ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਮੁੜ ਦੁਹਰਾਇਆ 1989 ਦਾ ਇਤਿਹਾਸ

 -  -  208


ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਗੈਰਕਾਨੂੰਨੀ ਢੰਗ ਨਾਲ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਸਿੱਖ ਖੁਦਮੁਖਤਿਆਰੀ ਵਿਚਾਰਕ ਅਤੇ ਆਗੂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਬਹੁਚਰਚਿਤ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਸੰਸਦੀ ਚੋਣਾਂ 184088 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਲਈਆਂ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਕੁੱਲ੍ਹ 386337 ਵੋਟਾਂ ਪਾਈਆਂ ਜਦਕਿ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ 201443, ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ 189485 ਅਤੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ 82988 ਵੋਟਾਂ ਨਾਲ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ਤੇ ਰਹੇ। ਭਾਈ ਅੰਮ੍ਰਿਤਪਾਲ ਸਿੰਘ ਦੀ ਇਸ ਜਿੱਤ ਨਾਲ ਪੰਥਕ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਵੇਖਣਾ ਇਹ ਹੋਵੇਗਾ ਕਿ ਇਸ ਅਧਿਆਇ ਨਾਲ ਪੰਥ ਅਤੇ ਪੰਜਾਬ ਦੀ ਗੱਲ ਕਿਵੇਂ ਅੱਗੇ ਤੁਰੇਗੀ। ਇਸ਼ਵਿੰਦਰ ਸਿੰਘ ਦਾਖ਼ਾ ਦੀ ‘ਦ ਵਰਲਡ ਸਿੱਖ ਨਿਊਜ਼’ ਲਈ ਖ਼ਾਸ ਰਿਪੋਰਟ।

ਹਿਲੇ ਕਿਸਾਨੀ ਸੰਘਰਸ਼ ਦਾ ਮੁੱਖ ਚਿਹਰਾ ਰਹੇ ਅਦਾਕਾਰ ਦੀਪ ਸਿੱਧੂ ਵੱਲੋਂ ਬਣਾਈ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਕੇ ਮੁੜ 1989 ਦਾ ਇਤਿਹਾਸ ਦੁਹਰਾ ਦਿੱਤਾ ਹੈ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦੁਬਈ ਤੋਂ ਪਰਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿਖੇ ਵੱਡਾ ਦਸਤਾਰਬੰਦੀ ਸਮਾਗਮ ਕਰਵਾ ਜਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ।

ਨਸ਼ਾ ਇਸ ਸਮੇਂ ਪੰਜਾਬ ਦੀਆਂ ਵੱਡੀਆਂ ਪ੍ਰਮੁੱਖ ਸਮੱਸਿਆਵਾਂ ‘ਚੋਂ ਇੱਕ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਦੀਆਂ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਠੱਲ੍ਹ ਪਾਉਣ ਦੇ ਯਤਨ ਵਜੋਂ ਖ਼ਾਲਸਾ ਵਹੀਰ ਆਰੰਭ ਕੀਤੀ ਜਿਸ ਤਹਿਤ ਪਿੰਡਾਂ-ਸ਼ਹਿਰਾਂ-ਨਗਰਾਂ ਵਿੱਚ ਜਾ ਕੇ ਨੌਜੁਆਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖਸ਼ੀਅਤ ਅਤੇ ਹਾਜ਼ਰਜੁਆਬੀ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਆਪ ਮੁਹਾਰੇ ਖਾਲਸਾ ਵਹੀਰ ਦੇ ਨਾਲ ਜੁੜ ਕੇ ਅੰਮ੍ਰਿਤ ਪਾਨ ਕਰਨ ਲੱਗੇ। ਨਸ਼ੇ ਦੇ ਸਤਾਏ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲ ਆਉਣ ਲੱਗੇ। ਥੋੜੇ ਹੀ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਲਗਭਗ ਹਰ ਵਰਗ ਦੇ ਲੋਕਾਂ ਵੱਲੋਂ ਸਤਿਕਾਰ ਮਿਲਣ ਲੱਗਿਆ। ਲੋਕਾਂ ਦੇ ਦੱਸਣ ਮੁਤਾਬਿਕ ਜਿੰਨਾ ਚਿਰ ਖਾਲਸਾ ਵਹੀਰ ਦਾ ਜ਼ੋਰ ਰਿਹਾ ਓਨਾ ਚਿਰ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਬਹੁਤ ਘੱਟ ਹੋਈ।

Amritpal Singh victory certificate

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬੇਬਾਕੀ ਨਾਲ ਖੁੱਲ੍ਹ ਕੇ ਵੱਖਰੇ ਸਿੱਖ ਰਾਜ ਦੀ ਹਮਾਇਤ ਕਰਨ ਅਤੇ ਵੱਡੇ ਪੱਧਰ ਤੇ ਨੌਜਵਾਨਾਂ ਦੇ ਨਸ਼ੇ ਛੱਡਣ ਨਾਲ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੋ ਕਿਸੇ ਨਾ ਕਿਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਇਸ ਲਹਿਰ ਨੂੰ ਠੱਲ੍ਹ ਪਾਉਣਾ ਚਾਹੁੰਦੀ ਸੀ। ਸਮੁੱਚੇ ਭਾਰਤ ਦੇ ਮੀਡੀਆ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਖਵਾਦੀ ਅਤੇ ਭੜਕਾਊ ਆਗੂ ਦੇ ਤੌਰ ਤੇ ਦੁਨੀਆਂ ਸਾਹਮਣੇ ਪੇਸ਼ ਕੀਤਾ ਗਿਆ। ਅਖੀਰ ਅਜਨਾਲਾ ਥਾਣੇ ਦਾ ਘਿਰਾਓ ਕਰਨ ਦਾ ਬਹਾਨਾ ਬਣਾ ਕੇ ਪੰਜਾਬ ਸਰਕਾਰ ਵੱਲੋਂ ਕੇਂਦਰ ਨਾਲ ਮਿਲ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਸਮੇਤ ਪੂਰੇ ਪੰਜਾਬ ਵਿੱਚ ਸਿੱਖ ਨੌਜੁਆਨਾਂ ਦੀ ਫੜੋ-ਫੜਾਈ ਦੀ ਮੁਹਿੰਮ ਚਲਾਈ ਗਈ ਅਤੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਥਾਂ-ਥਾਂ ਤੇ ਕੇਂਦਰੀ ਸੁਰੱਖਿਆ ਦਸਤਿਆਂ ਵੱਲੋਂ ਨਾਕੇ ਲਗ ਕੇ ਅਤੇ ਇੰਟਰਨੈੱਟ ਬੰਦ ਕਰ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਜਿਵੇਂ ਕਿਸੇ ਬਹੁਤ ਹੀ ਵੱਡੇ ਅੱਤਵਾਦੀ ਨੂੰ ਫੜ੍ਹਿਆ ਜਾਣਾ ਹੋਵੇ। ਕਾਫ਼ੀ ਦਿਨਾਂ ਦੀ ਭੱਜ ਦੌੜ ਤੋਂ ਬਾਅਦ ਅੰਤ ਭਾਈ ਅੰਮ੍ਰਿਤਪਾਲ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ।

ਮਾਰਚ-ਅਪ੍ਰੈਲ 2023 ਦੌਰਾਨ ਵੱਖ-ਵੱਖ ਸਮੇਂ ਤੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਜਥੇਬੰਦੀ ਦੇ 10 ਆਗੂਆਂ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਖੇ ਗੈਰ-ਕਾਨੂੰਨੀ ਢੰਗ ਨਾਲ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਦਾ ਸਿੱਖ ਹਲਕਿਆਂ ਵਿੱਚ ਕਾਫ਼ੀ ਵਿਰੋਧ ਹੋਇਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੇਸ ਦਰਜ ਨਹੀਂ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੀ ਪਤਨੀ ਨੂੰ ਵਿਦੇਸ਼ੀ ਨਾਗਰਿਕ ਹੁੰਦਿਆਂ ਵੀ ਵਿਦੇਸ਼ ਜਾਣ ਨਹੀਂ ਦਿੱਤਾ ਗਿਆ।

ਲਗਭਗ ਇੱਕ ਸਾਲ ਬਾਅਦ ਜਦੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਖ਼ਤਮ ਹੋਣ ਵਾਲੀ ਸੀ ਤਾਂ ਡਿਬਰੂਗੜ੍ਹ ਜੇਲ੍ਹ ਪ੍ਰਸਾਸ਼ਨ ਵੱਲੋਂ ਨਜ਼ਰਬੰਦ ਸਿੰਘਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਦੇ ਬਾਥਰੂਮਾਂ ‘ਚ ਕੈਮਰੇ ਲਗਾਏ ਗਏ, ਬੈਰਕਾਂ ‘ਚੋਂ ਮੋਬਾਇਲ ਫੋਨ ਅਤੇ ਹੋਰ ਉਪਕਰਨਾਂ ਦੀ ਬਰਾਮਦਗੀ ਵਿਖਾਈ ਗਈ, ਜਿਸ ਦੇ ਵਿਰੋਧ ਵਜੋਂ ਸਿੰਘਾਂ ਨੇ ਜੇਲ੍ਹ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਪੱਕਾ ਮੋਰਚਾ ਲਗਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੋਰਚੇ ਦੀ ਮੁੱਖ ਮੰਗ ਰਾਸ਼ਟਰੀ ਸੁਰੱਖਿਆ ਕਾਨੂੰਨ ਹਟਾਉਣ ਅਤੇ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨਾ ਸੀ।

ਲਗਭਗ ਇੱਕ ਮਹੀਨਾ ਚੱਲੇ ਇਸ ਮੋਰਚੇ ਵਿੱਚ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਪਰਿਵਾਰਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਮੰਗ ਮੰਨੀ ਸਗੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਇੱਕ ਸਾਲ ਲਈ ਹੋਰ ਵਧਾ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ ਵੀ ਗੱਲਬਾਤ ਲਈ ਸਮਾਂ ਮੰਗੇ ਜਾਣ ਤੇ ਸਰਕਾਰ ਨੇ ਕੋਈ ਜੁਆਬ ਨਹੀਂ ਦਿੱਤਾ। ਨਜ਼ਰਬੰਦ ਸਿੰਘਾਂ ਅਤੇ ਪਰਿਵਾਰਕ ਜੀਆਂ ਦੀ ਵਿਗੜਦੀ ਹਾਲਤ ਨੂੰ ਵੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੁੱਖ ਹੜਤਾਲ ਖਤਮ ਕਰਨ ਦਾ ਆਦੇਸ਼ ਦਿੱਤਾ ਗਿਆ। 17 ਮਾਰਚ ਨੂੰ ਵਿਰਾਸਤੀ ਮਾਰਗ ਵਿਖੇ ਸੱਦੇ ਵਿਸ਼ਾਲ ਇਕੱਠ ਦੌਰਾਨ ਕਈ ਬੁਲਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਚੋਣਾਂ ਲੜਨ ਬਾਰੇ ਵਿਚਾਰ ਦਿੱਤੇ।

ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿੱਖ ਹਲਕਿਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਚੋਣ ਲੜਣ ਦੀ ਮੰਗ ਜ਼ੋਰ ਫੜਣ ਲੱਗੀ। ਅਖੀਰ ਸੰਗਤ ਦੀ ਮੰਗ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਣ ਦਾ ਫੈਸਲਾ ਕਰ ਲਿਆ। ਭਾਵੇਂ ਕੁਝ ਸਿੱਖ ਬੁੱਧੀਜੀਵੀਆਂ ਵੱਲੋਂ ਸਿਧਾਂਤਕ ਤੌਰ ਤੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਪਰ ਬਹੁ ਗਿਣਤੀ ਸਿੱਖਾਂ ਵੱਲੋਂ ਇਸ ਦਾ ਸੁਆਗਤ ਕੀਤਾ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਚੋਣਾਂ ‘ਚ ਜਿੱਤ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦਾ ਰਾਹ ਸੌਖਾ ਹੋ ਸਕਦਾ ਹੈ ਅਤੇ ਉਹ ਸੰਸਦ ਵਿੱਚ ਪਹੁੰਚ ਕੇ ਸਿੱਖ ਮੁੱਦਿਆਂ ਨੂੰ ਚੰਗੇ ਢੰਗ ਨਾਲ ਦੁਨੀਆਂ ਸਾਹਮਣੇ ਪੇਸ਼ ਕਰ ਸਕਦੇ ਹਨ।

ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਮਤੇ ਪਾਏ ਗਏ। ਲੋਕ ਆਪ ਮੁਹਾਰੇ ਹੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਹਲਕੇ ਦੀਆਂ ਵੱਖ-ਵੱਖ ਯੂਨੀਅਨਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਨੂੰ ਸਹਿਯੋਗ ਦੀ ਹਮਾਇਤ ਕੀਤੀ ਗਈ। ਨਸ਼ੇ ਦੇ ਉੱਜੜੇ ਘਰ ਅੰਮ੍ਰਿਤਪਾਲ ਸਿੰਘ ਨੂੰ ਇੱਕ ਉਮੀਦ ਵਜੋਂ ਵੇਖਦੇ ਹਨ।

ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਦੀ ਵਾਗਡੋਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਸਾਂਭੀ ਹੋਈ ਸੀ, ਜੋ ਕਿ ਇਸੇ ਹਲਕੇ ਤੋਂ 2019 ਚ ਚੋਣ ਲੜ ਚੁੱਕੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਮਿਲਣ ਦਾ ਇੱਕ ਕਾਰਣ ਇਹ ਵੀ ਸੀ ਖਡੂਰ ਸਾਹਿਬ ਹਲਕੇ ਦੇ ਲੋਕ ਬੀਬੀ ਖਾਲੜਾ ਦੀ ਹਾਰ ਦਾ ਮਿਹਣਾ ਆਪਣੇ ਗਲੋਂ ਲਾਉਣਾ ਚਾਹੁੰਦੇ ਸਨ।

ਖਡੂਰ ਸਾਹਿਬ ਲੋਕ ਸਭਾ ਹਲਕਾ ਪੂਰੇ ਪੰਜਾਬ ਦਾ ਬਹੁਚਰਚਿਤ ਹਲਕਾ ਬਣ ਚੁੱਕਿਆ ਸੀ, ਜਿੱਥੇ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਵਿੱਚ ਆਪਣਾ ਉਮੀਦਵਾਰ ਵਾਪਿਸ ਲੈ ਲਿਆ ਗਿਆ ਸੀ।

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਭਾਰਤ ਦੀ ਸਰਕਾਰ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਕੱਢਦੀ ਹੈ ਜਾਂ ਨਹੀਂ ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਮੁੜ 1989 ਵਾਲਾ ਇਤਿਹਾਸ ਜ਼ਰੂਰ ਦੁਹਰਾ ਦਿੱਤਾ ਹੈ ਜਦੋਂ ਸ. ਸਿਮਰਨਜੀਤ ਸਿੰਘ ਮਾਨ ਨੇ ਵੀ ਜੇਲ੍ਹ ’ਚੋਂ ਚੋਣ ਲੜੀ ਸੀ ਅਤੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।

208 recommended
1994 views
bookmark icon

Write a comment...

Your email address will not be published. Required fields are marked *