ਤੁਮ ਬਿਲਕੁਲ ਹਮ ਜੈਸੇ ਨਿਕਲੇ…

 -  -  84


ਬੇਅਦਬੀ ਦਾ ਬਿਰਤਾਂਤ ਚੱਲ ਰਿਹਾ ਹੈ। ਬਾਰਡਰ ਦੇ ਇਸ ਪਾਰ ਵੀ, ਉਸ ਪਾਰ ਵੀ। ਪੈਗੰਬਰ ਦੇ ਜਿਹਾਦੀ ਗੁੱਸੇ ਵਿੱਚ ਹਨ। ਗੁਰੂ ਪਿਆਰੇ ਕਾਂ ਮਾਰ ਰਹੇ ਹਨ। How much of your politics can be built on the foundation of sacrilege narrative? What does the Guru say about piety? Read this narrative by Sr Journalist SP Singh as he walks the blasphemy turf along both sides of the Radcliffe Line. Walking with Guru Nanak is a venture far more difficult!

ਦਬ ਤੇ ਬੇਅਦਬੀ ਦਾ ਟਾਕਰਾ ਹੋ ਰਿਹਾ ਹੈ। ਕਿਸੇ ਨੇ ਗੁਰੂ ਦੀ ਬੇਅਦਬੀ ਕਰਨ ਦੀ ਹਿਮਾਕਤ ਕੀਤੀ। ਗੁਰੂ ਦੇ ਅਦਬ ਨੂੰ ਪ੍ਰਣਾਇਆਂ ਨੇ ਉਹਦੀ ਹਸਤੀ ਦੀ ਹੀ ਹਿਮਾਕਤ ਕਰ ਛੱਡੀ। ਚਿੱਟੇ ਬਾਜ਼ਾਂ ਵਾਲੇ ਦੀ ਫੌਜ ਦੇ ਆਪੂੰ ਰੰਗਰੂਟ ਹੋਇਆਂ ਨੇ ਅਦਾਲਤ, ਜਿਰਾਹ, ਸਬੂਤ, ਦਲਾਇਲ ਵਾਲਾ ਸਾਰਾ ਕੰਮ ਇੱਕੋ ਫਸਤੇ ਵੱਢ ਦਿੱਤਾ। ਵਿੱਚੇ ਰੱਬ ਦਾ ਉਹ ਜੀਅ ਵੱਢਿਆ ਗਿਆ ਜਿਸ ਨੂੰ ਅਸੀਂ ਸ਼ਬਦ ਗਿਆਨ ਤਾਂ ਦੇ ਨਹੀਂ ਸਕੇ, ਸ਼ਬਦ ਗੁਰੂ ਦੀ ਤੌਹੀਨ ਜੋਗਾ ਬਣਾ ਦਿੱਤਾ।

ਸਮਾਜ ਦਾ ਤ੍ਰਿਸਕਾਰਿਆ, ਪਰਿਵਾਰ ਦਾ ਦੁਤਕਾਰਿਆ, ਨਿਜ਼ਾਮ ਦਾ ਫਟਕਾਰਿਆ ਉਹ ਗੁਰੂ ਪਿਆਰਿਆਂ ਹੱਥੋਂ ਕਿਸੇ ਵੱਡੇ ਕਾਰਜ ਲਈ ਵੱਢਿਆ ਟੁੱਕਿਆ ਗਿਆ। ਕੌਮ ਦੀ ਵੱਡੀ ਫ਼ਿਕਰ ਕਰਨ ਵਾਲੇ ਇੱਕ ਹਿੱਸੇ ਨੂੰ, ਜਿਸ ਨੂੰ ਇਸ ਬੌਧਿਕ ਚਿੰਤਾ ਨੇ ਘੇਰਿਆ ਹੋਇਆ ਹੈ ਕਿ  ਕਿਓਂ ਗ਼ੁਲਾਮੀ ਤੋਂ ਗ਼ੁਲਾਮੀ ਤੱਕ ਧੱਕੀ ਗਈ ਸਾਹਿਬ-ਏ-ਕਮਾਲ ਦੀ ਕੌਮ, ਸੁਣਿਆ ਹੈ ਕਲੇਜੇ ਠੰਡ ਪਈ ਹੈ। ਬੜੀ ਦੇਰ ਤੋਂ ਅੰਦਰਲਾ ਲੂਸਿਆ ਪਿਆ ਸੀ, ਏਨੇ ਨਾਲ ਪ੍ਰਾਪਤੀ ਦਾ ਅਹਿਸਾਸ ਹੋਇਆ ਹੈ। ਬੇਅਦਬੀ ਦਾ ਇਹ ਬਿਰਤਾਂਤ ਕਿੱਥੋਂ ਤੱਕ ਜਾਣਾ ਹੈ, ਕਿੱਥੇ ਤੱਕ ਜਾ ਸਕਦਾ ਹੈ, ਕਿਸ ਦੇ ਕੰਮ ਆਉਂਦਾ ਹੈ, ਕੀ ਇਹ ਵੀਡੀਓ-ਬੁੱਧੀਜੀਵੀ ਨਹੀਂ ਸਮਝਦੇ? ਪ੍ਰਸੰਗਿਕ ਹੋ ਜਾਣ ਦੀ ਦੌੜ ਵਿਚ, ਸੱਤਾ ਦੇ ਬਿਰਤਾਂਤ ਵਿੱਚੋਂ ਬਾਹਰ ਰਹਿ ਜਾਣ, ਫਾਡੀ ਰਹਿ ਜਾਣ ਅਤੇ ਕਿਸੇ ਤਰੀਕੇ ਰੈਲੇਵੈਂਟ ਬਣੇ ਰਹਿਣ ਲਈ ਹੁਣ ਅਸੀਂ ਸ਼ਬਦਾਂ ਨਾਲ ਕੁੱਝ ਵੀ ਜਾਇਜ਼ ਠਹਿਰਾ ਸਕਦੇ ਹਾਂ।

ਕਾਂ ਮਾਰ ਕੇ ਟੰਗਣ ਵਾਲੀ ਵਿਗਿਆਨਕ ਫ਼ਿਲਾਸਫਰੀ ਪਹੁੰਚ ਨੂੰ ਪ੍ਰਣਾਏ, ਸਮਿਆਂ ਦੇ ਵਹਿਣਾਂ ਨੂੰ ਸਮਝਣ ਦੀ ਦੁਹਾਈ ਦੇਂਦੇ, ਅਨੁਭਵ ਅਤੇ ਅਧਿਐਨ ਵਰਗੇ ਸ਼ਬਦਾਂ ਨੂੰ ਜੂਠੇ ਕਰਦੇ, ਅਤੇ ਇਤਿਹਾਸ ਦੇ ਗੇੜ ਦੇ ਹੌਕੇ ਦੇਂਦੇ, ਬਰੀਕ ਚਿੰਤਨੀ ਸਮਝ ਦੀ ਅਜਾਰੇਦਾਰੀ ਦਾ ਦਾਅਵਾ ਕਰਦੇ ਅਤੇ ਆਪਣੇ ਆਪ ਨੂੰ ਮੂਰਖ ਲਾਣਿਆਂ ਵਿੱਚ ਸੈਮੀਨਾਰੀ ਸਿਰਮੌਰ ਵਿਦਵਾਨ ਵਜੋਂ ਪੈਕੇਜ ਕਰਦੇ ਚਗਲੇ ਹੋਏ ਬਿਰਤਾਂਤਕਾਰਾਂ ਤੋਂ ਕੇਵਲ ਏਨਾ ਹੀ ਪੁੱਛਣਾ ਬਣਦਾ ਹੈ ਕਿ ਜੇ ਏਨੇ ਨਾਲ ਹੀ ਠੰਡ ਪੈਂਦੀ ਸੀ ਤਾਂ ਬਹੁਤ ਦੇਰ ਨਹੀਂ ਕਰ ਦਿੱਤੀ ਤੁਸਾਂ? ਸਾਡੇ ਗਵਾਂਢ ਵੀ ਬੇਅਦਬੀ ਦਾ ਇੱਕ ਬਿਰਤਾਂਤ ਤਾਰੀ ਹੈ, ਉਸ ਬਾਰੇ ਇਹ ਲਿਖਤ ਪੜ੍ਹੋ। ਇਹ ਕਿਸੇ ਹੋਰ ਦੇਸ਼ ਵਿਚ ਕਿਸੇ ਹੋਰ ਧਰਮ ਦੀ ਕਿਸੇ ਹੋਰ ਪਵਿੱਤਰ ਪੋਥੀ ਦੀ ਬੇਅਦਬੀ ਬਾਰੇ ਹੈ। ਖੰਡੇ ਬਾਟੇ ਦੀ ਪਹੁਲ ਵਿੱਚੋਂ ਜਨਮਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਾਰਿਆਂ ਦੀ ਸਿਆਸਤ ਕੈਸੀ ਹੁੰਦੀ ਹੈ, ਗੁਰੂ ਦੇ ਅਦਬ ਦੇ ਮਾਅਨੇ ਕੀ ਹੁੰਦੇ ਹਨ, ਬਾਅਦਬ ਅਤੇ ਬੇਅਦਬ ਵਿਚਲਾ ਫ਼ਰਕ ਕੀ ਹੁੰਦਾ ਹੈ। –ਸੰਪਾਦਕ, ਵਰਲਡ ਸਿੱਖ ਨਿਊਜ਼

ਹਮਸਾਇਆ ਕਿੱਡਾ ਖੂਬਸੂਰਤ ਸ਼ਬਦ ਹੈ, ਉਚਾਰਦਿਆਂ ਹੀ ਇੱਕ ਹੁਸੀਨ ਬਿੰਬ ਤਸੱਵਰ ਵਿਚ ਉੱਭਰਦਾ ਹੈ। ਏਧਰਲੇ ਤਿੰਨ ਕਰੋੜ ਪੰਜਾਬੀਆਂ ਦੇ ਓਧਰਲੇ ਗਿਆਰਾਂ ਕਰੋੜ ਤੋਂ ਵਧੀਕ ਪੰਜਾਬੀ ਹਮਸਾਏ ਲੱਗਦੇ ਨੇ। ਹਮ-ਸਾਏ — ਉਹ ਜਿਨ੍ਹਾਂ ਦਾ ਪ੍ਰਛਾਵਾਂ ਇੱਕੋ ਹੀ ਹੋਵੇ। ਚੜ੍ਹਦੇ ਦਾ ਲਹਿੰਦਾ ਹਮਸਾਇਆ ਏ। ਅਜਕਲ ਸੁਰਖੀਆਂ ਪੜ੍ਹੋ – ਕੁੱਝ ਇੰਝ ਤਾਮੀਰ ਹੋਈਆਂ/ਕੀਤੀਆਂ ਭਾਵਨਾਵਾਂ ਨੇ ਕਿ ਦਰਦ ਵੀ ਦੋਵੇਂ ਪਾਸਿਆਂ ਦੀ ਭੀੜ ਦਾ ਹਮਸਾਇਆ ਜਿਹਾ ਹੈ।

ਓਧਰ ਗਵਾਂਢ ਵਿੱਚ ਰੌਲਾ ਪਿਆ ਏ ਬੜਾ ਬੇਅਦਬੀ ਦਾ। ਸੂਲੀ ਤੇ ਟੰਗੇ ਗਏ ਪੈਗੰਬਰ ਨੂੰ ਇਸ਼ਟਦੇਵ ਮੰਨਣ ਵਾਲੀ ਤਿੰਨ ਬੱਚਿਆਂ ਦੀ ਇੱਕ ਮਾਂ ਖੇਤਾਂ ਵਿਚ ਕੰਮ ਕਰ, ਦਸਾਂ ਨਹੁੰਆਂ ਦੀ ਕਿਰਤ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਕੋਈ 9 ਸਾਲ ਪਹਿਲੋਂ ਖੇਤਾਂ ਵਿਚ ਹੀ ਹੋਰਨਾਂ ਮਿਹਨਤਕਸ਼ ਔਰਤਾਂ ਨਾਲ ਤੂੰ-ਤੂੰ, ਮੈਂ-ਮੈਂ ਵਿੱਚ ਉਲਝ ਪਈ। ਗਰੀਬਾਂ ਦੀ ਲੜਾਈ ਵੀ ਤਾਂ ਕਿਸੇ ਗਰੀਬੜੇ ਜਿਹੇ ਮੁੱਦੇ ਤੇ ਹੋਣੀ ਹੁੰਦੀ ਹੈ, ਉਨ੍ਹਾਂ ਕਿਹੜਾ ਕਿਸੇ ਸੱਤਵੇਂ ਬੇੜੇ ਦਾ ਪੰਧ ਰੋਕਣਾ ਜਾਂ ਸੁਖਾਲਾ ਕਰਨਾ ਹੁੰਦਾ ਹੈ? ‘ਕੌਣ ਪਾਣੀ ਦੇ ਕਿਹੜੇ ਭਾਂਡੇ ਨੂੰ ਹੱਥ ਲਾ ਸਕਦਾ ਹੈ’ ਵਰਗੇ ਜਾਨਲੇਵਾ ਮੁੱਦੇ ਤੇ ਖਹਿਬੜ ਪਈਆਂ।

ਮੁਲਕ ਵਿੱਚ ਬੇਅਦਬੀ ਦੀ ਧਰਾਤਲ ਦੀ ਕੁਝ ਅਜੇਹੀ ਰਸਾਤਲ ਵਰ੍ਹਿਆਂ ਦੇ ਇਲਮੀ ਪ੍ਰਚਾਰ ਨਾਲ ਪਹਿਲਾਂ ਹੀ ਨਿਰਮਿਤ ਤੇ ਪ੍ਰਵਾਨਤ ਹੋ ਚੁੱਕੀ ਸੀ ਕਿ ਅਨਪੜ੍ਹ ਮਹਿਲਾਵਾਂ ਨੂੰ ਵੀ ਏਸ ਹਥਿਆਰ ਦੀ ਵੱਢ-ਮਾਰ ਸ਼ਕਤੀ ਦਾ ਅੰਦਾਜ਼ਾ ਸੀ। ਉਹਨਾਂ ਝੱਟ ਇਲਜ਼ਾਮ ਲਾਇਆ ਕਿ ਇਸ ਸੂਲੀ-ਟੰਗੇ ਦੀ ਜ਼ਾਦੀ ਨੇ ਸਾਡੇ ਪੈਗੰਬਰ ਪ੍ਰਤੀ ਸ਼ਾਨੇ-ਖ਼ਿਲਾਫ਼ਤ ਵਾਲੇ ਬੋਲ ਬੋਲੇ ਸਨ।

ਭੀੜ ਨੇ ਮਹਾਂਦੋਸ਼ ਆਇਦ ਕਰ ਦਿੱਤਾ। ਅਦਾਲਤ ਨੇ ਮੌਤ ਫਰਮਾਈ। ਹਮਸਾਏ ਪੰਜਾਬ ਦੇ ਗਵਰਨਰ ਨੇ ਰਤਾ ਸ਼ਕ ਕੀਤਾ, ਉਹਨੂੰ ਉਹਦੇ ਰਾਖੇ, ਪੰਜ ਵਕਤਾਂ ਦੇ ਨਮਾਜ਼ੀ ਪੈਗੰਬਰੀ ਅਦਬ ਨੂੰ ਪ੍ਰਣਾਏ ਗ਼ਾਜ਼ੀ ਨੇ ਬੰਦੂਕ ਨਾਲ ਜਹੰਨਮ ਭੇਜ ਦਿੱਤਾ। ਪਿੱਛੇ ਪਿੱਛੇ ਮੁਲਕ ਦਾ ਇੱਕ ਮੰਤਰੀ, ਸ਼ਾਹਬਾਜ਼ ਭੱਟੀ, ਵੀ ਇਵੇਂ ਹੀ ਪੁੱਜਦਾ ਕੀਤਾ। ਹਾਈ ਕੋਰਟ ਪੈਗੰਬਰੀ ਸੱਚ ਤੋਂ ਕਿਵੇਂ ਕਿਨਾਰਾ ਕਰਦੀ? ਉਹਨੇ ਵੀ ਤਿੰਨ ਬੱਚਿਆਂ ਦੀ ਇਸ ਮਾਂ ਨੂੰ ਫਾਂਸੀ ਦਾ ਹੁਕਮ ਚਾੜਿਆ।

ਮੁਲਕ ਜਾਂ ਲੋਕ ਹੀ ਨਹੀਂ, ਕਾਨੂੰਨ ਦੀਆਂ ਧਾਰਾਵਾਂ ਵੀ ਹਮਸਾਈਆਂ ਹੁੰਦੀਆਂ ਨੇ। ਚੜ੍ਹਦੇ ਵਿਚ 295 ਨੂੰ ਹੁਣੇ ਜਿਹੇ ਤਿੱਖੇ ਦੰਦ ਨਸੀਬ ਹੋਏ ਨੇ। ਲਹਿੰਦੇ ਨੂੰ ਖ਼ੁਦਾ ਦੀ ਮਾਰ 1980ਵਿਆਂ ਦੇ ਮੱਧ ਵਿੱਚ ਹੀ ਵਗ ਤੁਰੀ ਸੀ ਜਦੋਂ ਜਲੰਧਰ ਦੇ ਜੰਮੇ ਇੱਕ ਵਰਦੀਧਾਰੀ ਫੌਜੀ ਪੰਜਾਬੀ ਨੇ ਪਾਕਿਸਤਾਨ ਵਿਚ ਏਸੇ 295 ‘ਚ ਤਰਮੀਮ ਜੜ, ਬੇਅਦਬੀ ਕਰਨ ਵਾਲਿਆਂ ਲਈ ਉਮਰਕੈਦ ਦਾ ਬੰਦੋਬਸਤ ਕੀਤਾ ਸੀ।

ਇੱਕ ਵਾਰੀ ਇਸ ਰਸਤੇ ਪੈ ਗਏ ਤਾਂ ਫਿਰ ਪੈਰ ਪਿੱਛੇ ਪੁੱਟਣਾ ਮੁਹਾਲ ਹੁੰਦਾ ਏ। ਕੋਈ ਰੱਬ ਤੱਕ ਤੁਹਾਥੋਂ ਵੀ ਤੇਜ਼ ਪਹੁੰਚ ਰੱਖਣ ਦਾ ਦਾਅਵਾ ਠੋਕ ਸਕਦਾ ਹੈ। 1991 ਆਉਂਦਿਆਂ ਆਉਂਦਿਆਂ ਅਦਾਲਤਾਂ ਦਾ ਉਮਰਕੈਦ ਦੇਣ ਦਾ ਅਧਿਕਾਰ ਵੀ ਗਵਾਚ ਗਿਆ। ਹੁਣ ਉਹ ਕੇਵਲ ਮੌਤ ਹੀ ਫਰਮਾ ਸਕਦੀਆਂ ਸਨ।

ਵੈਸੇ ਅਦਾਲਤੀ ਫੈਸਲੇ ਦੀ ਰੌਸ਼ਨੀ ਵਿਚ 295 ਰਾਹੀਂ ਉਸ ਮੁਲਕ ਵਿੱਚ ਅੱਜ ਤੱਕ ਕਿਸੇ ਨੂੰ ਫਾਂਸੀ ਲਟਕਾਉਣ ਦੀ ਨੌਬਤ ਨਹੀਂ ਆਈ। ਬਹੁਤੇ ਮਾਮਲਿਆਂ ਵਿਚ ਨਿਆਂ ਵਿੱਚ ਹੁੰਦੀ ਦੇਰੀ ਤੋਂ ਉਚਾਟ ਹੋਈਆਂ ਭੀੜਾਂ ਨੇ ਅਜਿਹਾ ਵਿਸਮਾਦੀ ਪ੍ਰਸ਼ਾਦ ਆਪ ਹੀ ਵੰਡ ਘੱਤਿਆ, ਅਦਾਲਤਾਂ ਦਾ ਭਾਰ ਘਟਾਇਆ। ਮਾਰ ਕੇ ਵਾਰ ਵਾਰ ਕਾਂ ਬਨ੍ਹੇਰੇ ਟੰਗਿਆ। 1985 ਤੱਕ ਪਾਕਿਸਤਾਨ ਵਿੱਚ ਕੋਈ 10 ਕੁ ਬੇਅਦਬੀ ਦੇ ਮਾਮਲੇ ਅਦਾਲਤਾਂ ਤੱਕ ਪੁੱਜੇ ਸਨ। ਹੁਣ ਇਹ ਗਿਣਤੀ 4,000 ਤੋਂ ਉਪਰ ਟੱਪ ਚੁੱਕੀ ਏ।

ਪਹਿਲੀ ਵਾਰੀ ਪੈਗੰਬਰ ਦੀ ਸ਼ਾਨ-ਖ਼ਿਲਾਫ਼ੀ ਦਾ ਕੋਈ ਕੇਸ ਗਵਾਂਢੀਆਂ ਦੀ ਸੁਪਰੀਮ ਕੋਰਟ ਤੱਕ ਪੁੱਜਿਆ ਤਾਂ ਵੱਡੇ ਮੁਨਸਿਫ਼ਾਂ ਆਖਿਆ, ਇਹ ਤਾਂ ਨਿਰਾ ਝੂਠ ਦਾ ਪੁਲੰਦਾ ਹੈ। ਕਿਸੇ ਨਿਰਦੋਸ਼ੀ ਨੂੰ ਇੰਝ ਫਸਾਉਣਾ ਇਸ਼ਟ ਦੀ ਬੇਅਦਬੀ ਹੈ, ਪੈਗੰਬਰ ਦੀ ਸਿੱਖਿਆ ਦੀ ਖ਼ਿਲਾਫ਼-ਅਰਜ਼ੀ ਹੈ।

ਪਰ ਪੈਗੰਬਰੀ ਅਦਬ ਦਾ ਦਿਫ਼ਾ ਕਰਦੀ ਭੀੜ ਕਦੋਂ ਤਰਕ-ਵਿਤਰਕ ਸੁਣਦੀ ਏ? ਸੜਕਾਂ, ਅਦਾਰੇ, ਸਰਕਾਰ ਤੇ ਸੋਚ ਠੱਪ ਕਰ ਦਿੱਤੀ। ਮੁਲਕ ਸਾਹ ਰੋਕ ਕੇ ਖੜ੍ਹ ਗਿਆ। ਬਾਹਵਾਂ ਚੜ੍ਹਾ ਥੋੜ੍ਹਾ ਜਿਹਾ ਕੁਸਕਿਆ ਪਹਿਲੀਆਂ ਦਾ ਇੱਕ ਕਪਤਾਨ, ਪਰ ਉਹ ਏਸੇ ਭੀੜ ਦਾ ਏਲਚੀ ਰਿਹਾ ਸੀ ਕਦੇ। ਕਿਸੇ ਇਕਬਾਲ ਨਾ ਮੰਨਿਆ ਉਹਦਾ। ਭੀੜਾਂ ਨੇ ਮੁਲਕ ਦੇ ਸ਼ਾਹਰਾਹ ਬੰਦ ਕਰ ਦਿੱਤੇ। ਸਾਰਾ ਸੰਸਾਰ ਤਮਾਸ਼ਾ ਵੇਖ ਰਿਹਾ ਸੀ। ਅੱਲ੍ਹਾਹ ਦਾ ਇਕਲੌਤਾ ਖ਼ਾਦਿਮ ਤਾਂ ਹੁਸੈਨ ਰਿਜ਼ਵੀ ਬਣ ਬੈਠਾ ਸੀ। ਅਦਲੀਆ ਤੇ ਫੌਜ ਮੂੰਹ ਵਿੱਚ ਘੁੰਙਣੀਆਂ ਪਾ ਖੜ੍ਹੇ ਰਹੇ। ਭੀੜ ਵਾਪਸ ਆਉਣ ਦੀ ਚਿਤਾਵਨੀ ਦੇ ਕੇ ਘਰਾਂ ਨੂੰ ਮੁੜੀ।

ਉਹਨਾਂ ਦੀ ਧਾਰਾ 295 ਦੀ ਇੱਕ ਹਮਸ਼ੀਰਾ ਐਥੇ ਸਾਡੀ ਜਾਈ ਏ। ਦਾਦਰੀ ਵਿਚਲੇ ਅਖ਼ਲਾਕ ਦੇ ਘਰ ਨੂੰ ਚੜ੍ਹੀ ਆਉਂਦੀ ਖਲਕਤ ਤੋਂ ਲੈ ਕੇ ਪਹਿਲੂ ਖ਼ਾਨ ਨੂੰ ਧਾਰਮਿਕ ਭਾਵਨਾਵਾਂ ਦੇ ਨਾਜ਼ੁਕ ਮੁੱਦੇ ਬਾਰੇ ਸੁਚੇਤ ਕਰਦਿਆਂ-ਕਰਦਿਆਂ, ਪੈਗੰਬਰਾਂ ਨੂੰ ਬੇਅਦਬੀ ਦੇ ਹਮਲਿਆਂ ਤੋਂ ਬਚਾਉਂਦੀਆਂ ਭੀੜਾਂ, ਸਾਬਰੀਮਾਲਾ ਤੋਂ ਲੈ ਕੇ ਹਰ ਗਲੀ, ਕੂਚੇ, ਮੋੜ ਤੱਕ ਖ਼ੁਦਾਈ ਨੂੰ ਬਚਾਉਣ ਘਰਾਂ ਤੋਂ ਨਿਕਲੀਆਂ ਹੋਈਆਂ ਨੇ।

ਦੋਵਾਂ ਹਮਸਾਏ ਪੰਜਾਬਾਂ ਵਿੱਚ ਉਹਨਾਂ 295 ਨੰਬਰ ਵਾਲੀਆਂ ਤੋਪਾਂ ਨਾਲ ਨਿਸ਼ਾਨੇ ਫੁੰਡਣ ਦਾ ਤਹੱਈਆ ਕੀਤਾ ਹੋਇਆ ਹੈ। ਵਸ ਚੱਲੇ ਅਤੇ ਕੋਈ ਕਮਜ਼ੋਰ ਕਾਂ ਫਸੇ ਤਾਂ ਉਹ ਮਾਰ ਕੇ ਆਪ ਟੰਗਣ ਨੂੰ ਕਾਹਲੀਆਂ ਨੇ।

ਕਲਮਾਂ, ਜ਼ੁਬਾਨ, ਕੈਮਰੇ, ਅਖਬਾਰਾਂ, ਜਰੀਦੇ, ਚੈਨਲ ਮਹਾਂਦੋਸ਼ ਤੋਂ ਬਚਦੇ ਰੈੱਡਕਲਿਫ ਰੇਖਾ ਦੇ ਦੋਹੀਂ ਪਾਸੀਂ ਉਹਨਾਂ ਹਮਸ਼ੀਰਾ ਭੀੜਾਂ ਦੀ ਕਥਾ ਕਹਿ ਰਹੇ ਨੇ। 295 ਦੀ ਤੱਤੀ ‘ਵ੍ਹਾ ਉਹਨਾਂ ਵੰਨ੍ਹੇ ਨਾ ਆਵੇ, ਇਸ ਲਈ ਬੋਚ-ਬੋਚ ਕਦਮ ਧਰ ਰਹੇ ਨੇ।

ਸਾਡੀ ਅਦਾਲਤ-ਏ-ਉਜ਼ਮਾ ਨੇ ਸਬਰੀਮਾਲਾ ਦੇ ਪਹਾੜ ਤੇ ਚੜ੍ਹਨ ਦੀ ਇੱਛਾ ਵਾਲੀ ਨੌਜਵਾਨ ਬੀਬੀ ਨੂੰ ਲਿਖ਼ਤੀ ਕਿਹੈ – ਜਾ, ਜਾ ਕੇ ਆਪਣੇ ਇਸ਼ਟ ਦੇ ਦਰਸ਼ਨ ਕਰ ਲੈ। ਪਰ ਇਸ਼ਟ ਨੂੰ ਬੇਅਦਬੀ ਤੋਂ ਬਚਾਉਂਦੀ ਭੀੜ ਅਇਅੱਪਾ ਦੇ ਪਹਾੜ ਉੱਤੇ ਬੀਬੀ ਨਾਲ ਯੁੱਧ ਕਰ ਰਹੀ ਹੈ।

ਹਮਸਾਏ ਦੀ ਅਦਾਲਤ-ਏ-ਆਲੀਆ ਨੇ ਨੌਜਵਾਨ ਬੀਬੀ ਨੂੰ ਕਿਹਾ – ਆਸੀਆ, ਤੂੰ ਆਜ਼ਾਦ ਏਂ, ਜਿੱਥੇ ਮਰਜ਼ੀ ਹੋਵੇ ਜਾ। ਪਰ ਉਹ ਲੁਕਦੀ ਫਿਰਦੀ, ਇਸ਼ਟ ਦੇ ਨਾਮ ਤੇ ਬਣੇ ਵਾਹਿਦ ਮੁਲਕੋਂ ਭੱਜਣ ਦਾ ਰਸਤਾ ਲੱਭ ਰਹੀ ਸੀ, ਅੰਤ ਇਕ ਦਿਨ ਖ਼ੁਦਾ ਦੇ ਨਾਮ ‘ਤੇ ਬਣੇ ਮੁਲਕ ਵਿੱਚੋਂ ਨਿਕਲ ਗਈ। ਗਾਜ਼ੀਆਂ ਨੂੰ ਲੱਗਿਆ ਹੋਵੇਗਾ ਕਿ ਇਹ ਵਰਤਾਰਾ ਖ਼ੁਦਾ ਦੀ ਮਰਜ਼ੀ ਬਗੈਰ ਵਰਤਿਆ ਹੋਵੇਗਾ।

ਸਾਡੇ ਭਵਿੱਖ ਦਾ ਬਿੰਬ ਲਹਿੰਦੇ ਪਾਸੇ ਲੱਗੇ ਸ਼ੀਸ਼ੇ ਵਿੱਚੋਂ ਦਿਸ ਰਿਹਾ ਹੈ। ਅਸੀਂ ਹਮਸਾਏ ਨੂੰ ਦੁਸ਼ਮਣ ਦੱਸਦੇ, ਉਹਦੀ ਭੀੜ ਵਰਗੇ ਹੁੰਦੇ ਜਾ ਰਹੇ ਹਾਂ। 295 ਹੱਥ ਵਿਚ ਫੜੀ ਲਸ਼ਕਰ ਮੋਰਚੇ ਗੱਡੀ ਬੈਠੇ ਨੇ। ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਦਾ ਮੁਜ਼ਾਹਰਾ ਕਰਨ ਦਾ ਵਧੇਰੇ ਬੋਝ ਹੈ ਉਹ ਸਤਿਕਾਰ ਕਮੇਟੀਆਂ ਬਣਾ ਗਲੀਆਂ ਬਾਜ਼ਾਰਾਂ ਵਿੱਚ ਭਾਲਦੇ ਫਿਰਦੇ ਨੇ ਕਿ ਕਿਸੇ ਨੇ ਰੱਬ ਨੂੰ ਮੰਦਾ ਚੰਗਾ ਤਾਂ ਨਹੀਂ ਬੋਲਿਆ। ਬਨੇਰਿਆਂ ਉੱਤੇ ਕਾਂ ਲਟਕਾਉਣ ਦੀ ਪ੍ਰਥਾ ਅਸਾਂ ਸੰਤਾਲੀ ਤੋਂ ਨਾਲ ਨਾਲ ਚਲਾਈ ਹੈ। 80ਵਿਆਂ, 90ਵਿਆਂ ਵਿੱਚ ਜਿਨ੍ਹਾਂ ਬਨੇਰਿਆਂ ਉੱਤੇ ਕਾਂ ਲਟਕੇ ਸੀ, ਉਹਨਾਂ ਚੁੱਲ੍ਹਿਆਂ ਵਿੱਚ ਘਾਹ ਉੱਗ ਆਇਆ ਸੀ। ਬੇਸ਼ਕੀਮਤੀ ਕੌਮੀ ਖ਼ਜ਼ਾਨਾ ਜੋਧਪੁਰੀ ਜੇਲ੍ਹਾਂ ਵਿੱਚ ਰੁੱਲ੍ਹ ਰਿਹਾ ਸੀ, ਕਾਵਾਂ ਅਤੇ ਢੱਗਿਆਂ ਨੇ ਵਾਤ ਨਹੀਂ ਸੀ ਪੁੱਛੀ।

ਅੱਜ ਫਿਰ ਗੁਰੂ ਅਦਬ ਨੂੰ ਸਿਆਸੀ ਬਿਰਤਾਂਤ ਵਿੱਚ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਗੁਰੂ ਹੈ, ਸੰਦ ਨਹੀਂ ਪਰ ਸ਼ਰਮ ਕਿਸ ਨੂੰ ਹੈ? ਅਕਲ ਨੂੰ ਹੱਥ ਮਾਰੀਏ, ਗੁਰੂ ਵੱਲ ਮੋੜਾ ਘੱਤੀਏ। ਅੰਤ ਨਿਪਟਾਰੇ ਉਸੇ ਅੱਗੇ ਹੋਣੇ ਹਨ। ਸਰਬੱਤ ਦਾ ਭਲਾ ਮੰਗਣ ਵਾਲਿਆਂ ਕੋਲ ਸ਼ਬਦ ਗੁਰੂ ਤੋਂ ਸੇਧ ਲੈਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਜੇ ਗੁਰੂ ਅੱਜ ਐਥੇ ਹੁੰਦਾ ਤਾਂ ਕਿੰਨ੍ਹਾ ਮੁਹਾਜ਼ਾਂ ਉੱਤੇ ਕਿਹੜੀਆਂ ਲੜਾਈਆਂ ਲੜਦਾ? ਬਸ ਸਿਰਫ਼ ਉਹਦੀ ਫੌਜ ਵਿਚ ਭਰਤੀ ਹੋ ਕੇ ਹੀ ਕੋਈ ਭੀੜ ਗੁਰ-ਅਦਬ ਦਾ ਰਸਤਾ ਸੁਖਾਲਾ ਕਰ ਸਕਦੀ ਹੈ। ਵਰਨਾ ਓਧਰ ਨੂੰ ਵੇਖੋ ਜਿੱਧਰ ਸੂਰਜ ਡੁੱਬਦਾ ਏ — ਉਹਨਾਂ ਦਾ ਅੱਜ ਸਾਡਾ ਕੱਲ ਹੈ, ਸਾਨੂੰ ਸੈਨਤਾਂ ਕਰ ਰਿਹਾ ਹੈ। ਗੁਰੂ ਦੀ ਧਰਤੀ ਉੱਤੇ ਭਾਈ ਲਾਲੋ ਰੁਲ੍ਹ ਰਿਹਾ ਹੈ। ਪੇਛਾ ਛੱਡੋ, ਸਾਡਾ ਤਾਂ ਭਵਿੱਖ ਵੀ ਲਹਿੰਦੇ ਦੇ ਮੁਸਤਕਬਿਲ ਦਾ ਹਮਸਾਇਆ ਹੋਣ ਨੂੰ ਫਿਰਦਾ ਹੈ। ਉੱਥੋਂ ਆਸੀਆ ਭੱਜ ਗਈ ਸੀ, ਅਸੀਂ ਕਾਂ ਮਾਰ ਬਣ ਚਿੱਟੇ ਬਾਜ਼ਾਂ ਵਾਲੇ ਦੇ ਫੌਜੀ ਬਣੇ ਫਿਰਦੇ ਹਾਂ। ਇਹ ਭੁੱਲ ਗਏ ਹਾਂ ਕਿ ਸਰਬੰਸ ਵਾਰਨ ਵਾਲੇ ਦੇ ਇਮਤਿਹਾਨ ਏਨੇ ਸੌਖੇ ਨਹੀਂ ਹੋਇਆ ਕਰਦੇ। ਜਿਸ ਦਿਨ ਉਹਨੇ ਪ੍ਰੀਖਿਆ ਲਈ, ਬੌਣੇ ਸਾਬਤ ਹੋਵਾਂਗੇ। ਗੁਰੂ ਦੇ ਅਦਬ ਲਈ ਲੜੋ, ਇਸ ਕਾਰਜ ਹਿੱਤ ਫੌਜ ਵਿੱਚ ਸ਼ਾਮਲ ਹੋਵੋ। ਦਸਾਂ ਨਹੁੰਆਂ ਦੀ ਕਿਰਤ ਵਾਲੇ ਨੂੰ ਸੁਫ਼ਨੇ ਵੇਖਣ ਦਾ ਹੱਕ ਮਿਲੇ, ਮਿੱਟੀ ਨਾਲ ਮਿੱਟੀ ਹੋਇਆ ਪ੍ਰਾਣੀ ਗੁਰੂ ਦਾ ਬੱਚਾ ਜਾਪੇ ਭਾਵੇਂ ਪਿੱਛੇ ਪਿੱਛੇ ਰਿਜ਼ਕ ਦੇ ਨੰਦ ਕਿਸ਼ੋਰ ਆਇਆ ਹੋਵੇ, ਗੱਡੀ ਬਹਿ ਸਿਆਲਦਾਹ ਨਾਲ ਬਥ੍ਹੇਰੇ ਹੋਰ ਲਿਆਇਆ ਹੋਵੇ। ਮਲਕ ਭਾਗੋਆਂ ਨੇ ਵੱਡੀਆਂ ਗੰਢ-ਤੁੱਪਾਂ ਕਰ ਲਈਆਂ ਹਨ। ਭਾਈ ਲਾਲੋਆਂ ਨੇ ਹੁਣ ਮੋਰਚਾ ਲਾਇਆ ਹੋਇਆ ਹੈ। ਮੁਲਕ ਵੇਖ ਰਿਹਾ ਹੈ ਕਿ ਗੁਰੂ ਦੇ ਅਦਬ ਨੂੰ ਪ੍ਰਣਾਏ ਬੇਗ਼ਮਪੁਰਾ ਦੀ ਨੀਂਹ ਰੱਖਣਗੇ ਕਿ ਮਲਕ ਭਾਗੋ ਨਾਲ ਗੰਢ-ਤੁੱਪ ਕਰ ਕੇ ਕੋਈ ਸੰਨ੍ਹ ਲਾਉਣਗੇ। ਬਾਜ਼ਾਂ ਵਾਲੇ ਦੇ ਬੱਚੇ ਕਾਂ-ਮਾਰ ਨਾ ਨਿਕਲਣ, ਅਰਦਾਸ ਕਰੋ। ਗੁਰੂ ਭਲੀ ਕਰੇਗਾ।

ਫਹਮੀਦਾ ਰਿਆਜ਼ ਨੂੰ ਰਤਾ ਪਹਿਲੋਂ ਦਿਸ ਗਿਆ ਸੀ ਕਿ ਕਿਸੇ ਦਿਨ ਅਸੀਂ ਕਾਂ ਮਾਰ ਬਣ ਜਾਵਾਂਗੇ, ਇਸੇ ਲਈ ਉਸ ਲਿਖਿਆ ਸੀ:

तुम बिल्कुल हम जैसे निकले
अब तक कहाँ छुपे थे भाई
वो मूरखता वो घामड़-पन
जिस में हम ने सदी गँवाई
आख़िर पहुँची द्वार तुहारे
अरे बधाई बहुत बधाई
प्रीत धर्म का नाच रहा है
क़ाएम हिन्दू राज करोगे
सारे उल्टे काज करोगे
अपना चमन ताराज करोगे
तुम भी बैठे करोगे सोचा
पूरी है वैसी तय्यारी
कौन है हिन्दू कौन नहीं है
तुम भी करोगे फ़तवा जारी
होगा कठिन यहाँ भी जीना
दाँतों आ जाएगा पसीना
जैसी-तैसी कटा करेगी
यहाँ भी सब की साँस घुटेगी
भाड़ में जाए शिक्षा-विक्षा
अब जाहिल-पन के गन गाना
आगे गढ़ा है ये मत देखो
वापस लाओ गया ज़माना
मश्क़ करो तुम आ जाएगा
उल्टे पाँव चलते जाना
ध्यान न दूजा मन में आए
बस पीछे ही नज़र जमाना
एक जाप सा करते जाओ
बारम-बार यही दोहराओ
कैसा वीर महान था भारत
कितना आली-शान था भारत
फिर तुम लोग पहुँच जाओगे
बस परलोक पहुँच जाओगे
हम तो हैं पहले से वहाँ पर
तुम भी समय निकालते रहना
अब जिस नर्क में जाओ वहाँ से
चिट्ठी-विट्ठी डालते रहना

An earlier iteration of this piece was published in the Punjabi Tribune on November 12, 2018. The author revisited it on our request, with an underwhelming sense of how some things never change. – WSN Editor

84 recommended
902 views
bookmark icon

Write a comment...

Your email address will not be published. Required fields are marked *