ਰਾਜ਼ੌਰੀ ਗਾਰਡਨ ਹਲਕੇ ਦੇ ਨੌਜਵਾਨਾਂ ਨੇ ਦਿੱਲੀ ਕਮੇਟੀ ਚੋਣਾਂ ਲਈ ਵਿੱਢੀ ਮੁਹਿੰਮ
ਰਾਜ਼ੌਰੀ ਗਾਰਡਨ ਦੀ ਸਿੱਖ ਸੰਗਤ ਨੂੰ ਆਉਣ ਵਾਲੀਆਂ ਦਿੱਲੀ ਸਿੱਖ ਗੁਰੂਦੁਆਰਾ ਚੋਣਾਂ ਲਈ ਵੋਟਰ ਵਜੋਂ ਸ਼ਾਮਲ ਕਰਨ ਲਈ ਸਿੱਖ ਯੂਥ ਫਾਉਂਡੇਸ਼ਨ ਦੇ ਨੌਜਵਾਨ ਰੋਜ਼ਾਨਾ ਘਰ-ਘਰ ਜਾ ਕੇ ਵੋਟਾਂ ਬਨਾਉਣ ਦਾ ਉਪਰਾਲਾ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਨਾ ਸਿਰਫ ਅਪੀਲ ਕੀਤੀ ਜਾ ਰਹੀ ਹੈ ਬਲਕਿ ਉਹਨਾਂ ਨੂੰ ਆਪਣੀਆਂ ਵੋਟਾਂ ਔਨਲਾਈਨ ਤੇ ਔਫਲੀਨ ਰਜਿਸਟਰ ਕਰਨ ਲਈ, ਮੌਜੂਦਾ ਵੋਟਰਾਂ ਦੀ ਫੋਟੋ ਵਾਲੀ ਵੋਟ ਬਣਾਉਣ ਅਤੇ ਜਾਅਲੀ ਵੋਟਾਂ ਦੀ ਪਛਾਣ ਕਰਨ ਅਤੇ ਹਟਾਉਣ ਅਤੇ ਇਨ੍ਹਾਂ ਸਾਰੇ ਕਾਰਜਾਂ ਲਈ ਸੰਬੰਧਿਤ ਫਾਰਮ ਨੂੰ ਕਿਵੇਂ ਭਰਨਾ ਤੇ ਜਮਾ ਕਰਨਾ ਹੈ ਇਸ ਬਾਰੇ ਵੀ ਮੁਕੰਮਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਦਸ ਦਿਨ੍ਹਾਂ ਤੋਂ ਵੋਟਰ ਸੂਚੀਆਂ ਨਾਲ ਲੈਸ, ਲੋੜੀਂਦੇ ਫਾਰਮਾਂ ਨਾਲ, ਘਰੋਂ ਘਰੀ ਜਾ ਕੇ ਇਸ ਮੁਹਿੰਮ ਦੌਰਾਨ ਕੋਈ 700 ਤੋਂ ਵੱਧ ਸਿੱਖ ਸੰਗਤ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਚੋਣਾਂ ਬਾਰੇ ਲੋੜੀਂਦੀ ਜਾਣਕਾਰੀ ਦੇ ਚੁੱਕੇ ਹਨ ਤੇ ਉਨ੍ਹਾਂ ਨੂੰ ਵੋਟਰ ਵਜੋਂ ਸ਼ਾਮਲ ਹੋਣ ਦੇ ਯੋਗ ਬਣਾ ਚੁੱਕੇ ਹਨ। ਸੈਂਕੜੇ ਫਾਰਮ ਵੰਡੇ ਜਾ ਚੁੱਕੇ ਹਨ ਅਤੇ ਟੈਲੀਫੋਨ ਮੁਹਿੰਮ ਰਾਹੀਂ ਵੀ ਨਵੇਂ ਨੌਜਵਾਨ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਵਰਲਡ ਸਿੱਖ ਨਿਊਜ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫਾਉਂਡੇਸ਼ਨ ਦੇ ਆਗੂ ਹਰਨੀਕ ਸਿੰਘ ਨੇ ਕਿਹਾ ਕਿ “ਅਸੀਂ ਸਪੱਸ਼ਟ ਹਾਂ ਕਿ ਬਿਨਾ ਲੜੇ ਅਸੀਂ ਬਾਜ਼ੀ ਨਹੀਂ ਹਾਰਾਂਗੇ। ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੋਣਾਂ ਲਈ ਰਾਜ਼ੌਰੀ ਗਾਰਡਨ ਹਲਕੇ ਵਿੱਚ ਸਿੱਖ ਵੋਟਰਾਂ ਦੀ ਸੌ ਫੀਸਦੀ ਨਾਮਜ਼ਦਗੀ ਲਈ ਕੋਈ ਕਸਰ ਨਹੀਂ ਛੱਡਾਂਗੇ। ਸਾਨੂੰ ਵਰਲਡ ਸਿੱਖ ਨਿਊਜ਼ ਦੀ ਜਾਗਰੂਕਤਾ ਮੁਹਿੰਮ ਨੇ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਅਸੀਂ ਇੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਹਾਂ, ਪਰ ਪਿਛਲੇ ਕੁਝ ਦਿਨਾਂ ਵਿੱਚ ਇਸ ਮੁਹਿੰਮ ਰਾਹੀਂ ਅਹਿਮ ਜਾਣਕਾਰੀ ਅਤੇ ਤਜ਼ਰਬੇ ਹਾਸਿਲ ਹੋਏ ਹਨ। ਸਾਨੂੰ ਦਿੱਲੀ ਕਮੇਟੀ ਚੋਣਾਂ ਨਾਲ ਸੰਬੰਧਤ ਚੋਣ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ, ਆਜ਼ਾਦ ਅਤੇ ਨਿਰਪੱਖ ਚੋਣਾਂ ਵਿੱਚ ਕਿਹੜੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਹੁੰਦੀਆਂ ਹਨ, ਇਸ ਬਾਰੇ ਪਤਾ ਚੱਲਿਆ ਹੈ।ਸਿੱਖ ਧਾਰਮਕ ਅਤੇ ਸਿਆਸੀ ਮਾਮਲਿਆਂ ਵਿੱਚ ਇਹ ਇੱਕ ਨਿਵੇਕਲਾ ਉੱਦਮ ਹੈ। ਇਹ ਘੱਟ ਹੀ ਵੇਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਚੋਣ ਨਹੀਂ ਲੜ ਰਹੇ ਹਨ, ਉਹ ਲੋਕਾਂ ਨੂੰ ਚੋਣ ਪ੍ਰਕ੍ਰਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਲਈ ਸਿਰ ਸੁੱਟ ਕੇ ਲੱਗੇ ਹੋਏ ਹੋਣ।
ਵਰਲਡ ਸਿੱਖ ਨਿਊਜ ਨਾਲ ਗੱਲ ਕਰਦੇ ਹੋਏ ਸਿੱਖ ਯੂਥ ਫਾਉਂਡੇਸ਼ਨ ਦੇ ਸੁਖਬੀਰ ਸਿੰਘ ਨੇ ਕਿਹਾ “2017 ਦੀਆਂ ਚੋਣਾਂ ਵਿੱਚ ਰਾਜ਼ੌਰੀ ਗਾਰਡਨ ਵਿੱਚ 10000 ਤੋਂ ਵੱਧ ਵੋਟਰ ਸਨ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਨਵੇਂ ਨੌਜਵਾਨ ਬੱਚੇ ਅਤੇ ਬੱਚੀਆਂ ਦੀਆਂ ਵੋਟਾਂ ਬਣਾਈਏ। ਸਾਡੇ ਕੋਲ ਕਾਰੋਬਾਰੀਆਂ ਅਤੇ ਉੱਦਮੀਆਂ ਦੀ ਇੱਕ ਟੀਮ ਹੈ ਜੋ ਪੰਥ ਦੇ ਹਿੱਤ ਲਈ ਸਮਾਂ ਕੱਢ ਰਹੇ ਹਨ ਅਤੇ ਮਿਹਨਤ ਕਰ ਰਹੇ ਹਨ।
ਸਿੱਖ ਯੂਥ ਫਾਊਂਡੇਸ਼ਨ ਦੇ ਆਗੂ ਹਰਨੀਕ ਸਿੰਘ ਨੇ ਦੱਸਿਆ ਕਿ ਦਿੱਲੀ ਅਜੇ ਵੀ ਕੋਵਿਡ 19 ਦੇ ਚਪੇਟ ਵਿੱਚ ਹੈ, ਇਸ ਲਈ ਸਾਰੇ ਕਾਰਕੁੰਨ ਚਿਹਰਿਆਂ ‘ਤੇ ਮਾਸਕ ਪਾ ਕੇ, ਯੋਗ ਸਮਾਜਕ ਦੂਰੀ ਰੱਖ ਕੇ ਸੰਭਾਵਿਤ ਵੋਟਰਾਂ ਨਾਲ ਗੱਲਬਾਤ ਕਰਦੇ ਦੇਖੇ ਗਏ। ਸੰਗਤ ਦੇ ਹਾਂ-ਪੱਖੀ ਹੁੰਗਾਰੇ ਨਾਲ ਅਸੀਂ ਸੱਚਮੁੱਚ ਉਤਸ਼ਾਹਤ ਹਾਂ ਅਤੇ ਖੁਸ਼ ਹਾਂ। ਬਹੁਤਿਆਂ ਮੌਕੇ ‘ਤੇ ਚਾਹ ਅਤੇ ਖਾਣਪੀਣ ਨਾਲ ਵੀ ਲੋਕਾਂ ਨੇ ਜੀ ਆਇਆ ਨੂੰ ਆਖਿਆ ਹੈ ਤੇ ਇਹਨਾਂ ਮੌਕਿਆਂ ਤੇ ਅਸੀਂ ਉਨ੍ਹਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ ਦੇ ਨਾਲ-ਨਾਲ ਚੋਣਾਂ ਦੌਰਾਨ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸਮਾਂ ਲਗਾ ਰਹੇ ਹਾਂ।
ਇੱਕ ਹੋਰ ਕਾਰਕੁਨ ਅਮਰਪ੍ਰੀਤ ਸਿੰਘ ਨੇ ਵਰਲਡ ਸਿੱਖ ਨਿਊਜ ਨਾਲ ਆਪਣੇ ਤਜ਼ਰਬੇ ਦੀ ਸਾਂਝ ਕਰਦਿਆਂ ਕਿਹਾ ਕਿ “ਰਾਜ਼ੌਰੀ ਗਾਰਡਨ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਰਾਜ਼ੌਰੀ ਵਿੱਚ ਰਹਿ ਰਹੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਦਿੱਲੀ ਕਮੇਟੀ ਚੋਣਾਂ ਬਾਰੇ ਜਾਗਰੂਕ ਕਰਨ ਅਤੇ ਉਤਸ਼ਾਹਤ ਕਰਨ ਲਈ ਉਕਾ ਹੀ ਪਹੁੰਚ ਨਹੀਂ ਕੀਤੀ। ਇੱਕ ਹੋਰ ਬੀਬੀ ਨੇ ਕਿਹਾ ਕਿ ਉਹ ਗੁਰੂਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਵਿੱਚ ਦਿਲਚਸਪੀ ਲੈਂਦੀ ਹੈ ਪਰ ਮੈਨੂੰ ਇਹਨਾਂ ਚੋਣਾਂ ਬਾਰੇ ਨਹੀਂ ਪਤਾ ਸੀ। ਉਨ੍ਹਾਂ ਨੂੰ ਹੈਰਾਨੀ ਅਤੇ ਖੁਸ਼ੀ ਹੋਈ ਕਿ ਉਹ ਵੀ ਵੋਟ ਪਾ ਸਕਣਗੇ।”
ਆਪਣੀ ਵਚਨਬੱਧਤਾ ਦਹੁਰਾਉਂਦੇ ਹੋਏ ਹਰਨੀਕ ਸਿੰਘ ਨੇ ਕਿਹਾ ਕਿ ਅਸੀਂ ਇਸ ਮੁਹਿੰਮ ਨੂੰ ਵੋਟਾਂ ਵਾਲੇ ਦਿਨ ਤੱਕ ਲੈ ਕੇ ਜਾਵਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਰਾਜ਼ੌਰੀ ਗਾਰਡਨ ਦੀ ਸੰਗਤ ਇੱਕ ਅਜਿਹੀ ਮਿਸਾਲ ਪੈਦਾ ਕਰੇ ਜਿਸ ਨਾਲ ਚੋਣਾਂ ਵਿੱਚ ਸੰਗਤ ਦੀ ਭਰਪੂਰ ਅਤੇ ਮੁਕੰਮਲ ਸ਼ਮੂਲੀਅਤ ਹੋਵੇ। ਜਾਅਲੀ ਵੋਟਾਂ ਨੂੰ ਬਿਲਕੁਲ ਨਕਾਰਿਆ ਜਾਵੇ ਤੇ ਡਾਇਰੈਕਟੋਰੇਟ ਗੁਰੂਦੁਆਰਾ ਚੋਣਾਂ ਨਾਲ ਸੰਪਰਕ ਕਰ ਕੇ ਸਾਰੀ ਚੋਣ ਪ੍ਰਕ੍ਰਿਆ ਨੂੰ ਸੁਚੱਜਾ ਕਰਨ ਲਈ ਪਹੁੰਚ ਕੀਤੀ ਜਾਵੇ।
“ਇਸ ਦੌਰ ਵਿੱਚ ਇਹ ਮੁਹਿੰਮ ਬਹੁਤ ਲੋੜੀਂਦੀ ਹੈ। ਸਿੱਖ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਨਿਰਾਸ਼ਾ ਦੇ ਮਹੌਲ ਵਿੱਚ ਇਹ ਇੱਕ ਆਸ ਦੀ ਕਿਰਨ ਹੈ।”
ਦਿੱਲੀ ਦੇ ਇੱਕ ਬਜ਼ੁਰਗ ਆਗੂ ਜੋ ਲੰਮੇਂ ਸਮੇਂ ਤੋਂ ਗੁਰੂਦੁਆਰਾ ਚੋਣਾਂ ਦੀ ਨਜਰਸ਼ਾਨੀ ਕਰ ਰਹੇ ਹਨ ਨੇ ਇਸ ਮੁਹਿੰਮ ਨੂੰ ਸਲਾਹਿਆ ਤੇ ਕਿਹਾ ਕਿ “ਇਸ ਦੌਰ ਵਿੱਚ ਇਹ ਮੁਹਿੰਮ ਬਹੁਤ ਲੋੜੀਂਦੀ ਹੈ। ਸਿੱਖ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਨਿਰਾਸ਼ਾ ਦੇ ਮਹੌਲ ਵਿੱਚ ਇਹ ਇੱਕ ਆਸ ਦੀ ਕਿਰਨ ਹੈ।”
“ਮੈਂ ਆਸ ਕਰਦਾ ਹਾਂ ਕਿ ਅਜਿਹੀ ਮੁਹਿੰਮ ਸਾਰੇ 46 ਹਲਕਿਆਂ ਵਿੱਚ ਸ਼ੁਰੂ ਕੀਤੀ ਜਾਵੇ ਜੋ ਕਿ ਗੁਰੂਦੁਆਰਾ ਚੋਣਾਂ ਨੂੰ ਜਮਹੂਰੀਅਤ ਪਸੰਦ ਬਨਾਉਣ ਵਿੱਚ ਇੱਕ ਵੱਡੀ ਸ਼ੁਰੂਆਤ ਹੋਵੇਗੀ ਜਿਸ ਦਾ ਦਿੱਲੀ ਦੇ ਧਾਰਮਕ-ਸਿਆਸੀ ਹਲਾਤਾਂ ‘ਤੇ ਭਰਪੂਰ ਚੰਗੇਰਾ ਅਸਰ ਪਵੇਗਾ।”