ਟਿੰਕੂ, ਨਿੱਕੂ ਅਤੇ ਸਿੰਮੀ ਨੇ ਦੋਹਾਂ ਬਾਹਵਾਂ ਲੱਤਾਂ ਉੱਤੇ ਟੈਟੂ ਬਣਵਾ ਲਏ ਹਨ
ਫਿਰ ਫ਼ਲਸਤੀਨ ਦੇ ਮਸਲੇ ਬਾਰੇ, ਇਜ਼ਰਾਈਲ ਦੇ ਹਮਲੇ ਬਾਰੇ, ਅਮਰੀਕੀ ਇਜ਼ਰਾਇਲੀ ਭਿਆਲੀਆਂ ਬਾਰੇ ਪੰਜਾਬ ਅਤੇ ਪੰਜਾਬੀ ਏਨੇ ਚੁੱਪ ਕਿਓਂ ਹਨ? ਸਾਡੇ ਗੁਰਦਵਾਰਿਆਂ ਵਿੱਚ ਅੱਜ ਦੇ ਮੰਜ਼ਰਨਾਮੇ ਦੀ, ਹੱਕ ਸੱਚ ਇਨਸਾਫ਼ ਦੀ ਕਥਾ ਕਿਓਂ ਨਹੀਂ ਹੋ ਰਹੀ? ਪੰਥ ਅਤੇ ਪੰਥਕ ਲੀਡਰਸ਼ਿਪ ਚੁੱਪ ਕਿਓਂ ਹੈ? ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਨੇ ਜਿਸ ਸਾਂਝ ਦੀ ਬਾਤ ਪਾਈ ਹੈ, ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਹਰ ਗਲੀ ਕੂਚੇ ਦੀ ਨੁੱਕਰ ਉੱਤੇ “ਟੈਟੂ ਕਰਵਾ ਲਓ”, “ਟੈਟੂ ਕਰਵਾ ਲਓ” ਕੂਕਦੀਆਂ ਦੁਕਾਨਾਂ ਵਾਲੇ ਪੰਜਾਬ ਵਿੱਚ ਉਹਨਾਂ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਜਿਹੜੇ ਆਪਣੇ ਛੋਟੇ ਛੋਟੇ ਬੱਚਿਆਂ ਦੀਆਂ ਬਾਹਾਂ ਉੱਤੇ ਉਹਨਾਂ ਦੇ ਨਾਵਾਂ ਦੇ ਟੈਟੂ ਬਣਵਾ ਰਹੇ ਹਨ। ਵੱਸ ਲੱਗਦੇ ਤਾਂ ਮਾਵਾਂ ਬੱਚਿਆਂ ਦੀਆਂ ਦੋਹਾਂ ਬਾਹਵਾਂ ਅਤੇ ਦੋਹਾਂ ਲੱਤਾਂ ਉੱਤੇ ਵੀ ਉਹਨਾਂ ਦਾ ਨਾਮ ਖ਼ੁਦਵਾ ਰਹੀਆਂ ਹਨ। ਲਿਖਵਾਉਣ ਹੀ ਲੱਗੀਆਂ ਹਨ ਮਾਵਾਂ ਤਾਂ ਆਪਣੀਆਂ ਬਾਹਵਾਂ ਉੱਤੇ ਵੀ ਖਾਵੰਦ ਦਾ ਨਾਮ ਉਕਰਵਾ ਰਹੀਆਂ ਹਨ। ਬੱਚਿਆਂ ਦੇ ਭਾਪੇ ਦੀ ਵੀ ਸ਼ਾਮਤ ਆਈ ਹੈ ਕਿ ਆਪਣਾ ਨਾਮ ਆਪਣੇ ਸਰੀਰ ਉੱਤੇ ਜ਼ਰੂਰ ਐਸੀ ਸਿਆਹੀ ਨਾਲ ਖ਼ੁਦਾਵੇ ਕਿ ਅਜ਼ਲਾਂ ਤੀਕ ਨਾ ਮਿਟੇ।
ਕੈਸੇ ਅਵੱਲ੍ਹੇ ਸ਼ੌਕ ਪਾਲ ਰਹੇ ਹਨ ਇਹ ਲੋਕ ਜਦੋਂ ਹਰ ਰੋਜ਼ ਉਪਰੋਂ ਸੈਂਕੜੇ ਬੰਬ ਡਿੱਗ ਰਹੇ ਹਨ, ਹੇਠਾਂ ਲੋਥਾਂ ਦੇ ਢੇਰ ਲੱਗ ਰਹੇ ਹਨ। ਮੁਲਕ-ਭਰ — ਵਿਚਾਰੇ ਮੁਲਕ ਕਿੱਥੇ ਹਨ, ਐਵੇਂ ਝੂਠ ਲਿਖ ਛੋੜਿਆ ਏ ਮਨ ਨੇ — ਵਿਚਲੀ ਇਸ ਅਚਾਣਕ ਫੈਸ਼ਨ ਪਰੇਡ ਦਾ ਇੱਕੋ ਹੀ ਕਾਰਨ ਹੈ। ਅਗਲਾ ਬੰਬ ਡਿੱਗੇ ਤਾਂ ਇਹ ਨਾ ਹੋਵੇ ਕਿ ਛੋਟੇ ਟਿੰਕੂ ਦੀ ਖੱਬੀ ਬਾਂਹ ਉੱਡ ਕੇ ਪੰਮੀ ਦੇ ਘਰ ਦੀ ਛੱਤ ਉੱਤੇ ਡਿੱਗੇ ਅਤੇ ਮੂੰਹ ਸਾਰਾ ਜਾਵੇ ਸੜ, ਤੇ ਗਵਾਂਢੀਆਂ ਦੇ ਨਿੱਕੂ ਦੀ ਖੱਬੀ ਬਾਂਹ ਉੱਡ ਕੇ ਆ ਡਿੱਗੇ ਸਾਡੇ ਬਾਹਰਲੇ ਕਮਰੇ ਸਾਹਵੇਂ। ਟਿੰਕੂ ਦੀਆਂ ਲੱਤਾਂ ਲੱਭਣ ਜਾਵੀਏ ਤਾਂ ਪਤਾ ਲੱਗੇ ਹੋਰ ਦੋ ਚਾਰ ਲੱਤਾਂ ਬਾਹਾਂ ਸਾਡੀਆਂ ਛੱਤਾਂ ਉੱਤੇ ਪਈਆਂ ਹੋਣ ਤੇ ਦਫ਼ਨਾਉਣ ਲੱਗਿਆਂ ਅਸੀਂ ਕਿਤੇ ਆਪਣਾ ਟਿੰਕੂ ਪੂਰਾ ਕਰਦਿਆਂ ਕਰਦਿਆਂ ਨਿੱਕੂ ਦੀ ਬਾਂਹ ਅਤੇ ਸਾਹਮਣੇ ਵਾਲਿਆਂ ਦੀ ਸਿੰਮੀ ਦੀ ਲੱਤ ਨਾ ਵਰਤ ਲਈਏ। ਭਾਈ, ਅਗਲਿਆਂ ਨੇ ਵੀ ਤਾਂ ਆਪਣੇ ਬੱਚੇ ਪੂਰੇ ਕਰਨੇ ਹਨ! ਖ਼ੁਦਾਵੰਦ ਕਰੀਮ ਨੇ ਜਿਹੜੀਆਂ ਜਿਹੜੀਆਂ ਲੱਤਾਂ ਬਾਹਾਂ ਦੇ ਕੇ ਭੇਜਿਆ ਸੀ, ਅੱਲ੍ਹਾਹ ਨੂੰ ਉਹੀ ਵਾਪਸ ਕਰੀਏ ਤਾਂ ਧੁਰ ਦਰਗਾਹੇ ਢੋਈ ਮਿਲਦੀ ਹੈ।
أهالي #غزة يكتبون أسماءهم وأسماء أطفالهم على أيديهم للتعرف عليهم إن استشهدوا أو أصيبوا بقصف إسرائيلي #الجزيرة_مباشر #غزة_لحظة_بلحظة pic.twitter.com/kk0Pm7SuqR
— الجزيرة مباشر (@ajmubasher) October 21, 2023
ਜੀਉਂਦਿਆਂ ਜੀਅ ਆਪਣੇ ਜਨਾਜ਼ੇ ਦੀਆਂ ਤਿਆਰੀਆਂ ਵਿੱਚ ਰੁੱਝਿਆ ਗਾਜ਼ਾ ਦਾ ਕੁੱਲ ਸਮਾਜ ਸਾਡੇ ਇੱਥੇ ਬਹੁਤੀਆਂ ਸੁਰਖ਼ੀਆਂ ਵੀ ਨਹੀਂ ਬਟੋਰ ਪਾ ਰਿਹਾ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਹਾਲੇ ਏਨੇ ਨਹੀਂ ਪਸੀਜੇ ਕਿ ਸੁਰਖ਼ੀਆਂ ਕੂਕ ਕੂਕ ਦੱਸ ਰਹੀਆਂ ਹੋਣ ਕਿ ਕੱਲ ਕੀ ਹੋਇਆ, ਪਰਸੋਂ ਕੀ ਹੋਇਆ ਸੀ। ਹਾਂ, ਰਸਮ ਅਦਾਈ ਬਾਕਾਇਦਾ ਹੋ ਰਹੀ ਹੈ। “ਭਾਰਤ ਨੇ ਚਿੰਤਾ ਜਤਾਈ” ਵਰਗੀ ਬੇਸ਼ਰਮ ਸੁਰਖ਼ੀ ਨੁਮਾਇਆ ਰੂਪ ਵਿੱਚ ਛਪ ਰਹੀ ਹੈ। ਅਮਰੀਕਾ ਦਾ ਬਲਿੰਕਨ ਕੋਈ ਵਾਹਿਆਤ ਬਕਵਾਸ ਕਰੇ, ਸੁਰਖ਼ੀ ਬਾਕਾਇਦਾ ਛਪਦੀ ਹੈ। ਜਿਸ ਦਿਨ ਸੈਂਕੜੇ ਬੰਬਾਂ ਦੀ ਵਰਖਾ ਤੋਂ ਬਾਅਦ 750 ਲੋਕਾਂ ਦੇ ਲੋਥਾਂ ਵਿੱਚ ਬਦਲ ਜਾਣ ਦੀਆਂ ਖ਼ਬਰਾਂ ਦਿਲ ਦਹਿਲਾ ਦੇਣ, ਉਸ ਦਿਨ ਸਤਵੇਂ ਪੰਨੇ ਉੱਤੇ “ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਹਵਾਈ ਹਮਲੇ ਤੇਜ਼” ਵਾਲੀ ਸੁਰਖੀ ਨਾਲ 135 ਸ਼ਬਦਾਂ ਦੀ ਖ਼ਬਰ ਛਪਦੀ ਹੈ। ਨੱਕ ਡੋਬ ਕੇ ਮਰ ਜਾਣ ਵਾਲੇ ਉੱਦਮ ਵਿੱਚ ਵੀ ਕਿੰਨ੍ਹੀ ਢਿਠਾਈ ਤੋਂ ਕੰਮ ਲਿਆ ਜਾ ਰਿਹਾ ਹੈ, ਤੁਹਾਡੇ ਸਾਹਵੇਂ ਹੈ।
ਆਪਣੇ ਆਖ਼ਰੀ ਸਾਹਾਂ ਉੱਤੇ ਜਾਪਦਾ ਸਾਮਰਾਜ ਪਿਛਾਂਹ ਹੱਟਦਾ ਹੱਟਦਾ 1940ਵਿਆਂ ਵਿੱਚ ਦੋ ਖਿੱਤੇ ਤਕਸੀਮ ਕਰ ਗਿਆ – ਭਾਰਤੀ ਬਰ੍ਰੇ-ਸਗੀਰ ਨੂੰ ਵੰਡਿਆ ਜਿਸਦਾ ਸੰਤਾਪ ਪੰਜਾਬ ਨੇ ਭੁਗਤਿਆ, ਉਜਾੜੇ ਵੇਖੇ, ਦੱਸ ਲੱਖ ਲੋਥਾਂ ਉੱਤੇ ਧਰਤ ਸੁਹਾਵੀ ਦੇ ਟੋਟੇ ਕਰ ਮੇਰਾ ਮੁਲਕ-ਤੇਰਾ ਮੁਲਕ ਕੀਤਾ। ਦੂਸਰਾ ਫ਼ਲਸਤੀਨੀ ਅਰਬ ਖਿੱਤੇ ਨੂੰ ਵੰਡਿਆ, ਮੁਲਕ ਇਜ਼ਰਾਈਲ ਤਸ਼ਕੀਲ ਕੀਤਾ, ਫ਼ਲਸਤੀਨੀਆਂ ਨੂੰ ਬੇਵਤਨੇ ਕਰਕੇ ਬੇਕਿਰਕ ਕੀਤਾ, ਅੱਜ ਤੱਕ ਉਹ ਆਪਣਾ ਵਤਨ ਪਏ ਭਾਲਦੇ ਹਨ, ਉਹਦੇ ਲਈ ਹਰ ਹੀਲੇ ਲੜ ਰਹੇ ਹਨ। ਸਾਡੇ ਉੱਤੇ ਸੰਤਾਲੀ ਬੀਤਿਆ, ਉਹਨਾਂ ਉੱਤੇ ਅਗਲੇ ਵਰ੍ਹੇ ਅੜ੍ਹਤਾਲੀ ਵਾਲਾ ਕਹਿਰ ਟੁੱਟਿਆ। ਸਾਡੀ ਉਹਨਾਂ ਨਾਲ ਆਪਸੀ ਸਾਂਝ ਵੰਡ ਦੀ ਸਾਂਝ ਹੈ, ਤਕਸੀਮ ਦੀ ਸਾਂਝ ਹੈ, ਉਜਾੜਿਆਂ ਦੀ ਸਾਂਝ ਹੈ, ਵਸਦੇ ਰਸਦੇ ਘਰਾਂ ਨੂੰ ਤਾਲੇ ਮਾਰ ਕੇ ਚਾਲੇ ਪਾ ਦੇਣ ਦੀ ਸਾਂਝ ਹੈ, ਹਮਸਾਇਆਂ ਹੱਥੋਂ ਕਤਲ ਹੋ ਜਾਣ ਦੀ ਸਾਂਝ ਹੈ। ਕਦੀ ਅਸੀਂ ਖ਼ੁਦਮੁਖ਼ਤਿਆਰ ਸਾਂ, ਉਹ ਵੀ ਸਨ। ਹੁਣ ਖ਼ੁਦਮੁਖ਼ਤਿਆਰੀ ਦੀ ਤਲਾਸ਼ ਦੀ ਸਾਂਝ ਹੈ। ਸਾਡਾ ਘੱਲੂਘਾਰਿਆਂ ਦਾ ਇਤਿਹਾਸ ਹੈ, ਉਹਨਾਂ ਦਾ ਸਾਥੋਂ ਵੱਡੇ ਘੱਲੂਘਾਰੇ ਵਿੱਚੋਂ ਨਿਕਲਣ ਦਾ ਇਤਿਹਾਸ ਹੈ। ਉਹਨੂੰ ਉਹ 1948 ਵਾਲਾ ਨਕ਼ਬਾ ਆਖਦੇ ਹਨ। ਜਿਓਂ ਸਾਨੂੰ ਮੰਨੂ ਵੱਢਦਾ, ਇਓਂ ਉਹਨਾਂ ਉੱਤੇ ਵੀ ਦਾਤਰੀ ਚਲਦੀ ਰਹੀ ਹੈ।
ਸਾਡੀ ਉਹਨਾਂ ਨਾਲ ਆਪਸੀ ਸਾਂਝ ਵੰਡ ਦੀ ਸਾਂਝ ਹੈ, ਤਕਸੀਮ ਦੀ ਸਾਂਝ ਹੈ, ਉਜਾੜਿਆਂ ਦੀ ਸਾਂਝ ਹੈ, ਵਸਦੇ ਰਸਦੇ ਘਰਾਂ ਨੂੰ ਤਾਲੇ ਮਾਰ ਕੇ ਚਾਲੇ ਪਾ ਦੇਣ ਦੀ ਸਾਂਝ ਹੈ, ਹਮਸਾਇਆਂ ਹੱਥੋਂ ਕਤਲ ਹੋ ਜਾਣ ਦੀ ਸਾਂਝ ਹੈ।
ਜੇ ਸਕੇ ਵੀ ਹੁੰਦੇ ਤਾਂ ਹੋਰ ਕਿਹੜੇ ਰਿਸ਼ਤੇ ਪਾਲ ਲੈਂਦੇ? ਕਿੱਡੇ ਪੀਢੇ ਹੋ ਜਾਂਦੇ? ਜਿਨ੍ਹਾਂ ਦੇ ਵਿਰਸੇ ਵਿੱਚ ਤੱਤੀ ਤਵੀ ਦਾ ਅਭਿਆਸ ਹੈ, ਜਿਨ੍ਹਾਂ ਦਾ ਗੁਰੂ ਮਜ਼ਲੂਮ ਦੀ ਰੱਖਿਆ ਲਈ ਬਾਪ ਨੂੰ ਚਾਂਦਨੀ ਚੌਕ ਭੇਜ ਦੇਂਦਾ ਹੈ, ਜਿਹੜੇ ਆਪਣੀ ਪਛਾਣ ਲਈ ਚਰਖੜੀਆਂ ਉੱਤੇ ਚੜ੍ਹ ਜਾਂਦੇ ਹਨ, ਖੋਪੜੀਆਂ ਲੁਹਾ ਲੈਂਦੇ ਹਨ, ਜਿਨ੍ਹਾਂ ਦੇ ਬੱਚਿਆਂ ਕੋਲ ਜ਼ਾਲਮ ਸਾਹਮਣੇ ਝੁਕਣ ਦੀ ਤਹਿਜ਼ੀਬ ਹੀ ਨਹੀਂ, ਕੰਧਾਂ ਵਿੱਚ ਚਿਣੇ ਜਾਣਾ ਮਨਜ਼ੂਰ ਕਰਦੇ ਹਨ, ਉਹਨਾਂ ਕੋਲ ਅੱਜ ਏਨੀ ਕੰਨ ਪਾੜਵੀਂ ਚੁੱਪ ਦਾ ਅਧਿਕਾਰ ਕਿਵੇਂ ਆ ਗਿਆ ਹੈ? ਕਿੰਨ੍ਹੀ ਮਾਰ ਪਵੇ ਕਿਸੇ ਮਜ਼ਲੂਮ ਨੂੰ ਤਾਂ ਹੁਣ ਗੁਰੂ ਦਾ ਕੁਰਲਾਉਣ ਦਾ ਹੁਕਮ ਸਾਡੇ ਉੱਤੇ ਲਾਗੂ ਹੁੰਦਾ ਹੈ?
ਅਮਰੀਕਾ, ਯੂਰੋਪ ਵਿੱਚ ਯੂਨੀਵਰਸਿਟੀਆਂ ਵਿੱਚ ਉਬਾਲ ਆਇਆ ਹੋਇਆ ਹੈ। ਵਾਸ਼ਿੰਗਟਨ ਡੀਸੀ, ਲੰਡਨ, ਪੈਰਿਸ ਹੀ ਨਹੀਂ, ਛੋਟੇ ਛੋਟੇ ਸ਼ਹਿਰਾਂ ਵਿੱਚ ਭੀੜਾਂ ਨੇ ਬਾਹਰ ਨਿਕਲ ਕੇ ਗਾਜ਼ਾ ਉੱਤੇ ਉਸ ਵੱਡੇ ਜ਼ਮੀਨੀ ਹਮਲੇ ਨੂੰ ਰੋਕਿਆ ਹੋਇਆ ਹੈ ਜਿਸਦੀ ਤਿਆਰੀ ਇਜ਼ਰਾਈਲ ਕਰੀ ਬੈਠਾ ਹੈ। ਸਾਡੀਆਂ ਯੂਨੀਵਰਸਿਟੀਆਂ ਵਿੱਚ ਕਿਹੋ ਜਿਹੀ ਜ਼ਹਿਨਸਾਜ਼ੀ ਹੋ ਰਹੀ ਹੈ? ਬਰੈੱਡਪਕੌੜੇ ਦੀ ਕਸਮ ਤਕ ਧਰਮ ਨਿਰਵਾਹ ਹੋ ਜਾਂਦਾ ਹੈ ਕਿ ਕੈਂਪਸ ਕਿਸੇ ਹੋਰ ਲੜਾਈ ਲਈ ਵੀ ਤਿਆਰ ਕਰਦਾ ਹੈ?
ਕੀ “ਹਮਾਸ ਨੇ ਜੋ ਕੀਤਾ, ਉਹ ਵੀ ਤਾਂ ਜ਼ੁਲਮ ਸੀ” ਵਰਗੀ ਢਕੋਂਸਲੇਬਾਜ਼ੀ ਨੇ ਸਾਨੂੰ ਰੋਕਿਆ ਹੋਇਆ ਹੈ? ਹੱਕ ਸੱਚ ਦੇ ਅਸੀਂ ਪੁਜਾਰੀ ਵਧੇਰੇ ਐੱਮ.ਐੱਸ.ਪੀ. ਲਈ ਜਿਹੜੀ ਸਰਗਰਮੀ ਦਿਖਾਉਂਦੇ ਹਾਂ, ਬਸ ਉਹ ਵਫ਼ਾਕ ਤੋਂ ਉਸੇ ਆਰਥਿਕ ਇਮਦਾਦ ਦੀ ਤਲਬ ਤਕ ਮਹਿਦੂਦ ਹੈ? ਐੱਸ.ਵਾਈ.ਐਲ ਬਾਰੇ ਪੱਟ ਉੱਤੇ ਹੱਥ ਮਾਰ ਮਾਰ ਡਿਬੇਟ ਵਾਲੀ ਛਿੰਜ ਵਿੱਚ ਉਤਰਨ ਲਈ ਪਿੰਡੇ ਨੂੰ ਤੇਲ ਲਾਈ ਬੈਠਾ ਪੰਜਾਬ ਖੂਨ ਦੇ ਦਰਿਆ ਵਗਦੇ ਵੇਖ ਇਸ ਲਈ ਚੁੱਪ ਹੈ ਕਿ ਖੂਨ ਦਾ ਰੰਗ ਨਹੀਂ ਮੇਚ ਆ ਰਿਹਾ ਅਸਾਡੇ?
ਕੀ “ਹਮਾਸ ਨੇ ਜੋ ਕੀਤਾ, ਉਹ ਵੀ ਤਾਂ ਜ਼ੁਲਮ ਸੀ” ਵਰਗੀ ਢਕੋਂਸਲੇਬਾਜ਼ੀ ਨੇ ਸਾਨੂੰ ਰੋਕਿਆ ਹੋਇਆ ਹੈ? ਹੱਕ ਸੱਚ ਦੇ ਅਸੀਂ ਪੁਜਾਰੀ ਵਧੇਰੇ ਐੱਮ.ਐੱਸ.ਪੀ. ਲਈ ਜਿਹੜੀ ਸਰਗਰਮੀ ਦਿਖਾਉਂਦੇ ਹਾਂ, ਬਸ ਉਹ ਵਫ਼ਾਕ ਤੋਂ ਉਸੇ ਆਰਥਿਕ ਇਮਦਾਦ ਦੀ ਤਲਬ ਤਕ ਮਹਿਦੂਦ ਹੈ? ਐੱਸ.ਵਾਈ.ਐਲ ਬਾਰੇ ਪੱਟ ਉੱਤੇ ਹੱਥ ਮਾਰ ਮਾਰ ਡਿਬੇਟ ਵਾਲੀ ਛਿੰਜ ਵਿੱਚ ਉਤਰਨ ਲਈ ਪਿੰਡੇ ਨੂੰ ਤੇਲ ਲਾਈ ਬੈਠਾ ਪੰਜਾਬ ਖੂਨ ਦੇ ਦਰਿਆ ਵਗਦੇ ਵੇਖ ਇਸ ਲਈ ਚੁੱਪ ਹੈ ਕਿ ਖੂਨ ਦਾ ਰੰਗ ਨਹੀਂ ਮੇਚ ਆ ਰਿਹਾ ਅਸਾਡੇ? ਟਿੰਕੂ ਤੇ ਨਿੱਕੂ ਦੀਆਂ ਬਾਹਾਂ ਤੁਹਾਡੇ ਸਾਡੇ ਬੱਚਿਆਂ ਤੋਂ ਵੱਖਰੀਆਂ ਹਨ? ਅਗਲੇ ਆਪਣੇ ਬੱਚੇ ਆਪ ਪੂਰੇ ਕਰਨ, ਸਾਡੇ ਵਾਲੇ ਤਾਂ ਆਈਲੈਟਸ ਕਰਕੇ ਕਨੇਡਾ ਜਾਣਗੇ, ਕੀ ਇਸੇ ਲਈ ਸਾਡੀ ਸਾਰੀ ਵਿਦੇਸ਼ ਨੀਤੀ ਬਾਰੇ ਬਹਿਸ ਟਰੂਡੋ ਤੱਕ ਸੀਮਤ ਹੈ? ਸਾਈਆਂ ਨੇ ਨਿੱਝਰ ਐਸੇ ਦਿਨਾਂ ਵਿੱਚ ਮਾਰਿਆ ਅਤੇ ਟਰੂਡੋ ਨੇ ਪੰਗਾ ਉਦੋਂ ਪਾਇਆ ਜਦੋਂ ਸਾਡੇ ਹਮਵਤਨ ਤੋਂ ਕਨੇਡ-ਵਤਨ ਹੋਇਆਂ ਨੇ ਛੁੱਟੀਆਂ ਵਿਆਹਾਂ ਉੱਤੇ ਆਉਣਾ ਹੁੰਦਾ ਹੈ। ਪੰਜਾਬ ਵਿੱਚ ਕਿੰਨ੍ਹੇ ਮੈਰਿਜ ਪੈਲੇਸ ਦੀਆਂ ਬੁਕਿੰਗਾਂ ਕੈਂਸਲ ਹੋ ਗਈਆਂ, ਇਹਦੇ ਬਾਰੇ ਛਾਪੀਆਂ ਖ਼ਬਰਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਹਾਲੇ ਪੱਛਮੀ ਏਸ਼ੀਆ ਦਾ ਹਾਲੀਆ ਯੁੱਧ। ਹਾਏ ਸਾਡੇ ਬੱਚਿਆਂ ਦਾ ਵੀਜ਼ਾ ਰੁਕ ਗਿਆ, ਵੈਣ ਨਹੀਂ ਮੁੱਕ ਰਹੇ, ਫੂਹੜੀਆਂ ਵਿਛੀਆਂ ਪਈਆਂ ਹਨ।
ਸਾਡੇ ਅਦਬ-ਪ੍ਰਸਤੀ ਪੰਥਕ ਠੇਕੇਦਾਰਾਂ ਵਾਂਗ ਉਹਨਾਂ ਦੇ ਧਰਮ ਦੇ ਨਾਮ ਨਿਹਾਦ ਠੇਕੇਦਾਰ ਵੀ ਅਕਲਦਾਨ ਕਰਨ ਲਈ ਟੀਵੀ ਚੈਨਲਾਂ ਉੱਤੇ ਨਮੂਦਾਰ ਹੋਕੇ ਕਹਿ ਰਹੇ ਹਨ ਕਿ ਟੈਟੂ ਕਰਨਾ ਇਸਲਾਮ ਵਿੱਚ ਵਰਜਿਤ ਹੈ। ਟਿੰਕੂ ਪੰਮੀ ਦੀਆਂ ਮਾਵਾਂ ਅੱਲ੍ਹਾਹ ਦੇ ਦਰਬਾਰ ਦੱਸ ਦੇਵਣਗੀਆਂ ਕਿ ਰੱਬਾ, ਤੇਰੀਆਂ ਦਿਤੀਆਂ ਲੱਤਾਂ ਬਾਹਵਾਂ ਏਧਰ ਓਧਰ ਨਾ ਲੱਗ ਜਾਵਣ, ਬਸ ਇਸੇ ਲਈ ਨਿਸ਼ਾਨੀ ਲਵਾਈ ਸੀ, ਬੇਅਦਬੀ ਦੀ ਮੁਆਫ਼ੀ ਮੰਗ ਲੈਣਗੀਆਂ। ਅਸੀਂ ਕੀ ਕਹਾਂਗੇ ਅਕਾਲਪੁਰਖ ਨੂੰ ਕਿ ਕਿਓਂ ਚੁੱਪ ਸਾਂ?
ਘੱਲੂਘਾਰੇ ਦੀ ਸਾਂਝ, ਵੰਡ ਦੀ ਸਾਂਝ, ਹਮਸਾਇਆਂ ਦੇ ਕਤਲਾਂ ਦੀ ਸਾਂਝ, ਆਪਣੀ ਧਾਰਮਿਕ ਪਛਾਣ ਲਈ ਦਹਾਕਿਆਂ ਤੱਕ ਡਾਹਢੇ ਦੁਸ਼ਮਣ ਨਾਲ ਲੜਨ ਦੀ ਸਾਂਝ, 47 ਅਤੇ 48 ਦੀ ਸਾਂਝ – ਸਾਰੀਆਂ ਸਾਂਝਾਂ ਤਰਕ ਕਰ ਕੇ ਅਸੀਂ ਆਪਣੇ ਆਪ ਨੂੰ ਗੁਰੂ ਵਾਲੇ ਦੱਸ ਵੀ ਸਕਦੇ ਹਾਂ, ਅਖਵਾ ਵੀ ਸਕਦੇ ਹਾਂ। ਗੁਰੂ ਵੀ ਸਾਨੂੰ ਆਪਣਾ ਕਹਿ ਕੇ ਛਾਤੀ ਨਾਲ ਲਾ ਲਵੇਗਾ, ਇਸ ਭੁਲੇਖੇ ਵਿੱਚ ਨਾ ਰਹਿ ਜਾਣਾ।
ਘੱਲੂਘਾਰੇ ਦੀ ਸਾਂਝ, ਵੰਡ ਦੀ ਸਾਂਝ, ਹਮਸਾਇਆਂ ਦੇ ਕਤਲਾਂ ਦੀ ਸਾਂਝ, ਆਪਣੀ ਧਾਰਮਿਕ ਪਛਾਣ ਲਈ ਦਹਾਕਿਆਂ ਤੱਕ ਡਾਹਢੇ ਦੁਸ਼ਮਣ ਨਾਲ ਲੜਨ ਦੀ ਸਾਂਝ, 47 ਅਤੇ 48 ਦੀ ਸਾਂਝ – ਸਾਰੀਆਂ ਸਾਂਝਾਂ ਤਰਕ ਕਰ ਕੇ ਅਸੀਂ ਆਪਣੇ ਆਪ ਨੂੰ ਗੁਰੂ ਵਾਲੇ ਦੱਸ ਵੀ ਸਕਦੇ ਹਾਂ, ਅਖਵਾ ਵੀ ਸਕਦੇ ਹਾਂ। ਗੁਰੂ ਵੀ ਸਾਨੂੰ ਆਪਣਾ ਕਹਿ ਕੇ ਛਾਤੀ ਨਾਲ ਲਾ ਲਵੇਗਾ, ਇਸ ਭੁਲੇਖੇ ਵਿੱਚ ਨਾ ਰਹਿ ਜਾਣਾ। ਉਹਦੀਆਂ ਉਹੀ ਜਾਣੇ ਪਰ ਏਨਾ ਜਾਣ ਲਵੋ – ਬੇਦਾਵੇ ਪੜਵਾਉਣ ਲਈ ਮੈਦਾਨ ਵਿੱਚ ਹੋਣਾ ਪੈਂਦਾ ਹੈ। ਅਸੀਂ ਤਾਂ ਬਹਿਸ ਤੋਂ, ਗੱਲ ਤੋਂ, ਵਿਚਾਰ ਤੋਂ, ਪ੍ਰਗਟਾਵੇ ਤੋਂ ਹੀ ਭਗੌੜੇ ਹੋਈ ਬੈਠੇ ਹਾਂ। ਤੁਹਾਡੀ ਅਖ਼ਬਾਰ ਸੁਰਖ਼ੀ ਨਹੀਂ ਛਾਪ ਰਹੀ ਤਾਂ ਆਪ ਤਰੱਦਦ ਕਰੋ। ਤੁਹਾਡਾ ਪ੍ਰੋਫੈਸਰ ਮਸਲੇ ਨੂੰ ਸਿਲੇਬਸ ਵਿੱਚੋਂ ਬਾਹਰ ਸਮਝ ਰਿਹਾ ਹੈ ਤਾਂ ਆਪ ਪੜ੍ਹੋ ਪੜ੍ਹਾਓ। ਤੁਹਾਡਾ ਬੁੱਧੀਜੀਵੀ ਹਾਲੇ ਸੋਚ ਰਿਹਾ ਹੈ ਕਿ ਹਕੂਮਤ ਦੀ ਪ੍ਰਵਾਨਗੀ ਵਾਲੇ ਮੁਜ਼ਾਹਰੇ ਦਾ ਸਾਈਜ਼ ਕੀ ਹੋਵੇ ਤਾਂ ਆਪ ਬਾਹਰ ਨਿਕਲੋ। ਤੁਹਾਨੂੰ ਲੱਗਦਾ ਹੈ ਕਿ ਯਾਰ, ਹਮਾਸ ਨੇ ਵੀ ਤਾਂ ਮਾੜੀ ਕੀਤੀ ਸੀ ਤਾਂ ਗੱਲ ਤਾਂ ਸ਼ੁਰੂ ਕਰੋ।
ਯਾਦ ਰੱਖੋ – ਅਸੀਂ ਆਪਣੇ ਲਈ ਬੋਲਣਾ ਹੈ। ਆਪਣਾ ਅੰਦਰਲਾ ਜੀਊਂਦਾ ਰਹਿ ਸਕੇ, ਇਸ ਲਈ ਮੂੰਹ ਖੋਲ੍ਹਣਾ ਹੈ।
ਯਾਦ ਰੱਖੋ – ਅਸੀਂ ਆਪਣੇ ਲਈ ਬੋਲਣਾ ਹੈ। ਆਪਣਾ ਅੰਦਰਲਾ ਜੀਊਂਦਾ ਰਹਿ ਸਕੇ, ਇਸ ਲਈ ਮੂੰਹ ਖੋਲ੍ਹਣਾ ਹੈ। ਵਰਨਾ ਦਿਨ ਤਾਂ ਤਿਓਹਾਰਾਂ ਦੇ ਹਨ। ਤੁਸੀਂ ਦਰਵਾਜੇ ਉੱਤੇ ਲਾਟੂ ਲਾ ਲੈਣਾ, ਬਨ੍ਹੇਰੇ ਉੱਤੇ ਦੀਵੇ ਬਾਲ ਲੈਣਾ, ਉਹ ਗਾਜ਼ਾ ਵਿੱਚ ਸਾਡੀ ਤੁਹਾਡੀ ਆਵਾਜ਼ ਦੇ ਮੁਥਾਜ ਨਹੀਂ ਬੈਠੇ। ਅਗਲਿਆਂ ਨੇ ਟੈਟੂ ਬਣਵਾ ਲਏ ਹਨ – ਆਪਣਾ ਆਪਣਾ ਟਿੰਕੂ ਨਿੱਕੂ ਸਿੰਮੀ ਪੂਰਾ ਕਰ ਲੈਣਗੇ। ਅਸੀਂ ਹੀ ਪੂਰੇ ਨਹੀਂ ਪਵਾਂਗੇ – ਬੌਣੇ ਰਹਿ ਜਾਵਾਂਗੇ।