ਤੱਥ ਭਰਪੂਰ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਕਿਤਾਬ ਲੋਕ ਅਰਪਣ
ਸਰਕਾਰ ਅਤੇ ਖਬਰਖਾਨੇ ਨੇ ਨਵੰਬਰ ੧੯੮੪ ਦੇ ਕਤਲੇਆਮਾਂ ਨੂੰ “ਦਿੱਲੀ ਦੰਗਿਆਂ” ਦਾ ਨਾਂ ਦਿੱਤਾ ਜਿਸ ਰਾਹੀਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਤਾਂ ਇਹ ‘ਦੰਗੇ’ ਸਨ ਤੇ ਦੂਜਾ ਕਿ “ਇਹ ਦਿੱਲੀ ਤੱਕ ਸੀਮਤ” ਸਨ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਨੌਜਵਾਨ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ, ‘ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਨਾਲ ਤਾਰਨ ਵਾਲਿਆਂ’ ਨੂੰ ਸਮਰਪਿਤ ਨਵੀਂ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਇਸ ਸਰਕਾਰੀ ਬਿਰਤਾਂਤ ਨੂੰ ਤੱਥਾਂ ਸਹਿਤ ਤੋੜਦੀ ਹੈ।
ਕਹਿਰ ਭਰਿਆ ਵਰ੍ਹਾ ਸੀ 1984। ਇਸੇ ਸਾਲ ਜੂਨ ਮਹੀਨੇ ਵਿੱਚ ਭਾਰਤੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਮੇਤ ਹੋਰਨਾਂ ਗੁਰਧਾਮਾਂ ਉੱਤੇ ਫੌਜੀ ਹਮਲਾ ਕਰਵਾ ਕੇ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਕੀਤੀ, ਜਿਸ ਵਿਚ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।
1984 ਵਿਚ ਦੂਜਾ ਵੱਡਾ ਕਹਿਰ ਨਵੰਬਰ ਦੇ ਪਹਿਲੇ ਹਫਤੇ ਭਾਰਤ ਭਰ ਵਿਚ ਸਿੱਖਾਂ ਉੱਤੇ ਹੋਏ ਭਿਆਨਕ ਹਮਲਿਆਂ ਦੇ ਰੂਪ ਵਿਚ ਵਾਪਰਿਆ ਸੀ। ਇਹ ਹਮਲੇ 31 ਅਕਤੂਬਰ ਨੂੰ ਸ਼ੁਰੂ ਹੋਏ ਸਨ। ਇਹਨਾ ਹਮਲਿਆਂ ਨੂੰ ਸਰਕਾਰ ਵੱਲੋਂ ਵਿਓਂਤਿਆ ਤੇ ਜਥੇਬੰਦ ਕੀਤਾ ਗਿਆ ਸੀ। ਚਾਰ ਕੁ ਦਿਨਾਂ ਵਿਚ ਹਜ਼ਾਰਾਂ ਸਿੱਖ ਦਰਿੰਦਗੀ ਨਾਲ ਕਤਲ ਕੀਤੇ ਗਏ, ਸੈਂਕੜੇ ਗੁਰਦਵਾਰਾ ਸਾਹਿਬਾਨ ਉੱਤੇ ਹਮਲੇ ਕਰਕੇ ਉਹਨਾਂ ਨੂੰ ਤਬਾਹ ਕੀਤਾ ਗਿਆ ਅਤੇ ਸਿੱਖਾਂ ਦੇ ਘਰ ਅਤੇ ਜਾਇਦਾਦਾਂ ਸਾੜ ਕੇ ਰਾਖ ਦਾ ਢੇਰ ਬਣਾ ਦਿੱਤੀਆਂ ਗਈਆਂ।
ਇਸ ਕਿਤਾਬ ਵਿੱਚ ਜਿੱਥੇ ਵੱਖ-ਵੱਖ ਚਸ਼ਮਦੀਦਾਂ ਅਤੇ ਵਜੂਦਦੀਦਾਂ ਵੱਲੋਂ ਨਵੰਬਰ 1984 ਦੀ ਨਸਲਕੁਸ਼ੀ ਦੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਹਾਲ ਦਰਜ਼ ਕੀਤੇ ਗਏ ਹਨ, ਓਥੇ ਸਮਕਾਲੀ ਅਤੇ ਹਾਲੀਆ ਸਰੋਤਾਂ ਦੇ ਅਧਾਰ ਉੱਤੇ ਭਾਰਤ ਭਰ ਦੀਆਂ ਉਹਨਾਂ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਜਿੱਥੇ ਸਿੱਖ ਨਸਲਕੁਸ਼ੀ 1984 ਦੌਰਾਨ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ।
‘ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਨਾਲ ਤਾਰਨ ਵਾਲਿਆਂ’ ਨੂੰ ਸਮਰਪਿਤ।
ਇਹ ਕਿਤਾਬ ਸਮਕਾਲੀ ਲਿਖਤਾਂ ਰਾਹੀਂ ਦਰਸਾਉਂਦੀ ਹੈ ਕਿ ਨਾ ਤਾਂ ਨਵੰਬਰ 1984 ਦੇ ਕਤਲੇਆਮ “ਦੰਗੇ” ਸਨ ਅਤੇ ਨਾ ਹੀ ਇਹ “ਦਿੱਲੀ ਤੱਕ ਸੀਮਤ” ਸਨ। ਨਵੰਬਰ 1984 ਵਿੱਚ ਦਿੱਲੀ, ਹਿਮਾਚਲ, ਜੰਮੂ ਤੇ ਕਸ਼ਮੀਰ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਉੜੀਸਾ, ਬਿਹਾਰ, ਝਾਰਖੰਡ, ਉੱਤਰ-ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ, ਗੁਜਰਾਤ ਤੇ ਪੱਛਮੀ ਬੰਗਾਲ ਆਦਿ ਸੂਬਿਆਂ ਦੇ ਸੌ ਤੋਂ ਵੀ ਵੱਧ ਸ਼ਹਿਰਾਂ, ਕਸਬਿਆਂ ਵਿੱਚ ਸਿੱਖਾਂ ਨੂੰ ਨਸਲਕੁਸ਼ੀ ਦੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕਿਤਾਬ ਵਿਚ ਨਸਲਕੁਸ਼ੀ ਦੇ ਖੁਰਾ-ਖੋਜ ਦੇ ਇਹਨਾ ਵੇਰਵਿਆਂ ਨੂੰ ਨਕਸ਼ਿਆਂ ਤੇ ਸੂਚੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ।
ਨਵੰਬਰ 1984 ਦਾ ਕਤਲੇਆਮ ਸਿੱਖਾਂ ਦੀ ਮਿੱਥ ਕੇ ਕੀਤੀ ਗਈ ‘ਨਸਲਕੁਸ਼ੀ’ ਸੀ।
ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਇਸਦੇ ਸੰਪਾਦਕਾਂ ਪਰਮਜੀਤ ਸਿੰਘ ਗਾਜ਼ੀ ਅਤੇ ਰਣਜੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਜ਼ੁਰਮ ਦੀ ਸਹੀ ਤਸੀਰ ਦੀ ਸ਼ਨਾਖਤ ਕਰਕੇ ਉਸ ਨੂੰ ਮਾਨਤਾ ਦੇਣੀ ਇੰਨੀ ਅਹਿਮ ਹੁੰਦੀ ਹੈ ਕਿ ਇਸ ਤੋਂ ਬਿਨਾ ਇਨਸਾਫ, ਹਮਦਰਦੀ ਤੇ ਨੈਤਿਕ ਜਿੰਮੇਵਾਰੀ ਜਿਹੇ ਭਾਵ ਬੇਮਾਇਨੇ ਹੀ ਰਹਿੰਦੇ ਹਨ।
ਨਵੰਬਰ 1984 ਦਾ ਕਤਲੇਆਮ ਸਿੱਖਾਂ ਦੀ ਮਿੱਥ ਕੇ ਕੀਤੀ ਗਈ ‘ਨਸਲਕੁਸ਼ੀ’ ਸੀ। ਇਸ ਤੱਥ ਨੂੰ ਹੁਣ ਸੰਸਾਰ ਪੱਧਰ ਉੱਤੇ ਤਸਲੀਮ ਕੀਤੀ ਜਾ ਰਿਹਾ ਹੈ। ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ “ਇਹ ਕਿਤਾਬ ਇਸੇ ਦਿਸ਼ਾ ਵਿਚ ਇਕ ਯਤਨ ਹੈ ਕਿ ਸਿੱਖ ਨਸਲਕੁਸ਼ੀ ਦੇ ਤੱਥ ਅਤੇ ਸੱਚ ਨੂੰ ਉਜਾਗਰ ਕੀਤਾ ਜਾ ਸਕੇ।”