ਲੜਾਈਆਂ ਗਹਿਗੱਚ ਹੋਣਗੀਆਂ, ਇਹ ਵਾਅਦਾ ਹੈ
ਇੱਕ ਇਹੋ ਜਿਹੇ ਸਮੇਂ ਜਦੋਂ ਪੰਜਾਬ ਭਰ ਵਿੱਚ ਇੱਕ ਪੁਨਰ ਜਾਗ੍ਰਿਤੀ ਵਾਲਾ ਅੰਦੋਲਨ ਚੱਲ ਰਿਹਾ ਹੋਵੇ, ਲੜਾਈ ਹੋਂਦ ਦੀ ਹੋਵੇ, ਖਿੱਤੇ ਨੇ ਦਿੱਲੀ ਦੇ ਤਖ਼ਤ ਨਾਲ ਟੱਕਰ ਲਈ ਹੋਵੇ ਤਾਂ ਕੀ ਇਹ ਸਿਆਸੀ ਪਾਰਟੀਆਂ ਨੂੰ ਜ਼ੇਬ ਦੇਂਦਾ ਹੈ ਕਿ ਉਹ ਸਿਆਸਤ ਦੇ ਸਵਾਲਾਂ ਨੂੰ ਇਸ ਹੱਦ ਤਕ ਮਨਫ਼ੀ ਕਰ ਦੇਣ ਕਿ ਕੋਈ ਨਾਰਾਜ਼ ਕ੍ਰਿਕਟਰ ਤੋਂ ਸਿਆਸਤੀ ਬਣਿਆ ਕੀ ਪੈਂਤੜਾ ਲਵੇਗਾ, ਜਾਂ ਕਿਹੜੀ ਪਾਰਟੀ ਸਿੱਖ ਚਿਹਰੇ ਜਾਂ ਦਲਿੱਤ ਚਿਹਰੇ ਵਾਲੀ ਖੇਡ ਖੇਡ ਜਾਵੇਗੀ? ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਬਹਿਸ ਨੂੰ ਸ਼ਖ਼ਸੀਅਤਾਂ ਦੀ ਲੜਾਈ ਅਤੇ ਵੋਟਾਂ ਦੇ ਜਮ੍ਹਾਂ ਘਟਾਓ ਦੇ ਤੌਰ ਉੱਤੇ ਪੇਸ਼ ਕਰ ਕੇ ਵੱਡੀ ਗ਼ਲਤੀ ਕਰ ਰਹੀਆਂ ਹਨ। ਉਹਨਾਂ ਦੀ ਆਪਣੀ ਹੋਂਦ, ਸਾਖ਼ ਅਤੇ ਰਾਜਨੀਤਿਕ ਹੈਸੀਅਤ ਲਈ ਜ਼ਰੂਰੀ ਹੈ ਕਿ ਉਹ ਇਸ ਅੰਦੋਲਨ ਦੀ ਤਾਸੀਰ ਨੂੰ ਸਮਝਣ, ਵਕਤ ਦੀਆਂ ਹਾਣੀ ਬਣਨ। -ਸੰਪਾਦਕ, ਵਰਲਡ ਸਿੱਖ ਨਿਊਜ਼
ਕੇਵਲ ਸੱਤਾ ਪ੍ਰਾਪਤੀ ਵਾਲੀ ਸਿਆਸਤ ਨੂੰ ਤੱਜ, ਮਹੀਨਿਆਂ ਤੋਂ ਵਡੇਰੀ ਲੋਕ ਹਿੱਤਾਂ ਵਾਲੀ ਸਿਆਸਤ ਨਾਲ ਆਪਣੇ ਆਪ ਨੂੰ ਵਾਬਸਤਾ ਕਰਦੀ ਖ਼ਲਕਤ ਨਿੱਠ ਕੇ ਇਕ ਐਸੇ ਅੰਦੋਲਨ ਵਿੱਚ ਸ਼ਿਰਕਤ ਕਰ ਰਹੀ ਹੈ ਜਿਸਨੂੰ ਪੂਰਾ ਦੇਸ਼ ਗਹੁ ਨਾਲ ਤੱਕ ਰਿਹਾ ਹੈ ਅਤੇ ਜਿਸ ਨੂੰ ਖਿੱਤੇ ਵਿਚ ਨਿਸ਼ਚਿਤ ਤੌਰ ਉੱਤੇ ਪੁਨਰ-ਜਾਗ੍ਰਿਤੀ (renaissance) ਵਾਲੀ ਲਹਿਰ ਵਜੋਂ ਸਮਝਿਆ ਵਾਚਿਆ ਜਾ ਰਿਹਾ ਹੈ।
ਅੰਦੋਲਨ ਕੁਝ ਮਖ਼ਸੂਸ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਇਹਦੀ ਲੀਡਰਸ਼ਿਪ ਦੀ ਸਫ਼ਲਤਾ ਉਨ੍ਹਾਂ ਗਿਣਤੀ ਦੀਆਂ ਮੰਗਾਂ ਤੋਂ ਟੱਸ ਤੋਂ ਮੱਸ ਨਾ ਹੋਣ ਵਿੱਚ ਦੱਸੀ ਜਾ ਰਹੀ ਹੈ ਪਰ ਇਹ ਹੁਣ ਰੋਜ਼-ਏ-ਰੌਸ਼ਨ ਵਾਂਗ ਅਇਆਂ ਹੈ ਕਿ ਸਾਡੀ ਰਾਜਨੀਤੀ, ਸਮਾਜ ਅਤੇ ਜੀਵਨ ਦਾ ਹਰ ਪੱਖ ਇਸ ਅੰਦੋਲਨ ਦਾ ਅਸਰ ਕਬੂਲ ਕਰ ਰਿਹਾ ਹੈ।
ਜਿਹੜੀ ਮੁੰਡੀਹਰ ਲੱਚਰ ਗੀਤ ਸੁਣਿਆ ਕਰਦੀ ਸੀ, ਹੁਣ ਉਸੇ ਲੱਚਰਤਾ ਨੂੰ ਸਵਾਲ ਕਰਦੀ ਹੈ। ਜਿਸ ਨੌਜਵਾਨ ਵਰਗ ਉੱਤੇ ਤੌਹਮਤ ਲੱਗਦੀ ਸੀ ਕਿ ਉਹ ਰਾਜਨੀਤੀ ਤੋਂ ਉਪਰਾਮ ਹੋ ਗਿਆ ਹੈ, ਉਸ ਨੇ ਸਿਆਸੀ ਵਿਚਾਰਧਾਰਾ ਤੋਂ ਕਿਨਾਰਾ ਕਰ ਲਿਆ ਹੈ, depoliticise ਹੋ ਗਿਆ ਹੈ, ਉਹ ਹੁਣ ਰਾਜਨੀਤੀ ਉੱਤੇ ਬਾਰੀਕ ਸਵਾਲ ਚੁੱਕਦਾ ਹੈ, ਤਫ਼ਸੀਲੀ ਬਹਿਸ ਵਿੱਚ ਉਲਝਦਾ ਹੈ। ਜਿਹੜੇ ਅਖ਼ਬਾਰੀ ਪੰਨੇ ਕਿਤਾਬਾਂ ਪੜ੍ਹਨ ਦੀ ਰੁਚੀ ਦੇ ਮਰਸੀਏ ਨਾਲ ਭਰੇ ਹੁੰਦੇ ਸਨ, ਅੱਜ ਪੰਜਾਬ ਦੇ ਪਿੰਡਾਂ ਅਤੇ ਸਿੰਘੂ-ਟਿੱਕਰੀ ਦੀਆਂ ਬਰੂਹਾਂ ’ਤੇ ਉੱਗ ਆਈਆਂ ਲਾਇਬਰੇਰੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰੇ ਹੁੰਦੇ ਹਨ।
ਪੰਜਾਬੀ ਔਰਤ ਅੱਜ ਪਿੜ ਵਿੱਚ ਹੈ, ਘੋਲ ਉਹਦੇ ਹੌਸਲੇ ’ਤੇ ਖੜ੍ਹਾ ਹੈ। ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਰਾਜਨੀਤੀ ਬਾਰੇ ਖੁੰਢ-ਚਰਚਾ ਕਰਨ ਦਾ ਨਸ਼ਾ ਚੜ੍ਹਿਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਜਿਧਰ ਵੇਖੋ, ਸੱਥ ਸਜੀ ਹੋਈ ਹੈ। ਵੈੱਬੀਨਾਰਾਂ ਦੀ ਝੜੀ ਖ਼ਤਮ ਨਹੀਂ ਹੁੰਦੀ, ਪੰਜਾਬ ਬਾਰੇ ਗੱਲ ਕਰਦੇ ਯੂਟਿਊਬ ਚੈਨਲਾਂ ਦੀ ਛਹਿਬਰ ਨੇ ਰੰਗ ਲਾਏ ਪਏ ਹਨ।
ਕਿਸੇ ਕੌਮ ਦਾ ਇੰਨੇ ਵੱਡੇ ਅਤੇ ਡੂੰਘੀ ਪੱਧਰ ’ਤੇ ਰਾਜਨੀਤੀਕਰਨ ਕਰਨ ਲਈ ਵਰ੍ਹੇ, ਦਹਾਕੇ ਲੱਗ ਜਾਂਦੇ ਹਨ। ਅੱਜ ਪੰਜਾਬ ਦਾ ਹਰ ਵੋਟਰ ਸਮਰੱਥਾ, ਸਮਝ ਅਤੇ ਪਹੁੰਚ ਅਨੁਸਾਰ ਰਾਜਨੀਤੀ ਨਾਲ ਸੁਚੇਤ ਤੌਰ ਉੱਤੇ ਜੁੜਿਆ ਹੋਇਆ ਹੈ ਅਤੇ ਵਾਹ ਲੱਗਦਿਆਂ ਇਸ ਸਮਰੱਥਾ, ਸਮਝ ਅਤੇ ਪਹੁੰਚ ਨੂੰ ਵਸੀਹ ਕਰਨਾ ਚਾਹ ਰਿਹਾ ਹੈ।
ਕੇਵਲ ਸੱਤਾ ਪ੍ਰਾਪਤੀ ਦੀ ਦੌੜ ਵਿੱਚ ਗ੍ਰਸੀਆਂ ਰਵਾਇਤੀ ਰਾਜਨੀਤਕ ਪਾਰਟੀਆਂ ਲਈ ਇਹ ਭਿਆਨਕ ਮੰਜ਼ਰ ਹੈ। ਇਨ੍ਹਾਂ ਪਾਰਟੀਆਂ ਨੇ ਤੂਫ਼ਾਨ ਵਾਂਗ ਆਈ ਇਸ ਚੇਤਨਾ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਣ, ਤੇਜ਼ੀ ਨਾਲ ਬਦਲਦੇ ਵਡੇਰੇ ਲੋਕ ਸਮੂਹ ਦੇ ਹਮਕਦਮ ਹੋਣ ਅਤੇ ਆਪਣੇ ਸਮਿਆਂ ਦੀ ਰਾਜਨੀਤੀ ਦੇ ਹਾਣੀ ਹੋਣ ਲਈ ਕੋਈ ਯਤਨ ਨਹੀਂ ਕੀਤਾ, ਮੱਥਾ ਨਹੀਂ ਮਾਰਿਆ, ਬੁੱਤਾ ਤੱਕ ਨਹੀਂ ਸਾਰਿਆ।
ਸਿੱਟੇ ਵਜੋਂ ਇੱਕ ਵੱਡਾ ਪਾੜਾ ਦਿਸਹੱਦੇ ਉੱਤੇ ਨਜ਼ਰ ਆ ਰਿਹਾ ਹੈ ਜਿੱਥੇ ਲੋਕ ਇੱਕ ਪੁਨਰ-ਜਾਗ੍ਰਿਤੀ ਵਾਲੇ ਅੰਦੋਲਨ ਵਿੱਚ ਸ਼ਰੀਕ ਹਨ ਅਤੇ ਉਨ੍ਹਾਂ ਦੀ ਨੁਮਾਇੰਦਗੀ ਦਾ ਦਮ ਭਰਦੀਆਂ ਸਿਆਸੀ ਪਾਰਟੀਆਂ ਦਹਾਕਿਆਂ ਪੁਰਾਣੀ ਰਵਾਇਤੀ ਹਿੱਸਾਪੱਤੀ ਵੰਡਣ ਵਾਲੀ ਸਿਆਸਤ ਵਿੱਚ ਗਲਤਾਨ ਹਨ।
ਇਤਿਹਾਸ ਵਿਚ ਅਜਿਹਾ ਪਾੜਾ ਕਿਸੇ ਸੁਖਾਵੇਂ ਮੋੜ ਵੱਲ ਵੀ ਲਿਜਾ ਸਕਦਾ ਹੈ ਜਿੱਥੇ ਕੋਈ ਨਵੀਂ ਲੋਕ ਹਿੱਤਕਾਰੀ ਸਿਆਸਤ, ਜਮਾਤ, ਪਾਰਟੀ ਜਾਂ ਨਜ਼ਰੀਆ ਨਵੇਂ ਸਮਿਆਂ ਦੇ ਹਾਣ ਦੀ ਰਾਜਨੀਤੀ ਪੈਦਾ ਕਰਨ ਦੀ ਕੁੱਵਤ ਰੱਖੇ ਜਾਂ ਸਮਾਜ ਨੂੰ ਰਾਜਨੀਤਕ ਖੱਪੇ ਵਾਲੀ ਕਿਸੇ ਖਾਈ ਵਿੱਚ ਵੀ ਸੁੱਟ ਸਕਦਾ ਹੈ ਜਿੱਥੇ ਲੋਕ ਅੱਗੇ ਵਧ ਗਏ ਹੋਣ, ਸਿਆਸਤ ਪਿੱਛੇ ਰਹਿ ਜਾਵੇ ਅਤੇ ਖਿੱਤਾ ਕਾਬੂ ਤੋਂ ਬਾਹਰ ਹੋ ਜਾਵੇ ਕਿਉਂਕਿ ਸਮਾਜ ਨੂੰ ਫਾਡੀ ਰਹਿ ਗਿਆਂ ਦੀ ਲੀਡਰਸ਼ਿਪ/ਅਗਵਾਈ ਮਨਜ਼ੂਰ ਨਾ ਹੋਵੇ ਅਤੇ ਨਵੀਂ ਸਿਆਸੀ ਜਮਾਤ ਅਜੇ ਉੱਭਰੀ ਨਾ ਹੋਵੇ।
ਪੰਜਾਬ ਅੱਜ ਇਸ ਚਿੰਤਾਜਨਕ ਮੁਹਾਣੇ ’ਤੇ ਖੜ੍ਹਾ ਹੈ। ਕੇਂਦਰ ਅਤੇ ਡਾਢੀ ਲੀਡਰਸ਼ਿਪ ਨੇ ਇਹਦੇ ਨਾਲ ਕੀ ਕਰਨਾ ਹੈ, ਇਹ ਤਾਂ ਵਕਤ ਦੱਸੇਗਾ ਪਰ ਇਸ ਦੀ ਆਪਣੀ ਸਿਆਸੀ ਲੀਡਰਸ਼ਿਪ ਨੇ ਪੰਜਾਬ ਨਾਲ ਕਿੰਨੀ ਵਫ਼ਾ ਕਮਾਈ, ਇਹ ਹਾਲੀਆ ਦਿਨਾਂ ਦੀਆਂ ਅਖ਼ਬਾਰੀ ਸੁਰਖੀਆਂ ਵਿਚ ਦਰਜ ਹੋ ਰਿਹਾ ਹੈ।
ਅੰਦੋਲਨ ਭਾਵੇਂ ਤਿੰਨ ਖੇਤੀ ਬਿੱਲਾਂ ਤਕ ਮਹਿਦੂਦ ਹੈ ਪਰ ਸਾਡੀ ਰਾਜਨੀਤਕ, ਸਮਾਜਕ, ਜਨਤਕ ਜ਼ਿੰਦਗੀ ਦੇ ਜਿਹੜੇ ਪੱਖਾਂ ਨੂੰ ਇਸ ਨੇ ਉਜਾਗਰ ਕੀਤਾ ਹੈ, ਉਹਦੇ ਨਾਲ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਕਿਵੇਂ ਨਿਭ ਰਹੀ ਹੈ?
ਬਿਲ ਤਾਂ ਜਾਂ ਵਾਪਸ ਹੋ ਜਾਣਗੇ ਜਾਂ ਕੋਈ ਹੋਰ ਵਿਚਕਾਰਲਾ ਰਸਤਾ ਨਿਕਲ ਆਵੇਗਾ; ਅੰਦੋਲਨ ਹੋਰ ਵਸੀਹ ਹੋ ਜਾਵੇਗਾ ਜਾਂ ਭੀੜਾਂ ਨਿਰਾਸ਼ ਮੁੜ ਆਉਣਗੀਆਂ ਪਰ ਅਤਿ ਦੇ ਰਾਜਨੀਤੀਕਰਨ ’ਚੋਂ ਲੰਘੀ ਖ਼ਲਕਤ ਸਵਾਲ ਪੁੱਛੇਗੀ ਕਿ ਕੁਦਰਤ ਨਾਲ ਤਾਲਮੇਲ ਅਤੇ ਸੁਮੇਲ ਰੱਖਦੀ ਖੇਤੀ, ਕਿਸਾਨੀ, ਵਿਕਾਸ ਬਾਰੇ ਇਨ੍ਹਾਂ ਰਾਜਨੀਤਕ ਪਾਰਟੀਆਂ ਦੀ ਪਹੁੰਚ ਕੀ ਸੀ? ਕਾਂਗਰਸ ਨੇ ਕੇਂਦਰ-ਰਾਜ ਸਬੰਧਾਂ ਵਿੱਚ ਆਈਆਂ ਦਰਾੜਾਂ ਅਤੇ ਵਫ਼ਾਕੀ (ਫੈਡਰਲ) ਧੱਕੇਸ਼ਾਹੀਆਂ ਖ਼ਿਲਾਫ਼ ਲੜਾਈ ਕਿੱਥੇ ਵਿੱਢੀ? ਅਕਾਲੀ ਦਲ ਨੇ ਆਪਣੇ ਸ਼ਾਨਾਂਮੱਤੇ ਇਤਿਹਾਸ ਨਾਲ ਕਿੰਨੀ ਵਫ਼ਾ ਨਿਭਾਈ, ਕਿੰਨੀ ਬੇਵਫ਼ਾਈ ਕਮਾਈ? ਅਤੇ ਆਮ ਆਦਮੀ ਪਾਰਟੀ ਨੇ ਕਿਵੇਂ ਨਵੇਂ ਸੁਫ਼ਨੇ ਬੀਜ ਫਿਰ ਰਵਾਇਤੀ ਪਾਰਟੀਆਂ ਦੀ ਹੀ ਅੱਕਾਸੀ ਕਰਦਿਆਂ ਉਨ੍ਹਾਂ ਸੁਫ਼ਨਿਆਂ ਦਾ ਗਰਭ ਵਿਚ ਹੀ ਕਿਵੇਂ ਖ਼ੂਨ ਕੀਤਾ?
ਜਿਹੜਾ ਜ਼ਰਾਇਤੀ ਸਮਾਜ ਹੋਂਦ ਦੇ ਸਵਾਲਾਂ ਨਾਲ ਲੜ ਰਿਹਾ ਹੋਵੇ, ਉੱਥੇ ਜਾਂ ਤਾਂ ਪਿੰਡ ਬਚੇਗਾ ਜਾਂ ਕਿਸੇ ਝੂਠੀ ਤਰੱਕੀ ਦਾ ਅਲਮੀਆ/ਬਿਰਤਾਂਤ/ਚੋਣ ਮਨੋਰਥ ਪੱਤਰ ਉਹਨੂੰ ਨਿਗਲ ਜਾਵੇਗਾ ਪਰ ਇਹ ਸਵਾਲ ਸਦਾ ਹਵਾ ਵਿੱਚ ਲਟਕਦਾ ਰਹੇਗਾ ਕਿ ਕਿਹੜੀ ਧਿਰ ਪਿੰਡ ਦੇ ਨਾਲ ਖੜ੍ਹੀ ਸੀ ਅਤੇ ਕਿਹੜੀ ਕੇਵਲ ਵਕਤੀ ਤੌਰ ’ਤੇ ਲਾਹਾ ਲੈਣਾ ਚਾਹ ਰਹੀ ਸੀ, ਸਿਆਸੀ ਮੁਸਤਫ਼ੀਦ ਹੋਣਾ ਲੋਚ ਰਹੀ ਸੀ।
ਅੱਜ ਹਰ ਕੋਈ ਨਜ਼ਰ ਵਿੱਚ ਹੈ। ਕੋਈ ਵੀ ਸ਼ੋਹਬਾ ਜਾਂ ਧਿਰ ਵਿਸ਼ਲੇਸ਼ਣ ਜਾਂ ਤਰਜੀਹੇ ਦੀ ਮਾਰ ਤੋਂ ਬਾਹਰ ਨਹੀਂ। ਪੰਜਾਬ ਦੀਆਂ ਯੂਨੀਵਰਸਿਟੀਆਂ, ਇਹਦੇ ਅਧਿਆਪਕ ਪ੍ਰੋਫ਼ੈਸਰ, ਇਹਦੇ ਧਾਰਮਿਕ ਆਗੂ, ਇਹਦੇ ਡਾਕਟਰ, ਪੇਸ਼ੇਵਰ ਲੋਕ, ਵਪਾਰੀ ਵਰਗ – ਸਭ ਤੋਲੇ, ਪਰਖੇ, ਪੜ੍ਹੇ, ਵਾਚੇ ਜਾਣਗੇ। ਇਹਦੇ ਪੱਤਰਕਾਰ, ਜਿਨ੍ਹਾਂ ਨੂੰ ਹਰ ਧਿਰ, ਜਮਾਤ, ਮਸਲੇ ਉੱਤੇ ਆਲੋਚਨਾ (ਤਨਕੀਦ) ਦਾ ਲਾਇਸੈਂਸ ਮਿਲਿਆ ਹੋਇਆ ਹੈ, ਹੁਣ ਹਜ਼ਾਰਾਂ ਲੱਖਾਂ ਸੱਥਾਂ ਵਿੱਚ ਪੁਣੇ ਛਾਣੇ ਜਾਣਗੇ। ਉਹ ਜਿਹੜੀ ਵੈਬਿਨਾਰਾਂ ਤੇ ਯੂਟਿਊਬ ਚੈਨਲਾਂ ਦੀ ਛਹਿਬਰ ਲੱਗੀ ਹੋਈ ਹੈ, ਉਹ ਤੁਹਾਨੂੰ ਸੁੱਕਾ ਜਾਣ ਦੇਵੇਗੀ?
ਸਿਆਸੀ ਪਾਰਟੀਆਂ ਬਹਿਸ ਨੂੰ ਸ਼ਖ਼ਸੀਅਤਾਂ ਦੀ ਲੜਾਈ ਅਤੇ ਵੋਟਾਂ ਦੇ ਜਮ੍ਹਾਂ ਘਟਾਓ ਦੇ ਤੌਰ ਉੱਤੇ ਪੇਸ਼ ਕਰ ਕੇ ਵੱਡੀ ਗ਼ਲਤੀ ਕਰ ਰਹੀਆਂ ਹਨ। ਸਿੱਖ ਚਿਹਰਾ, ਦਲਿਤ ਚਿਹਰਾ, ਕਿਹੜੇ ਚਿਹਰੇ ਨੂੰ ਪਾਰਟੀ ਦੀ ਪ੍ਰਧਾਨਗੀ ਅਤੇ ਕਿਹੜੇ ਚਿਹਰੇ ਦੇ ਇੱਕ ਪਾਰਟੀ ’ਚੋਂ ਦੂਜੀ ਵਿੱਚ ਜਾਣ ਨਾਲ ਵੋਟ ਵਧੇਗੀ ਜਾਂ ਘਟੇਗੀ, ਇਸ ਪਹੁੰਚ ਨਾਲ ਕਿਸੇ ਨੂੰ 2022 ਵਿੱਚ ਸੱਤਾ ਦੀ ਪ੍ਰਾਪਤੀ ਵਿੱਚ ਕੁਝ ਮਦਦ ਤਾਂ ਭਾਵੇਂ ਮਿਲ ਜਾਵੇ ਪਰ ਭਵਿੱਖ ਨੂੰ ਦਿਖਾਉਣ ਜੋਗਾ ਮੂੰਹ ਨਹੀਂ ਬਚੇਗਾ।
ਰਾਜਨੀਤੀ ਦੇ ਚੰਗੇ ਸ਼ਾਸਤਰੀ ਜਾਣਦੇ ਹਨ ਕਿ ਸਭ ਤੋਂ ਵਧੇਰੇ ਖ਼ੌਫ਼ ਉਨ੍ਹਾਂ ਤਾਕਤਾਂ ਦਾ ਹੁੰਦਾ ਹੈ ਜਿਹੜੀਆਂ ਵਕਤੀ ਛੱਡ ਲੰਬੀ ਦੂਰੀ ਦੀ ਖੇਡ ਖੇਡਦੀਆਂ ਹਨ। ਵਾਕਿਫ਼ਾਨੇ-ਹਾਲ ਦੱਸਦੇ ਹਨ ਕਿ ਕਿਸੇ ਵੀ ਪੁਨਰ-ਜਾਗ੍ਰਿਤੀ ਵਾਲੇ ਅੰਦੋਲਨ ਦਾ ਮਕਸਦ ਜਾਂ ਹਦਫ਼ ਅਗਲੇ ਕੁਝ ਮਹੀਨਿਆਂ ਵਿੱਚ ਪੈਣ ਵਾਲੀਆਂ ਵੋਟਾਂ ਨਹੀਂ ਬਲਕਿ ਸੰਪੂਰਨਤਾ ਵਿੱਚ ਹੀ ਇੱਕ ਵੱਖਰੇ ਭਵਿੱਖ ਦਾ ਨਿਰਮਾਣ ਹੁੰਦਾ ਹੈ।
ਜਿਨ੍ਹਾਂ ਨੂੰ ਜਾਪਦਾ ਹੈ ਕਿ ਅੱਜ ਦਾ ਬਹੁਤ ਤਾਕਤਵਰ ਸਦਾ ਸੱਤਾ ਨੂੰ ਹੱਥ ਪਾਈ ਰੱਖੇਗਾ, ਉਹ ਗੁਆਂਢ ਵਿੱਚ ਕਿਸੇ ਮੁਲਕ ਵਿੱਚੋਂ ਦੁਨੀਆ ਦੀ ਇੱਕ ਮਹਾਂਸ਼ਕਤੀ ਨੂੰ ਦਰ-ਬਦਰ ਹੁੰਦਿਆਂ ਵੇਖ ਲੈਣ। ਵਕ਼ਤ, ਸਮਝਸਾਜ਼ੀ, ਰਾਜਨੀਤੀਕਰਨ ਅਤੇ ਜਾਗ ਉੱਠਣ ਦੀ ਪ੍ਰਕਿਰਿਆ ਨੇ ਯੁੱਗ ਬਦਲੇ ਹਨ। ਇੱਥੇ ਤਾਂ ਸਿਰਫ਼ ਕਿਸੇ ਕਪਤਾਨ, ਕਿਸੇ ਪ੍ਰਧਾਨ, ਕਿਸੇ ਆਪੂੰ-ਬਣੇ ਪਹਿਲਵਾਨ ਦੀ ਛੋਟੀ ਜਿਹੀ ਖੇਡ ਹੈ। ਜੇ ਉਨ੍ਹਾਂ ਲਈ ਵੋਟਾਂ ਪੈ ਰਹੀਆਂ ਹਨ ਤਾਂ ਨਾਲ ਨਾਲ ਹੋਰ ਵੀ ਵੱਡੀਆਂ ਲੜਾਈਆਂ, ਫ਼ੈਸਲਿਆਂ, ਸੰਕਲਪਾਂ ਦੀਆਂ ਘੜੀਆਂ ਆ ਰਹੀਆਂ ਹਨ। ਜਿੱਤਾਂ ਹਾਰਾਂ ਵਾਚਦੇ ਰਹਿਣਾ, ਲੜਾਈਆਂ ਗਹਿਗੱਚ ਹੋਣਗੀਆਂ, ਇਹ ਵਾਅਦਾ ਹੈ।
ਲੇਖਕ ਐੱਸ ਪੀ ਸਿੰਘ ਸੀਨੀਅਰ ਪੱਤਰਕਾਰ ਹੈ ਅਤੇ ਵੋਟ-ਯੁੱਧਾਂ ਵਿੱਚ ਉਤਰਦੀਆਂ ਵੱਡੀਆਂ ਰਾਜਨੀਤਕ ਸ਼ਖ਼ਸੀਅਤਾਂ ਦੇ ਖੇਖਣ ਵਿਵਹਾਰ ਨੂੰ ਵੇਖ ਉਨ੍ਹਾਂ ਦੇ ਬੌਣੇ ਕੱਦਾਂ ਉੱਤੇ ਹੈਰਾਨ ਹੈ।