ਸ਼ੁਕਰਗੁਜ਼ਾਰ ਸਿੱਖ ਕੌਮ ਕਾਬੁਲ ਦੇ ਮਰਹਮ ਅਲੀ ਸ਼ਗਾਸੀ ਨੂੰ ਕਦੇ ਨਹੀਂ ਭੁੱਲ ਸਕਦੀ
ਮਰਹਮ ਅਲੀ ਸ਼ਗਾਸੀ ਨੇ ਗੁਰਦੁਆਰਾ ਗੁਰੂ ਹਰਿ ਰਾਇ ‘ਤੇ ਹੋਏ ਹਮਲੇ ਵਿੱਚ ਸਭ ਤੋਂ ਪਹਿਲਾਂ ਬੰਦੂਕਧਾਰੀ ਦਹਿਸ਼ਤਗਰਦ ਨੂੰ ਰੋਕਿਆ ਪਰ ਉਸ ਨੇ ਸਭ ਤੋਂ ਪਹਿਲਾਂ ਉਸਨੂੰ ਹੀ ਮਾਰ ਦਿੱਤਾ। ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵੇਲੇ ਧੰਨਵਾਦ ਤੇ ਹਮਦਰਦੀ ਸਾਂਝੀ ਕਰਦਾ ਇੱਕ ਖੁੱਲਾ ਖ਼ਤ ਮਰਹਮ ਅਲੀ ਸ਼ਗਾਸੀ ਦੇ ਸਪੁੱਤਰ ਅਬਦੁਲ ਵਾਹਿਦ ਦੇ ਨਾਂ ਲਿਖ ਕੇ ਕ੍ਰਿਤਘਣਤਾ ਜਤਾਈ ਹੈ ਅਤੇ ਇਨਸਾਨੀਅਤ ਦੇ ਪੈਗਾਮ ਨੂੰ ਦਹੁਰਾਇਆ ਹੈ।ਅਫਗਾਨੀ ਸਿੱਖਾਂ ਦੇ ਹੱਕਾਂ ਦਾ ਪ੍ਰਚਾਰ ਕਰਦਿਆਂ ਹੋਇਆਂ ਲੇਖਕ ਨੂੰ ਫਿਕਰ ਹੈ ਮਰਹਮ ਅਲੀ ਸ਼ਗਾਸੀ ਦੇ ਪਰਿਵਾਰ ਦੀ ਜੋ ਕਿ ਸਿੱਖਾਂ ਦਾ ਇੱਕ ਸੱਚਾ ਦੋਸਤ ਸੀ ਤੇ ਜਿਸਨੂੰ ਗੁਰਦੁਆਰਾ ਸਾਹਿਬ ਵਿੱਚ ਰਹਿਣਾ ਪਸੰਦ ਸੀ। ਉਹ ਮਰਹਮ ਅਲੀ ਸ਼ਗਾਸੀ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਇਹ ਦਹੁਰਾਂਉਂਦੇ ਹਨ ਕਿ ਕੱਟੜਪੰਥੀ, ਜ਼ਾਲਮ ਅਤੇ ਨਫਰਤ ਫੈਲਾਉਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ।
ਬਰਖੁਰਦਾਰ ਅਜ਼ੀਜ਼ ਅਬਦੁੱਲ ਵਾਹਿਦ ਸ਼ਗਾਸੀ: ਬੜ੍ਹੀ ਦਿਲੀ ਮੁਹਬਤ ਨਾਲ -ਆਦਾਬ! ਚਾਰ ਹਫਤੇ ਪਹਿਲਾਂ, ਤੁਹਾਡੇ ਧਰਮੀ ਤੇ ਨਮਾਜ਼ੀ ਪਿਤਾ – ਮਰਹਮ ਅਲੀ ਸ਼ਗਾਸੀ ਕਾਬੁਲ ਦੇ ਗੁਰਦੁਆਰਾ ਗੁਰੂ ਹਰਿ ਰਾਇ ਵਿੱਚ ਇੱਕ ਨਫਰਤ ਦੇ ਸੌਦਾਗਰ ਵੱਲੋਂ ਕੀਤੀ ਗੋਲੀਬਾਰੀ ਵਿੱਚ ੨੫ ਸਿੱਖ ਭਰਾਵਾਂ, ਬੀਬੀਆਂ ਤੇ ਇੱਕ ਬੱਚੇ ਦੇ ਨਾਲ ਮਾਰੇ ਗਏ। ਮੈਂ ਇਹ ਖੁੱਲਾ ਖ਼ਤ ਇਹ ਦਰਸਾਉਣ ਲਈ ਲਿਖ ਰਿਹਾ ਹਾਂ ਕਿ ਤੁਹਾਡੇ ਪਿਤਾ ਨੂੰ ਸਿੱਖ ਕੌਮ ਹਮੇਸ਼ਾਂ ਹੀ ਧਾਰਮਿਕ ਅਸਥਾਨ ਦੀ ਰਾਖੀ ਕਰਨ ਵਾਲੇ ਵਜੋਂ ਯਾਦ ਰੱਖੇਗੀ।
ਜਦੋਂ ੨੫ ਮਾਰਚ ੨੦੨੦ ਦੇ ਹਮਲੇ ਦਾ ਇਤਿਹਾਸ ਦਰਜ ਹੋਵੇਗਾ, ਸ਼ੁਕਰਗੁਜ਼ਾਰ ਸਿੱਖ ਭਾਈਚਾਰਾ ਤੁਹਾਡੇ ਪਿਤਾ ਦੀ ਕੁਰਬਾਨੀ ਨੂੰ ਵੀ ਯਾਦ ਰੱਖੇਗਾ ਤੇ ਉਸਦੀ ਦੇਣ ਦਰਜ ਕਰੇਗਾ। ਇਤਿਹਾਸ ਇਹ ਵੀ ਦਸੇਗਾ ਕਿ ਮਰਹਮ ਅਲੀ ਸ਼ਗਾਸੀ ਦਾ ਅਫਗਾਨੀ ਸਿੱਖ ਅਤੇ ਹਿੰਦੂ ਭਾਈਚਾਰੇ ਨਾਲ ਬੜਾ ਪਿਆਰਾ ਤੇ ਡੂੰਘਾ ਰਿਸ਼ਤਾ ਸੀ।
ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਫਗਾਨੀ ਸਿੱਖਾਂ ਦੀ ਸੁਰੱਖਿਆ ਅਤੇ ਮੁੜ ਵਸੇਬੇ ਲਈ ਸਮਰਪਿਤ ਸਿੱਖ ਜੱਥੇਬੰਦੀਆਂ ਤੁਹਾਡੇ ਪਰਿਵਾਰ ਦੀ ਦੇਖਭਾਲ ਵੀ ਜ਼ਰੂਰ ਕਰਨਗੀਆਂ। ਮਨੁੱਖਤਾਵਾਦੀ ਸਿੱਖ ਅਦਾਰੇ ਤੁਹਾਡੇ ਪਰਿਵਾਰ ਨੂੰ ਇੱਜ਼ਤ, ਰਾਹਤ ਤੇ ਮੁੜ ਵਸੇਬੇ ਦੇ ਸਾਧਨ ਮੁਹੱਈਆ ਕਰਨ ਲਈ ਜ਼ਰੂਰ ਪਹਿਲਕਦਮੀ ਕਰਨਗੇ।
ਇਤਿਹਾਸ ਸਿੱਖ-ਮੁਸਲਮਾਨ ਧਾਰਮਕ ਅਤੇ ਸਿਆਸੀ ਭਾਈਚਾਰੇ ਦੇ ਸੱਚੇ ਕਿੱਸਿਆਂ ਤੇ ਸਿੱਖਾਂ ਲਈ ਹੱਕ-ਨਿਆਂ ਲਈ ਡਟੇ ਮੁਸਲਮਾਨ ਅਤੇ ਇਸਲਾਮੀ ਸਮਾਜ ਦੇ ਕਾਰਜਾਂ ਪ੍ਰਤੀ ਧੰਨਵਾਦ ਦੀਆਂ ਸਾਖੀਆਂ ਨਾਲ ਭਰਿਆ ਹੋਇਆ ਹੈ। ਜਿਵੇਂ ਕਿ ਲੇਖਕ ਇੰਦਰਜੀਤ ਸਿੰਘ ਆਪਣੀ ਮਸ਼ਹੂਰ ਕਿਤਾਬ -Afghan Hindus and Sikhs -History of 1000 years – ਵਿੱਚ ਦੱਸਦੇ ਹਨ ਕਿ ਅਫਗਾਨਿਸਤਾਨ ਦੇ ਸਿੱਖ ਬੜੇ ਪਿਆਰ ਤੇ ਸਤਿਕਾਰ ਨਾਲ ਯਾਦ ਕਰਦੇ ਹਨ ਕਿ ਜਦੋਂ ੧੯੫੪ ਵਿੱਚ ਨੰਗਹਰ ਦੀ ਸੂਬਾ ਸਰਕਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਆਲੇ-ਦਵਾਲੇ ਸੜਕ ਦਾ ਨਵੀਨੀਕਰਣ ਕਰਨਾ ਚਾਹੁੰਦੀ ਸੀ ਤੇ ਸੂਬੇ ਦੇ ਅਧਿਕਾਰੀ ਇਤਿਹਾਸਿਕ ਗੁਰਦੁਆਰੇ ਨੂੰ ਢਾਹ ਕੇ ਸਿੱਖਾਂ ਨੂੰ ਗੁਰਦੁਆਰੇ ਲਈ ਕੋਈ ਦੂਜੀ ਥਾਂ ਦੇਣਾ ਚਾਹੁੰਦੇ ਸਨ। ਉਸ ਵੇਲੇ ਦੇ ਅਫਗਾਨਿਸਤਾਨ ਦੇ ਬਾਦਸ਼ਾਹ ਜ਼ਹੀਰ ਸ਼ਾਹ ਨੇ ਸਿੱਖਾਂ ਦੀ ਗੁਜ਼ਾਰਿਸ਼ ਸੁਣ ਕੇ ਸ਼ਾਹੀ ਹੁਕਮਾਂ ਰਾਹੀ ਸੂਬਾਈ ਹੁਕਮ ਖਾਰਿਜ ਕਰ ਦਿੱਤੇ ਸਨ।
ਜੋ ਥੋੜ੍ਹੇ ਜਿਹੇ ਸਿੱਖ ਹੁਣ ਕਾਬੁਲ, ਜ਼ਲਾਲਾਬਾਦ ਅਤੇ ਗਜ਼ਨੀ ਵਿਚ ਰਹਿ ਰਹੇ ਹਨ, ਬੇਸ਼ਕ ਅਪਣੀਆਂ ਜ਼ਿੰਦਗੀਆ ਤੇ ਇਤਿਹਾਸਿਕ ਗੁਰਦੁਆਰਿਆਂ ਲਈ ਫਿਕਰਮੰਦ ਹਨ ਫਿਰ ਵੀ ਇਹ ਉਮੀਦ ਰੱਖਦੇ ਹਨ ਜੇ ਸਾਰੇ ਸਿੱਖ ਵੀ ਅਫਗਾਨਿਸਤਾਨ ਨੂੰ ਛੱਡ ਗਏ ਤਾਂ ਵੀ ਜੰਗ ਦਾ ਮਾਰੂ ਅਸਰ ਝਲਦਾ ਇਹ ਮੁਲਕ ਉਨ੍ਹਾਂ ਦੇ ਧਾਰਮਕ ਤੇ ਇਤਿਹਾਸਿਕ ਅਸਥਾਨਾਂ ਦੀ ਰਾਖੀ ਜ਼ਰੂਰ ਕਰੇਗਾ।
ਭਾਵੇਂ ਕਿ ਬਹੁਤ ਕੁਝ ਕਰਨਾ ਹਾਲੇ ਬਾਕੀ ਹੈ ਪਰ ਫਿਰ ਵੀ ਪਾਕਿਸਤਾਨ ਦੇ ਮੁਸਲਮਾਨਾਂ ਦੀ ਖੁੱਲਦਿਲੀ ਕਾਰਣ ਹਾਲੇ ਵੀ ਪਾਕਿਸਤਾਨ ਵਿੱਚ ਬਹੁਤ ਹੱਦ ਤੱਕ ਸਿੱਖ ਗੁਰਧਾਮਾਂ ਨੂੰ ਮਹਿਫੂਜ਼ ਰੱਖਿਆ ਜਾ ਸਕਿਆ ਹੈ -ਇਹ ਕਹਿਣਾ ਹੈ ਫੇਸਬੁਕ ਲਿਖਾਰੀ, ਇਤਿਹਾਸਕਾਰ ਅਤੇ ਸਿੱਖਾਂ ਦੇ ਦੋਸਤ- ਸ਼ਾਹੀਦ ਸ਼ੱਬੀਰ ਦਾ। ਸਹੀ ਅਰਥਾਂ ਵਿੱਚ ਮੁਸਲਮਾਨਾਂ ਵਲੋਂ ਪ੍ਰਗਟਾਈ ਇਨਸਾਨੀਅਤ ਦੀ ਇਹ ਵੱਡੀ ਮਿਸਾਲ ਹੈ।
ਇਸੇ ਤਰ੍ਹਾਂ ਚੜਦੇ ਪੰਜਾਬ ਵਿੱਚ ਵੀ ਸਿੱਖਾਂ ਨੇ ਮਸਜਿਦਾਂ, ਮਜ਼ਾਰਾਂ ਤੇ ਮਦਰੱਸਿਆਂ ਨੂੰ ਮਹਿਫੂਜ਼ ਰੱਖਿਆ ਹੈ। ਕਸ਼ਮੀਰ ਵਿੱਚ ਵੀ ਸਿੱਖ ਇਨ੍ਹਾਂ ਸਿਧਾਤਾਂ ‘ਤੇ ਚੱਟਾਨ ਦੀ ਤਰ੍ਹਾਂ ਖੜ੍ਹੇ ਰਹੇ।ਵਾਹਿਦ ਭਾਈ, ਮੈਂ ਤਹਿ ਦਿਲੋਂ ਕਹਿ ਰਿਹਾ ਹਾਂ ਕਿ ਜਦੋਂ ਵੀ ਮਾਰਚ ੨੦੨੦ ਵਿੱਚ ਮਾਰੇ ਗਏ ਅਫਗਾਨੀ ਸਿੱਖਾਂ ਦੀਆਂ ਤਸਵੀਰਾਂ ਅੰਮ੍ਰਿਤਸਰ ਜਾਂ ਦੁਨੀਆ ਦੇ ਕਿਸੇ ਵੀ ਹੋਰ ਅਜਾਇਬ ਘਰ ਦੀਆਂ ਕੰਧਾਂ ‘ਤੇ ਲੱਗਣਗੀਆਂ ਤਾਂ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਤੁਹਾਡੇ ਪਿਤਾ ਜੀ ਦੀ ਤਸਵੀਰ ਵੀ ਸਿੱਖਾਂ ਦੀਆਂ ਤਸਵੀਰਾਂ ਨਾਲ ਜ਼ਰੂਰ ਲੱਗੇਗੀ।
ਸਾਡੇ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਇਲਾਹੀ, ਸਰਬ-ਸਮਾਨ ਤੇ ਸਰਬ-ਸਾਂਝੇ ਧਰਮ ਦੀ ਨੀਂਹ ਰੱਖਦਿਆਂ ਹੋਇਆਂ ਇੱਕ ਸਮਰਪਿਤ ਰਬਾਬੀ ਮੁਸਲਮਾਨ- ਭਾਈ ਮਰਦਾਨੇ ਨੂੰ ਆਪਣਾ ਜੀਵਨ ਸੰਗੀ ਬਣਾਇਆ।
ਮੇਰੇ ਇਨਕਲਾਬੀ ਸ਼ਾਇਰ ਦੋਸਤ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਕੌਮ ਨੂੰ ਦੱਸਿਆ ਹੈ ਕਿ:
ਜਹਾਂਗੀਰ ਵੇਲੇ, ਮੀਆਂ ਮੀਰ ਹੈ ਸੀ।
ਔਰੰਗਜ਼ੇਬ ਵੇਲੇ, ਬੁੱਧੂ ਸ਼ਾਹ ਫਕੀਰ ਹੈ ਸੀ।
ਦੁਨੀਆ ਦੇ ਮਜ਼ਹੱਬਾਂ ਦੀ ਤਵਾਰੀਖ ਵਿੱਚ ਹਜ਼ਰਤ ਸਾਂਈ ਮੀਆਂ ਮੀਰ ਜੀ ਕੋਲੋਂ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਦਰਬਾਰ ਸਾਹਿਬ ਦਾ ਨੀਂਹ ਪੱਥਰ ਰਖਾ ਕੇ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਨੇ ਇੱਕ ਨਵੇਕਲੀ ਮਿਸਾਲ ਕਾਇਮ ਕੀਤੀ ਸੀ। ਪੀਰ ਬੁੱਧੂ ਸ਼ਾਹ ਜੀ ਨੇ ਖਾਲਸੇ ਲਈ ਆਪਣੇ ਚਾਰ ਪੁੱਤਰਾਂ ਸਮੇਤ ਜੰਗ ਵਿੱਚ ਸ਼ਹਾਦਤ ਦਿੱਤੀ ਹੈ ਜਿਸਨੂੰ ਕੌਮ ਹਾਲੇ ਵੀ ਯਾਦ ਕਰਦੀ ਹੈ।
ਸ਼ੇਰ ਮੁਹੰਮਦ ਖਾਨ- ਮਲੇਰਕੋਟਲੇ ਦੇ ਨਵਾਬ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿੱਚ ਉਸ ਸਮੇਂ ਹਾਅ ਦਾ ਨਾਅਰਾ ਮਾਰਿਆ ਸੀ ਜਦੋ ਉਸਨੇ ਮਾਸੁਮ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨੀਂਹਾ ਵਿੱਚ ਜਿਉਂਦਿਆਂ ਚਿਣਨ ਦਾ ਹੁਕਮ ਸੁਣਾਇਆ ਸੀ ਜਦ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਤਿਆਗਣ ਤੋਂ ਇਨਕਾਰ ਕਰ ਦਿੱਤਾ ਸੀ।
ਮੈਂ ਜਾਣਦਾ ਹਾਂ ਕਿ ਸੰਸਾਰ ਵਿੱਚ ਬਹੁਤ ਸਾਰੇ ਲੋਕ ਜਿਸ ਵਿੱਚ ਮੇਰੀ ਕੌਮ ਦੇ ਕੁਝ ਲੋਕ ਵੀ ਸ਼ਾਮਿਲ ਹਨ ਜੋ ਤੰਗ-ਦਿਲੀ ਨਾਲ ਸੋਚਦੇ ਹਨ ਪਰ ਤੁਸੀਂ ਫਿਕਰ ਨਾ ਕਰੋ। ਸਿੱਖ ਕੌਮ ਦੀ ਸਾਂਝੀ ਸੋਚ ਸਰਬ-ਸਾਂਝੀ ਤੇ ਮਨੁੱਖਤਾਵਾਦੀ ਹੈ।
ਇਤਿਹਾਸ ਗਵਾਹ ਹੈ ਕਿ ੧੯੪੭ ਵਿੱਚ ਇਨਸਾਨੀਤ ਹੈਵਾਨ ਦਾ ਰੂਪ ਧਾਰ ਕੇ ਕਤਲੇਆਮ ਕਰ ਰਹੀ ਸੀ, ਉਸ ਵੇਲੇ ਵੀ ਮਲੇਰਕੋਟਲਾ ਵਿੱਚ ਮੁਸਲਮਾਨਾਂ ਵੱਲ ਸਿੱਖਾਂ ਨੇ ਮਾੜੀ ਨਜ਼ਰ ਨਹੀਂ ਸੀ ਪਾਈ। ਉਸ ਹਾਦਸੇ ਦੇ ਧੰਨਵਾਦ ਵਜੋਂ ਅੱਜ ਵੀ ਮਲੇਰਕੋਟਲਾ ਪੰਜਾਬ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਇੱਕ ਹੀਰੇ ਵਾਂਗ ਰੁਸ਼ਨਾਉਂਦਾ ਹੈ।
ਮੈਂ ਜਾਣਦਾ ਹਾਂ ਕਿ ਸੰਸਾਰ ਵਿੱਚ ਬਹੁਤ ਸਾਰੇ ਲੋਕ ਜਿਸ ਵਿੱਚ ਮੇਰੀ ਕੌਮ ਦੇ ਕੁਝ ਲੋਕ ਵੀ ਸ਼ਾਮਿਲ ਹਨ ਜੋ ਤੰਗ-ਦਿਲੀ ਨਾਲ ਸੋਚਦੇ ਹਨ ਪਰ ਤੁਸੀਂ ਫਿਕਰ ਨਾ ਕਰੋ। ਸਿੱਖ ਕੌਮ ਦੀ ਸਾਂਝੀ ਸੋਚ ਸਰਬ-ਸਾਂਝੀ ਤੇ ਮਨੁੱਖਤਾਵਾਦੀ ਹੈ।
ਕੁਝ ਮਹੀਨੇ ਪਹਿਲਾਂ ਹੀ ਜਦੋ ਸਿੱਖ ਕੌਮ ਦਾ ਇੱਕ ਛੋਟਾ ਜਿਹਾ ਜੱਥਾ ਦਿੱਲੀ ਵਿੱਚ ਜਾਮੀਆ ਤੇ ਸ਼ਾਹੀਨ ਬਾਗ ਦੇ ਮੋਰਚੇ ਤੇ ਭਾਰਤ ਦੇ ਨਵੇਂ ਬਣੇ ਸ਼ਹਿਰੀ ਕਾਨੂੰਨ ਦੀ ਮੁਖਾਲਫਤ ਕਰਨ ਪੁੱਜਿਆਂ ਸੀ ਤਾਂ ਸਮੁੱਚੀ ਕੌਮ ਦਾ ਮੁਸਲਮਾਨਾਂ ਨਾਲ ਹਮਦਰਦੀ ਤੇ ਹਮਖਿਆਲੀ ਵਾਲਾ ਰਿਸ਼ਤਾ ਸਾਹਮਣੇ ਆ ਗਿਆ ਸੀ। ਗਿਣਤੀ ਮਾਇਨੇ ਨਹੀਂ ਰੱਖਦੀ।
ਸਿੱਖ ਕੌਮ ਤਹਿ ਦਿਲੋਂ ਤੁਹਾਡੇ ਪਿਤਾ ਮਰਹਮ ਅਲੀ ਸ਼ਗਾਸੀ ਦੀ ਮੌਤ ਦੇ ਗਮ ਵਿੱਚ ਡੁੱਬੇ ਤੁਹਾਡੇ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕਰਦੀ ਹੈ। ਸ਼ਾਗਸੀ ਦੀ ਜ਼ਿੰਦਗੀ ਤੇ ਅਚਾਨਕ ਮੌਤ ਸਿੱਖ-ਮੁਸਲਮਾਨ ਏਕਤਾ ਦੀ ਇੱਕ ਹੋਰ ਮਿਸਾਲ ਪੇਸ਼ ਕਰਦੀ ਹੈ।
ਮੇਰੇ ਕੰਨਾਂ ਵਿੱਚ ਹਾਲੇ ਵੀ ਦਿੱਲੀ ਵਿੱਚ ਮੁਜਾਹਿਰਾ ਕਰ ਰਹੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਇੱਕ ਨੌਜਵਾਨ ਦੇ ਬੋਲ ਗੂੰਜ ਰਹੇ ਹਨ, “ਮੈਂ ਨਹੀਂ ਜਾਣਦਾ ਕਿ ਨਵੰਬਰ ੧੯੮੪ ਵਿੱਚ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਵੇਲੇ ਮੇਰੇ ਪਿਤਾ ਜਾਂ ਦਾਦੇ ਨੇ ਕੀ ਕੀਤਾ ਪਰ ਅੱਲ੍ਹਾ ਨਾ ਕਰੇ ਹੁਣ ਜੇ ਸਿੱਖਾਂ ਨਾਲ ਦੇਸ਼ ਵਿੱਚ ਕੀਤੇ ਵੀ ਜ਼ਿਆਦਤੀ ਹੁੰਦੀ ਹੈ ਤਾਂ ਮੈਂ ਅਤੇ ਮੇਰੇ ਮੁਸਲਮਾਨ ਦੋਸਤ ਸਿੱਖਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ।
ਬਹੁਤੇ ਸਿੱਖ ਬੁੱਧੀਜੀਵੀ ਤੇ ਸੋਸ਼ਲ ਮਿਡੀਆਂ ਦੇ ਯੋਧੇ ਇਹ ਜਾਨਣਾ ਚਾਹੁੰਦੇ ਹਨ ਕਿ ਕਾਬੁਲ ਵਿੱਚ ਸਿੱਖਾਂ ‘ਤੇ ਹੋਏ ਹਮਲੇ ਦੀ ਕੀ ਕਿਸੇ ਮੁਸਲਮਾਨ ਜਾਂ ਇਸਲਾਮੀ ਸੰਸਥਾ ਨੇ ਨਖੇਦੀ ਕੀਤੀ ਹੈ? ਆਪਣੇ ਹੀ ਜ਼ਹਿਰ ਵਿੱਚ ਅੰਨ੍ਹੇ ਹੋਏ ਇਹ ਲੋਕ ਨਹੀਂ ਵੇਖ ਸਕਦੇ ਕਿ ਜਾਮੀਆਂ ਦੇ ਅਧਿਆਪਕ ਸੰਘ ਨੇ ਕੀ ਲਿਖਿਆ, ਪੰਜਾਬ ਸਮੇਤ ਹਿੰਦੁਸਤਾਨ ਦੇ ਕਈ ਮੌਲਵੀਆਂ ਨੇ ਇਸਦੀ ਨਿਖੇਦੀ ਕੀਤੀ ਹੈ। ਓ. ਆਈ. ਸੀ -ਮੁਸਲਮਾਨ ਮੁਲਕਾਂ ਦੀ ਸਾਂਝੀ ਜੱਥੇਬੰਦੀ ਨੇ ਪੁਰਜ਼ੋਰ ਸ਼ਬਦਾ ਵਿਚ ਨਿਖੇਦੀ ਕੀਤੀ ਹੈ।
ਕਾਬੁਲ ਵਿੱਚ ਆਪਣੀਆਂ ਜ਼ਿੰਦਗੀਆਂ ‘ਤੇ ਮੰਡਰਾਉਂਦੇ ਮੌਤ ਦੇ ਸਾਏ ਵਿੱਚ ਰਹਿੰਦੇ ਇਹ ਸਿੱਖ ਹਾਲੇ ਵੀ ਗੁਰਦਆਰਾ ਸਾਹਿਬ ‘ਤੇ ਹੋਏ ਹਮਲੇ ਤੇ ਕਤਲੇਆਮ ਦੇ ਫੋਰਨ ਬਾਅਦ ਪੰਹੁਚੇ ਅਫਗਾਨੀ ਹਕੂਮਤ ਦੇ ਅਫਸਰਾਂ ਦੀ ਹਮਦਰਦੀ ਤੇ ਮਦਦ ਦੇ ਸ਼ੁਕਰਗੁਜ਼ਾਰ ਹਨ। ਇਹ ਵੀ ਇੱਕ ਸਕੂਨਦੇਹ ਗੱਲ ਹੈ ਕਿ ਹੁਣ ਅਫਗਾਨੀ ਸਰਕਾਰ ਨੇ ਕਾਬੁਲ, ਜਲਾਲਾਬਾਦ ਤੇ ਗਜ਼ਨੀ ਵਿੱਚ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ‘ਤੇ ਪਹਿਰਾ ਦਿੰਦਿਆਂ ਹੋਇਆਂ ਸਿੱਖ ਹਮੇਸ਼ਾਂ ਹੀ ਸੱਚ, ਹੱਕ, ਹਰੇਕ ਲਈ ਧਾਰਮਕ ਚੋਣ ਦਾ ਹੱਕ ਤੇ ਸਾਰਿਆਂ ਲਈ ਮਨੁੱਖੀ ਹੱਕਾਂ ਦੀ ਰਾਖੀ ਲਈ ਜਾਨ ਤੱਕ ਵਾਰਣ ਲਈ ਤਤਪਰ ਹਨ।
ਜਿਨ੍ਹਾਂ ਨੇ ਹੁਜਤਾਂ ਕਰਨਾ ਪੇਸ਼ਾ ਬਣਾਇਆ ਹੈ ਉਹ ਇਹ ਵੀ ਨਹੀਂ ਦੇਖ ਸਕੇ ਕਿ ਫੇਸਬੁਕ ਤੇ ਪਸ਼ਤੋ ਜ਼ੁਬਾਨ ਵਿਚ ਹਜ਼ਾਰਾਂ ਅਫਗਾਨੀਆਂ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਤੇ ਸਿੱਖਾਂ ਨਾਲ ਹਮਦਰਦੀ ਜਤਾਈ।
ਜਾਮੀਆਂ ਦੇ ਇੱਕ ਸਿਵਲ ਸਰਵਿਸ ਦੀ ਪੜ੍ਹਾਈ ਕਰਦੇ ਕਵੀ ਦਾ ਇਹ ਚਿਤਰਣ ਤੇ ਲਫਜ਼ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਜਿਸ ਵਿੱਚ ਉਸ ਨੇ ਲਿਖਿਆ ਸੀ, “ਇਸ ਮਾੜੇ ਦੌਰ ਵਿੱਚ ਅਸੀਂ ਸਿੱਖ ਭਰਾਵਾਂ ਨਾਲ ਖੜੇ ਹਾਂ।”
ਜੇ ਇਨ੍ਹਾਂ ਵਿੱਚੋਂ ਕੁਝ ਵੀ ਨਾ ਹੋਇਆ ਹੁੰਦਾ ਤਾਂ ਵੀ ਸਿੱਖ ਆਪਣੇ ਵਿਚਾਰਾਂ ‘ਤੇ ਉਦਮ ਤੇ ਖੜਦੇ। ਸਿੱਖ ਹਮੇਸ਼ਾਂ ਹੀ ਮਜ਼ਲੂਮਾਂ ਦੇ ਪੱਖ ਵਿੱਚ ਖੜੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ‘ਤੇ ਪਹਿਰਾ ਦਿੰਦਿਆਂ ਹੋਇਆਂ ਸਿੱਖ ਹਮੇਸ਼ਾਂ ਹੀ ਸੱਚ, ਹੱਕ, ਹਰੇਕ ਲਈ ਧਾਰਮਕ ਚੋਣ ਦਾ ਹੱਕ ਤੇ ਸਾਰਿਆਂ ਲਈ ਮਨੁੱਖੀ ਹੱਕਾਂ ਦੀ ਰਾਖੀ ਲਈ ਜਾਨ ਤੱਕ ਵਾਰਣ ਲਈ ਤਤਪਰ ਹਨ।
ਮੈਂ ਤੁਹਾਡੇ ਪਿਤਾ ਦਾ ਧੰਨਵਾਦ ਕਰਨ ਵਿੱਚ ਨਾਕਾਮ ਹੋਵਾਂਗਾ ਜੇ ਮੈਂ ਮਨਪਾਲ ਸਿੰਘ ਦਾ ਜ਼ਿਕਰ ਨਹੀਂ ਕਰਾਂਗਾਂ ਜਿਨ੍ਹਾਂ ਨੇ ਤੁਹਾਡੇ ਪਿਤਾ ਦੀ ਇਮਾਨਦਾਰੀ ਤੇ ਸੇਵਾ ਦੀ ਸ਼ਲਾਘਾ ਕਰਦੇ ਉਨ੍ਹਾਂ ਨੂੰ ਗੁਰਦੁਆਰਾ ਗੁਰੂ ਹਰ ਰਾਇ ਵਿਚ ਸੇਵਾ ਵਿੱਚ ਰੱਖਾਇਆ ਸੀ। ਉਨਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਕੀ ਦਿਲਾਂ ਵਿੱਚ ਨਫਰਤ ਪਾਲਣ ਵਾਲੇ ਕਦੇ ਗੁਰਦੁਆਰੇ ‘ਤੇ ਵੀ ਹਮਲਾ ਕਰ ਸਕਦੇ ਹਨ।
ਸਿੱਖ ਕੌਮ ਤਹਿ ਦਿਲੋਂ ਤੁਹਾਡੇ ਪਿਤਾ ਮਰਹਮ ਅਲੀ ਸ਼ਗਾਸੀ ਦੀ ਮੌਤ ਦੇ ਗਮ ਵਿੱਚ ਡੁੱਬੇ ਤੁਹਾਡੇ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕਰਦੀ ਹੈ। ਸ਼ਾਗਸੀ ਦੀ ਜ਼ਿੰਦਗੀ ਤੇ ਅਚਾਨਕ ਮੌਤ ਸਿੱਖ-ਮੁਸਲਮਾਨ ਏਕਤਾ ਦੀ ਇੱਕ ਹੋਰ ਮਿਸਾਲ ਪੇਸ਼ ਕਰਦੀ ਹੈ।
ਤੁਸੀ ਆਪਣੇ ੭੫ ਸਾਲਾ ਦਾਦੇ ਕੁਰਬਾਨ ਅਲੀ, ਅਪਣੀ ਮਾਂ ਫਰਿਬਾ ਗੁਲ ਰੋਕ ਅਤੇ ਆਪਣੇ ਹਮਜ਼ਾਏ ਪਰਵੇਜ਼, ਮੁਰਵਾਰਿਦ ਤੇ ਗੀਤਾ ਨੂੰ ਮੇਰਾ ਆਦਾਬ ਕਹਿਣਾ ਤੇ ਦੱਸਣਾ ਕਿ ਸਿੱਖ ਹਮੇਸ਼ਾਂ ਤੁਹਾਨੂੰ ਯਾਦ ਕਰਣਗੇ। ਤੁਸੀਂ ਸਦਾ ਹੀ ਉਨਾਂ ਲਈ ਇੱਜ਼ਤ ਤੇ ਪਿਆਰ ਭਰੀ ਯਾਦ ਦਾ ਇੱਕ ਹਿੱਸਾ ਬਣੇ ਰਹੋਗੇ।
ਤੁਹਾਡਾ,
ਜਗਮੋਹਨ ਸਿੰਘ
ਸੰਪਾਦਕ, ਵਰਲਡ ਸਿੱਖ ਵਿਊਜ਼
One thought on “ਸ਼ੁਕਰਗੁਜ਼ਾਰ ਸਿੱਖ ਕੌਮ ਕਾਬੁਲ ਦੇ ਮਰਹਮ ਅਲੀ ਸ਼ਗਾਸੀ ਨੂੰ ਕਦੇ ਨਹੀਂ ਭੁੱਲ ਸਕਦੀ”