ਜਸਵੰਤ ਸਿੰਘ ਕੰਵਲ -ਸਦੀ ਜਿੱਡੇ ਬਾਬੇ ਦਾ ਅਕਾਲ ਚਲਾਣਾ
ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦੀ ਮੁਰੀਦ ਪਾਠਕ -ਅਮਨਦੀਪ ਕੌਰ ਖੀਵਾ ਨੇ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ ‘ਤੇ ਆਪਣੀਆਂ ਦਿਲ ਦੀਆਂ ਗਹਿਰਾਈਆਂ ‘ਚੋਂ ਉਭਰਦੇ ਵਲਵਲਿਆਂ ਨੂੰ ਸ਼ਬਦ ਦਿੱਤੇ ਹਨ। ਢੁੱਡੀਕੇ ਦਾ ੧੦੦ ਸਾਲ ਦਾ ਬਾਬਾ ਬੋਹੜ ਕਈ ਯਾਦਾਂ ਅਤੇ ਕਿਤਾਬਾਂ ਸਾਡੇ ਲਈ ਛੱਡ ਗਿਆ ਹੈ। ਸਾਂਝ ਪਾਉ……..”ਮੈਂ ਬਾਬੇ ਦੇ ਹੱਥਾਂ ਵੱਲੀ ਵੇਖਿਆ ਸੀ ਕਿ ਇਹਨਾਂ ਰਾਹੀਂ ਢੇਰ ਕਿਤਾਬਾਂ ਦਾ ਲਿਖਿਆ ਗਿਆ ਹੈ…ਵਾਹ ਉਹਨਾਂ ਹੱਥਾਂ ਨੂੰ ਮੈਂ ਪ੍ਰਤੱਖ ਵੇਖ ਰਹੀ ਸਾਂ… ਬਾਬੇ ਮੂਹਰੇ ਜਾਕੇ ਆਵਦੇ ਹੱਦੋਂ ਵੱਧ ਨਿਆਣੀ ਹੋਣ ਦਾ ਅਹਿਸਾਸ ਹੋਇਆ …ਲੱਗਿਆ ਕਿ ਮੇਰੀ ਮਾਂ ਧਰਤੀ ਪੰਜਾਬ ਦਾ ਵੱਡਾ ਪੁੱਤ ਸਾਡੇ ਸਾਹਮਣੇ ਆ ਤੇ ਅਸੀਂ ਉਹਦੇ ਪੋਤਿਆਂ ਪੜੋਤਿਆਂ ਦੀ ਥਾਵੇਂ ਲੱਗਦੇ ਆਂ… ਸਾਡਾ ਬਾਬਾ ਏ ਜੀਅ ਕਰਦਾ ਵੇਖੀ ਜਾਈਏ.. ਬੱਸ ਥੋੜੇ ਚਿਰ ਲਈ ਉਸ ਸਮੁੰਦਰ ਨੂੰ ਵੇਖੱਦੇ ਵੇਖਦੇ ਬਾਹਰ ਆ ਗਏ ਸੀ।”
ਜਸਵੰਤ ਸਿੰਘ ਬਾਬੇ ਦਾ ਕੱਲ੍ ਸੰਸਕਾਰ ਸੀ, ਬਾਬਾ ਮੇਰੇ ਨਾਨੇ ਤੇ ਦਾਦੇ ਨਾਲੋਂ ਵੀ ਲਗਭਗ ਵੀਹ-ਪੱਚੀ ਸਾਲ ਵੱਡਾ ਹੋਊਗਾ, ਬਾਬੇ ਕੰਵਲ ਬਾਰੇ ਨਿੱਕੇ ਹੁੰਦੇ ਈ ਪੜ੍ਹਦੇ ਆ ਰਹੇ ਸੀ..ਮੈਂ ਫਰੀਦਕੋਟ ਦੇ ਪੁਸਤਕ ਮੇਲੇ ਤੇ ਇੱਕ ਵਾਰੀ ਬਾਬੇ ਦੀ ਪਛਾਣ ਇਹ ਰੱਖੀ ਸੀ ਕਿ ਬਾਬੇ ਦੇ ਹਰੇਕ ਨਾਵਲ ਦੀ ਬੈਕਸਾਈਡ ਉਹਦੀ ਫੋਟੋ ਲੱਗੀ ਹੁੰਦੀ ਐ…ਪਾਲੀ, ਹਾਣੀ ਪੂਰਨਮਾਸ਼ੀ, ਚਰਨ, ਰਾਜ ਇਹ ਸਾਰੇ ਸ਼ਬਦ ਬਾਬੇ ਬਾਰੇ ਸੋਚਦਿਆਂ ਹੀ ਮੇਰੇ ਦਿਮਾਗ ਚ ਆਉਣ ਲੱਗਦੇ ਸਨ… ਮੈਂ ਪੂਰਨਮਾਸ਼ੀ ਨਾਵਲ ਪੜ੍ਹਦੀ ਸੋਚਦੀ ਹੁੰਦੀ ਸੀ ਬਾਬਾ ਕਿੰਨਾ ਰੋਮੈਂਟਿਕ ਆ ਨਾ..ਨਹੀਂ ਤਾਂ ਕਈ ਲੇਖਕ ਬੋਰ ਈ ਕਰ ਦਿੰਦੇ ਹੁੰਦੇ ਆ…ਪਰ ਦੁਬਾਰਾ ਉਹਨਾਂ ਦੀਆਂ ਲਿਖਤਾਂ ਪੜੇ ਪਤਾ ਲਗਦੈ ਕਿ ਬਾਬਾ ਨਿਰਾ ਪੁਰਾ ਰੋਮੈਂਟਿਕ ਥੋੜਾ ਸੀ… ਚਲੋ ਇਹ ਤਾਂ ਬਾਬੇ ਦਾ “ਫਸਟ ਇਮਪਰੈਸ਼ਨ” ਸੀ ਮੇਰੇ ਤੇ…ਜਿਹੜਾ ਕਿ “ਲਾਸਟ ਇਮਪਰੈਸ਼ਨ ” ਨਹੀਂ ਬਣਿਆ।
ਮੈਨੂੰ 2019 ਦੀ ਜੂਨ ਚ ਇਹ ਸੋਚ ਸੋਚ ਈ ਜ਼ਿੰਦਗੀ ਦਾ ਨਸ਼ਾ ਚੜੀ ਜਾਂਦਾ ਸੀ ਕਿ ਬਾਬਾ ਕੰਵਲ 100 ਸਾਲਾਂ ਦਾ ਹੋ ਗਿਆ.. ਮੈਂ ਸੋਚਿਆ “ਬਾਬੇ ਨੇ ਥੋੜਾ ਜ਼ਿੰਦਗੀ ਨੂੰ ਜੀਵਿਆ ਹੈ, ਜ਼ਿੰਦਗੀ ਬਾਬੇ ਨੂੰ ਜੀਅ ਰਹੀ ਹੈ”…ਇਸ ਕਰਕੇ ਤਾਂ ਉਹਦੀ 100 ਸਾਲਾਂ ਤੱਕ ਉਂਗਲੀ ਫ਼ੜੀ ਬੈਠੀ ਹੈ…ਜਦੋਂ ਉਹਨਾਂ ਦੇ ਪਿੰਡ ‘ਪੂਰਨਮਾਸ਼ੀ’ ਮੇਲਾ ਹੋਇਆ, ਉਹਨਾਂ ਦੇ 100 ਸਾਲਾ ਜਨਮ ਦਿਵਸ ਨੂੰ ਮਨਾਉਣ ਲਈ..ਉਦੋੰ ਮੈਂ ਬਾਬੇ ਦੇ ਪਾਠਕ ਨਹੀਂ ਆਸ਼ਕ ਵੇਖੇ ਸੀ.. ਉਦੋੰ ਹੀ ਪਹਿਲੀ ਵਾਰ ਮੈਂ ਬਾਬੇ ਨੂੰ ਸੱਚੀਂ ਮੁੱਚੀਂ ਦਾ ਵੇਖਿਆ ਸੀ…ਲੰਬਾ ਕੱਦ…ਗੋਰਾ ਗੋਰਾ ਰੰਗ..ਤਿੱਖਾ ਨੱਕ..ਲੱਕੜ ਦੇ ਪਲੰਘ ਤੇ ਇੰਜ ਪਏ ਸੀ ਜਿਵੇਂ ਗੂੜੀ ਨੀਂਦ ਆਈ ਹੋਵੇ…
ਮੈਂ ਤੇ ਲਵਪ੍ਰੀਤ ਨੇ ਉਹਨਾਂ ਨੂੰ ਸੁੱਤਿਆਂ ਨੂੰ ਲਗਾਤਾਰ ਕੋਲੇ ਖਡ਼ਕੇ ਵੇਖਿਆ… ਪੰਜਾਬ ਦੀ ਰੂਹ ਦਾ ਜਾਣੂ ਇੰਜ ਪਿਆ ਸੀ ਜਿਵੇਂ ਆਵਦੇ ਹਿੱਸੇ ਦਾ ਕੰਮ ਕਰਨ ਤੋਂ ਬਾਅਦ ਅਰਾਮ ਫਰਮਾ ਰਿਹਾ ਹੋਵੇ…ਮੈਂ ਬਾਬੇ ਦੇ ਹੱਥਾਂ ਵੱਲੀ ਵੇਖਿਆ ਸੀ ਕਿ ਇਹਨਾਂ ਰਾਹੀਂ ਢੇਰ ਕਿਤਾਬਾਂ ਦਾ ਲਿਖਿਆ ਗਿਆ ਹੈ…ਵਾਹ ਉਹਨਾਂ ਹੱਥਾਂ ਨੂੰ ਮੈਂ ਪ੍ਰਤੱਖ ਵੇਖ ਰਹੀ ਸਾਂ… ਬਾਬੇ ਮੂਹਰੇ ਜਾਕੇ ਆਵਦੇ ਹੱਦੋਂ ਵੱਧ ਨਿਆਣੀ ਹੋਣ ਦਾ ਅਹਿਸਾਸ ਹੋਇਆ…ਲੱਗਿਆ ਕਿ ਮੇਰੀ ਮਾਂ ਧਰਤੀ ਪੰਜਾਬ ਦਾ ਵੱਡਾ ਪੁੱਤ ਸਾਡੇ ਸਾਹਮਣੇ ਆ ਤੇ ਅਸੀਂ ਉਹਦੇ ਪੋਤਿਆਂ ਪੜੋਤਿਆਂ ਦੀ ਥਾਵੇਂ ਲੱਗਦੇ ਆਂ… ਸਾਡਾ ਬਾਬਾ ਏ ਜੀਅ ਕਰਦਾ ਵੇਖੀ ਜਾਈਏ.. ਬੱਸ ਥੋੜੇ ਚਿਰ ਲਈ ਉਸ ਸਮੁੰਦਰ ਨੂੰ ਵੇਖੱਦੇ ਵੇਖਦੇ ਬਾਹਰ ਆ ਗਏ ਸੀ।
ਹਾਂ ਸੱਚ ਮੈਂ ਦੱਸ ਰਹੀ ਸੀ ਕਿ ਬਾਬੇ ਦਾ ਸੰਸਕਾਰ ਸੀ ਕੱਲ੍ਹ… ਕਾਲਜ ਗਈ ਤਾਂ ਅਚਾਨਕ ਬਾਬੇ ਦੇ ਚੜਾਈ ਕਰਨ ਦੀ ਖਬਰ ਠਾਹ ਕਰਕੇ ਕੰਨੀ ਪਈ.. ਪੰਜਾਬ ਚ ਬੁੜ੍ਹਿਆਂ ਦੇ ਮਰਨ ਨੂੰ ਬਹੁਤਾ ਦਿਲ ਤੇ ਨਹੀਂ ਲਾਇਆ ਜਾਂਦਾ..ਵੱਡੇ ਕਰਨ ਦੀਆਂ ਗੱਲਾਂ ਹੋਣ ਲਗਦੀਆਂ ਨੇ ਬੱਸ… ਪਰ !! ਇਹ ਕੀ …ਕੱਲ੍ਹ ਈ ਤਾਂ ਟਿਵਾਣਾ ਦੀ ਖਬਰ ਦਾ ਸੋਗ ਮਨਾ ਕੇ ਹਟੇ ਸਾਂ.. ਅਚਾਨਕ ਬਾਬਾ ਵੀ ਰੁਖ਼ਸਤ ਹੋ ਗਿਆ, ਸ਼ੋਕ ਸਭਾ ਹੋਈ..ਸਾਰਾ ਕਾਲਜ ਨੀਵੀਂ ਪਾਕੇ ਚੁੱਪ ਕਰਕੇ ਖੜ ਗਿਆ…ਪ੍ਰੋਫੈਸਰ ਨਰਿੰਦਰਜੀਤ ਬਰਾੜ ਹੁਰਾਂ ਨੇ ਕਿਹਾ ਕਿ ਮੌਨ ਧਾਰਨ ਕਰਨਾ ਹੀ ਸ਼ਰਧਾਂਜਲੀ ਨਹੀਂ ਹੈ…ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਕੇ, ਉਹਨਾਂ ਨੂੰ ਜ਼ਿੰਦਗੀ ਚ ਅਮਲੀ ਰੂਪ ਚ ਲੈਕੇ ਆਉਣਾ ਹੀ ਸ਼ਰਧਾਂਜਲੀ ਹੈ।
ਮੈਨੂੰ 2019 ਦੀ ਜੂਨ ਚ ਇਹ ਸੋਚ ਸੋਚ ਈ ਜ਼ਿੰਦਗੀ ਦਾ ਨਸ਼ਾ ਚੜੀ ਜਾਂਦਾ ਸੀ ਕਿ ਬਾਬਾ ਕੰਵਲ 100 ਸਾਲਾਂ ਦਾ ਹੋ ਗਿਆ.. ਮੈਂ ਸੋਚਿਆ “ਬਾਬੇ ਨੇ ਥੋੜਾ ਜ਼ਿੰਦਗੀ ਨੂੰ ਜੀਵਿਆ ਹੈ, ਜ਼ਿੰਦਗੀ ਬਾਬੇ ਨੂੰ ਜੀਅ ਰਹੀ ਹੈ”…ਇਸ ਕਰਕੇ ਤਾਂ ਉਹਦੀ 100 ਸਾਲਾਂ ਤੱਕ ਉਂਗਲੀ ਫ਼ੜੀ ਬੈਠੀ ਹੈ…ਜਦੋਂ ਉਹਨਾਂ ਦੇ ਪਿੰਡ ‘ਪੂਰਨਮਾਸ਼ੀ’ ਮੇਲਾ ਹੋਇਆ, ਉਹਨਾਂ ਦੇ 100 ਸਾਲਾ ਜਨਮ ਦਿਵਸ ਨੂੰ ਮਨਾਉਣ ਲਈ..ਉਦੋੰ ਮੈਂ ਬਾਬੇ ਦੇ ਪਾਠਕ ਨਹੀਂ ਆਸ਼ਕ ਵੇਖੇ ਸੀ.. ਉਦੋੰ ਹੀ ਪਹਿਲੀ ਵਾਰ ਮੈਂ ਬਾਬੇ ਨੂੰ ਸੱਚੀਂ ਮੁੱਚੀਂ ਦਾ ਵੇਖਿਆ ਸੀ…ਲੰਬਾ ਕੱਦ…ਗੋਰਾ ਗੋਰਾ ਰੰਗ..ਤਿੱਖਾ ਨੱਕ..ਲੱਕੜ ਦੇ ਪਲੰਘ ਤੇ ਇੰਜ ਪਏ ਸੀ ਜਿਵੇਂ ਗੂੜੀ ਨੀਂਦ ਆਈ ਹੋਵੇ…
“ਆਪਾਂ ਭੋਗ ਤੇ ਚੱਲਾਂਗੇ..” ਗੱਲਾਂ ਹੋਣ ਲੱਗੀਆਂ..ਲਵਪ੍ਰੀਤ ਨੇ ਕਿਹਾ ਕਿ “ਨਹੀਂ ਭੋਗ ਤਾਂ ਸਮਾਜਿਕ ਰਸਮ ਹੈ ਆਪਾਂ ਉਹਨੂੰ ਜਾਂਦੀ ਵਾਰ ਦਾ ਵੇਖਣਾ ਹੈ…” ਗੱਲ ਦਿਲ ਤੇ ਵੱਜੀ..ਤੁਰ ਪਏ ਮੋਗੇ ਵਾਲੀ ਬੱਸ ਬੈਠੇ…ਫਿਰ ਅਜੀਤਵਾਲ..ਅਜੀਤਵਾਲੋੰ ਟੈਂਪੂ ਲੈਣਾ ਸੀ ਪਰ ਲਗਦਾ ਨਹੀਂ ਸੀ ਉਹ ਟਾਈਮ ਤੇ ਤੁਰੂਗਾ …ਕਰਨ ਬਾਈ ਕਹਿੰਦਾ ਤੁਰ ਕੇ ਈ ਚੱਲੋ ਰਾਹੋਂ ਕੁਸ਼ ਮਿਲ ਜਾਵੇਗਾ ਬਹਿ ਜਾਵਾਂਗੇ ਉਹੱਦੇ ਨਾਲ..ਕੱਚੇ ਰਾਹ ਤੋਂ ਪੱਕੀ ਸੜਕ ਅਸੀਂ ਤੁਰੇ ਜਾ ਰਹੇ ਸੀ..ਮੈਨੂੰ ਯਾਦ ਆਇਆ ਕਿ ਜਿਵੇਂ ‘ਰਾਤ ਬਾਕੀ ਹੈ’ ਚ ਅਮਰੋ ਦਾ ਬਾਬਾ ਚੜਾਈ ਕਰਦਾ ਹੁੰਦਾ ਉਦੋ ਆਸਿਓਂ ਪਾਸਿਓਂ ਲੋਕਾਂ ਦਾ ਹਜ਼ੂਮ ‘ਕੱਠਾ ਹੋਣ ਲੱਗਦਾ ਹੈ ਆਈਂ ਢੁੱਡੀਕੇ ਹੋ ਰਿਹਾ ਹੋਊ…
ਇਕ ਕਾਰ ਵਾਲੇ ਨੂੰ ਹੱਥ ਦਿੱਤਾ…ਰੋਕ ਲਈ ਉਹਨੇ… ਅਸੀਂ ਕਿਹਾ ਕਿ ਢੁਡੀਕੇ ਜਾਣਾ ਏ…ਉਹਨੇ ਬਿਨਾਂ ਹਿਚਕਿਚਾਹਟ ਦੇ ਬਿਠਾ ਲਿਆ..” ਜਸਵੰਤ ਸਿੰਘ ਕੰਵਲ ਪੂਰੇ ਹੋ ਗਏ ਆ ਨਾ ਸਸਕਾਰ ਤੇ ਜਾ ਰਹੇ ਆ”..ਮੂਹਰਲੀ ਸੀਟ ਤੇ ਬੈਠਣ ਸਾਰ ਕਰਨ ਨੇ ਕਾਰ ਵਾਲੇ ਨੂੰ ਦੱਸਿਆ…ਕਾਰ ਵਾਲੇ ਨੇ ਕਿਹਾ ਕਿ ਮੈਂ ਵੀ ਉਥੋਂ ਹੀ ਆਂ ਤੇ ਮੇਰੀ ਹਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਬਾਬੇ ਦੇ ਨਾਮ ਨੂੰ ਅਣਗੌਲਿਆ ਕਰਕੇ ਠਾਹ ਸਾਨੂੰ ਦੱਸ ਦਿੱਤਾ ਕਿ ਮੇਰਾ ਨਾਮ ਵੀ ਜਸਵੰਤ ਹੀ ਆ…ਚਲੋ ਖੈਰ ਪਤਾ ਨਹੀ ਕੀ ਕਾਰਨ ਸੀ ਕਿ ਉਹ ਬਾਬੇ ਬਾਰੇ ਇੱਕ ਲਫ਼ਜ਼ ਵੀ ਨਾ ਬੋਲਿਆ।
ਕਾਰ ਬਾਬੇ ਦੇ ਘਰ ਮੂਹਰੇ ਰੋਕ ਦਿੱਤੀ ਗਈ, ਪੁਲਿਸ ਦੀ ਵਰਦੀ ਚ ਅੱਠ ਦਸ ਜਾਣੇ ਘੁੰਮ ਰਹੇ ਸੀ, ਲੋਕ ਆ ਰਹੇ ਸੀ, ਅਸੀਂ ਕਮਰੇ ਦੇ ਅੰਦਰ ਵੜੇ, ਬਾਬੇ ਨੂੰ ਮੰਜੇ ਤੇ ਲਿਟਾਇਆ ਹੋਇਆ ਸੀ.. ਸਿਰਹਾਣੇ ਉਹਨਾਂ ਦੀ ਨੂੰਹ (ਜਿੰਨ੍ਹਾਂ ਬਾਰੇ ਲੋਕੀਂ ਕਹਿ ਰਹੇ ਸੀ ਕਿ ਸ਼ਾਬਾਸ਼ੇ ਇਹਦੇ ਇਹਨੇ ਬੜੀ ਸਾਂਭ ਸੰਭਾਲ ਕੀਤੀ) ਬੈਠੀ ਸੀ। ਬਾਬੇ ਦਾ ਉਹੀ ਗੋਰਾ ਨਿਛੋਹ ਮੂੰਹ, ਤਿੱਖਾ ਨੱਕ, ਸਿੱਧੀ ਧੌਣ, ਲੰਬਾ ਸਰੂ ਕੱਦ..ਕਰੀਮ ਰੰਗ ਦੀ ਪੱਗ ਨਾਲ…ਦਗ ਦਗ ਕਰਦਾ ਚਿਹਰਾ..ਪਤਲਾ ਸਰੀਰ ਸਾਡੇ ਸਾਹਮਣੇ ਸੀ। ਇੰਜ ਲੱਗਦਾ ਸੀ ਪੰਜਾਬ ਦੇ ਕਿੰਨੇਂ ਹੀ ਫਿਕਰ ਸੀਨੇ ਵਿੱਚ ਲੈ ਕੇ ਜਿਵੇਂ ਉਹ ਉਹਨਾਂ ਦੇ ਹੀਲੇ ਵਸੀਲੇ ਕਰਨ ਦੇ ਸੁਪਨੇ ਵੇਖ ਰਿਹਾ ਹੋਵੇ ।
ਸੁਮੇਲ ਸਿੱਧੂ ਹੋਰਾਂ ਨੇ ਉਹਨਾਂ ਤੇ ਝੁਕ ਕੇ ਉਹਨਾਂ ਦਾ ਮੂੰਹ ਵੇਖਿਆ ਤੇ ਕਿਹਾ” ਬੱਲੇ ਬਾਪੂ, ਕਿਆ ਸ਼ਿੱਦਤ ਨਾਲ ਜਿਓਂ ਕੇ ਗਿਆਂ ਤੂੰ, ਇਹ ਵਿਅਰਥ ਨਹੀਂ ਜਾਵੇਗੀ ਬਾਬਾ, ਇਹ ਘਾਲਣਾ ਵਿਅਰਥ ਨਹੀਂ ਜਾਵੇਗੀ”…ਸਿੱਧੂ ਹੋਰਾਂ ਦੀਆਂ ਅੱਖਾਂ ਭਰ ਆਈਆਂ, ਇੱਕ ਦੋਹਤੇ ਵਾਲਾ ਮੋਹ ਵੀ ਪ੍ਰਤੱਖ ਦਿੱਖ ਰਿਹਾ ਸੀ, ਸੁਮੇਲ ਜਿਵੇਂ ਨਾਨੇ ਦੀ ਸਾਰੀ ਘਾਲਣਾ ਦੀ ਉਪਮਾ, ਉਹਨਾਂ ਦੇ ਮ੍ਰਿਤ ਸਰੀਰ ਨੂੰ ਸੁਣਾ ਦੇਣੇ ਚਾਹੁੰਦੇ ਸੀ, ਅੱਖਾਂ ਨੂੰ ਘੁੱਟ ਕੇ ਮੀਚਦੇ ਹੋਏ ਉਹ ਰੋ ਪਏ… ਜਦੋਂ ਐਨੀ ਮਾਣਮੱਤੀ ਸਖਸ਼ੀਅਤ ਦੇ ਅੱਖਾਂ ਚ ਪਾਣੀ ਹੋਵੇ ਤੇ ਖੁਦ ਨੂੰ ਰੋਕਣਾ ਔਖਾ ਹੋ ਜਾਂਦਾ…ਐਨੇ ਬਜ਼ੁਰਗ ਦੇ ਚਲਾਣੇ ਤੇ ਮੈਂ ਲੋਕ ਰੋਂਦੇ ਨਹੀਂ ਵੇਖੇ ਸੀ ਪਰ ਉੱਥੇ ਬੈਠੇ ਬਾਬੇ ਦੇ ਆਸ਼ਿਕ ਰੋ ਰਹੇ ਸੀ…।
ਜਦੋਂ ਘਰੋਂ ਸੀੜ੍ਹੀ ਚੱਕ ਕੇ ਲਿਜਾਣ ਲੱਗੇ ਮੇਰਾ ਜੀਅ ਕਰੇ ਕਿ ਮੈਂ ਉੱਚੀ ਦੇਣੇ ਇਨਕਲਾਬ ਜ਼ਿੰਦਾਬਾਦ ਕਹਿ ਦੇਵਾਂ …ਪਰ ਨਾਲਦੀ ਨਾਲ ਈ ਕੋਈ ਉੱਚੀ ਦੇਣੇ ‘ਬੋਲੇ ਸੋ ਨਿਹਾਲ’ ਕਹਿ ਦਿੰਦਾ ਹੈ…ਮੇਰੀ ਧੜਕਣ ਤੇਜ ਹੁੰਦੀ ਐ ਤੇ ਨਾਅਰਾ ਲਾਉਣ ਦੀ ਖਾਲੀ ਥਾਂ ਭਰੀ ਜਾਂਦੀ ਹੈ।
ਸਿਵਿਆਂ ਚ ਲਿਜਾਕੇ ਬਾਬੇ ਉੱਪਰ ਨਿਰੇ ਈ ਫੁੱਲ ਰੱਖੇ ਗਏ, ਸੁਮੇਲ ਹੁਰਾਂ ਨੇ ਕਿਹਾ ਕਿ ਬਾਪੂ ਨੇ ਪਤਾ ਕੀ ਕਹਿਣਾ ਸੀ..”ਯਰ ਕਾਹਨੂੰ ਐਨਾ ਕੱਠ ਕੀਤਾ, ਮੈਂ ਆਪ ਈ ਤੁਰ ਕੇ ਆ ਜਾਣਾ ਸੀ”…ਸਾਰੇ ਜਾਣੇ ਬਾਬੇ ਦੀ ਤਰੀਫ ਚ ਮੁਸਕਰਾਉਣ ਲੱਗੇ। ਨਾਅਰੇ ਲੱਗੇ ….ਪੰਜਾਬ-ਪੰਜਾਬੀ-ਪੰਜਾਬੀਅਤ ਦਾ ਰਾਖਾ..ਕੰਵਲ ਜ਼ਿੰਦਾਬਾਦ!…ਦੋਹਾਂ ਪੰਜਾਬਾਂ ਦੀ ਦੋਸਤੀ ਦਾ ਹਾਮੀ ਕੰਵਲ …ਜ਼ਿੰਦਾਬਾਦ!….ਮੇਰਾ ਜੀਅ ਭਰ ਹੀ ਨਹੀਂ ਰਿਹਾ ਸੀ। ਮੈਨੂੰ ਸੀ ਕਿ ਸਦੀ ਜਿੱਡੇ ਬਾਬੇ ਨੂੰ ਸਿਰਫ ਅੱਜ ਦੇ ਦਿਨ ਹੀ ਤਾਂ ਵੇਖਣਾ ਏ, ਸਮਾਰ ਕੇ ਵੇਖ ਈ ਲਵਾਂ…ਮੈਂ ਨਿੱਕੇ ਜਵਾਕਾਂ ਵਾਂਗੂ ਵਾਰ ਵਾਰ ਬੰਦਿਆਂ ਬੁੜੀਆਂ ਨੂੰ ਚੀਰ ਚੀਰ ਕੇ ਅੱਗੇ ਹੋ ਹੋ ਬਾਬੇ ਨੂੰ ਵੇਖਿਆ। ਔਰਤਾਂ ਦੀ ਘੁਸਰ ਮੁਸਰ ਸੁਣ ਰਹੀ ਸੀ…ਉਹਨਾਂ ਕੋਲ ਕਿਹੜਾ ਬਾਬੇ ਦੀ ਤਰੀਫ ਲਈ “ਸਾਹਿਤਕ ਤਰੀਫ਼ਾਂ” ਸੀ…ਕਹਿ ਰਹੀਆਂ ਸੀ ਬੜਾ ਵਧੀਆ ਬੰਦਾ ਸੀ, ਬੜੇ ਨੇਕ ਕੰਮ ਕਰ ਗਿਆ, “ਭੈਣੇਂ ਸਾਨੂੰ ਖੜੀਆਂ ਵੇਖ ਕੇ ਕਹਿੰਦਾ ਹੁੰਦਾ ਸੀ, ਭਾਈ ਕੁੜੀਓ ਚੰਗੇ ਚੰਗੇ ਮਸ਼ਵਰੇ ਕਰਿਆ ਕਰੋ”..।
ਬਾਬੇ ਦੀ ਨੂੰਹ ਦੀਆਂ ਸਿਫਤਾਂ ਵੀ ਨਾਲ ਈ ਚੱਲ ਰਹੀਆਂ ਸੀ। ਮੈਂ ਸੋਚ ਰਹੀ ਸੀ ਬਾਬੇ ਨੇ ਸੌ ਸਾਲ ਪੰਜਾਬ ਨੂੰ ਵੇਖਿਆ, ਬਾਬਾ ਸੂਰਮਾ ਪੁੱਤ ਬਣਕੇ ਰਿਹਾ, ਬਾਬੇ ਨੇ ਪੁੱਤ ਹੋਣ ਦੇ ਸਾਰੇ ਫਰਜ਼ ਨਿਭਾਏ ਆ…ਬਾਬੇ ਨੇ ਸਾਰੇ ਲੇਖਕ ਵੇਖੇ ਆ, ਬਾਬੇ ਨੇ ਅੰਗਰੇਜ, ਦੇਸ਼ ਭਗਤ, ਯੋਧੇ, ਸੰਤਾਲੀ, ਚੁਰਾਸੀ, ਹਰੀਆਂ ਨੀਲੀਆਂ ਕ੍ਰਾਂਤੀਆਂ, ਸਦੀਆਂ ਦੇ ਪਲਟਾਵੇ, ਸਭ ਕੁਸ਼ ਵੇਖਿਆ ਸੀ। ਬਾਬੇ ਕੋਲ ਕੀ ਕੁਸ਼ ਸੀ… ਬਾਬਾ ਖਜਾਨਾ ਸੀ, ਬਾਬਾ ਸਾਡੀ ਹਿਸਟਰੀ ਦੀ ਬੁੱਕ ਸੀ… ਸੁਮੇਲ ਹੋਰਾਂ ਨੇ ਇੱਕ ਸਤਰ ਵਾਰ ਵਾਰ ਬੋਲੀ..ਜਿਹੜੀ ਸਕੂਨ ਦੇ ਰਹੀ ਸੀ…”ਬਾਪੂ ਤੂੰ ਕਿਤੇ ਨਹੀਂ ਗਿਆ, ਦਿਲਾਂ ਚ ਜਿਉਂਦੇ ਰਹੋਗੇ ਤੁਸੀਂ, ਤੂੰ ਆਵਦੇ ਭਾਰ ਤੋਂ ਵੱਧ ਭਾਰ ਦੀਆਂ ਕਿਤਾਬਾਂ ਲਿਖ ਕੇ ਸਾਂਨੂੰ ਦੇ ਚੱਲਿਆਂ ਏ।…ਉਹਨਾਂ ਵਿਚੋਂ ਇੱਕ ਜਿਉਂਦਾ ਜਾਗਦਾ ਜਸਵੰਤ ਕੰਵਲ ਲੱਭਿਆ ਜਾ ਸਕਦਾ ਏ…”।
One thought on “ਜਸਵੰਤ ਸਿੰਘ ਕੰਵਲ -ਸਦੀ ਜਿੱਡੇ ਬਾਬੇ ਦਾ ਅਕਾਲ ਚਲਾਣਾ”