ਲਵਲੀ ਲਵਲੀ ਇਸ਼ਤਿਹਾਰ ਆਇਆ ਹੈ, ਅਧਿਆਪਕਾਂ ਵਿਦਿਆਰਥੀਆਂ ਮਾਪਿਆਂ ਲਈ ਪਿਸਤਾ ਕਾਜੂ ਬਰਫ਼ੀ ਵਾਲੀ ਸਹੂਲਤ ਲਿਆਇਆ ਹੈ
ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲੇ ਸ਼ੁਰੂ ਹਨ। ਇਸ ਬਾਰੇ ਪਹਿਲਾਂ ਅਖ਼ਬਾਰਾਂ ਵਿੱਚ ਦਾਖਲਾ ਨੋਟਿਸ ਛੱਪਦੇ ਸਨ। ਇਸ ਵਾਰੀ ਕਮਾਲਾਂ ਹੋਈਆਂ ਪਈਆਂ ਹਨ। ਹਾਲੇ ਡਿਗਰੀਆਂ ਰੇੜ੍ਹੀ ‘ਤੇ ਨਹੀਂ ਵਿੱਕ ਰਹੀਆਂ ਅਤੇ ਇਹ ਕੇਵਲ ਮੁਹਾਵਰੇ ਵਜੋਂ ਹੀ ਵਰਤਿਆ ਜਾਂਦਾ phrase ਹੈ ਪਰ ਜੋ ਛੱਪ ਗਿਆ ਹੈ, ਉਹ ਸਾਡੇ ਬਾਰੇ ਕੀ ਕਹਿੰਦਾ ਹੈ? ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਖੁਸ਼ਖਬਰੀ ਲਈ ਅਖੀਰ ਤੱਕ ਪੜ੍ਹਨ। ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਨੇ ਇਸ਼ਤਿਹਾਰ ਪੜ੍ਹਿਆ ਹੈ, ਤੁਹਾਡੇ ਨਾਲ ਖੁਸ਼ੀ ਸਾਂਝੀ ਕੀਤੀ ਹੈ। ਕਾਜੂ ਬਰਫ਼ੀ ਦੇ ਡੱਬੇ ਸਿੱਧੇ ਸਾਨੂੰ ਹੀ ਭੇਜੇ ਜਾਣ। – ਸੰਪਾਦਕ
ਅਸਾਨੂੰ ਪੰਜਾਬ ਦੀ ਸਿਆਸਤ ਵੀ ਉਸੇ ਤਰ੍ਹਾਂ ਹੀ ਇਮਾਨਦਾਰ ਚਾਹੀਦੀ ਹੈ ਜਿਵੇਂ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਟੀਆਂ ਇਮਾਨਦਾਰੀ ਨਾਲ ਆਪਣਾ ਕੰਮ ਚਲਾਉਂਦੀਆਂ ਹਨ। ਅੱਜ 21 ਅਕਤੂਬਰ 2021 ਨੂੰ ਇੰਡੀਅਨ ਐਕਸਪ੍ਰੈਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣਾ ਇਸ਼ਤਿਹਾਰ ਦਿੱਤਾ ਹੈ ਜਿਹੜਾ ਪਾਰਦਰਸ਼ਤਾ ਦੀ ਉਦਾਹਰਣ ਵੀ ਹੈ ਅਤੇ ਤੁਹਾਨੂੰ ਉਵੇਂ ਹੀ ਕੋਰਸ ਚੁਣਨ ਵਿਚ ਮਦਦ ਕਰਦਾ ਹੈ ਜਿਵੇਂ ਤੁਸੀਂ ਹਲਵਾਈ ਦੀ ਦੁਕਾਨ ਤੋਂ ਮਿਠਾਈ ਖਰੀਦਣ ਵੇਲੇ ਰੇਟ ਲਿਸਟ ਵੇਖਦੇ ਹੋ। ਹੁਣ ਸਾਰੇ ਹਲਵਾਈਆਂ ਨੇ ਮਿਠਾਈ ਦੀਆਂ ਟ੍ਰੇਆਂ ਨਾਲ ਲਿਖ ਕੇ ਲਾਇਆ ਹੁੰਦਾ ਹੈ ਕਿ ਥਾਲੀ ਵਿਚ ਕੀ ਪਿਆ ਹੈ ਅਤੇ ਕਿੰਨੇ ਦਾ ਕਿੱਲੋ ਆਉਂਦਾ ਹੈ। ਤੁਹਾਡੇ ਸਾਹਮਣੇ ਥਾਲੀ ਵਿਚ ਪਿਸਤਾ ਬਰਫ਼ੀ ਪਈ ਹੁੰਦੀ ਹੈ ਪਰ ਹਲਵਾਈ ਨੂੰ ਤੁਹਾਡੀਆਂ ਅੱਖੀਆਂ ‘ਤੇ ਬਹੁਤਾ ਭਰੋਸਾ ਨਹੀਂ ਹੁੰਦਾ – ਇਸ ਲਈ ਉਹ ਪਿੱਤਲ ਦੀ ਪਲੇਟ ਉੱਤੇ ਲਿਖ ਕੇ ਲੇਬਲ ਲਾਉਂਦਾ ਹੈ – “ਪਿਸਤਾ ਬਰਫ਼ੀ 1000 ਰੁਪਏ ਕਿੱਲੋ” — ਇਸ ਨਾਲ ਤੁਹਾਨੂੰ ਬਰਫੀ ਪਛਾਨਣ ਅਤੇ ਭਾਅ ਵੇਖ ਕੇ ਖਰੀਦਣ ਵਿਚ ਸਹੂਲਤ ਹੁੰਦੀ ਹੈ।
ਹੁਣ ਕਿਸੇ ਹਲਵਾਈ ਵਾਲੀ ਦੁਕਾਨ ਦੀ ਤਰਜ਼ ਉੱਤੇ ਹੀ ਲਵਲੀ ਯੂਨੀਵਰਸਿਟੀ ਵਾਲਿਆਂ ਨੇ ਵੱਖ ਵੱਖ ਕੋਰਸਾਂ ਵਿਚ ਦਾਖਲੇ ਦਾ ਇਸ਼ਤਿਹਾਰ ਦਿੱਤਾ ਹੈ। ਤੁਹਾਡੀ ਸਹੂਲਤ ਲਈ ਉਹਨਾਂ ਨੇ ਸਾਰੇ ਕੋਰਸਾਂ/disciplines ਨੂੰ ਕਿਸੇ ਵੀ ਹੋਰ ਤਰੀਕੇ classify ਕਰਨ ਦੀ ਥਾਂ ਰੇਟ ਅਨੁਸਾਰ ਸਾਰੀ ਲਿਸਟ ਪ੍ਰਕਾਸ਼ਿਤ ਕਰ ਦਿੱਤੀ ਹੈ। ਜੇ ਤੁਸੀਂ ਛਿਮਾਹੀ ਦਾ 50 ਹਜ਼ਾਰ ਹੀ ਖਰਚ ਸਕਦੇ ਹੋ ਤਾਂ ਬੀ.ਏ(Hons), ਬੀ.ਏ(ਸੰਗੀਤ), ਬੀ.ਐਡ, ਫੈਸ਼ਨ ਡਿਜ਼ਾਈਨ ਦਾ ਕੋਈ ਡਿਪਲੋਮਾ ਕਰ ਲਵੋ ਜਾਂ ਏਨੇ ਪੈਸੇ ਖਰਚ ਕੇ ਹੀ ਅੰਗ੍ਰੇਜ਼ੀ ਦੀ ਐੱਮ.ਏ ਨੂੰ ਹੱਥ ਮਾਰ ਲਵੋ, ਕਿਸੇ ਵੀ ਹੋਰ ਵਿਸ਼ੇ ਵਿਚ ਐੱਮ.ਏ. ਕਰ ਲਵੋ। ਪਿਸਤਾ ਬਰਫ਼ੀ ਤੋਂ ਚੂੰਢੀ ਕੁ ਵਧੇਰੇ ਹਿੰਮਤ ਕਰੋ ਤਾਂ 80 ਹਜ਼ਾਰ ਰੁਪਏ ਛਿਮਾਹੀ ਦੇ ਖਰਚ ਕੇ biotech, microbio, zoology ਦੀ B.Sc. ਕਰ ਲਵੋ ਅਤੇ ਭਾਵੇਂ Clinical Microbiology, Clinical Biochemistry ਜਾਂ Statistics & Data Analytics ਦੀ M.Sc.ਕਰ ਲਵੋ। ਕਾਜੂ ਬਰਫ਼ੀ ਵੱਲ ਤੁਰੋ ਤਾਂ ਲੱਖ ਰੁਪਏ ਛਿਮਾਹੀ ਵਿਚ BBA (Financial Markets) ਜਾਂ BBA (International Finance) ਜਾਂ ਫਿਰ BCA (Big Data Analytics) ਕਰ ਸਕਦੇ ਹੋ। ਮਸਾਂ 20 ਕੁ ਹਜ਼ਾਰ ਹੋਰ ਖਰਚ ਕਰੋ ਛਿਮਾਹੀ ਦੇ ਤਾਂ 1 ਲੱਖ 20 ਹਜ਼ਾਰ ਰੁਪਏ ਵਿਚ Multimedia, Design Multimedia, Graphics, Journalism, Film and TV Production, Architecture ਵਰਗੇ ਕੋਰਸ ਕਰ ਸਕਦੇ ਹੋ। ਡੇਢ ਲੱਖ ਰੁਪਏ ਛਿਮਾਹੀ ਵਿਚ robotics ਵਰਗੀ B.Tech. ਹੋ ਜਾਣੀ ਹੈ, 1 ਲੱਖ 90 ਹਜ਼ਾਰ ਛਿਮਾਹੀ ਵਿਚ ਭਾਵੇਂ International Business ਦੀ MBA ਕਰ ਲਵੋ, ਭਾਵੇਂ Tourism and Hospitality ਵਿਚ, ਜਾਂ Cyber Security ਜਾਂ Block Chain ਦੀ B.Tech. ਕਰ ਲਵੋ। 2 ਲੱਖ 30 ਹਜ਼ਾਰ ਛਿਮਾਹੀ ਦੇ ਖਰਚ ਕੇ ਤੁਸੀਂ…
ਚੰਗੀ ਗੱਲ ਇਹ ਹੈ ਕਿ ਯੂਨੀਵਰਸਿਟੀ ਨੇ ਹਲਵਾਈ ਸਿਸਟਮ ਤੋਂ ਸਿਧਾਂਤਕ ਸੇਧ ਲੈਂਦਿਆਂ ਹੋਇਆਂ ਵੱਖ ਵੱਖ ਵਿਭਾਗਾਂ, ਵਿਸ਼ਿਆਂ, disciplines ਅਨੁਸਾਰ ਲਿਸਟ ਨਹੀਂ ਬਣਾਈ, ਨਾ ਹੀ graduation ਜਾਂ post graduation ਅਨੁਸਾਰ ਲਿਸਟ ਬਣਾਈ ਹੈ। ਨਾ ਹੀ ਕੋਈ ਟੈਕਨੀਕਲ ਜਾਂ humanities ਵਾਲਾ ਵਰਗੀਕਰਨ ਕੀਤਾ ਹੈ। ਡਿਪਲੋਮਾ, ਡਿਗਰੀ ਵੀ ਵੱਖ ਵੱਖ ਨਹੀਂ। ਸਿਰਫ ਅਤੇ ਸਿਰਫ ਛਿਮਾਹੀ ਦੇ ਪੈਸੇ ਕਿੰਨੇ ਦੇਣੇ ਹਨ, ਇਸ ਅਨੁਸਾਰ ਹੀ ਸਾਰਾ ਇਸ਼ਤਿਹਾਰ ਬਣਾਇਆ ਗਿਆ ਹੈ। 80,000 ਰੁਪਏ ਛਿਮਾਹੀ ਦੇ ਖਰਚ ਕਰੋ ਅਤੇ ਏਨੇ ਪੈਸੇ ਵਿਚ ਭਾਵੇਂ ਛੋਟੇ ਮੁੰਡੇ ਨੂੰ B.Com. ਕਰਵਾ ਲਵੋ, ਜਾਂ ਫਿਰ ਵਿਚਕਾਰਲੇ ਨੂੰ B.Sc.(Hons) Economics ਦਾ ਕੋਰਸ ਕਰਵਾ ਦਿਓ, ਨਹੀਂ ਤਾਂ ਏਨੇ ਵਿੱਚ ਵੱਡੀ ਕੁੜੀ ਨੂੰ M.Sc. (Food Science & Technology) ਕਰਵਾ ਦੇਵੋ। ਯੂਨੀਵਰਸਿਟੀ ਦਾ ਐਡਮਿਸ਼ਨ ਨੋਟਿਸ ਰੇਟਾਂ ਅਨੁਸਾਰ ਕੋਰਸਾਂ ਦੀ ਲਿਸਟ ਹੈ।
ਵਿਦਿਆਰਥੀਆਂ ਦੇ ਮੈਲੇ ਕੱਪੜੇ ਧੋਣ ਅਤੇ ਪ੍ਰੈਸ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਇਸ਼ਤਿਹਾਰ ਵਿਚ ਤੁਹਾਨੂੰ ਯੂਨੀਵਰਸਿਟੀ ਦੀ ਵੈਬਸਾਈਟ ਉੱਤੇ ਜਾ ਕੇ ਚੈੱਕ ਕਰਨ ਦੀ ਤਾਕੀਦ ਕੀਤੀ ਗਈ ਹੈ। ਮੈਂ ਆਪ ਭਾਵੇਂ ਚੈੱਕ ਨਹੀਂ ਕੀਤਾ ਪਰ ਆਸ ਕਰਦੇ ਹਾਂ ਕਿ ਕੱਛੇ ਬਨੈਣਾਂ ਧੋਣ ਦੇ ਰੇਟ ਅਤੇ ਮੁਕਤਸਰੀ ਕੁੜਤਾ ਪਜਾਮਾ ਵੱਟ ਕੱਢ ਕੇ ਪ੍ਰੈਸ ਕਰਨ ਦਾ ਭਾਅ ਵੀ ਇਵੇਂ ਹੀ ਡਿਟੇਲ ਵਿੱਚ ਵੈਬਸਾਈਟ ਉੱਤੇ ਪਾਇਆ ਹੋਵੇਗਾ।
ਚੰਡੀਗੜ੍ਹ ਦੀ ਢੂਈ ਨਾਲ ਲੱਗਦੀ ਇੱਕ ਨਿੱਜੀ ਯੂਨੀਵਰਸਿਟੀ ਦੀਆਂ ਬੱਸਾਂ ਵਿੱਚ ਹੁਣ ਦਾਖਲੇ ਦੇ ਇਸ਼ਤਿਹਾਰਾਂ ਦੀ ਸੂਚੀ ਉਵੇਂ ਹੀ ਚਿਪਕਾਈ ਹੋਈ ਹੈ ਜਿਵੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਕਦੀ ਟਾਈਮ ਟੇਬਲ ਲਿਖਿਆ ਮਿਲਦਾ ਸੀ। ਫਰਕ ਸਿਰਫ ਏਨਾ ਹੈ ਕਿ ਪੁਰਾਣੇ ਸਮਿਆਂ ਦੀ ਸਮਾਂ ਸਾਰਣੀ ਦੀ ਥਾਂ ਹੁਣ ਰੇਟ ਅਨੁਸਾਰ ਕੋਰਸਾਂ ਦੀ ਲਿਸਟ ਛਪੀ ਹੋਈ ਹੈ। ਇਹ ਬੱਸਾਂ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਸ਼ਾਮ ਨੂੰ ਚੰਡੀਗੜ੍ਹ ਵਿਚ ਅਤੇ ਨਾਲ ਲੱਗਦੇ ਪੰਜਾਬ ਦੇ ਕਸਬਿਆਂ ਸ਼ਹਿਰਾਂ ਵਿਚ ਜਗ੍ਹਾਂ ਜਗ੍ਹਾਂ ਪਾਰਕ ਕੀਤੀਆਂ ਜਾਂਦੀਆਂ ਹਨ, ਸਵੇਰੇ ਓਥੋਂ ਹੀ ਚਲਦੀਆਂ ਹਨ। ਮੇਰੇ ਇੱਕ ਮਿੱਤਰ ਨੇ ਆਪਣੇ ਘਰ ਦੇ ਨਾਲ ਵਾਲੇ ਪਾਰਕ ਵਿਚ ਇਹਨਾਂ ਬੱਸਾਂ ਦੇ ਪਾਰਕ ਹੋਣ ਬਾਰੇ ਮੈਨੂੰ ਦੱਸਿਆ ਤਾਂ ਮੈਂ ਉਹਨੂੰ ਸਾਥੀ ਪੱਤਰਕਾਰ ਮਿੱਤਰ ਤੋਂ ਦੋ ਸਥਾਨਕ ਪੱਤਰਕਾਰਾਂ ਦੇ ਫੋਨ ਨੰਬਰ ਲੈ ਕੇ ਦਿੱਤੇ। ਉਸ ਆਖਿਆ ਕਿ ਇੰਝ ਗੱਲ ਨਹੀਂ ਬਣਨੀ ਕਿਉਂਜੋ ਦੋਹਾਂ ਵਿੱਚੋਂ ਇੱਕ ਪੱਤਰਕਾਰ ਦੇ ਛੋਟੇ ਭਰਾ ਨੂੰ ਰਿਆਇਤੀ ਦਰ ਉੱਤੇ ਉਸ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਹੈ, ਦੂਜੇ ਨੂੰ ਯੂਨੀਵਰਸਿਟੀ ਵਾਲੇ ਸਪਲੀਮੈਂਟ ਦੇਂਦੇ ਹਨ। ਬੱਸਾਂ ਸਾਰੇ ਸ਼ਹਿਰ ਵਿਚ ਖੜਦੀਆਂ ਹਨ, ਹੁੰਦੀਆਂ ਵੀ ਵੱਡੀਆਂ ਸਾਰੀਆਂ ਹਨ, ਜੇਬ ਵਿਚ ਤਾਂ ਪਾਰਕ ਨਹੀਂ ਹੁੰਦੀਆਂ, ਪਾਰਕਾਂ ਵਿਚ ਹੀ ਖੜੋਂਦੀਆਂ ਹਨ। ਇਹਨਾਂ ਬਾਰੇ ਕਦੀ ਬਹੁਤੀ ਹਾਲ ਦੁਹਾਈ ਨਹੀਂ ਪੈਂਦੀ, ਇਹ ਹੁਣ ਤੁਸੀਂ ਆਪੇ ਸਮਝ ਜਾਓ ਕਿ ਕਿਓਂ ਹੁੰਦਾ ਹੈ।
ਮੈਂ ਆਨੇ ਬਹਾਨੇ ਉਸ ਯੂਨੀਵਰਸਿਟੀ ਵਿਚ ਕੰਮ ਕਰਦੇ ਇੱਕ ਪੁਰਾਣੇ ਵਾਕਿਫ਼ ਨਾਲ ਗੱਲ ਕੀਤੀ। ਹੈ ਤਾਂ ਉਹ ਅਧਿਆਪਕ ਪਰ ਉਸ ਦੱਸਿਆ ਕਿ ਹੁਣ ਉਹਨੂੰ ਓਥੇ ਟਰਾਂਸਪੋਰਟ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਦਿਲ ਤਾਂ ਮੇਰਾ ਟੁੱਟਿਆ ਥੋੜਾ ਜਿਹਾ ਕਿ ਕਿਸੇ ਅਧਿਆਪਕ ਨਾਲ ਇੰਝ ਨਹੀਂ ਹੋਣਾ ਚਾਹੀਦਾ ਪਰ ਉਹਨੇ ਕੋਈ ਰੰਝ ਨਹੀਂ ਜਿਤਾਇਆ। ਮੈਂ ਗੱਲ ਸ਼ੁਰੂ ਕਰਨ ਬਹਾਨੇ ਉਹਨੂੰ ਕਿਹਾ ਕਿ ਤੁਹਾਡੀ ਬੱਸ ਵਿਚ ਕੋਰਸਾਂ ਦੀ ਰੇਟ ਲਿਸਟ ਵਾਲੇ ਇਸ਼ਤਿਹਾਰ ਚਿਪਕੇ ਹਨ, ਨਾਲ ਨਾਲ ਪੈਸਿਆਂ ਦਾ ਜ਼ਿਕਰ ਹੈ। ਰੇਟਾਂ ਅਨੁਸਾਰ ਸੂਚੀ ਬਣੀ ਹੈ। ਏਦਾਂ ਦੇ ਇਸ਼ਤਿਹਾਰ ਬੱਸਾਂ ਵਿਚ ਚਿਪਕੇ ਚੰਗੇ ਨਹੀਂ ਲੱਗਦੇ। ਉਹ ਤਾਂ ਝੱਟ ਹੀ ਮੇਰੀ ਗੱਲ ਸਮਝ ਗਿਆ – ਕਹਿਣ ਲੱਗਾ ਕਿ ਮੈਂ ਕਿੰਨੀ ਵਾਰੀ ਡੀਨ ਸਾਹਿਬ ਨੂੰ ਕਿਹਾ ਹੈ ਕਿ ਚਿਪਕੇ ਹੋਏ ਪੋਸਟਰ ਚੰਗੇ ਨਹੀਂ ਲੱਗਦੇ, ਆਪਾਂ ਐਡਮਿਸ਼ਨ ਵਾਲੀ ਰੇਟ ਲਿਸਟ ਪਿਛਲੇ ਪਾਸੇ ਪੇਂਟ ਕਰਵਾ ਦੇਈਏ ਤਾਂ ਠੀਕ ਲੱਗੇਗਾ। ਵਿੱਚੇ ਛੱਡੀ ਬੱਸਾਂ ਦੀ ਪਾਰਕਿੰਗ ਦੀ ਗੱਲ, ਵਿੱਚੇ ਉਦਾਸੀ ਦੂਰ ਹੋਈ ਕਿ ਅਧਿਆਪਕ ਜੀ ਟਰਾਂਸਪੋਰਟ ਇੰਚਾਰਜ ਕਿਓਂ ਬਣੇ, ਨਾਲੇ ਗਿਆਨ ਵਿਚ ਵਾਧਾ ਹੋਇਆ ਕਿ ਯੂਨੀਵਰਸਟੀਆਂ ਦੇ ਡੀਨ ਸਾਹਿਬ ਹੁਣ ਕਿਹੋ ਜਿਹੇ ਮਾਮਲਿਆਂ ਦੇ ਇੰਚਾਰਜ ਹਨ।
ਮੋਰਚੇ ਤਾਂ ਐਵੇਂ ਫਿਜ਼ੂਲ ਨੇ, ਆਰਥਿਕ ਸੰਕਟ ਕੋਈ ਹੈ ਹੀ ਨਹੀਂ। ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਖ਼ਜ਼ਾਨੇ ਭਰਪੂਰ ਨੇ, ਸਾਰੇ ਵਾਅਦੇ ਪੂਰੇ ਕਰ ਕੇ ਵੀ ਪੈਸੇ ਵਾਧੂ ਬਚਦੇ ਨੇ। ਖੇਤੀ ਬਿੱਲਾਂ ਵਾਲਾ ਵੀ ਬਾਹਲਾ ਮਸਲਾ ਹੁਣ ਰਹਿ ਨਹੀਂ ਗਿਆ। ਕਪਤਾਨ ਮੈਦਾਨ ਵਿਚ ਆ ਗਿਆ ਹੈ ਗੱਲ ਕਰਵਾਉਣ ਵਾਲਾ। ਜੱਥੇਬੰਦੀਆਂ ਵੀ ਕਹਿ ਰਹੀਆਂ ਹਨ ਕਿ ਅੰਦਰੋਂ ਅੰਦਰੀ ਗੱਲ ਚੱਲ ਰਹੀ ਹੈ।
ਟ੍ਰੇਆਂ ਵਿਚ ਮਿਠਾਈਆਂ ਪਈਆਂ ਹਨ, ਨਾ ਸਮਝ ਆਵੇ ਤਾਂ ਪਿੱਤਲ ਦੀਆਂ ਨਿੱਕੀਆਂ ਨਿੱਕੀਆਂ ਲੇਬਲ ਪਲੇਟਾਂ ਉੱਤੇ ਪੜ੍ਹੋ – ਕੇਸਰ ਚਮ ਚਮ 250 ਰੁਪਏ ਕਿੱਲੋ, ਕਾਜੂ ਬਰਫੀ 1200 ਰੁਪਏ ਕਿੱਲੋ, ਭਾਈ ਦੂਜ ਕਾਜੂ ਕਤਲੀ ਪੈਕ 250 ਗ੍ਰਾਮ 800 ਰੁਪਏ, ਤੁਰਕੀ ਬਕਲਾਵਾ 2,250 ਰੁਪਏ… ਜਿਹੜੀ ਟਰੇਅ ਵਿਚ ਚਾਹੋ ਨਿਆਣਾ ਪੜ੍ਹਾਓ, ਕਿਸਮਤ ਚੰਗੀ ਹੋਈ ਤਾਂ ਵੱਡਾ ਹੋ ਕੇ ਕਿਸੇ ਚੰਗੀ ਵੱਡੀ 350 ਬੱਸਾਂ ਵਾਲੀ ਯੂਨੀਵਰਸਿਟੀ ਵਿਚ ਟਰਾਂਸਪੋਰਟ ਦਾ ਇੰਚਾਰਜ ਬਣੇਗਾ, ਅਕਾਲ ਪੁਰਖ ਦੀ ਮਿਹਰ ਰਹੀ ਤਾਂ ਡੀਨ ਵੀ ਬਣ ਜਾਵੇਗਾ। ਹੋ ਸਕਦਾ ਹੈ ਕਿਸੇ ਪੱਤਰਕਾਰ ਵੀਰ ਦੇ ਪੋਤਰੇ ਪੋਤਰੀਆਂ ਨੂੰ 40 ਪ੍ਰਤੀਸ਼ਤ ਡਿਸਕਾਊਂਟ ‘ਤੇ ਕਿਤੇ B.Ba ਕਰਵਾ ਦੇਵੇ, ਜਾਂ ਅਧਿਆਪਕ ਦਿਵਸ ਉੱਤੇ ਕੋਈ ਸਪਲੀਮੈਂਟ ਹੀ ਦੇ ਛੱਡੇ।
ਮੋਰਚੇ ਤਾਂ ਐਵੇਂ ਫਿਜ਼ੂਲ ਨੇ, ਆਰਥਿਕ ਸੰਕਟ ਕੋਈ ਹੈ ਹੀ ਨਹੀਂ। ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਖ਼ਜ਼ਾਨੇ ਭਰਪੂਰ ਨੇ, ਸਾਰੇ ਵਾਅਦੇ ਪੂਰੇ ਕਰ ਕੇ ਵੀ ਪੈਸੇ ਵਾਧੂ ਬਚਦੇ ਨੇ। ਖੇਤੀ ਬਿੱਲਾਂ ਵਾਲਾ ਵੀ ਬਾਹਲਾ ਮਸਲਾ ਹੁਣ ਰਹਿ ਨਹੀਂ ਗਿਆ। ਕਪਤਾਨ ਮੈਦਾਨ ਵਿਚ ਆ ਗਿਆ ਹੈ ਗੱਲ ਕਰਵਾਉਣ ਵਾਲਾ। ਜੱਥੇਬੰਦੀਆਂ ਵੀ ਕਹਿ ਰਹੀਆਂ ਹਨ ਕਿ ਅੰਦਰੋਂ ਅੰਦਰੀ ਗੱਲ ਚੱਲ ਰਹੀ ਹੈ।
ਗੁਰੂ ਦੇ ਅਦਬ ਵਾਲਾ ਮਸਲਾ ਤਾਂ ਸਿੰਘਾਂ ਨੇ ਕਿਹਾ ਹੈ ਉਹ ਆਪੇ ਹੱਲ ਕਰਿਆ ਕਰਨਗੇ, ਬਨੇਰੇ ਉੱਤੇ ਕਾਂ ਮਾਰ ਕੇ ਟੰਗਿਆ ਕਰਨਗੇ। ਬਾਕੀ ਤਾਂ ਨੌਜਵਾਨਾਂ ਦੀ ਚਿੰਤਾ ਸੀ – ਉਹ ਹੁਣ ਚਿੰਤਾ ਨਾ ਕਰਨ – ਇਸ਼ਤਿਹਾਰ ਉਵੇਂ ਹੀ ਛੱਪਦੇ ਹਨ – ਰੇਟਾਂ ਅਨੁਸਾਰ – ਜਿਵੇਂ ਵਿਆਹ ਸ਼ਾਦੀ ਵਾਲੇ ਸੰਵੇਦਨਸ਼ੀਲ ਪੰਨੇ ਛੱਪਦੇ ਹਨ – ਬ੍ਰਾਹਮਣ, ਖ਼ਤਰੀ, ਜੱਟ, ਵੈਸ਼ ਮੁੰਡੇ ਕੁੜੀ ਬਾਰੇ। ਵੱਖੋ ਵੱਖ।
ਗੁਰੂ ਦੇ ਅਦਬ ਵਾਲਾ ਮਸਲਾ ਤਾਂ ਸਿੰਘਾਂ ਨੇ ਕਿਹਾ ਹੈ ਉਹ ਆਪੇ ਹੱਲ ਕਰਿਆ ਕਰਨਗੇ, ਬਨੇਰੇ ਉੱਤੇ ਕਾਂ ਮਾਰ ਕੇ ਟੰਗਿਆ ਕਰਨਗੇ। ਬਾਕੀ ਤਾਂ ਨੌਜਵਾਨਾਂ ਦੀ ਚਿੰਤਾ ਸੀ – ਉਹ ਹੁਣ ਚਿੰਤਾ ਨਾ ਕਰਨ – ਇਸ਼ਤਿਹਾਰ ਉਵੇਂ ਹੀ ਛੱਪਦੇ ਹਨ – ਰੇਟਾਂ ਅਨੁਸਾਰ – ਜਿਵੇਂ ਵਿਆਹ ਸ਼ਾਦੀ ਵਾਲੇ ਸੰਵੇਦਨਸ਼ੀਲ ਪੰਨੇ ਛੱਪਦੇ ਹਨ – ਬ੍ਰਾਹਮਣ, ਖ਼ਤਰੀ, ਜੱਟ, ਵੈਸ਼ ਮੁੰਡੇ ਕੁੜੀ ਬਾਰੇ। ਵੱਖੋ ਵੱਖ। ਅਖ਼ਬਾਰਾਂ ਨੂੰ ਬੇਨਤੀ ਹੈ ਕਿ ਛੇ ਬੈਂਡ ਵਾਲੇ, ਸਾਢੇ ਪੰਜ ਬੈਂਡ ਵਾਲੇ ਅਤੇ ਪੰਜ ਬੈਂਡ ਵਾਲੇ ਮੁੰਡੇ ਕੁੜੀਆਂ ਦੇ ਇਸ਼ਤਿਹਾਰ ਵੀ ਇਵੇਂ ਹੀ ਵੱਖੋ ਵੱਖਰੇ ਛਾਪਿਆ ਕਰੋ, ਪਾਠਕਾਂ ਦੀ ਮਦਦ ਹੋਵੇਗੀ। ਇਸ ਸਬੰਧ ਵਿਚ ਸੀਨੀਅਰ ਪੱਤਰਕਾਰਾਂ ਨੂੰ ਇਸ਼ਤਿਹਾਰ ਇੰਚਾਰਜ ਲਾਉਣਾ ਚਾਹੀਦਾ ਹੈ ਜਿਵੇਂ ਅਧਿਆਪਕ ਟਰਾਂਸਪੋਰਟ ਇੰਚਾਰਜ ਲੱਗਦੇ ਹਨ। ਸਪਲੀਮੈਂਟਾਂ ਨਾਲ ਤਜਰਬਾ ਤਾਂ ਹਾਸਲ ਹੋ ਹੀ ਚੁੱਕਾ ਹੈ।
ਹੁਣ ਤਾਂ ਸਿਰਫ਼ ਬੱਸਾਂ ਵਿੱਚ ਪੋਸਟਰ ਚਿਪਕਣੇ ਹਨ ਕਿ ਤਸਵੀਰ ਹੀ ਪੇਂਟ ਕਰ ਦੇਣੀ ਹੈ ਵਾਲਾ ਮਸਲਾ ਵਿਚਾਰਨਯੋਗ ਬਚਿਆ ਹੈ। ਬਾਕੀ ਡਿਗਰੀਆਂ ਰੇੜ੍ਹੀਆਂ ਉੱਤੇ ਵਿਕਣ ਵਾਲੀ ਗੱਲ ਮੈਂ ਸੁਣੀ ਬੜੀ ਹੈ, ਵੇਖੀ ਕਦੀ ਨਹੀਂ। ਮੈਨੂੰ ਤਾਂ ਲੱਗਦਾ ਹੈ ਐਵੇਂ ਗੱਪ ਹੈ ਪਰ ਜੇ ਕਦੀ ਤੁਹਾਨੂੰ ਕੋਈ ਦਿੱਸੇ ਤਾਂ ਜ਼ਰੂਰ ਦੱਸਣਾ। ਮੈਂ ਤਾਂ ਏਨਾ ਹੀ ਵੇਖਣਾ ਹੈ ਕਿ ਢੇਰੀਆਂ ਰੇਟਾਂ ਅਨੁਸਾਰ ਲਾਈਆਂ ਹਨ ਕਿ ਵਿਸ਼ੇ-ਵਾਰ ਵੰਡ ਕੀਤੀ ਹੈ। ਵੈਸੇ ਜਿਵੇਂ ਵੀ ਕਰਨ, ਕਰਨਗੇ ਸਾਰੇ ਲਵਲੀ ਲਵਲੀ ਸੁੰਦਰ ਸੁੰਦਰ। ਜਿਊਂਦੇ ਰਹੋ ਵਸਦੇ ਰਹੋ ਪੜ੍ਹਦੇ ਰਹੋ – ਰੇਟ ਅਨੁਸਾਰ, ਟਰੇਅ ਅਨੁਸਾਰ।
ਪੋਸਟ ਸਕ੍ਰਿਪਟ – ਪੰਜਾਬ ਦੇ ਪੰਜਾਬੀ ਵਿਭਾਗਾਂ ਦੇ ਮੁਖੀ ਅਤੇ ਪ੍ਰੋਫੈਸਰ ਅੱਜ ਕਾਜੂ ਬਰਫ਼ੀ ਵੰਡਣ, ਐਵੇਂ ਪਿਸਤਾ ਬਰਫ਼ੀ ਜਾਂ ਤਿਰੰਗੇ ਲੱਡੂਆਂ ਨਾਲ ਕੰਮ ਨਾ ਚਲਾਉਣ। ਪੰਜਾਬੀ ਦੀ ਐੱਮ.ਏ ਹੁਣ ਮਾਤਰ 20 ਹਜ਼ਾਰ ਰੁਪਏ ਛਿਮਾਹੀ ਵਿੱਚ ਹੋਵੇਗੀ। ਇਸ ਤੋਂ ਸਸਤਾ ਹੋਰ ਕੋਈ ਵੀ ਡਿਪਲੋਮਾ, ਡਿਗਰੀ ਜਾਂ ਸਰਟੀਫਿਕੇਟ ਕੋਰਸ ਨਹੀਂ ਹੈ। ਸੂਚੀ ਵਿਚ ਇਹ ਤੱਥ ਸਭ ਤੋਂ ਉੱਪਰ ਬਿਆਨ ਕਰ ਕੇ ਯੂਨੀਵਰਸਿਟੀ ਨੇ ਮਾਂ ਬੋਲੀ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਭਰਪੂਰ ਮੁਜ਼ਾਹਰਾ ਕੀਤਾ ਹੈ। ਪੰਜਾਬੀ ਅਖ਼ਬਾਰਾਂ ਦੇ ਸਾਹਿਤਕ ਪੰਨਿਆਂ ਉੱਪਰ “ਕਿਤਾਬ ਵੱਡ-ਆਕਾਰੀ ਹੈ, ਸਰਵਰਕ ਬਹੁਤ ਸੁੰਦਰ ਹੈ ਪਰ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਤੋਂ ਬਚਿਆ ਜਾ ਸਕਦਾ ਸੀ” ਵਰਗੇ ਰਿਵੀਊਕਾਰ ਅਧਿਆਪਕ ਲੇਖਕ ਹੁਣ ਆਪਣਾ ਪ੍ਰਤੀਕਰਮ ਦੇਂਦਿਆਂ ਕਹਿ ਸਕਦੇ ਹਨ ਕਿ “ਇਸ਼ਤਿਹਾਰ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਤਸ਼ਕੀਲ ਕੀਤਾ ਗਿਆ ਹੈ ਪਰ ਇਹਨੂੰ ਐਡਮਿਸ਼ਨ ਨੋਟਿਸ ਦੀ ਥਾਂ ਰੇਟ ਲਿਸਟ ਕਿਹਾ ਜਾਂਦਾ ਤਾਂ ਸਿਰਲੇਖ ਵਧੇਰੇ ਤੱਥ ਭਰਪੂਰ ਜਾਪਦਾ।”