ਤ੍ਰਿਲੋਕਪੁਰੀ ਦੀਆਂ ਗਲੀਆਂ ਅਤੇ ਗ਼ਦਰੀ ਮੇਲਾ — ਹਿੰਦਸਾ-ਨੁਮਾ ਵਰ੍ਹੇਗੰਢਾਂ ਅਤੇ ਮੁਸਤੈਦ ਕਾਮਰੇਡ

 -  -  382


EX­ACTLY when Pun­jab’s Left comes to­gether for its an­nual rev­o­lu­tion­ary jam­boree called ‘Mela Gadari Babiyan Da’, the world’s cal­en­dar of shame marks the an­niver­sary of the mas­sacre of Sikhs in In­di­a’s cap­i­tal and other cities in 1984. But the two nar­ra­tives do not in­ter­mix. The In­quilab Zind­abad nar­ra­tive some­how stays away from Bole So Ni­hal cries, afraid that its sani­tised ver­sion of rev­o­lu­tion might pick up some com­mu­nal virus. Se­nior Jour­nal­ist SP Singh tells this forked tale, a tale with a sting in the tail.

ਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸਿਆਂ ਨੇ ਕੁਝ ਅਜਿਹੀ ਮੌਲਿਕ ਜਗ੍ਹਾਂ ਅਖਤਿਆਰ ਕਰ ਲਈ ਹੈ ਕਿ ਜਿਹੜਾ ਜਨੂੰਨੀ ਜੋਸ਼ ਕਿਸੇ 10ਵੀਂ, 25ਵੀਂ ਜਾਂ 50ਵੀਂ ਵਰ੍ਹੇਗੰਢ ਮਨਾਉਣ ਵਿੱਚ ਹੁੰਦੈ, ਉਹ 19ਵੀਂ, 23ਵੀਂ ਜਾਂ 37ਵੀਂ ‘ਚ ਨਹੀਂ ਦਿੱਸਦਾ।

ਇਸ ਲਈ ਦਿੱਲੀ ਦੀਆਂ ਸੜਕਾਂ ਤੇ ਖੁੱਲ੍ਹਮ-ਖੁੱਲ੍ਹਾ ਹੋਈ ਕਤਲੋਗਾਰਤ ਦੀ 37ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕੋਈ ਬਹੁਤੇ ਹੰਝੂ-ਨਿਚੜਦੇ ਲੇਖ, ਵੈਣਾਂ ਨਾਲ ਸਰਸ਼ਾਰ ਤਬਸਰੇ ਜਾਂ ਅਣਆਈ ਮੌਤ ਮਰਿਆਂ ਦੇ ਪਰਿਵਾਰਾਂ ਬਾਰੇ ਖਬਰਾਂ ਹਾਲੇ ਪੜ੍ਹਨ-ਸੁਣਨ ਨੂੰ ਨਹੀਂ ਮਿਲੀਆਂ। ਹਾਲੇ ਦਿਨ ਜੋ ਪਏ ਹਨ ਦੋ ਚਾਰ ਹੋਰ। ਵਰ੍ਹੇਗੰਢ ਆ ਤਾਂ ਲੈਣ ਦਿਓ। 31 ਅਕਤੂਬਰ ਜਾਂ ਪਹਿਲੀ ਨਵੰਬਰ ਨੂੰ ਅਜਿਹੇ ਵਿਰਲਾਪ ਲਈ ਅਖ਼ਬਾਰੀ ਸੁਰਖ਼ੀਆਂ ਵਿੱਚ ਅਤੇ ਟੈਲੀਵਿਜ਼ਨ ਦੇ ਡਿਬੇਟਾਂ ਵਿੱਚ ਬਣਦੀ ਜਗ੍ਹਾਂ ਮੁਹੱਈਆ ਕਰਵਾ ਦਿੱਤੀ ਜਾਵੇਗੀ। 40ਵੀਂ ਵਰ੍ਹੇਗੰਢ ਦੀ ਗੱਲ ਹੋਰ ਹੈ, 40ਵੀਂ ਤੇ ਤਾਂ ਭਰਪੂਰ ਤਬਸਰਾ ਹੋਵੇਗਾ ਅਤੇ 50ਵੀਂ ਤਾਂ ਬੜੇ ਜ਼ੋਰ-ਸ਼ੋਰ ਨਾਲ ਮਨਾਈ ਜਾਵੇਗੀ। ਸ਼ਾਇਦ ਸੰਯੁਕਤ ਰਾਸ਼ਟਰ ਨੂੰ ‘ਸੰਪਰਦਾਇਕ ਦੰਗੇ ਵਿਰੋਧੀ ਦਿਵਸ’ ਮਨਾਉਣ ਲਈ ਕੋਈ ਅਕਾਲ ਤਖ਼ਤ/​ਤਖਤੇ-ਦਿੱਲੀ ਦੀ ਸਾਂਝੀ ਪੁਕਾਰ ਵੀ ਗੂੰਜ ਉੱਠੇ।

ਹਜ਼ਾਰਾਂ ਲੋਥਾਂ ਲਈ ਸਾਡੇ ਧੁਰ ਅੰਦਰੋਂ ਉੱਠਦੀ ਹੂਕ ਕਿਵੇਂ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸੇ ਵੇਖ ਵੇਦਨਾ ਦੇ ਸ੍ਵਰ ਨੂੰ ਅਡਜਸਟ ਕਰਦੀ ਹੈ, ਬੱਸ ਇਸੇ ਹਿੰਦਸਾ-ਪ੍ਰਮੁੱਖੀ ਵਿਰਲਾਪ ਦੇ ਵਰਤਾਰੇ ਵਿੱਚ ਸਾਡੇ ਖ਼ਾਸੇ ਦੀ ਤਹਿਰੀਰ ਪੜ੍ਹੀ ਜਾ ਸਕਦੀ ਹੈ। ਅਦਾਲਤ ‘ਚ ਚੁਰਾਸੀ ਦਾ ਕੋਈ ਮੁਕੱਦਮਾ ਗੰਭੀਰ ਮੋੜ ਲਵੇ, ਜਾਂ ਫਿਰ ਐਸੇ ਮੁਕੱਦਮੇ ਲੜਦਾ ਕੋਈ ਸਿਰਕੱਢ ਵਕੀਲ-ਸਿਆਸਤਦਾਨ ਬਿਆਨ ਕੋਈ ਦਾਗੇ ਨਵਾਂ, ਜਾਂ ਫਿਰ ਕੋਈ ਦੁਰਜਨ ਜਿਹਾ ਬੰਦਾ ਸੱਜਣ ਵਰਗਾ ਨਾਮ ਰੱਖ ਕੇ ਗੱਲ ਕੋਈ ਕਰੇ ਅਵੱਲੀ ਤਾਂ ਸਾਡਾ ਧਿਆਨ ਜਾਂਦਾ ਹੈ। ਵਰਨਾ ਪੰਜ ਜਾਂ ਦੱਸ   ਨਾਲ ਤਕਸੀਮ ਹੁੰਦਾ ਕੋਈ ਹਿੰਦਸਾ ਆਪਣੇ ਨਾਲ ਲਟਕਾਈ ਇੱਕ ਵਰ੍ਹੇਗੰਢ ਆਣ ਵੱਜੇ ਸਾਡੇ ਸਹਾਫ਼ਤੀ ਆਲਮ ਵਿੱਚ, ਤਾਂ ਹਿਲਦੀ ਹੈ ਕੋਈ ਚੂਲ ਸਾਡੇ ਸਬਰ ਦੀ।

WSN Image on Two carnages

ਜਦੋਂ ਦੁੱਖ ਅਤੇ ਨਿਆਂ ਦੀਆਂ ਲੜਾਈਆਂ ਕੈਲੰਡਰੀ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਧੁਰ-ਅੰਦਰ ਵੀ ਮਸਨੂਈ ਜਿਹਾ ਹੋ ਚੁੱਕਾ ਹੈ। ਪਰ ਫਿਰ ਇਹੀ ਤਾਂ ਦਿਨ ਹੁੰਦੇ ਹਨ ਜਦੋਂ ਜਲੰਧਰ ਦੀ ਜੀਟੀ ਰੋਡ ‘ਤੇ ਬਾਬਿਆਂ ਦੇ ਵਰੋਸਾਏ ਦੇਸ਼ ਭਗਤ ਯਾਦਗਾਰ ਹਾਲ ‘ਚ ਮੇਲਾ ਲੱਗਦਾ ਹੈ ਨਿਆਂ ਦੀ ਹੇਕ ਲਾਉਂਦੀਆਂ ਸੁਰਾਂ ਦਾ।

ਜਾਂਦੇ ਅਕਤੂਬਰ ਅਤੇ ਚੜ੍ਹਦੇ ਨਵੰਬਰ ਦੇ ਇਨ੍ਹਾਂ ਦਿਨਾਂ ਵਿੱਚ ਮਨੁੱਖੀ ਅਧਿਕਾਰਾਂ ਅਤੇ ਨਾਗਰਿਕਾਂ ਦੀ ਆਜ਼ਾਦੀ ਬਾਰੇ ਇੱਕ ਮੰਚ ਸਜਦਾ ਹੈ। ਦੂਰ ਦਿਸਹੱਦੇ ‘ਤੇ ਆਉਂਦੇ ਕਿਸੇ ਇਨਕਲਾਬ ਦੀ ਸੂਹ ਪਾਉਂਦਾ ‘ਮੇਲਾ ਗਦਰੀ ਬਾਬਿਆਂ ਦਾ’ ਲੱਗਦਾ ਹੈ। ਨਾਟਕਾਂ ਭਰੀ ਉਹਦੀ ਆਖ਼ਰੀ ਰਾਤ ਵਿੱਚ ਕਿਸੇ ਆਸ-ਵਿਹਾਏ ਪੰਜਾਬੀ ਨੂੰ ਆਪਣੇ ਸੁਪਨਿਆਂ ਦਾ ਸਿਰਨਾਵਾਂ ਮੁੜ ਲੱਭਦਾ ਹੈ, ਪਰ ਚੁਰਾਸੀ ਦਾ ਮਾਰਿਆ ਪਾਂਧੀ, ਆਸ ਦੀ ਪੰਡ ਸਿਰ ਉੱਤੇ ਚੁੱਕੀ ਇਸ ਮੇਲੇ ਵਿੱਚੋਂ ਵੀ ਆਪਣੇ ਦੁੱਖ ਦੀ ਵਰ੍ਹੇਗੰਢ ਮਨਫ਼ੀ ਵੇਖ ‘ਆਸ ਨਿਰਾਸ ਭਈ’ ਬੁੜਬੁੜ੍ਹਾਉਂਦਾ ਥੱਕੇ-ਪੈਰੀਂ ਬਾਹਰ ਨਿਕਲ ਆਉਂਦਾ ਹੈ। ਗ਼ਦਰ ਕਿੱਤ ਵੱਲ ਟੁਰਿਆ, ਉਹਦੀ ਪੈੜ ਪਿਆ ਲੱਭਦਾ ਹੈ।

ਸਾਡੇ ਸਮਾਜਿਕ ਕਾਰਕੁੰਨ ਨੇ ਅਜੇ ਉਹ ਜੌੜ-ਸੜਕਾਂ ਅਤੇ ਕੈਂਚੀਆਂ ਵਾਲੇ ਮੋੜ ਉਸਾਰਨੇ ਹਨ ਜਿੱਥੇ ਹੱਕ-ਸੱਚ-ਨਿਆਂ ਲਈ ਲੜੀਆਂ ਜਾ ਰਹੀਆਂ ਲੜਾਈਆਂ ਵਾਲੇ ਇੱਕ-ਦੂਜੇ ਨੂੰ ਕੁਮਕ ਭੇਜ ਸਕਣ। ਇਨ੍ਹਾਂ ਮਿਲਣੀਆਂ ਦੀ ਅਣਹੋਂਦ ਵਿੱਚ ਨਵੰਬਰ ਦੰਗਿਆਂ ਦੀਆਂ ਦੁਖਿਆਰੀਆਂ ਵਿਧਵਾਵਾਂ ਨੂੰ ਕੋਈ ਜਲੰਧਰ ਦੀ ਜੀਟੀ ਰੋਡ ਦੇ ਰਸਤੇ ਨਹੀਂ ਪਾਉਂਦਾ ਅਤੇ ਦਿੱਲੀ ਦੀ ਤ੍ਰਿਲੋਕਪੁਰੀ ਦੇ ਬਲਾਕ ਨੰਬਰ 36 ਵਿੱਚ ਕੋਈ ਗ਼ਦਰੀ ਝੰਡਾ ਝੁਲਾਉਣ ਨਹੀਂ ਜਾਂਦਾ। ਧਿਰਾਂ ਨੇ ਕੁਮਕਾਂ ਬਚਾ ਕੇ ਰੱਖੀਆਂ ਹਨ — ਫੂਲਕਾ ਤੁਹਾਡੇ ਲਈ, ਕਨ੍ਹੱਈਆ ਕੁਮਾਰ ਸਾਡੇ ਲਈ। ਸਾਡਾ-ਤੁਹਾਡਾ ਵਾਲੀ ਲਕੀਰ ਰੈੱਡਕਲਿੱਫ ਦੀ ਨਕਸ਼ੇ ‘ਤੇ ਵਾਹੀ ਰੇਖਾ ਤੋਂ ਵੀ ਪਕੇਰੀ ਜਾਪਦੀ ਹੈ। 1984 ਦਾ ਮੁੱਦਾ ਤੁਹਾਡਾ, 2002 ਦਾ ਸਾਡਾ। ਜੋਧਪੁਰ ਵਾਲੇ ਤੁਹਾਡੇ, ਸੁਧਾ ਭਾਰਦਵਾਜ ਤੇ ਵਰਵਰਾ ਰਾਓ ਅਸਾਡੇ। ਮੁੱਦੇ ਵੀ ਉਵੇਂ ਹੀ ਵੰਡੇ ਜਿਵੇਂ ਲਾਲ ਕਾਮਰੇਡ ਝੰਡੇ ਅਤੇ ਨਿਸ਼ਾਨ ਸਾਹਿਬ ਵੰਡੇ। ਬਰਗਾੜੀ ਤੋਂ ਜਲੰਧਰ ਦੇ ਦੇਸ਼ ਭਗਤ ਹਾਲ ਤੱਕ ਕੋਈ ਰੂਟ ਹੀ ਨਹੀਂ ਬਣਾਇਆ। ਫਿਰ ਤ੍ਰਿਲੋਕਪੁਰੀ ਵਾਲੀ ਦਰਸ਼ਨ ਕੌਰ ਨੂੰ ਕੌਣ ਮਿਲਾਵੇ ਜ਼ਾਕੀਆ ਨਸੀਮ ਅਹਿਸਾਨ ਨਾਲ? ਗੁਜਰਾਤ ਤੋਂ ਦਿੱਲੀ ਬੜੀ ਦੂਰ ਹੈ, ਤੁਸੀਂ ਭਾਵੇਂ ਰੱਬ ਵਾਲੇ ਫੀਤੇ ਨਾਲ ਮਾਪ ਲਵੋ।

ਅੱਲ੍ਹਾਹ ਕੇ ਹਾਥ ਲੰਬੇ ਹੈਂ,” ਜ਼ਾਕੀਆ ਅਸਮਾਨ ਵੱਲ ਵੇਖਕੇ ਕਹਿੰਦੀ ਉਹਦਾ ਘਰ ਵਾਲਾ ਐਮ.ਐਲ.ਏ ਸੀ, 2002 ‘ਚ ਦੰਗਾਈਆਂ ਨੇ ਕੋਹ-ਕੋਹ ਮਾਰਿਆ ਸੀ।

ਰੱਬ ਇਨਸਾਫ਼ ਕਰੇਗਾ,” ਦਰਸ਼ਨ ਕੌਰ ਕਹਿਣ ਲੱਗਿਆਂ ਵੇਖਦੀ ਅਸਮਾਨ ਵੱਲ ਹੀ ਹੈ 1984 ‘ਚ ਉਸ ਨੇ ਘਰ ਦੇ 11 ਜੀਅ ਗਵਾਏ ਸੀ।

 Read also Rev­o­lu­tion at the speed of Gadar

ਅਸਮਾਨ ਵਾਲੇ ਦਾ ਮੇਰੇ ਕੋਲ ਟੈਲੀਫੋਨ ਨੰਬਰ ਨਹੀਂ ਹੈਗਾ ਪਰ ਮੈਂ ਅੰਦਾਜ਼ਾ ਜਿਹਾ ਲਾਇਐ ਕਿ ਵੋਟਾਂ ਵੇਲੇ ਬੂਥ ਦੇ ਅੰਦਰ ਜਾ, ਰੱਬ ਨੂੰ ਅਰਦਾਸ ਕਰ ਜ਼ਾਕੀਆ ਅਤੇ ਦਰਸ਼ਨ ਕੌਰ ਕਿਹੜਾ ਬਟਨ ਦਬਾਉਂਦੀਆਂ ਹੋਣਗੀਆਂ? ਜ਼ਾਕੀਆ ਟੁਰ ਜਾਏਗੀ ਨਰਕ ਨੂੰ, ਨੰਗੇ-ਪੈਰੀਂ ਕੰਡਿਆਂ ਦੀ ਡਗਰ ‘ਤੇ, ਪਰ ਕਮਲ ਵਾਲਾ ਬਟਨ ਨਾ ਦਬਾਸੀ। ਅਤੇ ਦਰਸ਼ਨ ਕੌਰ ਪੰਜੇ ਨੂੰ ਹੱਥ ਨਾ ਲਾਸੀ। ਉਹਦੀ ਕੰਧ ‘ਤੇ ਗਿਆਰਾਂ ਫੋਟੋਆਂ ਟੰਗੀਆਂ ਨੇ ਉਹਨੂੰ ਵਰਜਦੀਆਂ।

“ਅੱਲ੍ਹਾਹ ਕੇ ਹਾਥ ਲੰਬੇ ਹੈਂ,” ਜ਼ਾਕੀਆ ਅਸਮਾਨ ਵੱਲ ਵੇਖਕੇ ਕਹਿੰਦੀ ਏ। ਉਹਦਾ ਘਰ ਵਾਲਾ ਐਮ.ਐਲ.ਏ ਸੀ, 2002 ‘ਚ ਦੰਗਾਈਆਂ ਨੇ ਕੋਹ-ਕੋਹ ਮਾਰਿਆ ਸੀ। “ਰੱਬ ਇਨਸਾਫ਼ ਕਰੇਗਾ,” ਦਰਸ਼ਨ ਕੌਰ ਕਹਿਣ ਲੱਗਿਆਂ ਵੇਖਦੀ ਅਸਮਾਨ ਵੱਲ ਹੀ ਹੈ। 1984 ‘ਚ ਉਸ ਨੇ ਘਰ ਦੇ 11 ਜੀਅ ਗਵਾਏ ਸੀ।

ਅਸਾਂ ਵਿਧਵਾਵਾਂ ਵੰਡੀਆਂ ਹਨ। ਵਿਧਵਾ ਬਰਾਬਰ ਵਿਧਵਾ ਖੜੀ ਕੀਤੀ ਹੈ। ਜੇ ਮਿਲਸਣ ਤਾਂ ਦੁੱਖ ਵੰਡਾਸਣ। ਨਾ ਮਿਲੀਆਂ ਤਾਂ ਇੱਕ-ਦੂਜੇ ਵਿਰੁੱਧ ਭੁਗਤਣਗੀਆਂ। ਦੰਗਿਆਂ ਵਿੱਚ ਵਿੱਛੜੀਆਂ ਜੇ ਕਿਸੇ ਮੇਲੇ ਵਿੱਚ ਮਿਲ ਸਕਦੀਆਂ ਤਾਂ ਗ਼ਦਰ ਹੋ ਜਾਂਦਾ — ਦੁੱਖ ਸਾਂਝਾ ਹੁੰਦਾ, ਦੈਂਤ ਦਾ ਖ਼ਾਸਾ ਨੰਗਾ ਹੁੰਦਾ, ਸੱਤਾ ਦੀਆਂ ਭਾਈਵਾਲੀਆਂ ਉਜਾਗਰ ਹੁੰਦੀਆਂ। ਫਿਰ ਤਾਂ ਅਦਾਲਤਾਂ ਵਿੱਚ ਬਿਰਖ ਹੁੰਦਾ ਚੁਰਾਸੀ ਜਾ ਕੇ ਬਖਸ਼ੀਖਾਨੇ ਵਿੱਚ ਗੁਜਰਾਤ ਦੇ ਨੇੜੇ ਢੁੱਕ ਬਹਿੰਦਾ। ਵੱਖ-ਵੱਖ ਬਟਨ ਨਾ ਦਬਾਉਣੇ ਪੈਂਦੇ। ਅਸਮਾਨੋਂ ਸਾਰਾ ਸੱਚ ਯੱਕਮੁਸ਼ਤ ਬਾਹਰ ਆਉਂਦਾ। ਸੱਚ ਕੀ ਬੇਲਾ ਸੁਣਾਉਂਦਾ। ਏਡੀ ਉੱਚੀ ਲੋਰ ਵਿੱਚ ਸੁਣਾਉਂਦਾ ਕਿ ਤ੍ਰਿਲੋਕਪੁਰੀ ਦੇ 36ਵੇਂ ਬਲਾਕ ਵਿੱਚ ਨਾਜ਼ਰ ਸਿੰਘ ਫੌਜੀ ਦੇ ਘਰ ਸਾਹਮਣੇ ਲੱਗੇ ਖੰਭੇ ਦੀ ਭੁੱਬ ਨਿਕਲ ਜਾਂਦੀ।

Trilokpuri Block 32
Trilokpuri Block 32, Delhi

37 ਸਾਲ ਤੋਂ ਖੰਭਾ ਕਲੇਜਾ ਫੜ ਕੇ ਖੜ੍ਹਾ ਹੈ। ਸੰਨ 2009 ਵਿੱਚ ਜਦੋਂ ਚੁਰਾਸੀ ਦਾ ਦੁੱਖ 25 ਸਾਲ ਦਾ ਹੋਇਆ ਸੀ ਤਾਂ ਹਿੰਦਸਾ ਢੁਕਵਾਂ ਸਮਝ ਮੈਂ ਤ੍ਰਿਲੋਕਪੁਰੀ ਦੀਆਂ ਗਲੀਆਂ ਆਪਣੇ ਪੈਰੀਂ ਮਾਪੀਆਂ ਸਨ। ਗਲੇ ਵਿਚ ਕੈਮਰਾ, ਮੋਢੇ ‘ਤੇ ਝੋਲਾ, ਹੱਥ ਵਿੱਚ ਕਾਪੀ, ਜੇਬ੍ਹ ਵਿਚ ਪੈੱਨ ਟੁੰਗਿਆ ਹੋਇਆ ਸੀ। “ਰਿਪੋਰਟਰ ਬਈ ਰਿਪੋਰਟਰ,” ਗਲੀ ਵਿੱਚ ਖੇਡਦੇ ਚਾਰ ਪੰਜ ਨਿਆਣੇ ਮੇਰੇ ਪਿੱਛੇ ਪਿੱਛੇ ਟੁਰਨ ਲੱਗ ਪਏ। “ਚੁਰਾਸੀ ਵਾਲਿਆਂ ਨੂੰ ਮਿਲਣਾ ਏ?” ਦੋ ਗੁੱਤਾਂ ਵਾਲੀ ਇੱਕ ਦੱਸ-ਬਾਰ੍ਹਾਂ ਸਾਲਾਂ ਦੀ ਕੁੜੀ ਨੇ ਮੈਨੂੰ ਪੁੱਛਿਆ। ਫਿਰ ਉਹ ਬੂਹਿਆਂ ਵੱਲ ਇਸ਼ਾਰਾ ਕਰਨ ਲੱਗੇ। ਨਿਆਣੇ ਇਹਨਾਂ ਭੀੜੀਆਂ ਗਲੀਆਂ ਵਿੱਚ ਇਹਨਾਂ ਦਿਨਾਂ ਵਿੱਚ ਐਸੇ ਅਜਬ ਪ੍ਰਾਣੀ ਦੇਖਣਾ ਗਿੱਝ ਗਏ ਸਨ। “ਰਿਪੋਰਟਰ!” ਉਹ ਇੱਕ ਦੂਜੇ ਨੂੰ ਦੱਸ ਰਹੇ ਸਨ। ਮੈਨੂੰ ਆਪਣਾ ਆਪ ਉਸ ਦਿਨ ਬੜਾ ਕੈਲੰਡਰੀ ਜਿਹਾ ਲੱਗਿਆ ਸੀ। ਮਹਿੰਗੇ ਲੋਕਾਂ ਦੇ ਮੁਹੱਲੇ ਵਿੱਚ ਸਸਤੇ ਵਿਕਾਊ ਮਾਲ ਵਰਗਾ।

Indian Express on November Carnage

ਮੈਂ ਕੈਮਰਾ ਝੋਲੇ ਵਿੱਚ ਪਾ ਦਿੱਤਾ, ਕਾਪੀ ਜੇਬ੍ਹ ਅੰਦਰ ਧੱਕ ਦਿੱਤੀ। ਬੰਦੇ ਨੂੰ ਬੰਦਾ ਬਣਨ ਲਈ ਕੀ ਕੀ ਛੱਡਣਾ ਪੈਂਦਾ ਹੈ! ਇਹ ਨਾਜ਼ਰ ਸਿੰਘ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਸੀ। ਨਿਆਣਿਆਂ ਨੇ ਮਿਲਵਾਇਆ ਸੀ। ਨਾਜ਼ਰ ਸਿੰਘ ਅਤੇ ਉਹਦੀ ਧੀ ਨੇ ਦੱਸਿਆ ਸੀ ਉਹ ਕਿਓਂ ਇੱਥੋਂ ਹਿਜਰਤ ਕਰਕੇ ਤਿਲਕ ਵਿਹਾਰ ਵਾਲੀ ਮੁੜ-ਵਸੇਬਾ ਕਲੋਨੀ ਵਿੱਚ ਨਹੀਂ ਸਨ ਗਏ ਜਿੱਥੇ ਮਕਾਨ ਮਿਲਦੇ ਸੀ। “ਖੰਭੇ ਨੂੰ ਵੇਖ-ਵੇਖ ਮੈਂ ਵੱਡਾ ਹੋਇਆ ਸੀ, ਧੀ ਜੁਆਨ ਹੋਈ ਸੀ। ਖੰਭਾ ਛੱਡਿਆ ਨਹੀਂ ਜਾਂਦਾ, ਪੁੱਟ ਕੇ ਲਿਜਾ ਨਹੀਂ ਸਕਦੇ।”

1984 victims
Protesters seeking justice in the 1984 anti Sikh riot case hold photographs of vicitim of the riots during a sit-in near Jantar Mantar on Tuesday. Express photo by Oinam Anand. 07 May 2013

ਖੰਭੇ ਨੇ ਸਭ ਵੇਖਿਆ ਸੀ। ਉਨ੍ਹਾਂ ਨੇ ਏਸੇ ਖੰਭੇ ਨਾਲ ਨਾਜ਼ਰ ਸਿੰਘ ਦੇ ਪਿਓ ਨੂੰ ਬੰਨ੍ਹਿਆ ਸੀ, ਫਿਰ ਅੱਗ ਲਾ ਉਹਨੂੰ…. ਵਰ੍ਹਿਆਂ ਤੱਕ ਆਉਂਦੇ-ਜਾਂਦੇ, ਖੰਭੇ ਨੂੰ ਹੱਥ ਨਾਲ ਪਲੋਸਦੇ, ਸਾਹਵਾਂ ਦੇ ਨਰਦ ਹਾਰਦੇ ਹਾਰਦੇ, ਹੁਣ ਤਾਂ ਖੰਭਾ ਘਰ ਦਾ ਜੀਅ ਹੋ ਗਿਆ ਸੀ। ਸਰਦੀਆਂ ਦੀਆਂ ਯੱਖ ਰਾਤਾਂ ਵਿੱਚ ਨਾਜ਼ਰ ਸਿੰਘ ਹੋਰਾਂ ਨੇ ਇਸ ਖੰਭੇ ਨਾਲ ਪਿੱਠ ਲਾ ਕੇ ਬੜੀ ਵਾਰੀ ਘੰਟਿਆਂ ਤੱਕ ਹਿੰਦੁਸਤਾਨੀ ਹਕੂਮਤ ਦੇ ਸਰਦ ਖ਼ੂਨ ਨੂੰ ਮਹਿਸੂਸ ਕੀਤਾ ਹੈ। ਸਵੇਰੇ ਘਰੋਂ ਨਿਕਲਣ ਲੱਗਿਆਂ ਖੰਭੇ ਨੂੰ ਪਿਆਰ ਨਾਲ ਹੱਥ ਲਾ ਕੇ ਨਿਕਲਦੇ ਹਨ, ਆਥਣੇ ਪਲੋਸ ਕੇ ਡਿਓੜ੍ਹੀ ਵੜਦੇ ਹਨ। ਜੋ ਉਹਨਾਂ ਦੱਸਿਆ, ਲਿਖਿਆ ਨਹੀਂ ਜਾਣਾ। ਜੋ ਉਹਨਾਂ ‘ਤੇ ਬੀਤੀ, ਉਹ ਮਹਿਸੂਸ ਕਰਨਾ ਸੰਭਵ ਨਹੀਂ। ਭਰੀਆਂ ਅੱਖੀਆਂ ਨਾਲ ਸਤਿ ਸ੍ਰੀ ਅਕਾਲ ਬੁਲਾ ਘਰੋਂ ਬਾਹਰ ਨਿਕਲਿਆ ਤਾਂ ਹੱਥ ਖੰਭੇ ਵੱਲ ਗਿਆ। ਪੱਥਰ ਦਾ ਸੀ ਪਰ ਮੁਲਾਇਮ ਜਾਪਿਆ ਸੀ। ਨਿਆਣੇ ਵੇਖਦੇ ਸਨ, ਇਸ ਲਈ ਜੱਫੀ ਨਹੀਂ ਸੀ ਪਾਈ ਗਈ ਖੰਭੇ ਨੂੰ। ਬਿਨਾਂ ਪਿੱਛੇ ਮੁੜ ਕੇ ਵੇਖੇ ਟੁਰਦਾ ਗਲੀ ‘ਚੋਂ ਬਾਹਰ ਆ ਗਿਆ ਸਾਂ ਪਰ ਕਾਰ ਤੱਕ ਪਹੁੰਚਦਿਆਂ ਭੁੱਬ ਨਿਕਲ ਗਈ ਸੀ।

ਮੈਂ ਗੁਜਰਾਤ ਦੀਆਂ ਗਲੀਆਂ ਨਹੀਂ ਗਾਹੀਆਂ ਪਰ ਬਥੇਰੇ ਥੰਮਲੇ, ਖੰਭੇ ਕਲੇਜਾ ਫੜ ਕੇ ਖੜ੍ਹੇ ਹੋਣੇ ਹਨ। ਹਰਿਆਣਾ ਦੇ ਮਿਰਚਪੁਰ ਤੋਂ ਯੂਪੀ ਦੇ ਮੁਜ਼ੱਫਰਨਗਰ ਤੱਕ ਅਜੇ ਬੜਾ ਦਰਦ ਬਾਕੀ ਹੈ।

November 1984 and The Indian Express

ਕਿਸੇ ਗ਼ਦਰੀ ਘੋਲ ਲਈ, ਕਿਸੇ ਬੇਗਮਪੁਰਾ ਉਸਾਰਨ ਦੀ ਲੜਾਈ ਲਈ, ਕਿਸੇ ਹੀਰ-ਵੰਨ੍ਹੇ, ਗੁਰਾਂ ਦੇ ਨਾਂ ਵੱਸਦੇ ਪੰਜਾਬ ਲਈ ਇਹ ਜ਼ਰੂਰੀ ਹੈ ਕਿ ਇਹਦੇ ਯੋਧੇ ਗਵਾਂਢ ਵਿੱਚ ਲੜੀਆਂ ਜਾ ਰਹੀਆਂ ਲੜਾਈਆਂ ਨਾਲ ਰਾਬਤਾ ਰੱਖਣ, ਕੁਮਕ ਭੇਜਣ-ਮੰਗਣ ਅਤੇ ਚੜ੍ਹਦੇ ਨਵੰਬਰੀ ਦਿਨ ਇਨਕਲਾਬ ਦੇ ਰੌਲੇ ਵਿੱਚ ਕਿਸੇ ਦੰਗਾ-ਪੀੜਤ ਵਿਧਵਾ ਦੀ ਆਵਾਜ਼ ਵੱਲ ਕੰਨ ਧਰਨ। ਜ਼ਾਕੀਆ ਤੇ ਦਰਸ਼ਨ ਇੱਕੇ ਜਿਹੀਆਂ ਰੋਂਦੀਆਂ ਨੇ। ਤੁਸੀਂ ਠੁੰਮਣਾ ਦਿਓ, ਗਰਜਨ ਦੀ ਕੁੱਵਤ ਰੱਖਦੀਆਂ ਨੇ।

ਪਰ ਅਸੀਂ ਤਾਂ ਇਨਕਲਾਬ ਦਾ ਮੇਲਾ ਧਰਿਆ ਹੈ। ਸ਼ਹੀਦ ਭਗਤ ਸਿੰਘ ਦੀ ਫੋਟੋ ਸਾਹਵੇਂ ਖੜ੍ਹ ਕੇ ਬੋਲੇ ਸੋ ਨਿਹਾਲ ਦਾ ਆਵਾਜ਼ਾ ਮਾਰਨ ਲਗਿਆਂ ਧੁੜਕੂ ਲੱਗਿਆ ਰਹਿੰਦਾ ਹੈ ਕਿ ਕਿਤੇ ਗ਼ਦਰੀ ਬਾਬਿਆਂ ਦਾ ਮੇਲਾ ਫਿਰਕੂ ਨਾ ਹੋ ਜਾਵੇ। ਇਸੇ ਚਿੰਤਾ ਵਿੱਚ ਪਿਛਲੇ 37 ਸਾਲਾਂ ਵਿੱਚ ਜਾਂਦੇ ਅਕਤੂਬਰ ਅਤੇ ਚੜ੍ਹਦੇ ਨਵੰਬਰ ਦੇ ਦਿਨੀਂ ਲੰਬੇ ਵਾਲਾਂ ਵਾਲੇ ਬੰਦਿਆਂ ਨੂੰ ਦਿੱਲੀ ਦੀਆਂ ਸੜਕਾਂ ‘ਤੇ ਸਰੇ-ਰਾਹ ਜੀਊਂਦਿਆਂ ਸਾੜਨ ਦਾ ਜ਼ਿਕਰ ਕਦੀ ਝੰਡੇ ਦੇ ਗੀਤ ਵਿੱਚ ਨਹੀਂ ਵੜ੍ਹਿਆ। ਅੰਦੋਲਨ ਖ਼ਾਲਸ ਸੁਰਖ਼ ਹੀ ਰਿਹਾ, ਕਦੇ ਕੇਸਰੀ ਦਾ ਖੱਟਾ ਨਹੀਂ ਲੱਗਿਆ। ਇਨਕਲਾਬ ਸਿਮਟ ਕੇ ਹੁਣ ਕੇਵਲ ਜਲੰਧਰ ਵਿਚ ਗ਼ਦਰੀ ਬਾਬਿਆਂ ਦੀਆਂ ਫੋਟੋਆਂ ਵਾਲੀ ਉਸ ਇਮਾਰਤ ਵਿਚ ਤਿੰਨ ਦਿਨ ਦੇ ਤੂਫ਼ਾਨੀ ਦੌਰੇ ‘ਤੇ ਆਉਂਦਾ ਹੈ। ਤ੍ਰਿਲੋਕਪੁਰੀ ਦੇ 36ਵੀਂ ਬਲਾਕ ਦੀਆਂ ਚੀਕਾਂ ਉਹਨੂੰ ਨਹੀਂ ਸੁਣਦੀਆਂ। ਉਹ ਤਾਂ ਸਿੰਘੂ ਬਾਰਡਰ ਉੱਤੇ ਪਹਿਰਾ ਦੇ ਰਿਹਾ ਹੈ ਕਿ ਕਿਧਰੇ ਕੋਈ ਕੇਸਰੀਆ ਲਾਲ ਫਰੇਰਿਆਂ ਦੇ ਹੜ੍ਹ ਵਿੱਚ ਨਾ ਰਲ੍ਹ ਜਾਵੇ। ਚੁਰਾਸੀ ਤੇ ਗੁਜਰਾਤ ਦੀ ਕੋਈ ਗਿਟਮਿਟ ਨਾ ਹੋ ਜਾਵੇ। ਦਰਸ਼ਨ ਕੌਰ ਅਤੇ ਜ਼ਾਕੀਆ ਦਾ ਅਸਮਾਨ ਇੱਕ ਨਾ ਹੋ ਜਾਵੇ। ਕਾਮਰੇਡ ਪਹਿਰੇ ‘ਤੇ ਮੁਸਤੈਦ ਖੜ੍ਹਾ ਹੈ, ਕਿਧਰੇ ਅੰਦੋਲਨ ਫੈਲ ਨਾ ਜਾਵੇ।

Anti Sikh Carnage and Gadhri Mela Babyan da
Deshbhagat Yaadgar Hall. Jalandhar and Block 32, Trilokpuri, Delhi

ਹਰ ਵਾਰੀ ਜਾਂਦੇ ਅਕਤੂਬਰ ਤੇ ਆਉਂਦੇ ਨਵੰਬਰ ਦੇ ਮਿੱਠੀ ਧੁੱਪ ਵਾਲੇ ਦਿਨਾਂ ਵਿੱਚ ਬੜਾ ਚਿੱਤ ਕਰਦਾ ਹੈ ਕਿ ਤ੍ਰਿਲੋਕਪੁਰੀ ਵਾਲਾ ਉਹ ਖੰਭਾ ਲਿਆ ਕੇ ਗੱਡ ਦਿਆਂ ਦੇਸ਼ ਭਗਤ ਯਾਦਗਾਰ ਹਾਲ ਦੇ ਲਾਅਨ ਵਿੱਚ ਜਿੱਥੇ ਝੰਡੇ ਦੀ ਰਸਮ ਕਰਦੇ ਨੇ ਗ਼ਦਰ ਦੇ ਤਲਬਗਾਰ, ਜਾਂ ਫਿਰ ਉਨ੍ਹਾਂ ਦਾ ਝੰਡਾ ਖੋਹ ਕੇ ਝੁਲਾ ਦੇਵਾਂ ਤ੍ਰਿਲੋਕਪੁਰੀ ਦੇ ਉਸ ਖੰਭੇ ਉੱਪਰ, ਪਰ ਅਜੇ ਨਹੀਂ। ਅਜੇ ਤਾਂ 37ਵੀਂ ਹੈ, 50ਵੀਂ ਵਰ੍ਹੇਗੰਢ ਤੇ ਸੋਚਾਂਗਾ। 50 ਨਾਲ ਤਕਸੀਮ ਹੁੰਦੇ ਹਿੰਦਸੇ ਦੀ ਗੱਲ ਹੀ ਵੱਖਰੀ ਹੁੰਦੀ ਏ। 550ਵੀਂ ਲਈ ਵੇਖੋ ਕਿੰਨੇ ਤਰਲੋਮੱਛੀ ਹੋਏ ਸੀ ਅਸੀਂ ਸਾਰੇ। ਹੁਣ 553ਵੀਂ ਦੇ ਮੌਕੇ ਕਿਹੜਾ ਬਾਬੇ ਨਾਨਕ ਦੇ ਸੁਨੇਹੇ ਵਿੱਚ ਘੱਟ ਜੁੰਬਿਸ਼ ਹੈ? ਪਰ ਅਸੀਂ ਤਾਂ ਕੈਲ਼ੰਡਰੀ ਹੋ ਚੁੱਕੇ ਹਾਂ। ਲੋਹੜੇ ਦੇ ਮੁਹੰਦਸ ਹਾਂ। 25, 50 ਜਾਂ 100 ਨਾਲ ਤਕਸੀਮ ਹੁੰਦੇ ਹਿੰਦਸਿਆਂ ਦੀ ਗ੍ਰਿਫ਼ਤ ਵਿੱਚ ਹਾਂ।

ਵੇਖੋ ਕਿਸੇ ਇਨਕਲਾਬ ਦੀ ਕੋਈ 200ਵੀਂ, 400ਵੀਂ ਆ ਰਹੀ ਹੈ? ਸਪਾਰਟਾਕੱਸ ਦੀ 2100ਵੀਂ ਮਨਾ ਛੱਡੀਏ ਐਸ ਵਾਰੀ ਸਿੰਘੂ ਬਾਰਡਰ ‘ਤੇ? ਗੱਲ ਤਾਂ ਸੁਰਖ਼ ਝੰਡਾ ਝੁਲਾਉਣ ਦੀ ਹੈ, ਕੇਸਰੀ ਨੂੰ ਬਾਹਰ ਰੱਖਣ ਦਾ ਮਤਾ ਪਕਾਉਣ ਦੀ ਹੈ। ਸਾਜ਼ਸ਼ ਖੰਭੇ ‘ਤੇ ਚੜ੍ਹ ਬੋਲ ਰਹੀ ਹੈ। ਕਦੋਂ ਦਾਅ ਲੱਗੇ, ਹਕੂਮਤ ਵੀ ਪਰ ਤੋਲ ਰਹੀ ਹੈ।

 Read also Rev­o­lu­tion at the speed of Gadar

An it­er­a­tion of this piece was pub­lished in the Pun­jabi Tri­bune on Oc­to­ber 29, 2018. The au­thor re­vis­ited and up­dated it on our re­quest.

Se­nior Jour­nal­ist SP Singh ded­i­cates this piece to Joseph Mali­akan and Rahul Bedi of the In­dian Ex­press and Alok Tomar of the Jansatta, and a few more good men and women who, like these three brave­hearts, ven­tured into the by­lanes of Trilokpuri in 1984 when mobs were still on the ram­page, streets were lit­tered with rot­ting bod­ies and even the sus­pi­cion of be­ing a jour­nal­ist could have had fa­tal con­se­quences -Ed­i­tor, WSN

382 rec­om­mended
3302 views

Write a com­ment...

Your email ad­dress will not be pub­lished. Re­quired fields are marked *