ਭਾਈ ਅਮਰੀਕ ਸਿੰਘ ਕੁੱਟ ਮਾਰ ਘੱਟਨਾ: ਅਫਸੋਸਨਾਕ, ਦੁੱਖਦਾਈ ਤੇ ਸ਼ਰਮਨਾਕ
ਸਵੈ-ਨਿਸਚਾ ਕਰ ਜਲਾਵਤਨ ਇਨਕਲਾਬੀ ਕਵੀ ਅਤੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਨੇ ਗਿਆਨੀ ਅਮਰੀਕ ਸਿੰੰਘ ਚੰਡੀਗੜ ਤੇ ਹੋਏ ਹਮਲੇ ਦੇ ਸਬੰਧ ਵਿਚ ਕੌਮ ਨੂੰ ਵੰਗਾਰਿਆ ਹੈ ਕਿ “ਕੀ ਇਸ ਤਰ੍ਹਾਂ ਹੀ ਚਲਾਉਂਦੇ ਰਹੋਗੇ ਤੇ ਕੌੰਮ ਦਾ ਮਜ਼ਾਕ ਉਡਾਉਂਦੇ ਰਹੋਗੇ? ਸੋਚੋ ਤੇ ਕੁਝ ਸਿਆਣਪ ਨਾਲ ਕਰੋ।”
ਕੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰੀ ਕੌਮ ਨੂੰ ਹੀ ਗਲਤ ਸਾਬਤ ਕਰੀ ਜਾਣਾ ਹੈ? ਜੱਗ ਹਸਾਈ ਕਰਵਾਈ ਜਾਣੀ ਹੈ? ਜਾਂ ਰੁੱਕਣਾ ਹੈ, ਸੋਚਣਾ ਹੈ, ਤੇ ਕੋਈ ਹੱਲ ਢੂੰਡਣਾ ਹੈ? ਇਹ ਘੱਟਨਾ ਬਹੁਤ ਅਫਸੋਸਨਾਕ, ਦੁੱਖਦਾਈ ਤੇ ਸਾਰਿਆਂ ਨੂੰ ਸ਼ਰਮਿੰਦਾ ਕਰਨ ਵਾਲੀ ਹੈ ।
ਯੂਕੇ ਦੇ ਇੱਕ ਗੁਰੂਘਰ ਵਿੱਚ ਚੰਡੀਗੜ੍ਹ ਵਾਲੇ ਕਥਾਵਾਚਕ ਭਾਈ ਅਮਰੀਕ ਸਿੰਘ ਜੀ ਦੇ ਨਾਲ ਕੁੱਝ ਮੁਖਾਲਫ ਸੋਚ ਵਾਲੇ ਸਿੰਘਾਂ ਵੱਲੋਂ ਕੁੱਟ ਮਾਰ ਕਰਨ ਅਤੇ ਦਸਤਾਰ ਲਾਹੁਣ ਦੀ ਘੱਟਨਾ ਤੋਂ ਬਾਦ ਵਿਵਾਦ ਵਾਲੇ ਧਾਰਮਿਕ ਮੁਦਿਆਂ ਉਤੇ ਬਹਿਸ ਇੱਕ ਵਾਰ ਫੇਰ ਭੱਖਣੀ ਸ਼ੁਰੂ ਹੋ ਗਈ ਹੈ ।
ਮੈਂ ਇਸ ਵਿਸ਼ੇ ਉਤੇ ਬਹੁਤ ਵਾਰ ਲਿੱਖ ਚੁੱਕਾ ਹਾਂ । ਸੱਚ ਪੁੱਛੋ ਤਾਂ ਲਿੱਖ ਲਿੱਖ ਕੇ ਅੱਕ ਥੱਕ ਚੁੱਕਾ ਹਾਂ । ਹਾਲੇ ਨਾ ਇਹ ਵਿਵਾਦ ਖਤਮ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਗੁਰੁ ਘਰਾਂ ਵਿੱਚ ਹੋਣ ਵਾਲੇ ਲੜਾਈ ਝੱਗੜ੍ਹੇ ਰੁੱਕਦੇ ਦਿਖਾਈ ਦਿੰਦੇ ਹਨ । ਇੱਕ ਧਿਰ ‘ਪ੍ਰੰਪਰਾ’ ਦੀ ਗੱਲ ਕਰਦੀ ਹੈ, ਤੇ ਦੂਜੀ ਨਵੀਂ ਖੋਜ ਦੀ । ਜਿਹੜੇ ਲੋਕ ‘ਪੰਜ ਬਾਣੀਆਂ’ ਵਾਲੀ ਸਾਂਝੀ ਸੋਚ ਅਤੇ ਮਰਿਯਾਦਾ ਦੀ ਗੱਲ ਕਰਦੇ ਹਨ, ਉਹ ਇਹਨਾਂ ਦੋਹਾਂ ਦੀ ਨਜ਼ਰ ਵਿੱਚ ਦੋਸ਼ੀ ਹਨ ।
“ਮੈਂ ਇਸ ਵਿਸ਼ੇ ਉਤੇ ਬਹੁਤ ਵਾਰ ਲਿੱਖ ਚੁੱਕਾ ਹਾਂ । ਸੱਚ ਪੁੱਛੋ ਤਾਂ ਲਿੱਖ ਲਿੱਖ ਕੇ ਅੱਕ ਥੱਕ ਚੁੱਕਾ ਹਾਂ । ਹਾਲੇ ਨਾ ਇਹ ਵਿਵਾਦ ਖਤਮ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਗੁਰੁ ਘਰਾਂ ਵਿੱਚ ਹੋਣ ਵਾਲੇ ਲੜਾਈ ਝੱਗੜ੍ਹੇ ਰੁੱਕਦੇ ਦਿਖਾਈ ਦਿੰਦੇ ਹਨ । ਇੱਕ ਧਿਰ ‘ਪ੍ਰੰਪਰਾ’ ਦੀ ਗੱਲ ਕਰਦੀ ਹੈ, ਤੇ ਦੂਜੀ ਨਵੀਂ ਖੋਜ ਦੀ । ਜਿਹੜੇ ਲੋਕ ‘ਪੰਜ ਬਾਣੀਆਂ’ ਵਾਲੀ ਸਾਂਝੀ ਸੋਚ ਅਤੇ ਮਰਿਯਾਦਾ ਦੀ ਗੱਲ ਕਰਦੇ ਹਨ, ਉਹ ਇਹਨਾਂ ਦੋਹਾਂ ਦੀ ਨਜ਼ਰ ਵਿੱਚ ਦੋਸ਼ੀ ਹਨ ।”
ਸੱਚਾਈ ਇਹ ਹੈ ਕਿ ੮੪ ਤੋਂ ਪਿੱਛੇ ਕੁੱਝ ਕਦਮ ਜਾਓ, ਤੇ ਫਿਰ ੭੮ ਤੋਂ ਪਿੱਛੇ ਜਾਓ, ਤੁਹਾਨੂੰ ਨਾ ਇਹ ਧਿਰਾਂ ਦਿਖਾਈ ਦਿੰਦੀਆਂ ਹਨ, ਅਤੇ ਨਾ ਝਗੜ੍ਹੇ । ਪੰਥ ਵਿੱਚ ਵਿਵਾਦ ਸਨ, ਪਰ ਉਹਨਾਂ ਨੂੰ ਕੋਈ ਵੀ ਬਹੁਤਾ ਮਹਤੱਵ ਹੀ ਨਹੀਂ ਸੀ ਦਿੰਦਾ । ਕੁੱਝ ਖਾਸ ਡੇਰਿਆਂ ਤੋਂ ਬਾਹਰ, ਘੱਟ ਵੱਧ, ਸਾਰੇ ਸਾਂਝੀ ਮਰਿਯਾਦਾ ਮੁਤਾਬਕ ਚੱਲਦੇ ਸਨ, ਪਰ ਕੋਈ ਵੀ ਡੇਰਾ ਸਾਂਝੀ ਮਰਿਯਾਦਾ ਨੂੰ ਖੁੱਲ੍ਹੇ ਤੌਰ ਉਤੇ ਚੈਲੰਜ ਨਹੀਂ ਸੀ ਕਰਦਾ ਹੁੰਦਾ ।
ਪੁਰਾਤਨ ਪ੍ਰੰਪਰਾ ਦੇ ਹਾਮੀ ‘ਦਸਮ ਗ੍ਰੰਥ’ ਬਾਰੇ ਆਪਣੀ ਗੱਲ ਇੰਨ ਬਿੰਨ ਮੰਨਵਾਣ ਲਈ ਬਜ਼ਿੱਦ ਹਨ, ਅਤੇ ਹਰ ਕੀਮਤ ਉਤੇ ਬਜ਼ਿੱਦ ਹਨ । ਨਵੀਂ ਖੋਜ ਦੇ ਹਾਮੀ, ‘ਦਸਮ ਗ੍ਰੰਥ’ ਤੋਂ ਪੂਰੀ ਤਰ੍ਹਾਂ ਮੁਨਕਰ ਹੀ ਨਹੀਂ, ਬਹੁਤ ਮਾੜ੍ਹੇ ਸ਼ਬਦਾਂ ਦੀ ਵਰਤੋਂ ਕਰਨ ਤੱਕ ਜਾਂਦੇ ਹਨ ।
ਸੋਚਣ/ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਸਾਡੇ ਵਿਚਾਰ ਇੱਕ ਦੂਜੇ ਨਾਲ ਕਿਸੇ ਵਿਸ਼ੇ ਉਤੇ ਨਹੀਂ ਵੀ ਮਿਲਦੇ, ਤਾਂ ਕੀ ਅਪਮਾਨ ਜਨਕ ਭਾਸ਼ਾ ਦੀ ਵਰਤੋਂ ਜ਼ਰੂਰੀ ਹੈ? ਦੋਵੇਂ ਧਿਰਾਂ ਇੱਕ ਦੂਜੇ ਲਈ ਮਾੜ੍ਹੇ ਤੋਂ ਮਾੜ੍ਹਾ ਸ਼ਬਦ ਵਰਤ ਕੇ ਖੁਸ਼ ਕਿਓਂ ਹੁੰਦੀਆਂ ਹਨ?
ਵਿਵਾਦ ਦੇ ਹੱਲ ਵੱਲ ਵੱਧਣ ਲਈ ਕੀ ਪਹਿਲੇ ਕਦਮ ਵਜੋਂ ਅਸੀਂ ਇੱਕ ਦੂਜੇ ਲਈ ਮਾੜ੍ਹੀ ਜ਼ੁਬਾਨ ਦੀ ਵਰਤੋਂ ਬੰਦ ਨਹੀਂ ਕਰ ਸਕਦੇ?
ਅਗਰ ਇਹ ਵੀ ਕਰਨ ਨੂੰ ਤਿਆਰ ਨਹੀਂ ਹਾਂ, ਤਾਂ ਫਿਰ ‘ਸਿੱਖੀ’ ਤਾਂ ਸਾਡਾ ਇਸ਼ੂ ਹੀ ਨਹੀਂ ਰਹਿ ਜਾਂਦਾ । ਮੈਨੂੰ ਨਹੀਂ ਲੱਗਦਾ ਕਿ ਕੋਈ ਧਾਰਮਿੱਕ ਵਿਅਕਤੀ, ਜੱਥਾ, ਜਾਂ ਸਕੂਲ ਇਹੋ ਜਿਹੀ ਸਿਖਿਆ ਦੇ ਕੇ ਆਪਣੇ ਕਿਸੇ ਵਿਦਿਆਰਥੀ ਨੂੰ ਘਰੋਂ ਤੋਰ ਸਕਦਾ ਹੈ ਅਤੇ ਜਿਹੜਾ ਕੋਈ ਤੋਰਦਾ ਹੈ, ਉਸ ਦੀਆਂ ਤਾਰਾਂ ਸਿੱਖੀ ਦੇ ਕਿਸੇ ਸਕੂਲ ਵਿੱਚ ਨਹੀਂ, ਕਿਤੇ ਹੋਰ ਹੀ ਜੁੜੀਆਂ ਹੋਣਗੀਆਂ ।
ਕੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰੀ ਕੌਮ ਨੂੰ ਹੀ ਗਲਤ ਸਾਬਤ ਕਰੀ ਜਾਣਾ ਹੈ? ਜੱਗ ਹਸਾਈ ਕਰਵਾਈ ਜਾਣੀ ਹੈ? ਜਾਂ ਰੁੱਕਣਾ ਹੈ, ਸੋਚਣਾ ਹੈ, ਤੇ ਕੋਈ ਹੱਲ ਢੂੰਡਣਾ ਹੈ?