ਗੁਰਬਾਣੀ ਸੰਗੀਤ ਨੂੰ ਸਮਰਪਿਤ ਪ੍ਰੋ: ਕਰਤਾਰ ਸਿੰਘ ਜੀ, ਕਰਤਾਰ ਵਿੱਚ ਅਭੇਦ ਹੋਏ

 -  -  530


ਗੁਰਬਾਣੀ ਸੰਗੀਤ ਦੇ ਬਾਬਾ ਬੋਹੜ ਪ੍ਰੋ: ਕਰਤਾਰ ਸਿੰਘ ਜੀ 94 ਸਾਲ ਦੀ ਉਮਰ ਪੂਰੀ ਕਰਕੇ ਆਪਣੇ ਕਰਤਾਰ ਦੇ ਦੇਸ ਚਲੇ ਗਏ। ਪੁਰਾਤਨ ਗੁਰਬਾਣੀ ਸੰਗੀਤ- ਵਿਗਿਆਨ ਦੇ ਇੱਕ ਦੂਤ, ਇੱਕ ਮਿਸਾਲੀ ਸਿੱਖਿਅਕ ਅਤੇ ਗੁਰਬਾਣੀ -ਸ਼ਬਦ ਸ੍ਵਰੂਪ ਵਿਚ ਰੱਬ ਦੀ ਵਿਲੱਖਣ ਵਿਆਖਿਆ ਨੂੰ ਤੰਤੀ ਸਾਜ਼ਾਂ ਨਾਲ ਗਾਉਣ ਵਾਲੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਗੁਰਬਾਣੀ ਸੰਗੀਤ ਦੀ ਵਿਦਿਆਰਥਣ ਅਤੇ ਅਧਿਆਪਕ, ਰਾਜਸਥਾਨ ਦੀ ਬਨਸਥਲੀ ਯੂਨੀਵਰਸਿਟੀ ਤੋਂ ਗੁਰਬਾਣੀ ਸੰਗੀਤ ਵਿੱਚ ਡਾਕਟਰੇਟ, ਤੰਤੀ ਸਾਜ ਦੇ ਨਾਲ ਕੀਰਤਨ ਕਰਨ ਵਾਲੀ, ਦਿੱਲੀ ਦਿੱਲੀ ਨਿਵਾਸੀ ਡਾਕਟਰ ਹਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਲਿਖੇ ਹਨ ਖਾਸ ਕਰ ਕੇ ਉਹ ਤਜ਼ੁਰਬਾ ਜੋ ਉਨ੍ਹਾਂ ਨੂੰ ਉਨ੍ਹਾਂ ਨਾਲ ਇਕ ਉਸਤਾਦ ਵਜੋਂ ਪ੍ਰਾਪਤ ਹੋਇਆ ਸੀ।

ਕਾਲਪੁਰਖ ਦੀ ਬਖਸ਼ਿਸ਼ ਹੈ ਕਿ ਗੁਰਬਾਣੀ ਸੰਗੀਤ ਦੇ ਸੰਸਾਰ ਦੇ ਮੇਰੇ ਸਫ਼ਰ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ ਮੇਰੇ ਮਾਰਗਦਰਸ਼ਕ ਸਨ। ਇਸ ਨੇਕ ਰੂਹ ਦੇ ਵਿਛੋੜੇ ‘ਤੇ ਮੈਂ ਦੁਖੀ ਹਾਂ, ਪਰ ਫਿਰ ਵੀ ਮੈਂ ਗੁਰਬਾਣੀ ਸੰਗੀਤ, ਇਸਦੇ ਵੱਖ-ਵੱਖ ਰੂਪਾਂ ਅਤੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਦੇ ਗਿਆਨ, ਸੁਆਦਾਂ, ਮਿਠਾਸ, ਅਰਥਾਂ ਨੂੰ ਬਾਹਰ ਲਿਆਉਣ ਲਈ ਤਾਰਾਂ ਵਾਲੇ ਸਾਜ਼ਾਂ ਦੀ ਵਰਤੋਂ ਨੂੰ ਸਮਝਣ ਲਈ ਉਹਨਾਂ ਦੇ ਨਾਲ ਬਿਤਾਏ ਪਲਾਂ ਦਾ ਜਸ਼ਨ ਮਨਾਉਂਦੀ ਹਾਂ। ਸਿੱਖ ਸੰਗੀਤ- ਵਿਗਿਆਨ ਨੂੰ ਸੁਰਜੀਵਿਤ ਕਰਨ ਅਤੇ ਪ੍ਰਸਿੱਧੀ ਦਿਵਾਉਣ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਜੀਵਨ-ਜਾਚ ਪ੍ਰਤੀ ਉਹਨਾਂ ਦੀ ਸ਼ਰਧਾ ਤੇ ਤਪੱਸਿਆ ਨੂੰ ਯਾਦ ਕਰਦੀ ਹਾਂ।

ਕੋਵਿਡ 19 ਨੇ ਉਹਨਾਂ ਨਾਲ ਮੇਰੀਆਂ ਮੀਟਿੰਗਾਂ ਨੂੰ ਸੀਮਤ ਕਰ ਦਿੱਤਾ, ਪਰ ਮੈਂ ਫ਼ੋਨ ‘ਤੇ ਸੰਪਰਕ ਵਿੱਚ ਰਹੀ। ਅਪ੍ਰੈਲ 2020 ਵਿੱਚ ਇੱਕ ਲੰਮੀ ਵਾਰਤਾ ਦੌਰਾਨ, ਨਿਮਰਤਾ ਦੇ ਇਸ ਪ੍ਰਤੀਕ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ 31 ਰਾਗਾਂ ਵਿੱਚ ਭਗਤ ਬਾਣੀ ਨੂੰ ਸ੍ਵਰਬੱਧ ਕਰ ਲਿਆ ਹੈ ਤੇ 573 ਪੰਨੇ ਪੂਰੇ ਕਰ ਲਏ ਹਨ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸੰਗੀਤ ਦਰਪਣ ਵੀ ਲਿਖਿਆ ਹੈ। ਵਧਦੀ ਉਮਰ ਵਿਚ ਸਿਹਤਯਾਬੀ ਨੂੰ ਚੇਤੇ ਰੱਖਦੇ ਹੋਏ, ਗੱਲਬਾਤ ਦੇ ਅੰਤ ਵਿੱਚ ਉਹਨਾਂ ਨੇ ਆਸ ਕੀਤੀ ਕਿ ਅਕਾਲ ਪੁਰਖ ਉਹਨਾਂ ਉਪਰ ਕਿਰਪਾ ਕਰੇ ਤੇ ਉਹ ਪਹਿਲੇ ਪਾਤਸ਼ਾਹ-ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ 18 ਮੁੱਖ ਰਾਗਾਂ, 11 ਮਿਸ਼ਰਤ ਰਾਗਾਂ ਅਤੇ 6 ਦੱਖਣੀ ਰਾਗਾਂ ਵਿਸਹ ਸ੍ਵਰਬੱਧ ਕਰ ਸਕਣ।

ਗੁਰਬਾਣੀ ਸੰਗੀਤ ਦੇ ਸਦੀ ਦੇ ਸਤੰਭ, ਉਸਤਾਦ – ਪ੍ਰੋ.ਕਰਤਾਰ ਸਿੰਘ ਨੇ 2 ਜਨਵਰੀ 2022 ਨੂੰ ਲੁਧਿਆਣਾ, ਪੰਜਾਬ ਵਿੱਚ ਆਖ਼ਰੀ ਸਾਹ ਲਿਆ। 3 ਅਪ੍ਰੈਲ 1928 ਨੂੰ ਲਹਿੰਦੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਘੁਮਾਣਕੇ ਵਿੱਚ ਅਤਰ ਸਿੰਘ ਅਤੇ ਹਰਨਾਮ ਕੌਰ ਦੇ ਘਰ ਜਨਮੇ, ਉਨ੍ਹਾਂ ਦੀ ਮੌਤ ਚੜ੍ਹਦੇ ਪੰਜਾਬ ਦੇ ਲੁਧਿਆਣਾ ਵਿੱਚ ਹੋਈ। ਉਹ ਲਹਿੰਦੇ ਵਿੱਚ ਉੱਠਿਆ ਅਤੇ ਚੜ੍ਹਦੇ ਵਿੱਚ ਸਥਾਪਤ ਹੋਇਆ।

Prof. Kartar Singh receiving a Public Award

ਗੁਰਬਾਣੀ ਪੇਸ਼ਕਾਰੀ ਦੀ ਪੁਰਾਤਨ ਤੇ ਪਰੰਪਰਾਗਤ ਸ਼ੈਲੀ ਤੋਂ ਸਿੱਖਾਂ ਦੀ ਆਪਣੀ ਪਕੜ ਗੁਆਉਣ ਬਾਰੇ ਚਿੰਤਤ, ਉਹ ਰਵਾਇਤੀ ਸਾਜ਼ਾਂ ਦੀ ਵਰਤੋਂ ਕਰਦੇ ਹੋਏ ਪੁਰਾਤਨ ਗਾਇਕੀ ਨੂੰ ਪੁਨਰ ਸੁਰਜੀਤ ਕਰਨ ਦੇ ਮਿਸ਼ਨ ਨੂੰ ਜੀਵਨ ਭਰ ਸਮਰਪਤ ਸਨ। ਉਹਨਾਂ ਰਾਗਾਂ ਵਿੱਚ ਸੰਗੀਤ ਦੀ ਵਿਧੀ ਤੇ ਮਾਪ ਅਨੁਸਾਰ ਗੁਰਬਾਣੀ ਗਾਇਨ ਕੀਤੀ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਗਏ ਹਨ। ਵਿਸ਼ਵ ਵਿਖੇ ਸਤਿਕਾਰਿਤ, ਹਰਮਨਪਿਆਰੇ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਨਾ ਸਿਰਫ ਗੁਰਬਾਣੀ ਗਾਈ ਬਲਕਿ ਉਸਦੀ ਪਾਲਣਾ ਆਪਣੇ ਸਖਸ਼ੀ ਜੀਵਨ ਵਿਚ ਵੀ ਕੀਤੀ। ਪਵਿੱਤਰ, ਨਿਮਰ, ਦੈਵੀ ਗੁਣਾਂ ਦੇ ਧਾਰਨੀ, ਮਿਹਨਤੀ ਅਤੇ ਕਦੇ ਨਾ ਥੱਕਣ ਵਾਲ਼ੇ ਰਵੱਈਏ ਨਾਲ ਸੁਸ਼ੋਭਤ, ਉਹ ਇੱਕ ਮਹਾਨ ਵਿਅਕਤੀ ਸਨ।

ਨਿਮਰਤਾ ਉਹਨਾਂ ਦਾ ਮੁੱਖ ਗੁਣ ਸੀ ਜਿਸ ਦੇ ਦਰਸ਼ਨ ਗੁਰਦੁਆਰਿਆਂ ਅਤੇ ਵਿਸ਼ੇਸ਼ ਕੀਰਤਨ ਸਮਾਗਮਾਂ ਵਿਚ ਜੋੜੇ ਘਰ ਵਿਚ ਸੇਵਾ ਕਰਦੇ ਹੋਏ ਹੁੰਦੇ ਸਨ ਅਤੇ ਇਹ ਨਿਮਰਤਾ ਦਾ ਗੁਣ ਉਨ੍ਹਾਂ ਦੇ ਵਿਦਿਆਰਥੀ ਭਾਈ ਨਰਿੰਦਰ ਸਿੰਘ ਬਨਾਰਸੀ, ਹਜ਼ੂਰੀ ਰਾਗੀ – ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਵੀ ਦਿਖਾਈ ਦੇਂਦੇ ਹਨ।

ਸ਼ੁਕਰਾਨੇ ਵਿੱਚ ਰਹਿਣ ਵਾਲੇ ਵਿਅਕਤੀ, ਉਹ ਆਪਣੇ ਸੰਗੀਤ ਦੇ ਉਸਤਾਦ ਗਿਆਨੀ ਗੁਰਬਚਨ ਸਿੰਘ ਭਾਈ ਫੇਰੂ, ਭਾਈ ਸੁੰਦਰ ਸਿੰਘ ਕਸੂਰ ਵਾਲੇ ਅਤੇ ਭਾਈ ਦਲੀਪ ਸਿੰਘ ਨੂੰ ਹਮੇਸ਼ਾ ਯਾਦ ਰੱਖਦੇ। ਉਹ, ਗੁਰਬਾਣੀ ਸੰਗੀਤ ਦੇ ਆਪਣੇ ਵਿਦਿਆਰਥੀਆਂ ਨੂੰ ਅਕਸਰ ਕਿਹਾ ਕਰਦੇ ਸਨ, “ਮੈਂ ਆਪਣੇ ਆਖਰੀ ਸਾਹਾਂ ਤੱਕ ਗੁਰਬਾਣੀ ਸੰਗੀਤ ਦੀ ਪਰੰਪਰਾਗਤ ਪੁਰਾਤਨ ਸ਼ੈਲੀ ਵਿੱਚ ਗਾਉਣ ਵਿੱਚ ਲੀਨ ਰਹਿਣਾ ਚਾਹੁੰਦਾ ਹਾਂ”।

ਉਸਤਾਦ ਪ੍ਰੋ: ਕਰਤਾਰ ਸਿੰਘ ਨੇ ਨਾ ਸਿਰਫ਼ ਗਾਇਆ ਬਲਕਿ ਇੱਕ ਵਿਲੱਖਣ ਅਧਿਆਪਕ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਝਿਜਕ ਤੇ ਵਿਤਕਰੇ ਦੇ ਸੰਗੀਤ ਦਾ ਹੁਨਰ ਸਿਖਾਇਆ ਅਤੇ ਸਾਰੇ ਵਿਦਿਆਰਥੀਆਂ ਨੂੰ ਗਲੇ ਲਗਾਇਆ, ਜਿਨ੍ਹਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਸਨ ਜੋ ਫੀਸ ਨਹੀਂ  ਸਨ ਦੇ ਸਕਦੇ। ਸੰਗੀਤ ਦੇ ਬਹੁਤਾਤ ਉਸਤਾਦਾਂ ਦੇ ਉਲਟ, ਉਹਨਾਂ ਬਿਨਾਂ ਕਿਸੇ ਸੁਆਰਥ,ਪਸੰਦ ਅਤੇ ਤਰਜੀਹ ਦੇ, ਹਰ ਇੱਕ ਨੂੰ ਵਧੀਆ ਤਕਨੀਕਾਂ ਅਤੇ ਰਚਨਾਵਾਂ ਸਿਖਾਈਆਂ।

ਉਹ ਆਖ਼ਰੀ ਸਮੇਂ ਤੱਕ ਸਰਗਰਮ ਰਹੇ, ਲੁਧਿਆਣਾ ਤੋਂ ਅਨੰਦਪੁਰ ਸਾਹਿਬ ਦੇ ਨਿਯਮਤ ਸਫਰ ਕਰਦੇ ਰਹੇ ਜਿੱਥੇ ਉਹਨਾਂ ਨੇ ਗੁਰਮਤਿ ਸੰਗੀਤ ਅਕੈਡਮੀ ਵਿੱਚ ਡਾਇਰੈਕਟਰ ਵਜੋਂ ਸੇਵਾ ਕੀਤੀ। ਉਹਨਾਂ ਦੀ ਇੱਕ ਅਨੁਸ਼ਾਸਿਤ ਰੋਜ਼ਾਨਾ ਰੁਟੀਨ ਸੀ ਜਿਸ ਵਿੱਚ ਇੱਕ ਵਧੀਆ ਖੁਰਾਕ, ਨਿਯਮਤ ਰਿਆਜ਼ ਅਤੇ ਸ਼ਾਮ ਨੂੰ ਰੋਜ਼ਾਨਾ ਸੈਰ ਸ਼ਾਮਲ ਸਨ।

Prof Kartar Singh Ji

ਉਹ ਬਾਬਾ ਬੋਹੜ ਸਨ – ਗੁਰਬਾਣੀ ਸੰਗੀਤ ਦਾ 100 ਸਾਲ ਪੁਰਾਣਾ ਰੁੱਖ। ਤਾਨਪੁਰਾ, ਸਵਰ ਮੰਡਲ ਅਤੇ ਦਿਲਰੁਬਾ ਦੇ ਮਾਹਰ, ਉਹ ਤੰਤੀ ਸਾਜ਼ਾਂ ਨਾਲ ਹੀ ਕੀਰਤਨ ਕਰਦੇ ਸਨ।

ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਭਾਸ਼ਾ ਵਿਭਾਗ ਵੱਲੋਂ 2013 ਵਿੱਚ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ 2009 ਵਿੱਚ ਸੰਗੀਤ ਨਾਟਕ ਅਕੈਡਮੀ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ 2012 ਵਿੱਚ ਉਹਨਾਂ ਨੂੰ ਟੈਗੋਰ ਰਤਨ ਪੁਰਸਕਾਰ ਮਿਲਿਆ । ਜਦੋਂ ਉਹ ਸਿਹਤ ਪੱਖੋਂ ਢਿੱਲੇ ਹੋਏ ਤੇ ਹਸਪਤਾਲ ਦਾਖ਼ਲ ਕੀਤਾ ਗਿਆ, ਉਹਨਾਂ ਨੂੰ ਦਸੰਬਰ 2021 ਵਿੱਚ ਲੁਧਿਆਣਾ ਵਿੱਚ ਹਸਪਤਾਲ ਦੇ ਬਿਸਤਰੇ ‘ਤੇ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ।

ਗੁਰਬਾਣੀ ਸੰਗੀਤ ਨੂੰ ਸਾਂਭਣ ਲਈ ਵਚਨਬੱਧ ਇੱਕ ਅਧਿਆਪਕ, ਉਹਨਾਂ ਸੈਂਕੜੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਅਤੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚੋਂ ਪ੍ਰਮੁੱਖ ‘ਗੁਰਮਤਿ ਸੰਗੀਤ ਦਰਪਣ’, ਅਤੇ ‘ਗੁਰੂ ਅੰਗਦ ਦੇਵ ਸੰਗੀਤ ਦਰਪਣ’ ਹਨ।

Prof. Kartar Singh

ਤਿੰਨ ਮਹੀਨੇ ਪਹਿਲਾਂ, ਟੈਲੀਫੋਨ ‘ਤੇ, ਉਹਨਾਂ ਮੈਨੂੰ ਮੇਰੇ ਰਿਆਜ਼-ਵਿਵਸਥਿਤ ਅਭਿਆਸ ਅਤੇ ਮੈਂ ਕੀ ਕਰ ਰਹੀ ਸੀ, ਉਸ ਬਾਰੇ ਪੁੱਛਿਆ। ਜਦੋਂ ਮੈ ਉਹਨਾਂ ਨੂੰ ਦੱਸਿਆ ਕਿ ਮੈਂ ਨਿਯਮਿਤ ਅਭਿਆਸ ਕਰ ਰਹੀ ਹਾਂ ਅਤੇ ਉਨ੍ਹਾਂ ਦੀਆਂ ਪੁਸਤਕਾਂ ਵਿੱਚ ਦਰਸਾਏ ਢੰਗ ਨਾਲ ਗੁਰਬਾਣੀ ਸੰਗੀਤ ਸਿੱਖਾਂ ਰਹੀ ਹਾਂ ਤਾਂ ਉਹ ਬਹੁਤ ਖੁਸ਼ ਹੋਏ। ਮਹਾਂਮਾਰੀ ਦੇ ਕਾਰਨ ਮੈਂ ਉਹਨਾਂ ਨੂੰ ਉਨ੍ਹਾਂ ਦੇ ਆਖਰੀ ਸਾਲਾਂ ਦੌਰਾਨ ਮਿਲ ਨਾ ਸਕੀ, ਪਰ ਮੈਂ ਉਹਨਾਂ ਦੀ ਸੰਗਤ ਵਿੱਚ ਕੀਤੇ ਪਲਾਂ ਅਤੇ ਉਹਨਾਂ ਦੇ ਦਿੱਤੇ ਸਬਕ ਦੀ ਕਦਰ ਆਖਰੀ ਸਾਹਾਂ ਤੱਕ ਕਰਦੀ ਰਹਾਂਗੀ। ਗੁਰੂ ਪਾਤਸ਼ਾਹ ਮਿਹਰ ਕਰਨ।

ਗੁਰਬਾਣੀ ਸੰਗੀਤ ਦਾ ਤੁਰਦਾ-ਫਿਰਦਾ-ਗਾਉਣ ਵਾਲਾ ਵਿਸ਼ਵਕੋਸ਼ ਖਤਮ ਹੋ ਗਿਆ। ਉਹ ਪ੍ਰੀਤਮ ਕੇ ਦੇਸ ਚਲਾ ਗਿਆ। ਪਾੜਾ ਕੌਣ ਭਰੇਗਾ? ਜ਼ਿੰਮੇਵਾਰੀ ਮੇਰੇ ਸਮੇਤ ਉਹਨਾਂ ਦੇ ਹਰ ਵਿਦਿਆਰਥੀਆਂ ‘ਤੇ ਹੈ। ਉਹਨਾਂ ਦੀ ਯਾਦ ਵਿੱਚ, ਮੈਂ ਉਹਨਾਂ ਦੀ ਸੰਗੀਤਕ ਉੱਤਮਤਾ ਨੂੰ ਸ਼ਰਧਾਂਜਲੀ ਵਜੋਂ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਸਮਰਪਤ ਹਾਂ।

530 recommended
3421 views
bookmark icon

Write a comment...

Your email address will not be published. Required fields are marked *