਤ ਕਹਿੰਦੇ ਹਾਂ, ਸੂਰਜ ਢੱਲਦਿਆਂ ਡੂੰਘਾ ਹਨ੍ਹੇਰਾ ਪੈ ਜਾਂਦਾ ਹੈ। ਬਹੁਤ ਸਾਰੀਆਂ ਹਕੂਮਤੀ ਅਤੇ ਬਗਾਵਤੀ ਬੰਦੂਕਾਂ ਉਸ ਹਨ੍ਹੇਰੇ ਵਿੱਚ ਗਸ਼ਤ ਕਰਨ ਨਿਕਲ ਪੈਂਦੀਆਂ ਹਨ। ਧਰਤੀ ਉੱਤੇ ਸਵਰਗ ਕਹਾਉਂਦੀ ਉਸ ਵਾਦੀ ਵਿੱਚ ਚੰਨ ਤਾਰਿਆਂ ਦੀਆਂ ਰਾਤਾਂ ਉੱਤੇ ਹੁਣ ਇੱਕ ਭਿਆਨਕ ਚੁੱਪ ਤਾਰੀ ਹੁੰਦੀ ਹੈ। ਸ਼ਹਿਰਾਂ ਵਿੱਚ ਹੀ ਕੋਈ ਬਾਹਰ ਨਹੀਂ ਕੁਸਕਦਾ, ਪਿੰਡਾਂ ਵਿੱਚ ਤਾਂ ਆਥਣੇ ਹੀ ਅੰਦਰੋਂ ਕੁੰਡੀਆਂ ਲੱਗ ਜਾਂਦੀਆਂ ਹਨ। ਸਵਰਗ ਚਮਗਾਦੜਾਂ ਲਈ ਜ਼ਰਖੇਜ਼ ਹੋ ਉੱਠਦਾ ਹੈ।
ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦਾ ਜਹਾਜ਼ ਕੁੱਝ ਹੀ ਘੰਟਿਆਂ ਵਿੱਚ ਨਵੀਂ ਦਿੱਲੀ ਦੇ ਹਵਾਈ ਅੱਡੇ ‘ਤੇ ਉਤਰਨਾ ਸੀ। ਘੁੱਪ ਹਨ੍ਹੇਰੇ ਵਿੱਚ ਅਨੰਤਨਾਗ ਦੇ ਛੱਤੀਸਿੰਘਪੁਰਾ ਪਿੰਡ ਵਿੱਚ ਸਿੱਖਾਂ ਦੇ ਦਰਵਾਜ਼ਿਆਂ ਉੱਤੇ ਫੌਜੀ ਵਰਦੀ ਵਿੱਚ ਕੁੱਝ ਲਠੈਤ ਲੋਕ ਆਏ। ਉਹ ਸਿੱਖਾਂ ਦੇ ਘਰਾਂ ਵਿੱਚੋਂ ਆਦਮੀਆਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲਿਜਾ ਰਹੇ ਸਨ। ਅੱਧੀ ਰਾਤੀਂ ਲੋਕਾਂ ਨੂੰ ਉਠਾ ਕੇ ਪੁੱਛਗਿੱਛ ਕਰਨ ਲਈ ਲੈ ਜਾਣਾ ਹੁਣ ਆਮ ਵਰਤਾਰਾ ਹੋ ਚੁੱਕਾ ਸੀ। ਪਿੰਡ ਦੇ ਦੋ ਗੁਰਦਵਾਰਿਆਂ ਵਿੱਚ ਦੋ ਗਰੁੱਪਾਂ ਵਿੱਚ 36 ਸਿੱਖਾਂ ਨੂੰ ਕਤਾਰਾਂ ਵਿੱਚ ਇਕੱਠੇ ਕਰ ਲਿਆ ਗਿਆ। ਫਿਰ ਤਾਰਿਆਂ ਭਰੀ ਰੈਣ ਗੋਲੀਆਂ ਦੀ ਬੌਛਾੜ ਨਾਲ ਗੂੰਜ ਉੱਠੀ। 35 ਲਾਸ਼ਾਂ ਵਿੱਛ ਗਈਆਂ। ਇਹ 20 ਮਾਰਚ, 2020 ਦੀ ਰਾਤ ਸੀ। ਨਾਨਕ ਸਿੰਘ ਨਾਮ ਦਾ ਇੱਕ ਸਿੱਖ ਲਾਸ਼ਾਂ ਥੱਲ੍ਹੇ ਦੱਬਿਆ ਰਹਿ ਗਿਆ ਸੀ। ਉਹਦੇ ਗੋਲੀ ਲੱਗੀ ਸੀ ਪਰ ਹਸਪਤਾਲ ਲਿਜਾਇਆ ਗਿਆ, ਬਚ ਗਿਆ। ਉਹਦੇ ਬਿਆਨਾਂ ਤੋਂ ਬਹੁਤ ਕੁੱਝ ਬਾਹਰ ਆਇਆ।
ਕਲਿੰਟਨ ਆਵੇ ਭਾਰਤ ਅਤੇ ਉਹਦੇ ਆਉਣ ਤੋਂ ਕੁੱਝ ਘੰਟੇ ਪਹਿਲਾਂ ਕੋਈ ਇੱਕ ਘੱਟਗਿਣਤੀ ਦੀਆਂ 35 ਲਾਸ਼ਾਂ ਦੀ ਫ਼ਾਈਲ ਖੋਲ੍ਹ ਜਾਵੇ ਤਾਂ ਦੁਨੀਆ ਵਿਚ ਰੌਲਾ ਤਾਂ ਪੈਣਾ ਹੀ ਸੀ। ਪਾਕਿਸਤਾਨ ਦਾ ਨਾਮ ਖੂਬ ਉੱਛਲਿਆ। ਹਿੰਦੁਸਤਾਨ ਨੇ ਪਾਕਿਸਤਾਨ ਨਾਲ ਸਬੰਧ ਰੱਖਦੇ ਦੋ ਅਤਿਵਾਦੀ ਗਰੁੱਪਾਂ ਦਾ ਨਾਮ ਲਿਆ। ਪੰਜਾਬ ਵਿੱਚ ਅਕਾਲੀ, ਕਾਂਗਰਸੀ, ਭਾਜਪਾਈ ਸਿਆਸਤਦਾਨਾਂ ਨੇ ਵੈਣ ਪਾਏ। ਗੁਰਦਵਾਰਿਆਂ ਵਿੱਚ ਸੰਗਤਾਂ ਨੇ ਕਸ਼ਮੀਰ ਵਿੱਚ ਮੁਸਲਮਾਨ ਅਤਿਵਾਦੀਆਂ ਵੱਲੋਂ ਨਿਰਦੋਸ਼ ਸਿੱਖਾਂ ਦੇ ਕਤਲਾਂ ਬਾਰੇ ਬੜੀਆਂ ਗੱਲਾਂ ਕੀਤੀਆਂ।
ਦੱਖਣੀ ਏਸ਼ੀਆ ਦੇ ਮਾਹਿਰਾਂ ਨੂੰ ਇੱਕ ਗੱਲ ਸਮਝ ਆ ਚੁੱਕੀ ਸੀ। ਕੋਈ ਸ਼ਕਤੀ ਅਮਰੀਕਾ ਨੂੰ ਸਪਸ਼ਟ ਸੰਦੇਸ਼ ਭੇਜਣਾ ਚਾਹ ਰਹੀ ਸੀ। ਪਾਕਿਸਤਾਨ ਨੇ ਕਿਹਾ ਕਿ ਹਿੰਦੁਸਤਾਨ ਦੀਆਂ ਮੁਸੱਲ੍ਹਾ ਤਾਕਤਾਂ ਹੀ ਇਸ ਕਤਲ-ਏ-ਆਮ ਦੇ ਪਿੱਛੇ ਹਨ ਕਿਉਂਜੋ ਉਹ ਪਾਕਿਸਤਾਨ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਭਾਰਤ ਨੇ ਕਿਹਾ ਇਹ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਬੰਦੂਕਾਂ ਵਾਲੇ ਧੜੇ, ਲਸ਼ਕਰ-ਏ-ਤਾਇਬਾ ਅਤੇ ਹਿਜ਼ਬ-ਉਲ-ਮੁਜਾਹਿਦੀਨ, ਦਾ ਕਾਰਾ ਹੈ।
ਹਾਲੇ ਕਲਿੰਟਨ ਭਾਰਤ ਵਿੱਚ ਹੀ ਸੀ ਕਿ ਗੁੱਥੀ ਸੁਲਝਦੀ ਲੱਗੀ। ਯਾਕੂਬ ਵਾਗੇਹ ਨਾਮ ਦਾ ਇੱਕ ਸਥਾਨਕ ਵਸਨੀਕ ਦੋਧੀ ਫੜਿਆ ਗਿਆ ਸੀ ਜਿਸ ਨੇ ਅਤਿਵਾਦੀਆਂ ਨੂੰ ਸਿੱਖਾਂ ਦੇ ਘਰਾਂ ਦਾ ਰਸਤਾ ਦਿਖਾਇਆ ਸੀ। ਏਡੀ ਤੁਰਤ-ਫੁਰਤ ਕਾਰਵਾਈ ਵੇਖ ਕਲਿੰਟਨ ਜ਼ਰੂਰ ਪ੍ਰਭਾਵਿਤ ਹੋਇਆ ਹੋਵੇਗਾ, ਭਾਵੇਂ ਬਾਅਦ ਵਿੱਚ ਉਹਨੇ ਲਿਖਿਆ ਕੁੱਝ ਹੋਰ ਸੀ।
ਪੰਜਾਬ ਵਿੱਚੋਂ, ਸਿੱਖ ਪੰਥ ਵਿੱਚੋਂ, ਗੁਰਦਵਾਰਿਆਂ ਵਿੱਚੋਂ, ਬਾਹਰ ਬੈਠੇ ਪ੍ਰਵਾਸੀ ਸਿੱਖਾਂ ਦੀਆਂ ਜੱਥੇਬੰਦੀਆਂ ਵਿੱਚੋਂ ਉੱਚੀ ਸੁਰ ਵਿੱਚ ਇਨਸਾਫ਼ ਦੀਆਂ ਅਵਾਜ਼ਾਂ ਉੱਠ ਰਹੀਆਂ ਸਨ। 20 ਮਾਰਚ ਤੋਂ ਪੰਜ ਦਿਨਾਂ ਬਾਅਦ, 25 ਮਾਰਚ ਨੂੰ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਘਟਨਾ ਸਥਾਨ ‘ਤੇ ਪਹੁੰਚੇ। ਓਧਰ, ਉਸੇ ਦਿਨ, ਫੌਜ ਅਤੇ ਪੁਲਿਸ ਨੇ ਪੰਜ ਘੰਟੇ ਲੰਮੇ ਗੋਲੀਬਾਰੀ ਮੁਕਾਬਲੇ ਤੋਂ ਬਾਅਦ ਪੰਜ ਖ਼ਤਰਨਾਕ ਫ਼ਿਰੰਗੀ ਅਤਿਵਾਦੀ ਮਾਰ ਮੁਕਾਏ ਸਨ। ਦੱਸਿਆ ਗਿਆ ਕਿ ਇਹ ਉਹੀ ਫ਼ਿਰੰਗੀ ਅਤਿਵਾਦੀ ਸਨ ਜਿਨ੍ਹਾਂ ਨੇ 35 ਸਿੱਖਾਂ ਨੂੰ ਕਤਲ ਕੀਤਾ ਸੀ। ਵੱਡੇ ਅਫ਼ਸਰ ਨਕਸ਼ਿਆਂ ਦੀ ਸਹਾਇਤਾ ਨਾਲ ਸਾਰੇ ਅਪ੍ਰੇਸ਼ਨ ਬਾਰੇ ਦੱਸ ਰਹੇ ਸਨ। ਅਡਵਾਨੀ, ਮੁੱਖਮੰਤਰੀ ਫ਼ਾਰੂਕ਼ ਅਬਦੁੱਲਾ ਅਤੇ ਮੀਡੀਆ ਸੁਣ ਰਿਹਾ ਸੀ। ਪਾਕਿਸਤਾਨ ਤੋਂ ਤਾਂ ਕਿਸੇ ਨੇ ਜਨਾਜ਼ੇ ਉੱਤੇ ਆਉਣਾ ਨਹੀਂ ਸੀ। ਕਿਸ ਨੇ ਪੰਜ ਦਰਿੰਦਿਆਂ ਦੀਆਂ ਲਾਸ਼ਾਂ ਉੱਤੇ ਫ਼ਾਤਿਹਾ ਪੜ੍ਹਨਾ ਸੀ, ਕਿਸ ਨੇ “ਇੰਨਾ ਲਿੱਲਾਹਿ ਵ ਇੰਨਾ ਇਲੈਹਿ ਰਾਜਿਊਨ” ਉਚਾਰਨਾ ਸੀ? ਫ਼ਿਰੰਗੀ ਅਤਿਵਾਦੀਆਂ ਦੀਆਂ ਲਾਸ਼ਾਂ ਧਰਤੀ ਵਿੱਚ ਇੱਕ ਦੂਜੇ ਤੋਂ ਦੂਰ ਦਫ਼ਨ ਕਰ ਦਿੱਤੀਆਂ ਗਈਆਂ। ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਈ ਕਿ ਅਸਲ ਵਿੱਚ ਛੱਤੀਸਿੰਗਪੁਰਾ ਤੋਂ ਬਾਅਦ ਪੱਥਰੀਬੱਲ ਫ਼ਾਈਲ ਖੁੱਲ੍ਹ ਰਹੀ ਸੀ। ਨਾਲੇ ਲਾਸ਼ਾਂ ਕਦੋਂ ਬੋਲਦੀਆਂ ਹਨ ਕਿ ਉਹਨਾਂ ਦੀ ਕੌਮੀਅਤ ਕੀ ਹੈ?
ਪੱਥਰੀਬੱਲ ਫ਼ਾਈਲਜ਼ —
ਬ੍ਰਾਰੀਆਨਗਨ ਅਤੇ ਹਲਾਨ, ਛੱਤੀਸਿੰਘਪੁਰਾ ਤੋਂ ਬਹੁਤੀ ਦੂਰ ਨਹੀਂ। ਇਹਨਾਂ ਦੋ ਪਿੰਡਾਂ ਵਿੱਚੋਂ ਅਤੇ ਨੇੜਲੇ ਅਨੰਤਨਾਗ ਕਸਬੇ ਵਿੱਚ 35 ਸਿੱਖਾਂ ਦੇ ਕਤਲ ਤੋਂ ਇੱਕਦਮ ਬਾਅਦ ਹਾਹਾਕਾਰ ਮੱਚ ਗਈ ਸੀ। ਇਸ ਦਾ ਸਿੱਖ ਪੰਥ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਇਲਾਕੇ ਦੇ ਲੋਕ ਕਹਿ ਰਹੇ ਸਨ ਕਿ ਰਾਤ ਨੂੰ ਉਹਨਾਂ ਦੇ ਪੰਜ ਆਦਮੀਆਂ ਨੂੰ ਫੌਜੀ ਚੁੱਕ ਕੇ ਲੈ ਗਏ ਸਨ। ਜਿਹੜਾ ਪੰਜ ਘੰਟੇ ਮੁਕਾਬਲਾ ਚੱਲਿਆ ਸੀ, ਉਹਦੀਆਂ ਗੋਲੀਆਂ ਦੀ ਆਵਾਜ਼ ਹੀ ਕਿਸੇ ਨਹੀਂ ਸੁਣੀ ਸੀ।
ਹੁਣ ਜ਼ਾਹਿਰਾ ਤੌਰ ਉੱਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਹੋਵੇ ਨਾ ਹੋਵੇ, ਕਿਤੇ ਇਹੀ ਪੰਜ ਤਾਂ ਉਸ ਦਿਨ ….
ਪੱਥਰੀਬੱਲ ਦੇ ਇੱਕ ਪੇਂਡੂ ਵਸਨੀਕ ਨੇ ਪੰਜ “ਫ਼ਿਰੰਗੀਆਂ” ਵਿੱਚੋਂ ਇੱਕ ਦੀ ਲਾਸ਼ ਵੇਖ ਲਈ ਸੀ। ਉਹ ਝੱਟ ਬੋਲਿਆ ਸੀ ਕਿ ਇਹ ਤਾਂ ਜੁੰਮਾ ਖ਼ਾਨ ਲੱਗਦਾ ਹੈ। ਓਧਰ ਅਨੰਤਨਾਗ ਵਿੱਚ ਰੌਲਾ ਵਧਦਾ ਜਾ ਰਿਹਾ ਸੀ। ਫੌਜੀਆਂ ਵੱਲੋਂ ਚੁੱਕੇ ਗਏ ਸਥਾਨਕ ਲੋਕਾਂ ਵਿੱਚ ਇੱਕ ਜੁੰਮਾ ਖ਼ਾਨ ਵੀ ਸੀ। ਸ਼ਹਿਰ ਵਿੱਚ ਜਲੂਸ ਨਿਕਲਣੇ ਸ਼ੁਰੂ ਹੋ ਗਏ ਸਨ। ਲੋਕ ਇਨਸਾਫ਼ ਮੰਗ ਰਹੇ ਸਨ। ਦਬਾਅ ਵਿੱਚ ਸਰਕਾਰ ਨੇ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ। ਲੋਕਾਂ ਹੋਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਜੇ ਪੰਜ ਫ਼ਿਰੰਗੀ ਅਤਿਵਾਦੀ ਇੱਕ ਕੇਸ ਵਿੱਚ ਮੁਲੱਵਸ ਸਨ, ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ ਤਾਂ ਉਹਨਾਂ ਦੀਆਂ ਲਾਸ਼ਾਂ ਵੱਖ ਵੱਖ ਥਾਵਾਂ ਉੱਤੇ ਕਿਓਂ ਦਫ਼ਨ ਕੀਤੀਆਂ ਗਈਆਂ ਸਨ? ਹਰ ਸਵਾਲ ਨਾਲ ਸ਼ੱਕ ਅਤੇ ਗੁੱਸਾ ਵਧਦਾ ਜਾ ਰਿਹਾ ਸੀ। ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਇੱਕ ਹੋਰ ਕਸ਼ਮੀਰੀ ਫ਼ਾਈਲ ਖੁੱਲ੍ਹਣ ਜਾ ਰਹੀ ਹੈ ਜਿਸ ਦਾ ਨਾਮ ਹੈ – “ਬਰਾਕਪੁਰਾ ਫ਼ਾਈਲਜ਼।
ਬਰਾਕਪੁਰਾ ਫ਼ਾਈਲਜ਼ —
3 ਅਪ੍ਰੈਲ 2000 ਦਾ ਦਿਹਾੜਾ। 35 ਸਿੱਖਾਂ ਦੇ ਕਤਲਾਂ ਨੂੰ 14 ਦਿਨ ਬੀਤ ਚੁੱਕੇ ਸਨ। ਪੰਜ ਫ਼ਿਰੰਗੀ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ 9 ਦਿਨ ਬੀਤ ਗਏ ਸਨ। ਗੁੱਸੇ ਨਾਲ ਭਰੇ ਪੀਤੇ, ਹਕੂਮਤੀ ਜਵਾਬਾਂ ਤੋਂ ਅਸੰਤੁਸ਼ਟ ਲੋਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਹੋ ਤੁਰੇ। “ਹਮ ਕਯਾ ਚਾਹਤੇ ਹੈਂ – ਇਨਸਾਫ਼”। ਇਨਸਾਫ਼ ਮੰਗਦੀਆਂ ਭੀੜਾਂ ਦੇ ਨਾਅਰੇ ਤਾਂ ਇੱਕੋ ਜਿਹੇ ਹੀ ਹੁੰਦੇ ਹਨ। ਸਾਹਮਣਿਓਂ ਸੀ.ਆਰ.ਪੀ.ਐੱਫ ਅਤੇ ਪੁਲਿਸ ਨੂੰ ਇਨਸਾਫ਼-ਫਰਹਾਮੀ ਦੀ ਸਖ਼ਤ ਕਾਰਵਾਈ ਦਾ ਹੁਕਮ ਆ ਗਿਆ। ਹਕੂਮਤੀ ਗੋਲੀ ਚੱਲੀ ਤਾਂ 9 ਲਾਸ਼ਾਂ ਵਿੱਛ ਗਈਆਂ। ਮਰਨ ਵਾਲਿਆਂ ਵਿੱਚ ਪੰਜ ਲਾਪਤਾ ਲੋਕਾਂ ਦੇ ਰਿਸ਼ਤੇਦਾਰ ਵੀ ਸਨ। “ਬਰਾਕਪੁਰਾ ਫ਼ਾਈਲ” ਖੁੱਲ੍ਹ ਗਈ ਸੀ।
ਹੁਣ ਤਾਂ ਇਨਸਾਫ਼ ਦੀ ਪੁਕਾਰ ਹੋਰ ਵੀ ਉੱਚੀ ਹੋ ਗਈ। ਹਾਹਾਕਾਰ ਮੱਚ ਗਈ। ਸੂਬਾ ਸਰਕਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਕੁੱਝ ਅਫ਼ਸਰ ਮੁਅੱਤਲ ਕਰ ਦਿੱਤੇ। ਨਾਲ ਹੀ ਹੁਕਮ ਦਿੱਤਾ ਕਿ ਦਫ਼ਨਾਏ ਗਏ ਪੰਜ “ਫ਼ਿਰੰਗੀ ਅਤਿਵਾਦੀਆਂ” ਦੀਆਂ ਲਾਸ਼ਾਂ ਜ਼ਮੀਨ ਖ਼ੋਦ ਕੇ ਫਿਰ ਕੱਢੀਆਂ ਜਾਣ ਅਤੇ ਉਹਨਾਂ ਦੇ ਡੀ.ਐੱਨ.ਏ ਦੇ ਸੈਂਪਲ ਲਏ ਜਾਣ।
ਜ਼ਮੀਨਦੋਜ਼ ਕੀਤੀਆਂ, ਫਿਰ ਖੋਦ ਕੱਢੀਆਂ ਫ਼ਾਈਲਾਂ –
ਛੱਤੀਸਿੰਘਪੁਰਾ ਵਿੱਚ ਮਾਰੇ 35 ਸਿੱਖਾਂ ਨਮਿੱਤ ਰੱਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈ ਚੁੱਕੇ ਸਨ। ਉਹਨਾਂ ਲਈ ਮੁਆਵਜ਼ੇ, ਪਰਿਵਾਰਾਂ ਨੂੰ ਵਸੀਲੇ ਨੌਕਰੀਆਂ ਦੀ ਗੱਲ ਟੁਰ ਪਈ ਸੀ। ਪੰਥ ਆਪਣੀ ਆਹਰੇ ਲੱਗ ਗਿਆ ਸੀ। ਪਰ ਕੁੱਝ ਲਾਸ਼ਾਂ ਹਾਲੇ ਕਬਰਾਂ ਵਿੱਚ ਠੰਡੀਆਂ ਨਹੀਂ ਸਨ ਹੋਈਆਂ। 6-7 ਅਪ੍ਰੈਲ, 2000 ਨੂੰ ਇੱਕ ਦੂਜੇ ਤੋਂ ਮੀਲਾਂ ਦੂਰ ਦਫ਼ਨ ਕੀਤੀਆਂ ਇਹ ਮੁਬਈਆਨਾ ਤੌਰ ਉੱਤੇ ਫ਼ਿਰੰਗੀ ਅਤਿਵਾਦੀਆਂ ਦੀਆਂ ਲਾਸ਼ਾਂ ਲੋਕਾਂ ਦੀ ਹਾਜ਼ਰੀ ਵਿੱਚ ਜ਼ਮੀਨ ਖ਼ੋਦ ਕੇ ਕੱਢੀਆਂ ਗਈਆਂ। ਲਾਸ਼ ਬਾਹਰ ਨਿਕਲਣ ਤੋਂ ਪਹਿਲਾਂ ਹੀ ਰਿਸ਼ਤੇਦਾਰ ਬੋਲ ਰਹੇ ਸਨ ਕਿ ਫਲਾਣੇ ਰੰਗ ਦੀ ਸਵੈਟਰ ਹੈ, ਇਹੋ ਜਿਹੀ ਅੰਗੂਠੀ ਉਂਗਲੀ ਵਿੱਚ ਫਸੀ ਹੋਈ ਹੈ, ਇਸ ਰੰਗ ਦਾ ਪਜਾਮਾ ਪਾਇਆ ਹੈ। ਲਾਸ਼ ਬਾਹਰ ਨਿਕਲਦੀ ਤਾਂ ਸਵੈਟਰ ਦਾ ਰੰਗ ਵੀ ਮੈਚ ਖਾਂਦਾ, ਅੰਗੂਠੀ ਵੀ ਉਂਗਲੀ ਵਿਚ ਫਸੀ ਮਿਲਦੀ, ਪਜਾਮਾ ਵੀ ਉਹੀ ਨਿਕਲਦਾ।
ਜਦੋਂ ਤੱਕ ਜ਼ਮੀਨਦੋਜ਼ ਕੀਤੀਆਂ ਲਾਸ਼ਾਂ ਨਿਕਲਦੀਆਂ ਰਹੀਆਂ, ਇੰਡੀਅਨ ਐਕਸਪ੍ਰੈਸ ਅਖ਼ਬਾਰ ਦਾ ਪੱਤਰਕਾਰ ਮੁਜ਼ੱਮਿਲ ਜਮੀਲ, ਜਿਹੜਾ ਆਪਣੀ ਸੰਵੇਦਨਸ਼ੀਲ ਲੇਖਣੀ ਅਤੇ ਹੱਕ-ਸੱਚ ਨਾਲ ਖੜ੍ਹਨ ਵਾਲੀ ਪਹੁੰਚ ਲਈ ਜਾਣਿਆ ਜਾਂਦਾ ਹੈ, ਮੌਕੇ ਤੇ ਮੌਜੂਦ ਰਿਹਾ। ਸੰਸਾਰ ਪ੍ਰਸਿੱਧੀ ਵਾਲਾ ਨਾਵਲਕਾਰ ਪੰਕਜ ਮਿਸ਼ਰਾ ਛੱਤੀਸਿੰਗਪੁਰਾ ਦੇ ਕਤਲ-ਏ-ਆਮ ਤੋਂ ਅਗਲੇ ਹੀ ਦਿਨ ਓਥੇ ਪਹੁੰਚ ਗਿਆ ਸੀ। ਉਹ ਖੁਦਾਈ ਤੋਂ ਬਾਅਦ ਲਾਸ਼ਾਂ ਕੱਢਣ ਦੇ ਅਮਲ ਨੂੰ ਇਓਂ ਬਿਆਨ ਕਰਦਾ ਹੈ –
“ਕਤਲਾਂ ਤੋਂ ਕੋਈ ਦੋ ਹਫ਼ਤੇ ਬਾਅਦ ਜਦੋਂ ਅੰਤ ਵਿਚ ਜ਼ਮੀਨਦੋਜ਼ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਪਾਇਆ ਗਿਆ ਕਿ ਉਹ ਬੁਰੀ ਤਰਾਂ ਵਿਗੜ ਚੁਕੀਆਂ ਸਨ। ਇੱਕ ਜੀਅ ਦਾ – ਜੋ ਇੱਕ ਸਥਾਨਕ ਗਡਰੀਆ ਸੀ – ਵੱਢਿਆ ਹੋਇਆ ਨੱਕ ਅਤੇ ਠੋਡੀ ਇੱਕ ਦੂਸਰੀ ਕਬਰ ਵਿੱਚੋਂ ਲੱਭੀ। ਇੱਕ ਸਥਾਨਕ ਭੇਡ ਅਤੇ ਮੱਝਾਂ ਦੇ ਵਪਾਰੀ ਦਾ ਬਿਨਾਂ ਧੜ ਤੋਂ ਸਰੀਰ – ਜੋ ਧੜ ਨਹੀਂ ਲੱਭਿਆ – ਉਸ ਦੀ ਪਹਿਚਾਣ ਉਸ ਵੱਲੋਂ ਪਾਈ ਪਤਲੂਨ ਤੋਂ ਹੋਈ ਜੋ ਕਿ ਜਬਰੀ ਪਵਾਈ ਫੌਜੀ ਵਰਦੀ ਦੇ ਥੱਲੇ ਪਹਿਨਾਈ ਹੋਈ ਸੀ। ਇਕ ਹੋਰ ਝੁਲਸੀ ਹੋਈ ਲਾਸ਼ ਅਨੰਤਨਾਗ ਦੇ ਕਪੜਿਆਂ ਦੇ ਇੱਕ ਅਮੀਰ ਵਪਾਰੀ ਦੀ ਸੀ, ਜਿਸ ਬਾਰੇ ਮੰਨਿਆ ਜਾ ਸਕਦਾ ਹੈ ਕਿ ਉਸਨੂੰ ਅਗਵਾ ਕਰਕੇ ਇਸ ਲਈ ਮਾਰ ਦਿੱਤਾ ਗਿਆ ਸੀ ਕਿਉਂਕਿ ਉਹ ਬਾਕੀ ਦੇ ਚਾਰ ਬੰਦਿਆਂ ਵਾਂਗ ਉੱਚਾ-ਲੰਬਾ ਅਤੇ ਚੰਗੇ ਕੱਦ-ਕਾਠ ਦਾ ਸੀ ਅਤੇ ਉਸਦੀ ਇੱਕ ਫ਼ਿਰੰਗੀ ਕਾਤਲ (mercenary) ਵਜੋਂ ਦਿੱਖ ਬਣ ਸਕੇ। ਉਸ ‘ਤੇ ਗੋਲੀਆਂ ਦੇ ਕੋਈ ਨਿਸ਼ਾਨ ਨਹੀਂ ਸਨ। ਵਰਨਣਯੋਗ ਹੈ ਕਿ ਪੂਰੀ ਤਰ੍ਹਾਂ ਨਾਲ ਸੜ ਚੁੱਕੀਆਂ ਦੇਹਾਂ ਨੇ ਜਿਹੜੀ ਫੌਜੀ ਵਰਦੀ ਪਾਈ ਹੋਈ ਸੀ, ਉਹ ਹਾਲੇ ਨਵੀਂ ਨਕੋਰ ਪਈ ਸੀ।”
ਲੇਖਕ ਦੇ ਆਪਣੇ ਸ਼ਬਦ ਪੜ੍ਹੋ –
“When the bodies were finally exhumed, almost two weeks after the murders, they were discovered to have been badly defaced. The chopped-off nose and chin of one man—a local shepherd—turned up in another grave. The body of a local sheep and buffalo trader was headless—the head couldn’t be found—but was identified by the trousers that were intact underneath the army fatigues it had been dressed in. Another charred corpse—that of an affluent cloth-retailer from the city of Anantnag, presumably kidnapped and killed because he was, like the other four men, tall and well-built and could be made to resemble, once dead, a “foreign mercenary”—had no bullet marks at all. Remarkably, for bodies so completely burnt, the army fatigues that they were dressed in were almost brand new.”
ਡੀ.ਐੱਨ.ਏ ਸੈਂਪਲ ਵਾਲੀਆਂ ਫ਼ਾਈਲਾਂ —
ਹੁਣ ਤੱਕ ਪੱਥਰੀਬੱਲ ਬਾਰੇ ਸਾਰਾ ਨੰਗਾ ਚਿੱਟਾ ਸੱਚ ਦੁਨੀਆ ਸਾਹਮਣੇ ਆ ਚੁੱਕਾ ਸੀ। ਇਹ ਵੱਖਰੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨਸਾਫ਼ ਫਰਹਾਮੀ ਬਾਰੇ ਕੋਈ ਬਹੁਤੀਆਂ ਅਵਾਜ਼ਾਂ ਸੁਣਾਈ ਨਹੀਂ ਦੇ ਰਹੀਆਂ ਸਨ। ਪੰਥ ਨੂੰ ਆਪਣੀ ਮੁਹਿੰਮ ਪਈ ਹੋਈ ਸੀ। 12 ਮਾਰਚ, 2000 ਨੂੰ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਪੂਰਨ ਸਿੰਘ ਨੇ ਬੀਬੀ ਜਾਗੀਰ ਕੌਰ ਨੂੰ ਸਜ਼ਾ ਲਾਉਣ ਵਾਲੇ ਮਾਮਲੇ ਵਿੱਚ ਤਖ਼ਤ ਕੇਸਗੜ੍ਹ ਦੇ ਜੱਥੇਦਾਰ ਪ੍ਰੋ ਮਨਜੀਤ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜੱਥੇਦਾਰ ਨੇ 25 ਜਨਵਰੀ, 2000 ਨੂੰ ਮੱਧਿਆ ਪ੍ਰਦੇਸ਼ ਦੇ ਗੂਨਾ ਜ਼ਿਲ੍ਹੇ ਦੇ ਇੱਕ ਟੈਲੀਫੋਨ ਪੀ.ਸੀ.ਓ. ਤੋਂ ਇੱਕ ਹੁਕਮਨਾਮਾ ਜਾਰੀ ਕਰ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਆਪਣੇ ਆਪ ਨੂੰ ‘ਪੰਥ ਦੀ ਆਵਾਜ਼’ ਜਾਂ ‘ਪੰਜਾਬ ਦੀ ਆਵਾਜ਼’ ਜਾਂ ‘ਲੋਕ ਆਵਾਜ਼’ ਦੱਸਦੀਆਂ ਅਖ਼ਬਾਰਾਂ ਲਿਖ ਰਹੀਆਂ ਸਨ ਕਿ ਐਸੀ ਘਟਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ 396 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਈ ਸੀ। 20 ਮਾਰਚ ਨੂੰ ਜਿਸ ਦਿਨ ਛੱਤੀਸਿੰਘਪੁਰਾ ਵਿੱਚ 35 ਸਿੱਖਾਂ ਦਾ ਕਤਲ ਹੋਇਆ ਸੀ, ਉਸ ਦਿਨ ਪੰਥ ਹੋਲਾਮਹੱਲਾ ਮਨਾ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਧੜੇ ਇੱਕ ਦੂਜੇ ਦੇ ਆਹੂ ਲਾਹ ਰਹੇ ਸਨ। ਕੌਮ ਦੇ ਰਹਿਨੁਮਾ ਜੱਥੇਦਾਰ ਆਪਣੀਆਂ ਹੀ ਪੰਥਕ ਫ਼ਾਈਲਾਂ ਖੋਲ੍ਹੀ ਬੈਠੇ ਸਨ।
ਪੰਥ ਨੇ ਹੁਣ ਪੁੱਛਣਾ ਛੱਡ ਦਿੱਤਾ ਸੀ ਕਿ 35 ਸਿੱਖ ਕਿਸ ਨੇ ਮਾਰੇ, ਪਰ ਬਾਕੀ ਫ਼ਾਈਲਾਂ ਇਤਿਹਾਸ ਵਿੱਚ ਆਪਣੇ ਰਸਤੇ ਤੁਰ ਚੁੱਕੀਆਂ ਸਨ। ਡੀ.ਐੱਨ.ਏ ਸੈਂਪਲ ਭਰ ਕੇ ਪ੍ਰੋਯੋਗਸ਼ਾਲਾਵਾਂ ਨੂੰ ਭੇਜੇ ਗਏ। ਪਤਾ ਲੱਗਿਆ ਖ਼ੂਨ ਦੇ ਸੈਂਪਲਾਂ ਵਿੱਚ, ਪਿਸ਼ਾਬ ਦੀਆਂ ਸ਼ੀਸ਼ੀਆਂ ਵਿੱਚ ਹੀ ਝੂਠੇ ਪੁਲਿਸ ਮੁਕਾਬਲੇ ਹੋ ਗਏ ਹਨ। 26 ਫ਼ਰਵਰੀ, 2001 ਨੂੰ ਹੈਦਰਾਬਾਦ ਲੈਬਾਟਰੀ ਨੇ ਜੰਮੂ ਕਸ਼ਮੀਰ ਪੁਲਿਸ ਨੂੰ ਲਿਖਿਆ ਕਿ ਮਰਨ ਵਾਲੇ ਦੀ ਇਕ ਰਿਸ਼ਤੇਦਾਰ ਮਹਿਲਾ ਦੇ ਸੈਂਪਲ ਵਿੱਚੋਂ ਅਸਲ ਵਿੱਚ ਕਿਸੇ ਮਰਦ ਦਾ ਪਿਸ਼ਾਬ ਮਿਲਿਆ ਹੈ। ਇੱਕ ਹੋਰ ਸ਼ੀਸ਼ੀ ਵਿੱਚੋਂ, ਜਿਸ ਵਿਚ ਇੱਕ ਮਹਿਲਾ ਰਿਸ਼ਤੇਦਾਰ ਦਾ ਖ਼ੂਨ ਹੋਣਾ ਚਾਹੀਦਾ ਸੀ, ਦੋ ਵੱਖ ਵੱਖ ਆਦਮੀਆਂ ਦਾ ਖ਼ੂਨ ਮਿਕਸ ਕਰ ਕੇ ਪਾਇਆ ਗਿਆ ਸੀ। ਹੁਣ ਤੱਕ 35 ਸਿੱਖਾਂ ਦੇ ਕਤਲਾਂ ਨੂੰ ਲੱਗਭਗ ਸਾਲ ਹੀ ਬੀਤ ਗਿਆ ਸੀ। ਸਰਕਾਰ ਨੇ ਮਾਮਲਾ ਦੱਬ ਹੀ ਲਿਆ ਸੀ ਪਰ ਮਾਰਚ 2002 ਆਉਂਦੇ ਤੱਕ ਮੁੱਖਮੰਤਰੀ ਫ਼ਾਰੂਕ਼ ਅਬਦੁੱਲਾ ਨੇ ਵਿਧਾਨ ਸਭਾ ਵਿਚ ਇਹ ਤਸਲੀਮ ਕਰ ਲਿਆ ਕਿ ਡੀ.ਐੱਨ.ਏ ਦੇ ਸੈਂਪਲਾਂ ਵਿੱਚ ਮਿਲਾਵਟ ਹੋਈ ਸੀ। 35 ਸਿੱਖਾਂ ਦੇ ਮੁਬਈਆਨਾ ਕਾਤਲਾਂ ਦੇ ਡੀ.ਐੱਨ.ਏ ਸੈਂਪਲਾਂ ਵਿੱਚ ਇਸ ਗੜਬੜ ਬਾਰੇ ਕਿਸੇ ਨੇ ਕੋਈ ਪੰਥਕ ਆਵਾਜ਼ ਸੁਣੀ ਹੋਵੇ ਤਾਂ ਮੈਨੂੰ ਜ਼ਰੂਰ ਦਰੁਸਤ ਕਰਨਾ।
ਬਰਾਕਪੁਰਾ ਜਾਂਚ ਫ਼ਾਈਲਾਂ —
ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਬਰਾਕਪੁਰਾ ਦੇ ਗੋਲੀਕਾਂਡ ਦੀ ਜਾਂਚ ਹਿੱਤ ਨਿਯੁਕਤ ਕੀਤੇ ਜਸਟਿਸ ਐੱਸ ਆਰ ਪਾਂਡੀਆਨ ਕਮਿਸ਼ਨ ਨੇ ਹਕੂਮਤੀ ਗੋਲੀਬਾਰੀ ਵਿਚ 9 ਲੋਕਾਂ ਦੀ ਹੋਈ ਮੌਤ ਨੂੰ ਸਿੱਧੇ ਸਿੱਧੇ ਪੱਥਰੀਬੱਲ ਦੇ ਝੂਠੇ ਫੌਜੀ ਮੁਕਾਬਲੇ ਨਾਲ ਜੋੜਿਆ ਅਤੇ ਕਿਹਾ ਕਿ ਇਹ ਇਨਸਾਫ਼ ਮੰਗਦੇ 9 ਅਮਨਪਸੰਦ ਸ਼ਹਿਰੀਆਂ ਦਾ ਚਿੱਟੇ-ਦਿਨ ਕਤਲ ਸੀ। ਯਾਦ ਰਹੇ ਕਿ ਇਹਨਾਂ 9 ਲੋਕਾਂ/ਲੋਥਾਂ ਵਿਚ ਪੱਥਰੀਬੱਲ ਵਿੱਚ ਸਿੱਖਾਂ ਦੇ “ਫ਼ਿਰੰਗੀ ਕਾਤਲ” ਕਹਿ ਕੇ ਮਾਰੇ ਗਏ 5 ਸਥਾਨਕ ਨਿਰਦੋਸ਼ ਕਸ਼ਮੀਰੀ ਮੁਸਲਮਾਨਾਂ ਦੇ ਰਿਸ਼ਤੇਦਾਰ ਵੀ ਸਨ। ਪੰਥ ਨੇ ਉਹਨਾਂ ਪਰਿਵਾਰਾਂ ਨੂੰ ਕੋਈ ਸ਼ੋਕ ਸੰਦੇਸ਼ ਭੇਜਿਆ ਹੋਵੇ ਤਾਂ ਸੂਚਨਾ ਮਿਲਦੇ ਹੀ ਮੈਂ ਇੱਥੇ ਜੋੜ ਦੇਵਾਂਗਾ। ਹੁਣ ਤਾਂ ਕਸ਼ਮੀਰੀ ਫ਼ਾਈਲਾਂ ਪੜ੍ਹਨ ਵੇਖਣ ਵਾਚਣ ਦੀ ਰੀਤ ਤੁਰੀ ਹੈ, ਕਿਰਪਾ ਸਹਿਤ ਆਪਣਾ ਹਿੱਸਾ ਪਾਓ। ਬਾਕੀ ਕਸ਼ਮੀਰੀ ਫ਼ਾਈਲਾਂ ਪੜ੍ਹਦੇ ਜਾਓ।
ਹਕੂਮਤੀ ਇੰਕਸ਼ਾਫ ਅਤੇ ਦੋਸ਼ ਤਸਲੀਮ ਦੀਆਂ ਫ਼ਾਈਲਾਂ —
ਸਰਕਾਰ ਵੱਲੋਂ ਅਨੰਤਨਾਗ ਦੇ ਡਿਪਟੀ ਕਮਿਸ਼ਨਰ ਨੇ ਅੰਤ ਇਹ ਤਸਲੀਮ ਕਰ ਲਿਆ ਕਿ ਪੱਥਰੀਬੱਲ ਦਾ ਮੁਕਾਬਲਾ ਬਿਲਕੁੱਲ ਝੂਠਾ ਸੀ, ਮਾਰੇ ਜਾਣ ਵਾਲੇ ਨਿਰਦੋਸ਼ ਨਾਗਰਿਕ ਸਨ, ਸਿੱਖਾਂ ਦੇ ਕਤਲਾਂ ਲਈ ਕਿਸੇ ਉੱਤੇ ਦੋਸ਼ ਥੋਪਣ ਦੀ ਕਾਹਲ ਸੀ, ਇਸ ਲਈ ਮਾਸੂਮ ਮਾਰ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਮਾਰੇ ਜਾਣ ਵਾਲਿਆਂ ਨੂੰ ਸਰਕਾਰ ਵੱਲੋਂ ਇੱਕ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਹੁਕਮ ਕੀਤਾ।
ਹੁਣ ਤੱਕ ਪੱਥਰੀਬੱਲ ਬਾਰੇ ਸੱਚ ਸਾਹਮਣੇ ਆ ਚੁੱਕਾ ਸੀ ਪਰ ਐੱਸ.ਜੀ.ਪੀ.ਸੀ, ਅਕਾਲੀ ਦਲ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨਸਾਫ਼ ਫਰਹਾਮੀ ਬਾਰੇ ਕੋਈ ਆਵਾਜ਼ ਨਹੀਂ ਆਈ। ਪੰਥ ਵੱਖਰੀ ਮੁਹਿੰਮ ਵਿੱਚ ਮਸਰੂਫ਼ ਸੀ। ਅਕਾਲ ਤਖ਼ਤ ਦਾ ਜੱਥੇਦਾਰ ਤਖ਼ਤ ਕੇਸਗੜ੍ਹ ਅਤੇ ਤਖ਼ਤ ਦਮਦਮਾ ਸਾਹਿਬ ਦੇ ਜੱਥੇਦਾਰਾਂ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਨੂੰ ਪੰਥ ਵਿੱਚੋਂ ਛੇਕ ਰਿਹਾ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਉਹ ਟੈਲੀਫੋਨ ਪੀ.ਸੀ.ਓ. ਤੋਂ ਹੁਕਮਨਾਮਾ ਜਾਰੀ ਕਰ ਕੇ ਪਹਿਲਾਂ ਹੀ ਛੇਕ ਚੁੱਕਾ ਸੀ। ਛੱਤੀਸਿੰਘਪੁਰਾ ਵਿੱਚ 35 ਸਿੱਖਾਂ ਦੇ ਕਤਲ ਵਾਲੇ ਦਿਨ ਪੰਥ ਹੋਲਾਮਹੱਲਾ ਮਨਾ ਰਿਹਾ ਸੀ ਜਿੱਥੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਧੜੇ ਇੱਕ ਦੂਜੇ ਦੇ ਆਹੂ ਲਾਹ ਰਹੇ ਸਨ। ਸਾਡੀਆਂ ਪੰਥਕ ਫ਼ਾਈਲਾਂ ਕਦੀ ਕਿਸੇ ਫਿਲਮ ਦਾ ਮੌਜ਼ੂ ਬਣੀਆਂ ਤਾਂ ਖਿੱਲ੍ਹੀ ਹੀ ਉੱਡੇਗੀ।
ਡੀ.ਐੱਨ.ਏ ਸੈਂਪਲਾਂ ਵਿੱਚ ਮਿਲਾਵਟਾਂ ਦੀ ਫ਼ਾਈਲ —
15 ਮਾਰਚ 2002 ਨੂੰ ਡੀ.ਐੱਨ.ਏ ਸੈਂਪਲਾਂ ਵਿੱਚ ਮਿਲਾਵਟ ਬਾਰੇ ਇੱਕ ਇਨਕੁਆਰੀ ਬਿਠਾ ਦਿੱਤੀ ਗਈ। ਸਬੰਧਤ ਡਾਕਟਰ ਮੁਅੱਤਲ ਕਰ ਦਿੱਤੇ ਗਏ। ਮੁੜ ਭਰੇ ਸੈਂਪਲ ਜਿਹੜੇ CFSL, ਕਲਕੱਤਾ ਨੂੰ ਭੇਜੇ ਗਏ, ਉਹਨਾਂ ਨੇ ਪੱਥਰੀਬੱਲ ਦੇ ਮੁਕਾਬਲੇ ਉੱਤੇ ਝੂਠ ਹੋਣ ਦੀ ਮੋਹਰ ਲਾ ਦਿੱਤੀ। ਕੁਚਾਈ ਕਮਿਸ਼ਨ (Kuchai Commission) ਨੇ ਇਹ ਵੀ ਇੰਕਸ਼ਾਫ ਕੀਤਾ ਕਿ ਫੋਰੈਂਸਿਕ ਟੀਮ (forensic team) ਅਤੇ ਪੁਲਿਸ ਨੇ ਡੀ.ਐੱਨ.ਏ ਸੈਂਪਲਾਂ ਵਿੱਚ ਮਿਲਾਵਟ ਕੀਤੀ ਸੀ।
ਦੋਧੀ ਯਾਕੂਬ ਵਾਗੇਹ ਵਾਲੀਆਂ ਫ਼ਾਈਲਾਂ —
35 ਸਿੱਖਾਂ ਦੇ ਕਾਤਲਾਂ ਬਾਰੇ ਪੁਲੀਸ ਦਾ ਸਾਰਾ ਕੇਸ ਇਕ ਦੁੱਧ ਵਾਲੇ, ਮੁਹੰਮਦ ਯੂਸਫ ਵਾਗੇਹ, ਦੇ ਸਿਰ ਉੱਤੇ ਖੜ੍ਹਾ ਸੀ। ਦੇਸ਼ ਦੇ ਗ੍ਰਹਿ ਮੰਤਰੀ ਅਡਵਾਨੀ ਨੂੰ ਦੱਸਿਆ ਗਿਆ ਸੀ ਕਿ ਇਹੀ ਵਾਗੇਹ ਦੋਧੀ ਫੌਜੀ ਵਰਦੀ ਵਾਲੇ ਕਾਤਲਾਂ ਨੂੰ ਪਿੰਡ ਤੱਕ ਲੈ ਕੇ ਗਿਆ ਸੀ ਅਤੇ ਸਿੱਖ ਘਰਾਂ ਦੀ ਸ਼ਨਾਖਤ ਕੀਤੀ ਸੀ। ਸਿੱਖਾਂ ਦੇ ਕਤਲਾਂ ਤੋਂ ਪੰਜ ਦਿਨ ਬਾਅਦ ਹੀ ਵਾਗੇਹ ਦੀ ਗ੍ਰਿਫ਼ਤਾਰੀ ਏਡੀ ਵੱਡੀ ਘਟਨਾ ਸੀ ਕਿ ਇਸ ਬਾਰੇ ਹਿੰਦੁਸਤਾਨ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਕਮਲ ਪਾਂਡੇ ਨੇ ਨਵੀਂ ਦਿੱਲੀ ਵਿੱਚ ਦੁਨੀਆਂ ਭਰ ਦੇ ਕੈਮਰਿਆਂ ਸਾਹਵੇਂ ਆਪ ਇੰਕਸ਼ਾਫ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਸੇ ਵਾਗੇਹ ਦੋਧੀ ਦੁਆਰਾ ਨਿਸ਼ਾਨਦੇਹੀ ਕਰਨ ਤੋਂ ਬਾਅਦ ਹੀ ਪੁਲਿਸ ਨੇ ਪੰਜ ਫਿਰੰਗੀ ਅਤਿਵਾਦੀਆਂ ਨੂੰ ਪੰਜ ਘੰਟੇ ਲੰਮੇ ਚੱਲੇ ਮੁਕਾਬਲੇ ਵਿਚ ਫਸਾ ਲਿਆ ਤੇ ਫੇਰ ਪਾਰ ਬੁਲਾ ਦਿੱਤਾ ਸੀ।
ਇਹ ਸਭ ਕਿੱਡਾ ਕੋਰਾ ਅਤੇ ਵੱਡਾ ਝੂਠ ਸੀ, ਇੱਥੋਂ ਪਤਾ ਲੱਗਦਾ ਹੈ ਕਿ ਅੰਤ ਅਨੰਤਨਾਗ ਪੁਲੀਸ ਨੇ ਦੋਧੀ ਮੁਹੰਮਦ ਯੂਸਫ਼ ਵਾਗੇਹ ਨੂੰ ਮਹੀਨਿਆਂ ਲੰਮੀ ਜਾਂਚ ਤੋਂ ਬਾਅਦ 35 ਸਿੱਖਾਂ ਦੇ ਕਤਲਾਂ ਲਈ ਧਾਰਾ 302 ਦੇ ਇਲਜ਼ਾਮ ਤੋਂ ਬਰੀ ਕਰ ਇਲਜ਼ਾਮ ਨੂੰ ਕੇਵਲ ਅਮਨ ਭੰਗ ਕਰਨ ਦਾ ਦੋਸ਼, ਫੌਜਦਾਰੀ ਕੋਡ ਦੀ ਧਾਰਾ 107/151, ਵਿੱਚ ਤਬਦੀਲ ਕਰ ਦਿੱਤਾ।
ਹੁਣ ਹਰ ਕਿਸੇ ਨੂੰ ਚਾਨਣ ਸੀ ਕਿ ਮੁਹੰਮਦ ਯੂਸਫ ਵਾਗੇਹ ਨੂੰ ਫਸਾਇਆ ਗਿਆ ਸੀ, ਪੱਥਰੀਬੱਲ ਵਿਚ ਪੰਜ ਨਿਰਦੋਸ਼ ਲੋਕਾਂ ਨੂੰ ਕਤਲ ਕਰਕੇ ਉਨ੍ਹਾਂ ਨੂੰ ਫਿਰੰਗੀ ਅਤਿਵਾਦੀ ਦੱਸਿਆ ਗਿਆ ਸੀ ਅਤੇ ਬਰਾਕਪੁਰਾ ਵਿੱਚ ਅਸਲੋਂ ਨਾਜਾਇਜ਼ ਗੋਲੀਆਂ ਚਲਾ ਕੇ 9 ਲਾਸ਼ਾਂ ਵਿਛਾਈਆਂ ਗਈਆਂ ਸਨ।
ਇਨਕੁਆਰੀ ਫਾਈਲਾਂ —
35 ਸਿੱਖਾਂ ਦੇ ਕਤਲਾਂ ਤੋਂ ਸੱਤ ਮਹੀਨਿਆਂ ਬਾਅਦ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਐਲਾਨ ਕੀਤਾ ਕਿ ਜਸਟਿਸ ਪਾਂਡਿਅਨ ਦੇ ਥੱਲੇ ਇਕ ਨਿਆਇਕ ਕਮਿਸ਼ਨ ਬਣਾਇਆ ਜਾਵੇਗਾ। ਇਸ ਕਮਿਸ਼ਨ ਨੇ ਛੱਤੀਸਿੰਘਪੁਰਾ ਦੇ ਕਤਲੇਆਮ ਅਤੇ ਪੱਥਰੀਬੱਲ ਦੇ ਝੂਠੇ ਮੁਕਾਬਲੇ ਦੀ ਜਾਂਚ ਕਰਨੀ ਸੀ। ਭਲਾ ਹੋਵੇ ਜੱਜ ਸਾਹਿਬ ਦਾ ਕਿ ਉਨ੍ਹਾਂ ਨੇ ਬਰਾਕਪੁਰਾ ਦੀ ਗੋਲੀਬਾਰੀ ਦੀ ਜਾਂਚ ਮੁਕੰਮਲ ਕਰ ਲਈ ਸੀ ਜਿਸ ਵਿੱਚ 9 ਲੋਕ ਮਾਰੇ ਗਏ ਸਨ ਅਤੇ ਇਸ ਨੂੰ ਸਿੱਧਾ ਸਿੱਧਾ ਪੱਥਰੀਬੱਲ ਦੇ ਝੂਠੇ ਐਨਕਾਊਂਟਰ ਨਾਲ ਜੋੜ ਦਿੱਤਾ ਸੀ, ਪਰ ਇਸੇ ਦੌਰਾਨ ਮੁੱਖਮੰਤਰੀ ਸਾਹਿਬ ਦਾ ਦਿਲ ਬਦਲ ਗਿਆ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਛੱਤੀਸਿੰਘਪੁਰਾ ਦੇ ਕਤਲੇਆਮ ਦੀ ਅਗਲੇਰੀ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਰਹੀ।
ਹੁਣ ਇਹ ਸਪਸ਼ਟ ਹੋ ਚੁੱਕਾ ਸੀ ਕਿ ਮੁਹੰਮਦ ਯੂਸਫ ਵਾਗੇਹ ਨੂੰ ਫਸਾਇਆ ਗਿਆ ਸੀ, ਪੱਥਰੀਬੱਲ ਵਿਚ ਪੰਜ ਨਿਰਦੋਸ਼ਾਂ ਨੂੰ ਕਤਲ ਕਰ ਕੇ ਫ਼ਿਰੰਗੀ ਅਤਿਵਾਦੀ ਦੱਸਿਆ ਗਿਆ ਸੀ ਅਤੇ ਬਰਾਕਪੁਰਾ ਵਿੱਚ ਨਾਜਾਇਜ਼ ਗੋਲੀਆਂ ਚਲਾ ਕੇ 9 ਲਾਸ਼ਾਂ ਵਿਛਾਈਆਂ ਗਈਆਂ ਸਨ। ਆਖ਼ਿਰ, ਪੱਥਰੀਬੱਲ ਕੇਸ ਦੀ ਸੀਬੀਆਈ ਨੇ ਜਾਂਚ ਕਰ ਕੇ ਦੱਸਿਆ ਕਿ ਇਹ ਨਿਰਾ ਝੂਠ ਸੀ ਅਤੇ ਹਿੰਦੁਸਤਾਨੀ ਫ਼ੌਜ ਦੇ ਅਫ਼ਸਰਾਂ ਨੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਕਿਸੇ ਨੇ ਦੁਬਾਰਾ ਕਦੀ ਛੱਤੀਸਿੰਘਪੁਰਾ ਦੇ 35 ਸਿੱਖਾਂ ਦੇ ਕਤਲਾਂ ਦੀ ਜਾਂਚ ਕਰਨ ਦੀ ਮੰਗ ਨਹੀਂ ਕੀਤੀ।
ਆਖ਼ਿਰਕਾਰ, ਪੱਥਰੀਬੱਲ ਵਾਲ਼ਾ ਕੇਸ 2003 ਵਿੱਚ ਸੀਬੀਆਈ ਕੋਲ ਚਲਾ ਗਿਆ ਜਿਸ ਨੇ ਤਿੰਨ ਸਾਲ ਹੋਰ ਲੈ ਕੇ ਸਾਬਿਤ ਕੀਤਾ ਕਿ ਇਹ ਝੂਠਾ ਮੁਕਾਬਲਾ ਸੀ ਅਤੇ ਹਿੰਦੁਸਤਾਨੀ ਫ਼ੌਜ ਦੇ ਅਫ਼ਸਰਾਂ ਨੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਛੱਤੀਸਿੰਘਪੁਰਾ ਫ਼ਾਈਲਾਂ ਵੱਲ ਵਾਪਸ ਜਾਂਦਿਆਂ —
ਮੁੜ ਕਿਸੇ ਨੇ ਕਦੀ ਛੱਤੀਸਿੰਘਪੁਰਾ ਦੇ 35 ਸਿੱਖਾਂ ਦੇ ਕਤਲਾਂ ਦੀ ਜਾਂਚ ਕਰਨ ਦੀ ਮੰਗ ਨਹੀਂ ਕੀਤੀ ਅਤੇ ਸੀ.ਬੀ.ਆਈ ਦੀ ਜਾਂਚ ਦਾ ਦਾਇਰਾ ਪੱਥਰੀਬੱਲ ਤੱਕ ਸੀਮਤ ਰਿਹਾ। ਇਹ ਸਪੱਸ਼ਟ ਸੀ ਕਿ ਹੁਣ ਕਿਸੇ ਨੂੰ ਵੀ ਛੱਤੀਸਿੰਘਪੁਰਾ ਦੇ ਕਤਲਾਂ ਦਾ ਸੱਚ ਜਾਣਨ ਵਿੱਚ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ।
ਇਸ ਸਾਰੇ ਕਥਾਨਕ ਦੌਰਾਨ ਇਕ ਮੁਕਾਮ ਐਸਾ ਵੀ ਆਇਆ ਜਦੋਂ ਹਥਿਆਰਬੰਦ ਸੈਨਾਵਾਂ ਨੇ ਲਸ਼ਕਰ ਦੇ ਦੋ ਅਤਿਵਾਦੀ, ਮੁਹੰਮਦ ਸੁਹੇਲ ਮਲਿਕ ਅਤੇ ਵਸੀਮ ਅਹਿਮਦ, ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਪਾਕਿਸਤਾਨ ਦੇ ਨਾਗਰਿਕ ਸਨ। ਉਨ੍ਹਾਂ ਨੇ ਛੱਤੀਸਿੰਘਪੁਰਾ ਦੇ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਇੰਕਸ਼ਾਫ ਵੀ ਕੀਤਾ ਅਤੇ ਬਿਆਨ ਵੀ ਰਿਕਾਰਡ ਕਰਵਾਏ। ਪਰ ਟ੍ਰਾਇਲ ਕੋਰਟ ਨੇ ਉਹ ਦੋਵੇਂ ਬਰੀ ਕਰ ਦਿੱਤੇ। ਇਸ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੈਲੇਂਜ ਕੀਤਾ ਗਿਆ ਜਿੱਥੇ ਉਹ ਮਈ 2012 ਵਿਚ ਫਿਰ ਬਰੀ ਹੋ ਗਏ।
ਅੰਤ ਉਨ੍ਹਾਂ ਨੂੰ ਚੁੱਪਚਾਪ ਪਾਕਿਸਤਾਨ ਭੇਜ ਦਿੱਤਾ ਗਿਆ, repatriate ਕਰ ਦਿੱਤਾ ਗਿਆ। ਅੱਜ ਬਹੁਤੇ ਰਾਸ਼ਟਰਵਾਦੀ ਬਣੇ ਫਿਰਦਿਆਂ ਨੇ, ਜਿਨ੍ਹਾਂ ਵਿਚ “ਦਿ ਕਸ਼ਮੀਰ ਫਾਈਲਜ਼” ਵਰਗੀ ਫ਼ਿਲਮ ਦੇ ਨਿਰਮਾਤਾ ਅਤੇ ਇਸ ਦੇ ਸ਼ੈਦਾਈ ਪ੍ਰਸ਼ੰਸਕ ਵੀ ਹਨ, ਕਦੀ ਇਹ ਆਵਾਜ਼ ਨਹੀਂ ਚੁੱਕੀ ਕਿ ਜਿਹੜੇ ਦੋ ਲੋਕ ਕਹਿ ਰਹੇ ਸਨ ਕਿ ਅਸੀ 35 ਸਿੱਖਾਂ ਦੇ ਕਾਤਲ ਹਾਂ, ਉਨ੍ਹਾਂ ਨੂੰ ਭਾਰਤ ਸਰਕਾਰ ਨੇ ਚੁੱਪਚਾਪ ਪਾਕਿਸਤਾਨ ਕਿਵੇਂ ਭੇਜ ਦਿੱਤਾ?
ਐੱਲਬਰਾਈਟ ਅਤੇ ਕਲਿੰਟਨ ਫਾਈਲਾਂ —
ਅਸੀਂ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮੈਡਲੀਨ ਅਲਬ੍ਰਾਈਟ ਬਾਰੇ ਗੱਲ ਕੀਤੀ ਸੀ ਜਿਹੜੀ ਇਸ ਸਾਲ 23 ਮਾਰਚ ਨੂੰ ਅਗਲੇ ਜਹਾਨ ਤੁਰ ਗਈ। 35 ਸਿੱਖਾਂ ਦੇ ਛੱਤੀਸਿੰਘਪੁਰਾ ਵਾਲੇ ਕਤਲਾਂ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਇੱਕ ਲੰਬੇ ਸਮੇਂ ਤੱਕ ਬਹੁਤ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਇਸ ਬਾਰੇ ਬਹੁਤ ਕੁੱਝ ਛਪਿਆ ਕਿ ਕਾਤਲ ਕਿਹੜੀ ਜ਼ੁਬਾਨ ਵਿੱਚ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ, ਇੱਕ ਦੂਜੇ ਨੂੰ ਕਿਹੜੇ ਨਾਵਾਂ ਨਾਲ ਬੁਲਾ ਰਹੇ ਸਨ, ਵਗੈਰਾਹ। ਇਕ ਆਮ ਧਾਰਨਾ ਇਹ ਬਣੀ ਕਿ ਮਾਰਨ ਵਾਲੇ ਕਸ਼ਮੀਰੀ ਅਤਿਵਾਦੀ ਨਹੀਂ ਸਨ।
ਸੰਨ 2006 ਵਿਚ ਮੈਡਲੀਨ ਅਲਬ੍ਰਾਈਟ ਨੇ ਕਿਤਾਬ ਲਿਖੀ, “ਦਿ ਮਾਇਟੀ ਐਂਡ ਦਿ ਅਲਮਾਈਟੀ – ਰਿਫਲੈਕਸ਼ਨਜ਼ ਔਨ ਅਮੈਰਿਕਾ, ਗਾਡ ਐਂਡ ਵਰਲਡ ਅਫੇਅਰਜ਼।” (“The Mighty and the Almighty: Reflections on America, God, and World Affairs.“) ਇਸ ਦੀ ਭੂਮਿਕਾ ਵਿੱਚ ਛੱਤੀਸਿੰਘਪੁਰਾ ਦੀ ਘਟਨਾ ਵੇਲੇ ਰਹੇ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਲਿਖਿਆ, “During my visit to India in 2000, some Hindu militants decided to vent their outrage by murdering thirty-eight Sikhs in cold blood. If I hadn’t made the trip, the victims would probably still be alive. If I hadn’t made the trip because I feared what religious extremists might do, I couldn’t have done my job as president of the United States.” (emphasis added – Ed)
ਜਦੋਂ “Hindu militants” ਦੇ ਉਲੇਖ ਬਾਰੇ ਰੌਲਾ ਪੈ ਗਿਆ ਤਾਂ ਕਿਤਾਬ ਦੇ ਪ੍ਰਕਾਸ਼ਕ ਹਾਰਪਰ ਕੌਲਿਨਜ਼ (Harper Collins) ਨੇ ਕਿਹਾ ਕਿ ਅਸੀਂ “ਹਿੰਦੂ ਅਤਿਵਾਦੀਆਂ” ਦਾ ਵਰਣਨ ਆਉਣ ਵਾਲੇ ਐਡੀਸ਼ਨਾਂ ਵਿਚੋਂ ਕੱਟ ਦੇਵਾਂਗੇ। ਰਾਸ਼ਟਰਪਤੀ ਕਲਿੰਟਨ ਨੇ ਨਾ ਉਦੋਂ ਅਤੇ ਨਾ ਹੀ ਅੱਜ ਤੱਕ ਦੁਬਾਰਾ ਕਦੀ ਇਸ ਮੁੱਦੇ ਬਾਰੇ ਗੱਲ ਕੀਤੀ। ਪੰਥ ਨੇ ਤਾਂ ਖੈਰ ਕਦੀ ਪੁੱਛਿਆ ਵੀ ਨਹੀਂ।
ਕਲਿੰਟਨ ਦੇ ਡਿਪਟੀ ਵਿਦੇਸ਼ ਮੰਤਰੀ ਰਹੇ ਸਟਰੋਬ ਟਾਲਬੋਟ (Strobe Talbott) ਨੇ ਜਸਵੰਤ ਸਿੰਘ ਨਾਲ ਆਪਣੀਆਂ ਤਿੰਨ ਮਹਾਂਦੀਪਾਂ ਦੇ ਸੱਤ ਦੇਸ਼ਾਂ ਵਿਚ ਦਸ ਥਾਵਾਂ ਉੱਤੇ ਹੋਈਆਂ 14 ਮੀਟਿੰਗਾਂ ਬਾਰੇ ਤਫ਼ਸੀਲ ਨਾਲ ਲਿਖੀ ਕਿਤਾਬ, “Engaging India” ਵਿੱਚ ਬਾਕਾਇਦਾ ਲਿਖਿਆ ਕਿ ਕਿਵੇਂ ਅਮਰੀਕਾ ਨੂੰ ਹਮੇਸ਼ਾਂ ਛੱਤੀਸਿੰਘਪੁਰਾ ਵਾਲੇ ਕਤਲੇਆਮ ਬਾਰੇ ਸ਼ੱਕ ਹੀ ਰਿਹਾ ਹੈ ਕਿ ਇਹ ਕਿਸ ਨੇ ਕੀਤਾ ਸੀ। ਉਸ ਨੇ ਲਿਖਿਆ ਕਿ ਜਹਾਜ਼ ਤੋਂ ਉਤਰਦਿਆਂ ਹੀ ਰਾਸ਼ਟਰਪਤੀ ਕਲਿੰਟਨ ਨੇ ਕਤਲੇਆਮ ਦਾ ਜ਼ਿਕਰ ਕੀਤਾ, ਇਸ ਨੂੰ ਬੁਰਾ ਕਿਹਾ ਪਰ ਪਾਕਿਸਤਾਨ ਉੱਤੇ ਲਾਏ ਦੋਸ਼ਾਂ ਬਾਰੇ ਕਦੀ ਵੀ ਹਾਮੀ ਨਹੀਂ ਭਰੀ ਕਿਉਂਕਿ ਅਮਰੀਕਾ ਕੋਲ ਇਸ ਦਾ ਕੋਈ ਆਜ਼ਾਦਾਨਾ ਸਬੂਤ ਨਹੀਂ ਸੀ।
ਯਾਦ ਰਹੇ ਕਿ ਹਿੰਦੁਸਤਾਨ ਦੀ ਵਾਜਪਾਈ ਸਰਕਾਰ ਨੇ ਕਲਿੰਟਨ, ਜਾਂ ਐੱਲਬ੍ਰਾਈਟ ਜਾਂ ਸਟਰੋਬ ਟਾਲਬੋਟ ਨਾਲ ਕਦੀ ਇਸ ਬਾਰੇ ਕਿਸੇ ਬਹਿਸ ਵਿੱਚ ਪੈਣਾ ਜ਼ਰੂਰੀ ਨਹੀਂ ਸਮਝਿਆ।
ਸੰਸਾਰ ਪ੍ਰਸਿੱਧ ਲੇਖਕ ਪੰਕਜ ਮਿਸ਼ਰਾ ਨੇ ਇਸ ਸਾਰੇ ਘਟਨਾ-ਚੱਕਰ ਬਾਰੇ “ਦਿ ਨਿਊਯੌਰਕ ਰੀਵਿਊ” ਦੇ 21 ਸਤੰਬਰ, 2000 ਦੇ ਐਡੀਸ਼ਨ ਵਿਚ ਲਿਖਿਆ,
“ਭਾਰਤ ਦਾ ਇਸ ਕਤਲੇਆਮ ਨਾਲ ਸੰਬੰਧਤ ਕਿਸੇ ਇਕ ਵੀ ਵਿਅਕਤੀ ਜਾਂ ਕਾਤਲਾਂ ਦੀ ਪਹਿਚਾਣ ਕਰਨ ਜਾਂ ਗ੍ਰਿਫ਼ਤਾਰ ਕਰਨ ਵਿੱਚ ਨਾਕਾਮਯਾਬ ਰਹਿਣਾ, ਅਤੇ ਭਾਰਤ ਵੱਲੋਂ ਕਲਿੰਟਨ ਦੇ ਭਾਰਤ ਵਿੱਚ ਹੁੰਦਿਆਂ ਹੁੰਦਿਆਂ ਹੀ “ਫ਼ਿਰੰਗੀ ਕਾਤਲਾਂ” ਉੱਤੇ ਦੋਸ਼ ਮੜ੍ਹਨ ਦੀ ਕਾਹਲੀ ਅਤੇ ਵਹਿਸ਼ੀਆਨਾ ਕੋਸ਼ਿਸ਼ਾਂ ਨੇ ਸਿੱਖਾਂ ਅੰਦਰਲੇ ਉਸ ਖ਼ਦਸ਼ੇ ਨੂੰ ਹੀ ਹੋਰ ਪਕੇਰਿਆਂ ਕਰ ਦਿੱਤਾ ਕਿ ਛੱਤੀਸਿੰਘਪੁਰਾ ਦਾ ਕਤਲੇਆਮ ਭਾਰਤੀ ਖ਼ੁਫ਼ੀਆ ਏਜੈਂਸੀਆਂ ਨੇ ਹੀ ਕਰਵਾਇਆ ਸੀ ਜਿਸ ਦਾ ਮੰਤਵ ਕਲਿੰਟਨ ਨੂੰ ਅਤੇ ਉਸ ਨਾਲ ਆਏ ਅਮਰੀਕੀ ਪੱਤਰਕਾਰਾਂ ਨੂੰ ਪ੍ਰਭਾਵਤ ਕਰਨਾ ਸੀ ਤਾਂ ਜੋ ਉਹ ਭਾਰਤ ਦੇ ਇਸ ਬਿਆਨੀਏ ਨੂੰ ਹਮਦਰਦੀ ਨਾਲ ਲੈਣ ਕਿ ਭਾਰਤ ਤਾਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਇਸਲਾਮੀ ਅਤਿਵਾਦੀਆਂ ਦਾ ਇਕ ਬੇਕਸ ਪੀੜ੍ਹਤ ਹੈ। ਭਾਰਤੀ ਕੂਟਨੀਤੀ ਪੱਛਮ ਵਿਚ ਪਹਿਲਾਂ ਆਪਣੇ ਬਾਰੇ ਐਸੀ ਅਕਸਕਾਰੀ ਕਰਨ ਵਿਚ ਨਾਕਾਮਯਾਬ ਰਹੀ ਹੈ।”
ਉਲਥਾ ਕਰਨ ਲਗਿਆਂ ਕੋਈ ਅਵੱਗਿਆ ਨਾ ਹੋ ਜਾਵੇ, ਇਸ ਲਈ ਲੇਖਕ ਦੇ ਆਪਣੇ ਸ਼ਬਦਾਂ ਵਿੱਚ ਪੜ੍ਹੋ
“The Indian failure to identify or arrest even a single person connected to the killings or the killers, and the hastiness and brutality of the Indian attempt to stick the blame on “foreign mercenaries” while Clinton was still in India, only lends weight to the new and growing suspicion among Sikhs that the massacre in Chitisinghpura was organized by Indian intelligence agencies in order to influence Clinton, and the large contingent of influential American journalists accompanying him, into taking a much more sympathetic view of India as a helpless victim of Islamic terrorists in Pakistan and Afghanistan: a view of India that some very hectic Indian diplomacy in the West had previously failed to achieve.” {Death in Kashmir, by Pankaj Mishra, The New York Review, September 21, 2000 issue}
ਸੱਚੀ ਗੱਲ ਇਹ ਹੈ ਕਿ ਅਸੀਂ ਅੱਜ ਵੀ ਨਹੀਂ ਜਾਣਦੇ ਕਿ ਸੰਨ 2000 ਦੀ ਬਸੰਤ ਰੁੱਤੇ 35 ਸਿੱਖਾਂ ਨੂੰ ਕਿਸ ਨੇ ਕਤਲ ਕੀਤਾ ਸੀ, ਪਰ ਕਿਉਂ ਜੋ ਬੜਾ ਸੁਣਦੇ ਹਾਂ ਕਿ ਪੰਜਾਬ ਅੰਦੋਲਨੀ ਹੋ ਗਿਆ ਹੈ, ਕੋਈ “ਬਦਲਾਅ” ਦੀ ਰਾਜਨੀਤੀ ਆ ਗਈ ਹੈ ਅਤੇ ਅਸੀਂ ਸ਼ਹੀਦ ਭਗਤ ਸਿੰਘ ਦੇ ਵਾਰਸ ਹੋ ਗਏ ਹਾਂ, ਤਾਂ ਕੀ ਏਨਾ ਪੁੱਛਣ ਦੀ ਜੁਰਅੱਤ ਕਰ ਸਕਦੇ ਹਾਂ ਕਿ 35 ਸਿੱਖਾਂ ਨੂੰ ਕਿਸ ਨੇ ਮਾਰਿਆ ਸੀ?
ਆਖਰ ਹੁਣ ਤਾਂ ਸਾਰਾ ਹਿੰਦੁਸਤਾਨ ਹੀ ਕਸ਼ਮੀਰ ਵਿਚਲੀ ਹਥਿਆਰਬੰਦ ਤਹਿਰੀਕ ਦਾ ਇਤਿਹਾਸ ਜਾਨਣਾ ਚਾਹ ਰਿਹਾ ਹੈ, ਉੱਥੇ ਘੱਟ ਗਿਣਤੀਆਂ ਨਾਲ ਕੀ ਹੋਇਆ ਇਸ ਵਿਚ ਬਹੁਤ ਦਿਲਚਸਪੀ ਦਿਖਾ ਰਿਹਾ ਹੈ, ਅਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਕੋਈ ਸਾਨੂੰ ਜਾ ਕੇ “ਦਿ ਕਸ਼ਮੀਰ ਫਾਈਲਜ਼” ਫਿਲਮ ਵੇਖਣ ਲਈ ਉਕਸਾ ਰਿਹਾ ਹੈ, ਇਸ ਲਈ ਕਸ਼ਮੀਰੀ ਫ਼ਾਈਲਾਂ ਵਾਲੀ ਫਿਲਮ ਦੇ ਨਾਲ ਨਾਲ ਛੱਤੀਸਿੰਘਪੁਰਾ ਫ਼ਾਈਲਾਂ, ਪੱਥਰੀਬੱਲ ਫ਼ਾਈਲਾਂ, ਬਰਾਕਪੁਰ ਫ਼ਾਈਲਾਂ ਖੋਲ੍ਹਣ ਦਾ ਵਕਤ ਆ ਗਿਆ ਹੈ। ਹੁਣ ਤਾਂ ਅਸੀਂ “ਇਨਕਲਾਬ ਜ਼ਿੰਦਾਬਾਦ” ਵਾਲੇ ਹੋ ਗਏ ਹਾਂ, ਖਟਕੜ ਕਲਾਂ ਜਾ ਕੇ ਸਹੁੰ ਚੁੱਕਦੇ ਹਾਂ, ਅਸਮਾਨ ਨੂੰ ਪੀਲੇ ਰੰਗ ਦੀਆਂ ਪੱਗਾਂ ਦੁਪੱਟਿਆਂ ਨਾਲ ਬਸੰਤੀ ਕਰੀ ਬੈਠੇ ਹਾਂ ਅਤੇ ਹਰ ਸਰਕਾਰੀ ਦਫਤਰ ਵਿੱਚ ਉਹਦੀ ਫੋਟੋ ਟੰਗ ਦਿੱਤੀ ਹੈ ਜਿਹੜਾ ਬੰਬਾਂ ਦੀ ਗੂੰਜ ਵਿਚ ਵੀ ਸਹੀ ਸਵਾਲ ਪੁੱਛ ਰਿਹਾ ਸੀ।
ਸਾਡੀ ਧਰਤੀ, ਦਿਲਾਂ, ਖੇਤਾਂ, ਘਰਾਂ ਵਿਚ’ਦੀ ਖਿੱਚੀ ਗਈ ਉਸ ਰੈੱਡਕਲਿਫ ਲਕੀਰ ਦੇ ਦੋਹੀਂ ਪਾਸੀਂ ਸਾਡੀ ਇਕ ਮੁਹਾਵਰੇ ਦੀ ਸਾਂਝ ਹੈ — “ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।” ਇਸ ਲਈ ਇਹ ਬਹੁਤ ਹੀ ਸ਼ਰਮ ਦੀ ਗੱਲ ਹੋਵੇਗੀ ਜੇ ਕਸ਼ਮੀਰ ਫ਼ਾਈਲਾਂ ਦੇ ਨਾਲ ਹੀ ਅਸੀਂ ਆਪਣੀਆਂ ਉਹਨਾਂ ਕੁਨਾਨ ਪੋਸ਼ਪੁਰਾ ਵਾਲੀਆਂ ਮਾਵਾਂ ਭੈਣਾਂ ਦੀਆਂ ਫਾਈਲਾਂ ਨੱਥੀ ਨਾ ਕਰ ਸਕੇ। ਸਾਨੂੰ ਇਹ ਸਾਰੀਆਂ ਫ਼ਾਈਲਾਂ ਬਿਲਕੁਲ ਦੁਬਾਰਾ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਹੋਰ ਕਿਸੇ ਕਾਰਨ ਨਹੀਂ ਤਾਂ ਇਸ ਲਈ ਹੀ ਕਿ ਕਾਰਗਿਲ ਉੱਤੇ ਇੱਕ ਜਵਾਨ ਖੜ੍ਹਾ ਹੈ ਜਿਸ ਦੀ ਵਰਦੀ, ਇੱਜ਼ਤ, ਆਬਰੂ ਉੱਤੇ ਕੋਈ ਦਾਗ਼ ਨਹੀਂ ਆਉਣਾ ਚਾਹੀਦਾ। ਕੁਨਾਨ ਪੋਸ਼ਪੁਰਾ ਵਾਲੀਆਂ ਫ਼ਾਈਲਾਂ ਵੀ 1991 ਤੋਂ ਧੂੜ ਫੱਕ ਰਹੀਆਂ ਹਨ। ਉਨ੍ਹਾਂ ਬਾਰੇ ਕਿਸੇ ਨੇ ਛੇਤੀ ਨਾਲ ਫ਼ਿਲਮ ਵੀ ਨਹੀਂ ਬਣਾਉਣੀ, ਇਸ ਲਈ ਤੁਸੀਂ ਆਪ ਹੀ ਗੂਗਲ ਕਰਨ ਦੀ ਕ੍ਰਿਪਾਲਤਾ ਕਰਨਾ। ਜੇ ਅਜਿਹਾ ਨਾ ਕੀਤਾ ਤਾਂ ਸਾਡੇ ਦੇਸ਼ ਦੇ ਇੱਕ ਦੂਸਰੇ ਖਿੱਤੇ ਵਿਚ ਬੈਠੀਆਂ ਸਾਡੀਆਂ “ਮਨੋਰਮਾ ਮਾਵਾਂ” ਸਾਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਮਨੀਪੁਰ ਦੀਆਂ ਇਹਨਾਂ ਮਾਵਾਂ ਬਾਰੇ ਤਾਂ ਅਫ਼ਸਪਾ ਫ਼ਾਈਲਾਂ ਪੜ੍ਹ ਚੁੱਕੇ ਹੋ ਨਾ?
ਤੁਸੀਂ ਤਾਂ ਪਹਿਲੋਂ ਹੀ 1984 ਵਾਲੀਆਂ ਫ਼ਾਈਲਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਨੂੰ ਪਤਾ ਹੈ ਕਿ ਜਦੋਂ ਫ਼ਾਈਲਾਂ ਅੱਗੇ ਨਹੀਂ ਤੁਰਦੀਆਂ ਤਾਂ ਦਿਲਾਂ ‘ਤੇ ਕੀ ਬੀਤਦੀ ਹੈ? ਕੁਝ ਫ਼ਾਈਲਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ, ਬਾਕੀਆਂ ਬਾਰੇ ਤੁਸਾਂ ਆਪ ਜ਼ਹਿਮਤ ਕਰਨੀ ਹੈ। ਉਨ੍ਹਾਂ ਤੋਂ ਕੋਈ ਉਮੀਦ ਨਾ ਰੱਖੋ ਜਿਨ੍ਹਾਂ ਨੇ ਗੁਜਰਾਤ 2002 ਦੀਆਂ ਫ਼ਾਈਲਾਂ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਹੈ। ਆਪਣੇ ਅੰਦੋਲਨੀ ਹੋ ਜਾਣ ਦੀ ਕੁਵੱਤ ਉੱਤੇ ਯਕੀਨ ਰੱਖੋ ਅਤੇ ਜ਼ੋਰ ਨਾਲ ਸਵਾਲ ਪੁੱਛੋ — “ਬਾਕੀ ਦੀਆਂ ਕਸ਼ਮੀਰ ਫ਼ਾਈਲਾਂ ਕਿੱਥੇ ਹਨ?”
ਗਵਾਚੀਆਂ ਸਾਰੀਆਂ ਫ਼ਾਈਲਾਂ ਬਾਰੇ ਸਵਾਲ ਬਕਾਇਆ ਹਨ। ਕਿੰਨ੍ਹੀਆਂ ਨਸਲਾਂ ਨੂੰ ਅਸਾਂ ਇਹ ਸਵਾਲ ਵਿਰਾਸਤ ਵਿੱਚ ਅਗਾਂਹ ਦੇਂਦੇ ਜਾਣਾ ਹੈ? ਪੰਜਾਬ ਦੇ, ਕੌਮ ਦੇ ਬੱਚੇ ਜਿਹੜੇ ਦੇਸ਼ ਪੰਜਾਬ ਕੌਮ ਲਈ ਉੱਠੇ ਸਨ, ਉਹਨਾਂ ਦਾ ਪੱਥਰੀਬੱਲ ਵਰਗਾ ਸ਼ਿਕਾਰ ਏਨੇ ਸਾਲ ਕਿਹੜੀਆਂ ਕੁਵਤਾਂ ਨੇ ਕੀਤਾ ਸੀ? ਜਿਹੜੀਆਂ ਲਾਸ਼ਾਂ ਜਸਵੰਤ ਸਿੰਘ ਖਾਲੜਾ ਭਾਲਦਾ ਗਿਣਦਾ ਫਿਰਦਾ ਸੀ, ਉਹ ਕਿਹੜੀਆਂ ਕਬਰਾਂ ਪੁੱਟ ਕੇ ਕੱਢ ਲਿਆਈਏ, ਹਕੂਮਤੀ ਜ਼ੁਲਮਾਂ ਦੀਆਂ ਦਾਸਤਾਨਾਂ ਗਿਣਵਾਈਏ? ਤ੍ਰਿਲੋਕਪੁਰੀ ਤੋਂ ਸ਼ੁਰੂ ਹੋਕੇ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਦੀਆਂ ਕਿਹੜੀਆਂ ਗਲੀਆਂ ਕੂਚੇ ਛਾਣ ਆਈਏ ਕਿ ਜੀਓੰਦੇ ਸਾੜ ਦਿੱਤੇ ਗਿਆਂ ਦੇ ਸੁਰਾਗ਼ ਨਿਕਲਣ? ਜਿੰਨ੍ਹਾ ਹਜ਼ਾਰਾਂ ਕੋਹ ਕੋਹ ਮਾਰੇ, ਉਹਨਾਂ ਨੂੰ ਰਾਤਾਂ ਦੀ ਨੀਂਦ ਕਿਵੇਂ ਆਉਂਦੀ ਹੈ, ਇਹ ਖੋਜੀ ਕਾਰਜ ਕਿਹੜੀਆਂ ਯੂਨੀਵਰਸਿਟੀਆਂ ਵਿੱਚ ਸ਼ੁਰੂ ਕਰਵਾਈਏ? ਕੌਮ ਦੇ ਡੁੱਲ੍ਹੇ ਖ਼ੂਨ ਦੇ ਸੌਦੇ ਕਿਹੜੇ ਬੰਦ ਕਮਰਿਆਂ ਵਿੱਚ ਨੇਪਰੇ ਚੜ੍ਹੇ, ਇਹ ਸਵਾਲ ਸਾਡੀ ਇਹ ਨਸਲ ਪੁੱਛੇਗੀ ਕਿ ਅਗਲੀ ਨਸਲ ਨੂੰ ਵੀ ਤਾਕੀਦ ਕਰਨੀ ਹੈ ਕਿ ਕੋਈ ਭੁੱਲੀ ਵਿਸਰੀ ਫ਼ਾਈਲ ਨਾ ਖੋਲ੍ਹ ਲਿਆ ਜੇ, ਹੁਣ ਤਾਂ ਵਾਰੇ ਨਿਆਰੇ ਹਨ, ਬੱਚੇ ਸੁੱਖ ਨਾਲ ਕਨੇਡਾ ਸੈਟਲ ਹੋ ਗਏ ਹਨ, ਝਾਈ ਜੀ ਵੀ ਓਥੇ ਚਲੇ ਗਏ ਹਨ?
ਔਖੇ ਸਵਾਲ ਹਨ, ਬੱਚ ਕੇ ਰਹਿਣਾ। ਫ਼ਾਈਲਾਂ ਤੁਹਾਡੇ ਅੰਦਰ ਵੀ ਦਫ਼ਨ ਹਨ। ਕਿਸੇ ਦਿਨ ਖੁੱਲ੍ਹਣਗੀਆਂ।
ਯਾਦ ਰਹੇ, ਸੱਚ ਕਦੀ ਵੀ ਟੈਕਸ ਫ੍ਰੀ ਨਹੀਂ ਹੁੰਦਾ। ਇਹਦੀ ਕੀਮਤ ਤਾਰਨੀ ਪੈਂਦੀ ਹੈ। ਜਿਹੜੇ ਇਨ੍ਹਾਂ ਰਸਤਿਆਂ ‘ਤੇ ਤੁਰੇ, ਉਹਨਾਂ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਧਰਮ ਨਹੀਂ ਹਾਰਿਆ, ਸੀ ਨਹੀਂ ਕੀਤੀ। ਇਸ ਲਈ ਉਹਨਾਂ ਦਾ ਧਿਆਨ ਧਰ ਕੇ ਬਾ–ਆਵਾਜ਼ੇ–ਬੁਲੰਦ ਅਹਿਦ ਕਰੋ, “ਅਸੀਂ ਸਾਰੀਆਂ ਫ਼ਾਈਲਾਂ ਖੋਲ੍ਹਾਂਗੇ, ਵੇਖਾਂਗੇ, ਜਾਣਾਂਗੇ। ਕਸ਼ਮੀਰ ਵਾਲੀਆਂ, ਕੌਮ ਵਾਲੀਆਂ, ਪੰਜਾਬ ਵਾਲੀਆਂ, ਦੇਸ਼ ਵਾਲੀਆਂ।“ ਪੁਰਾਣੀਆਂ ਫ਼ਾਈਲਾਂ ਬਾਰੇ ਜਾਣਨ ਦੀ ਤਾਂ ਹੁਣ ਹਕੂਮਤੀ ਪ੍ਰਵਾਨਗੀ ਹੈ। ਪ੍ਰਧਾਨ ਮੰਤਰੀ ਤੁਹਾਡੇ ਨਾਲ ਹਨ। ਸਵਾਲ ਪੁੱਛਣਾ ਤੁਹਾਡਾ ਫਰਜ਼ ਹੈ — “35 ਸਿੱਖਾਂ ਨੂੰ ਕਿਸ ਨੇ ਮਾਰਿਆ ਸੀ?” ਦੇਸ਼ ਭਗਤੀ ਸਿਨੇਮਾ ਹਾਲ ਵਿੱਚ ਨਹੀਂ ਮਿਲਦੀ, ਇਹ ਸਿਰਾਂ ਦੀਆਂ ਖੇਡਾਂ ਹਨ। ਸਿਰਾਂ ਵਿੱਚ ਕੁੱਝ ਪਾਉਣਾ ਵੀ ਪੈਂਦਾ ਹੈ, ਕਿਸੇ ਸੱਚ ਲਈ ਸਿਰ ਦੇਣਾ ਵੀ ਪੈਂਦਾ ਹੈ। ਸਿਰਾਂ ਦੇ ਮੁੱਲ ਪੈਂਦੇ ਹਨ, ਟੈਕਸ ਫ੍ਰੀ ਸੌਦੇ ਨਹੀਂ ਹੁੰਦੇ। ਕਸ਼ਮੀਰੀ ਫ਼ਾਈਲਾਂ ਖੋਲ੍ਹਣ ਪੜ੍ਹਨ ਸਮਝਣ ਲਈ ਸਿਰ ਜੋੜ ਬੈਠੋ, ਜਾਨ ਤੋੜ ਡਟੋ, ਸਿਰੜ ਤੋਂ ਕੰਮ ਲਵੋ। ਗੁਰੂ ਸੱਚ ਸਹਾਈ ਹੋਵੇਗਾ, ਰਾਹ ਹਮਵਾਰ ਹੋਸੀ। ਆਮੀਨ!
ਲੇਖਕ ਐੱਸ ਪੀ ਸਿੰਘ ਸੀਨੀਅਰ ਪੱਤਰਕਾਰ ਹੈ ਅਤੇ ਚਿਰਾਂ ਤੋਂ ਸਹਾਫ਼ਤ ਨੂੰ ਮੂੰਹ ਵਿੱਚ ਘੁੰਙਣੀਆਂ ਪਾਈ ਕਲਮ ਘਸਾਈ ਕਰਦਿਆਂ ਵੇਖ ਸੋਚ ਰਿਹਾ ਹੈ ਕਿ ਹਕੂਮਤਾਂ ਨੇ ਕਦੋਂ ਇਹਦੀ ਆਤਮਾ ਕਿਸੇ ਝੂਠੇ ਸੱਚੇ ਮੁਕਾਬਲੇ ਵਿੱਚ ਹਲਾਕ ਕਰ ਕਿੰਨ੍ਹੀ ਡੂੰਘੀ ਦਫ਼ਨ ਕੀਤੀ ਹੋਵੇਗੀ ਕਿ ਹੁਣ ਇਹ ਸੱਤਾ ਨੂੰ ਸਵਾਲ ਪੁੱਛਣਾ ਛੱਡ ਉਹਦੇ ਦਰ ਇਸ਼ਤਿਹਾਰ, ਪ੍ਰਵਾਨਗੀ ਅਤੇ ਖੁਸ਼ਨੂਦੀ ਹਾਸਲ ਕਰਨ ਦੇ ਔਹਰ ਪੌਹਰ ਲੱਗੀ ਹੋਈ ਹੈ। ਹਾਲੇ ਉਹ ਐਨਾ ਸੋਸ਼ਲ ਨਹੀਂ ਹੋਇਆ ਕਿ ਸੋਸ਼ਲ ਮੀਡੀਆ ਉੱਤੇ ਵੀ ਆ ਜਾਵੇ ਪਰ ਤੁਸੀਂ ਐੱਸ ਪੀ ਸਿੰਘ ਨੂੰ ਉਹਦੇ ਹਫ਼ਤਾਵਾਰੀ ਟੀਵੀ ਸ਼ੋਅ ‘ਦਲੀਲ, ਐੱਸ. ਪੀ. ਸਿੰਘ ਦੇ ਨਾਲ‘ ਵਿੱਚ ਜ਼ਰੂਰ ਦੇਖ ਸਕਦੇ ਹੋ। ਮੂੰਹ ਵਿੱਚ ਘੁੰਙਣੀਆਂ ਉਹ ਉੱਥੇ ਵੀ ਨਹੀਂ ਪਾਉਂਦਾ, ਬਲਕਿ ਇਹੀ ਤਨਕੀਦ ਝੱਲਦਾ ਹੈ ਕਿ ਬਹੁਤ ਬੋਲਦਾ ਹੈ, ਵਿੱਚੋਂ ਕੱਟਦਾ ਹੈ, ਬੇਲਿਹਾਜਾ ਹੈ। ਭਲੇ ਮੂਡ ਵਿੱਚ ਹੋਵੇ ਤਾਂ ਇਹਨਾਂ ਸਾਰੇ ਦੋਸ਼ਾਂ ਦਾ ਇਕ਼ਬਾਲ ਕਰਦਾ ਹੈ।
One thought on “ਗਵਾਚੀਆਂ ਕਸ਼ਮੀਰ ਫ਼ਾਈਲਾਂ, ਸ਼ਹਿਰ ਵਿੱਚ ਚੱਲ ਰਹੀ ਫਿਲਮ, ਸਿੱਖਾਂ ਬਾਰੇ ਕਲਿੰਟਨ-ਬੋਲ ਅਤੇ ਖਟਕੜ ਕਲਾਂ ਦੀ ਬਸੰਤ”