ਭਾਰਤ ਬੰਦ – ਗੁਰੂਗ੍ਰਾਮੀ ਬਨਾਮ …
ਦੇਸ਼ ਭਰ ਵਿਚ ਬਹੁਤ ਸਾਰੇ ਟੀਵੀ ਚੈਨਲ ਅੱਜ ਕਿਸਾਨ ਅੰਦੋਲਨ ਵੱਲੋਂ ਐਲਾਨੇ ਭਾਰਤ ਬੰਦ ਦੀਆਂ ਖ਼ਬਰਾਂ ਆਮ ਆਦਮੀ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਖ਼ਬਰਾਂ ਅਤੇ ਤਬਸਰੇ ਕਰ ਰਹੇ ਹਨ। ਬੇਗੁਰੇ ਗੁੜ੍ਹਗਾਓਂ ਤੋਂ ਕਾਰਪੋਰੇਟੀ ਤਰੱਕੀ ਦਾ ਜਾਮਾ ਪਾ ਕੇ ਗੁਰੂ ਵਾਲੇ ਹੋ ਗਏ ਗੁਰੂਗ੍ਰਾਮ ਦੇ ਹੋਣਹਾਰ ਵਸਨੀਕ ਕਿਵੇਂ ਦਿੱਲੀ ਦੇ ਬਾਰਡਰ ਤੇ ਆਪਣੀਆਂ ਏ.ਸੀ. ਕਾਰਾਂ ਵਿਚ ਫਸੇ ਹੋਏ ਖੜ੍ਹੇ ਹਨ, ਇਹਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਹਨ। ਦੋ ਧਿਰਾਂ ਬਣਾਈਆਂ ਜਾ ਰਹੀਆਂ ਹਨ।
ਭਾਰਤ ਬੰਦ ਕਿਸਾਨਾਂ ਨੇ ਕੀਤਾ ਹੈ, ਆਮ ਆਦਮੀ ਨੂੰ ਦਿੱਕਤ ਆ ਰਹੀ ਹੈ। ਪੱਤਰਕਾਰੀ ਵਿਚ ਬੇਈਮਾਨੀ ਦੀ ਇਹ ਕਿੱਡੀ ਵੱਡੀ ਅਤੇ ਸੌਖਿਆਂ ਸਮਝ ਆਉਣ ਵਾਲੀ ਮਿਸਾਲ ਹੈ। ਕਿਸਾਨ ਖਾਸ ਆਦਮੀ, ਖਾਸ ਔਰਤਾਂ ਹਨ? ਆਮ ਆਦਮੀ ਕਿਸਾਨ, ਮਜ਼ਦੂਰ ਨਹੀਂ ਹੈ? ਕਿਸਾਨ, ਮਜ਼ਦੂਰ ਆਮ ਆਦਮੀ, ਆਮ ਔਰਤ ਨਹੀਂ ਹੈ?
ਜਦੋਂ ਇਸ ਦੇਸ਼ ਦੀ ਨਵੀਂ ਮੋਟਰ ਵਹੀਕਲ ਪਾਲਿਸੀ ਵਿਓਂਤੀ ਜਾ ਰਹੀ ਸੀ ਤਾਂ ਦਿੱਲੀ ਵਿੱਚ ਇੱਕ ਵੱਡੀ ਮੀਟਿੰਗ ਵਿੱਚ ਬਹੁਤ ਸਾਰੇ ਮਾਹਿਰ ਵਾਰ ਵਾਰ ਇਸ ਗੱਲ ਉੱਤੇ ਜ਼ੋਰ ਦੇ ਰਹੇ ਸਨ ਕਿ ਸਾਡੀਆਂ ਸੜਕਾਂ ਉੱਤੇ ਪੈਦਲ, ਸਾਈਕਲ ਵਾਲੇ, ਰਿਕਸ਼ੇ ਵਾਲੇ, ਠੇਲ੍ਹੇ ਵਾਲੇ ਬਹੁਤ ਰੁਕਾਵਟਾਂ ਪਾਉਂਦੇ ਹਨ ਜਿਸ ਕਾਰਨ ਸਾਰਾ ਟ੍ਰੈਫਿਕ ਹੌਲੀ ਹੋ ਜਾਂਦਾ ਹੈ। ਹਰ ਕੋਈ ਰਿਕਸ਼ੇ ਹਟਾਉਣ, ਸੜਕਾਂ ਨੂੰ ਠੇਲ੍ਹੇ ਵਾਲਿਆਂ ਤੋਂ ਮੁਕਤ ਕਰਵਾਉਣ ਦੀਆਂ ਸਕੀਮਾਂ ਦੱਸ ਰਿਹਾ ਸੀ।
ਜਦੋਂ ਦੇਸ਼ ਦੇ ਸਭ ਤੋਂ ਵੱਡੇ ਟ੍ਰੈਫਿਕ ਦੇ ਮਾਹਿਰ, ਦਿੱਲੀ IIT ਦੇ ਡਾ ਦਿਨੇਸ਼ ਮੋਹਨ ਹੋਰਾਂ ਦੀ ਵਾਰੀ ਆਈ ਤਾਂ ਉਹਨਾਂ ਆਪਣੇ ਸੰਖੇਪ ਜਿਹੇ ਭਾਸ਼ਣ ਵਿਚ ਆਖਿਆ ਕਿ “ਏਨੇ ਵੱਡੇ ਮਾਹਿਰ ਇਕੱਠੇ ਹੋ ਕੇ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਕੱਢ ਰਹੇ ਹਨ ਅਤੇ ਪੈਦਲ, ਸਾਈਕਲ, ਰਿਕਸ਼ੇ, ਠੇਲ੍ਹੇ ਵਾਲਿਆਂ ਨੂੰ ਹਟਾ ਕੇ ਟ੍ਰੈਫ਼ਿਕ ਵਿਚ ਚੁਸਤੀ ਅਤੇ ਰਫਤਾਰ ਲਿਆਉਣੀ ਚਾਹ ਰਹੇ ਹਨ, ਇਸ ਲਈ ਉਹਨਾਂ ਨੂੰ ਮੁਬਾਰਕਾਂ। ਬੱਸ, ਉਹਨਾਂ ਨੂੰ ਮੈਂ ਏਨਾ ਹੀ ਯਾਦ ਕਰਵਾਉਣਾ ਹੈ ਕਿ ਪੈਦਲ, ਸਾਈਕਲ, ਰਿਕਸ਼ਾ ਅਤੇ ਠੇਲ੍ਹਾ ਟ੍ਰੈਫ਼ਿਕ ਹੁੰਦਾ ਹੈ, ਰੁਕਾਵਟ ਨਹੀਂ।” ਉਹਨਾਂ ਭਾਸ਼ਣ ਖ਼ਤਮ ਕੀਤਾ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਏ ਮਾਹਿਰਾਂ ਵਿੱਚੋਂ ਕੋਈ ਮਾਈਕ ਤੇ ਨਹੀਂ ਸੀ ਆ ਰਿਹਾ।
ਆਮ ਆਦਮੀ, ਆਮ ਔਰਤ, ਆਮ ਕਿਸਾਨ, ਆਮ ਮਜ਼ਦੂਰ ਨੇ ਹੀ ਭਾਰਤ ਬੰਦ ਕਰ ਰੱਖਿਆ ਹੈ। ਕੁੱਝ ਖ਼ਾਸ ਲੋਕਾਂ ਨੂੰ ਪਤਾ ਨਹੀਂ ਲੱਗਿਆ, ਉਹ ਕਾਰਾਂ ਲੈ ਕੇ ਸੜਕਾਂ ‘ਤੇ ਠਿਲ੍ਹ ਪਏ ਸਨ, ਹੁਣ ਥੋੜ੍ਹਾ ਸਬਰ ਰੱਖਣ।
ਆਮ ਆਦਮੀ, ਆਮ ਔਰਤ, ਆਮ ਕਿਸਾਨ, ਆਮ ਮਜ਼ਦੂਰ ਨੇ ਹੀ ਭਾਰਤ ਬੰਦ ਕਰ ਰੱਖਿਆ ਹੈ। ਕੁੱਝ ਖ਼ਾਸ ਲੋਕਾਂ ਨੂੰ ਪਤਾ ਨਹੀਂ ਲੱਗਿਆ, ਉਹ ਕਾਰਾਂ ਲੈ ਕੇ ਸੜਕਾਂ ‘ਤੇ ਠਿਲ੍ਹ ਪਏ ਸਨ, ਹੁਣ ਥੋੜ੍ਹਾ ਸਬਰ ਰੱਖਣ। ਕਿਸਾਨਾਂ ਮਜ਼ਦੂਰਾਂ ਨੇ ਥਾਂ ਥਾਂ ਜਲ ਪਾਣੀ ਦੀ ਸੇਵਾ ਜਾਰੀ ਰੱਖੀ ਹੈ। ਉਹਦਾ ਫ਼ਾਇਦਾ ਉਠਾਉਣ। ਸਾਰੇ ਗ੍ਰਾਮ ਤੋਂ ਆਏ ਹਨ, ਗੁਰੂ ਵਾਲੇ ਹਨ, ਗੁਰੂਗ੍ਰਾਮੀ ਹਨ। ਸਭ ਕਾਸੇ ਤੋਂ ਅਣਭਿੱਜ ਕੁੱਝ ਗੁਰ-ਹਰਾਮੀ ਹਾਲੇ ਢੱਕੇ ਰਹਿਣ। ਕਿਸਾਨ ਮਜ਼ਦੂਰ ਮਿਹਨਤਕਸ਼ ਆਪਣੇ ਇਰਾਦੇ ਵਿਚ ਪੱਕੇ ਰਹਿਣ।
One thought on “ਭਾਰਤ ਬੰਦ – ਗੁਰੂਗ੍ਰਾਮੀ ਬਨਾਮ …”