ਸਿੰਘੂ ਬਾਰਡਰ ‘ਤੇ ਲਟਕਦੀ ਲਾਸ਼

 -  -  64


ਬਾਰਡਰ ਉੱਤੇ ਇੱਕ ਗੁੱਟ-ਵੱਢੀ ਲਾਸ਼ ਲਟਕਾਈ ਗਈ ਹੈ। ਇਹ ਵਰਤਾਰਾ ਅੰਦੋਲਨ ਨਾਲੋਂ ਕਿਵੇਂ ਨਿੱਖੜਵਾਂ ਹੈ ਅਤੇ ਕਿਵੇਂ ਇਹਦੇ ਨਾਲ ਜੁੜਦਾ ਹੈ, ਇਹ ਸਮਝਣ ਵਿਚਾਰਨ ਵਾਲੀ ਗੱਲ ਹੈ। ਇਸੇ ਨਾਲ ਸਿੱਝ ਰਹੀ ਹੈ ਇਹ ਸੰਖੇਪ ਜਿਹੀ ਟਿੱਪਣੀ। ਨਾਲ ਹੀ ਅਸੀਂ ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਦੀ ਕੁੱਝ ਸਮਾਂ ਪਹਿਲਾਂ ਇਕ ਨੁਮਾਇਆ ਅਖ਼ਬਾਰ ਵਿੱਚ ਛਪੀ “ਲਟਕਦੀਆਂ ਲਾਸ਼ਾਂ ਅਤੇ ਉਹਨਾਂ ਦੇ ਵਾਇਰਲ ਵੀਡੀਓ” ਬਾਰੇ ਇੱਕ ਲਿਖਤ ਵੀ ਪ੍ਰਕਾਸ਼ ਕਰ ਰਹੇ ਹਾਂ। ਆਪਣੇ ਹੱਥੀਂ ਇਨਸਾਫ਼ ਕਰਨ ਵਾਲੇ ਭੀੜਤੰਤਰ ਬਾਰੇ ਉਹਨਾਂ ਦਾ ਇਹ ਕਾਲਮ ਅੱਜ ਹੋਰ ਵੀ ਢੁੱਕਵਾਂ ਜਾਪਦਾ ਹੈ। ਗੈਰ ਮਨੁੱਖੀ ਵਰਤਾਰੇ ਦੀ ਤਸਵੀਰ ਨਹੀਂ ਛਾਪੀ ਜਾ ਰਹੀ -ਸੰਪਾਦਕ

ਦੋਂ ਗੁਰੂ ਦੇ ਸਤਿਕਾਰ ਦਾ ਮਾਮਲਾ ਸਮਾਜ ਵਿਚ ਨਫ਼ਰਤ ਦੀ ਰਾਜਨੀਤੀ ਤੋਂ ਵੱਖ ਕਰ ਕੇ ਕੇਵਲ ਅਤੇ ਕੇਵਲ ਆਪਣੇ ਇਸ਼ਟ ਨਾਲ ਹੀ ਜੋੜ ਕੇ ਸਿਆਸਤ ਦਾ ਕੇਂਦਰ ਬਿੰਦੂ ਬਣਾ ਦਿੱਤਾ ਜਾਵੇ ਅਤੇ ਗੁਰੂ ਨੂੰ ਵੋਟਾਂ, ਰਾਜਸੱਤਾ ਉੱਤੇ ਕਬਜ਼ਾ ਅਤੇ ਵਿਰੋਧੀ ਨੂੰ ਚਿੱਤ ਕਰਨ ਲਈ ਹਥਿਆਰ ਵਾਂਗ ਵਰਤਿਆ ਜਾਵੇਗਾ, ਇਸ ਨੂੰ ਸਮਾਜਿਕ ਪ੍ਰਵਾਨਗੀ ਮਿਲੇਗੀ ਤਾਂ ਇਹਨਾਂ ਸੁਰਖ਼ੀਆਂ ਤੇ ਹੈਰਾਨਗੀ, ਪ੍ਰੇਸ਼ਾਨੀ ਜਾਂ ਦੁੱਖ ਦਾ ਪ੍ਰਗਟਾਵਾ ਖੇਖਣ ਤੋਂ ਵੱਧ ਕੁੱਝ ਨਹੀਂ ਹੋਵੇਗਾ।

2016 ਦੀ 16 ਜੁਲਾਈ ਨੂੰ, ਮੰਗਲਵਾਰ ਦੀ ਸਵੇਰ ਨੂੰ ਗੁਰਦਵਾਰਾ ਮੰਜੀ ਸਾਹਿਬ, ਆਲਮਗੀਰ, ਲੁਧਿਆਣਾ ਦੇ ਠੀਕ ਸਾਹਮਣੇ ਦੋ ਮੋਟਰਸਾਈਕਲ ਸਵਾਰਾਂ ਨੇ ਜਦੋਂ 47 ਸਾਲਾਂ ਦੀ ਬਲਵਿੰਦਰ ਕੌਰ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਸੀ ਅਤੇ ਉਹਦੇ ਆਟੋਰਿਕਸ਼ਾ ਚਲਾਉਂਦੇ ਮੁੰਡੇ ਉੱਤੇ ਵੀ ਗੋਲੀਆਂ ਚਲਾਈਆਂ ਸਨ ਤਾਂ ਉਦੋਂ ਕਿੰਨ੍ਹਾ ਕੁ ਰੌਲਾ ਪੈ ਗਿਆ ਸੀ? ਬਹੁਤ ਸਾਰੇ ਗੁਰੂ ਪਿਆਰਿਆਂ ਨੂੰ ਤਾਂ ਦਿਲੋਂ ਸੰਤੋਖ ਹੀ ਹੋਇਆ ਸੀ ਕਿ ਦੁਸ਼ਟ ਸੋਧੇ ਜਾ ਰਹੇ ਹਨ। 15 ਮਿੰਟ ਦੋਹਾਂ ਗੁਰੂ ਦੇ ਅਦਬ ਦੇ ਰਖਵਾਲਿਆਂ ਨੇ ਔਰਤ ਨਾਲ ਗੱਲ ਕੀਤੀ ਸੀ, ਫਿਰ ਗੁਰੂ ਅਦਬ ਵਿਚ ਡੁੱਬੇ ਇਹਨਾਂ ਸੂਰਵੀਰਾਂ ਨੇ ਨਿਹੱਥੀ ਜਨਾਨੀ ਉੱਤੇ ਗੋਲੀਆਂ ਦਾਗੀਆਂ, ਬਹਾਦਰੀ ਅਤੇ ਗੁਰੂ ਪ੍ਰਤੀ ਪ੍ਰੇਮ ਦਾ ਸਬੂਤ ਦਿੱਤਾ।

ਕੌਮ ਨੂੰ ਚੰਗਾ ਹੀ ਲੱਗਿਆ ਹੋਵੇਗਾ ਜੋ ਬਹੁਤ ਰੌਲਾ ਨਹੀਂ ਪਿਆ। ਕਿਸੇ ਇਨਸਾਫ ਦੀ ਦੁਹਾਈ ਨਹੀਂ ਦਿੱਤੀ, ਕਿਸੇ ਨੇ ਮੁਆਵਜ਼ੇ ਲਈ ਨਹੀਂ ਅਰਜ਼ੋਈ ਕੀਤੀ। ਜਦੋਂ ਦੋਸ਼ ਗੁਰੂ ਦੇ ਅਦਬ ਵਿਚ ਅਵੱਗਿਆ ਦਾ ਹੋਵੇ ਤਾਂ ਕੌਣ ਬੋਲੇ?

 Read also ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਜਦੋਂ ਦੋਸ਼ ਹੀ ਇਹ ਹੋਵੇ ਕਿ ਫਰਿੱਜ ਵਿਚ ਮਾਸ ਫਲਾਂ ਜਾਨਵਰ ਦਾ ਹੈ ਤਾਂ ਫਿਰ ਸਮਾਜਿਕ ਜ਼ਿੰਮੇਵਾਰੀ ਤਾਂ ਭੀੜ ਨੂੰ ਅਖ਼ਲਾਕ ਦੇ ਘਰ ਦਾ ਰਸਤਾ ਦੱਸਣ ਦੀ ਹੁੰਦੀ ਹੈ।

2016 ਵਾਲੀ ਬਲਵਿੰਦਰ ਕੌਰ ਤੋਂ ਪਹਿਲਾਂ 2015 ਵਾਲੀ ਦਾ ਨਾਮ ਵੀ ਬਲਵਿੰਦਰ ਕੌਰ ਹੀ ਸੀ। ਵੈਰੋਕੇ ਪਿੰਡ ਸੀ। ਮੀਆਂ ਬੀਵੀ ਵਿਚ ਲੜਾਈ ਰਹਿੰਦੀ ਸੀ। ਰੋਜ਼ ਦੀ ਤੂੰ ਤੂੰ ਮੈਂ ਮੈਂ। ਘਰ ਵਾਲਾ ਲਾਭ ਸਿੰਘ ਪਤਨੀ ਬਲਵਿੰਦਰ ਕੌਰ ਤੋਂ ਤੰਗ ਆਇਆ ਹੋਇਆ ਸੀ। ਇੱਕ ਦਿਨ ਪਤਨੀ ਦੀ ਲਾਸ਼ ਮਿਲੀ। ਤੇਜ਼ਧਾਰ ਹਥਿਆਰਾਂ ਨਾਲ ਕੱਟੀ ਵੱਢੀ। ਸਤੰਬਰ 2015 ਦਾ ਮਹੀਨਾ ਸੀ। ਲਾਭ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਤਿੰਨ ਅਣਪਛਾਤੇ ਬੰਦਿਆਂ ਨੇ ਉਹਦਾ ਕਤਲ ਕੀਤਾ ਸੀ। 2015 ਵਿਚ ਬਲਵਿੰਦਰ ਕੌਰ ਇੱਕ ਵਾਰੀ ਗੁਰਦਵਾਰੇ ਅੰਦਰ ਚੱਪਲਾਂ ਸਮੇਤ ਗਈ ਸੀ। ਉਹਦੇ ਉੱਤੇ ਬੇਅਦਬੀ ਦਾ ਇਲਜ਼ਾਮ ਲੱਗਿਆ ਸੀ। 2016 ਦਾ ਅਕਤੂਬਰ ਚੜ੍ਹਿਆ ਤਾਂ ਲਾਭ ਸਿੰਘ ਨੂੰ ਯਾਦ ਆਇਆ ਕਿ ਅਸਲ ਵਿਚ ਉਹਦੀ ਘਰ ਵਾਲੀ ਨੇ ਨਵੰਬਰ 2015 ਵਿਚ ਗੁਰੂ ਦੀ ਬੇਅਦਬੀ ਕੀਤੀ ਸੀ ਜਿਸ ਨੂੰ ਲੈ ਕੇ ਉਹਦੇ ਮਨ ਵਿਚ ਬੜਾ ਰੋਸ ਸੀ। ਇਸ ਲਈ ਉਸੇ ਨੇ ਆਪਣੀ ਪਤਨੀ ਨੂੰ ਦਾਤਰੀ ਨਾਲ ਵੱਢ ਦਿੱਤਾ ਸੀ।

ਵੈਸੇ ਵੈਰੋਕੇ ਦੀ ਬਲਵਿੰਦਰ ਚੱਪਲਾਂ ਲੈਕੇ ਗੁਰਦਵਾਰਾ ਸਾਹਿਬ ਅੰਦਰ ਕਿਓਂ ਵੜੀ ਸੀ? ਗੁਰੂ ਦੇ ਬੇਅਦਬੀ ਨੇ ਗੁਰੂ ਪਿਆਰਿਆਂ ਦੇ ਦਿਲ ਤਾਂ ਦੁਖਾਏ ਹੀ ਸਨ ਨਾ? ਗੂਗਲ ਕਰੋ, ਘਟਨਾਵਾਂ ਦੀ ਤਫ਼ਸੀਲ ਕੇਵਲ ਉਹਨਾਂ ਤੋਂ ਛੁਪਦੀ ਹੈ ਜਿਹੜੇ ਦੇਖਣਾ ਨਹੀਂ ਚਾਹੁੰਦੇ। ਬਲਵਿੰਦਰ ਕੌਰ ਨੂੰ ਇੱਕ ਦੁਰਘਟਨਾ ਵਿਚ ਬਿਜਲੀ ਦਾ ਵੱਡਾ ਕਰੰਟ ਲੱਗਿਆ ਸੀ। ਉਸ ਤੋਂ ਬਾਅਦ ਉਹਦੀ ਦਿਮਾਗੀ ਹਾਲਤ ਵਿਗੜ ਗਈ ਸੀ। ਸਾਰਾ ਪਿੰਡ ਜਾਣਦਾ ਸੀ ਕਿ ਉਹ ਆਪਣੇ ਹੋਸ਼ੋ ਹਵਾਸ ਵਿਚ ਨਹੀਂ ਹੁੰਦੀ। ਇੱਕ ਦਿਨ ਗੁਰਦਵਾਰਾ ਬਾਬੇ ਦੀ ਬੇਰ ਸਾਹਿਬ ਅੰਦਰ ਵੜ੍ਹ ਗਈ। ਚੱਪਲਾਂ ਸਣੇ। ਗੁਰੂ ਨੇ ਉਸ ਨਾਲ ਕਿਵੇਂ ਵਰਤਣਾ ਸੀ, ਇਹ ਤਾਂ ਉਹ ਗੁਰੂ ਜਾਣੇ ਜਿਹੜਾ ਸਾਖੀਆਂ ਕਹਿੰਦੀਆਂ ਨੇ ਕਾਬੇ ਵੱਲ ਪੈਰ ਕਰ ਸਾਡਾ ਸਦਾ ਲਈ ਰਾਹ ਰੌਸ਼ਨ ਕਰ ਗਿਆ। ਪਰ ਗੁਰੂ ਪਿਆਰਿਆਂ ਨੇ ਉਹਦੇ ਖ਼ਿਲਾਫ਼ ਧਾਰਾ 295A, 505 and 511 IPC ਦਾ ਪੂਰਾ ਪ੍ਰਬੰਧ ਕਰ ਦਿੱਤਾ। ਗੁਰੂ ਦੇ ਅਦਬ ਨੂੰ ਪ੍ਰਣਾਏ ਘਰ ਵਾਲੇ ਨੂੰ ਗੁੱਸਾ ਆ ਗਿਆ, ਬਲਵਿੰਦਰ ਜ਼ਮਾਨਤ ਤੇ ਸੀ ਜਦੋਂ ਵੱਢੀ ਟੁੱਕੀ ਗਈ।

ਰੌਲਾ ਪਿਆ ਹੁੰਦਾ ਤਾਂ ਤੁਹਾਨੂੰ ਯਾਦ ਹੁੰਦਾ। ਗੁਰੂ ਪਿਆਰੇ ਝੱਟਪੱਟ ਪੂਰਨ ਇਨਸਾਫ਼ ਦੇ ਤਲਬਗਾਰ ਹਨ। ਇਨਸਾਫ਼ ਹੋ ਜਾਣ ਤੋਂ ਬਾਅਦ ਕੌਣ ਯਾਦ ਰੱਖਦਾ ਹੈ ਦੋਸ਼ੀਆਂ ਨੂੰ?

 Read also ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਅੰਦੋਲਨ ਲੋਕਾਂ ਉੱਤੇ ਭਾਰ ਪਾਉਂਦੇ ਹਨ ਕਿ ਉਹ ਆਪਣੀ ਮੌਜੂਦਾ ਸਥਿਤੀ, ਇਤਿਹਾਸਕ ਪਰਿਪੇਖ, ਰਾਜਨੀਤਕ dimension ਅਤੇ ਸਾਰੇ objective factors ਨੂੰ ਸਮਝਣ। ਅਜਿਹਾ ਕੋਈ ਵੀ ਅੰਦੋਲਨ ਬਹੁਤ ਸਾਰੇ ਵਿਚਾਰਧਾਰਕ ਵਖਰੇਵਿਆਂ ਨੂੰ ਜਨਮ ਦੇਂਦਾ ਹੈ। ਸਮਝ ਸਮਝ ਨਾਲ ਭਿੜਦੀ ਹੈ। ਦਲੀਲ ਅਤੇ ਤੱਥ ਆਪੋ ਵਿਚ ਟਕਰਾਉਂਦੇ ਹਨ। ਲੀਡਰਾਂ ਦੀ ਲੀਡਰੀ ਉੱਤੇ ਸਵਾਲ ਉੱਠਦੇ ਹਨ।

ਇਹ ਅੰਦੋਲਨ ਦੇ ਆਗੂ ਝੱਲ ਨਹੀਂ ਸਕਦੇ। ਇਸ ਲਈ ਉਹ ਪਵਿੱਤਰਤਾ ਦਾ ਬਿਰਤਾਂਤ ਸਿਰਜਦੇ ਹਨ। ਜੋ ਆਗੂਆਂ ਨੇ ਕਿਹਾ, ਉਸੇ ਨੂੰ ਸਿਰ ਮੱਥੇ ਲਾਓ। ਜਿਹੜਾ ਭੋਰਾ ਵੀ ਵੱਖਰੀ ਗੱਲ ਕਰੇ, ਉਹਨੂੰ ਚੇਲੇ ਚਾਟੜਿਆਂ ਤੋਂ ਗੱਦਾਰ ਕਹਾਓ। ਅਸੀਂ ਕਿਹਾ ਦਿੱਲੀ ਜਾਣਾ ਹੈ, ਸਾਡੇ ਪਿੱਛੇ ਚੱਲੋ। ਅਸੀਂ ਕਿਹਾ ਰਹਿਣ ਦਿਓ, ਨਹੀਂ ਜਾਣਾ, ਤੁਸੀਂ ਰੁੱਕ ਜਾਓ। ਬੰਗਾਲ ‘ਚ ਚੋਣ ਪ੍ਰਚਾਰ ‘ਚ ਕੁੱਦਣ ਜਾਣਾ ਹੈ, ਤਾੜੀ ਵਜਾਓ। ਪੰਜਾਬ ‘ਚ ਚੋਣ ਪ੍ਰਚਾਰ ਨਹੀਂ ਕਰਨ ਦੇਣਾ, ਸਾਡੇ ਕਹੇ ‘ਤੇ ਫੁੱਲ ਚੜ੍ਹਾਓ। ਜਿਹੜਾ ਨਹੀਂ ਮੰਨਦਾ, ਡਾਂਗਾਂ ਲੈਕੇ ਪੈ ਜਾਓ। ਉਹਨਾਂ ਦੇ ਸਿਰ ਪਾੜੋ। ਕਿਸੇ ਦੇ ਘਰੇ ਗੋਹਾ ਸੁੱਟੋ, ਕਿਸੇ ਨੂੰ ਨੰਗਾ ਕਰ ਕੇ ਕੁੱਟੋ। ਸਾਡੇ ਕਹੇ ਤੇ ਚੱਲਣ ਵਾਲੀ ਭੀੜ ਬਣਾਓ।

ਭੀੜ ਭੀੜ ਵਾਂਗ ਹੀ ਵਿਚਰਦੀ ਹੈ। ਭੀੜ ਅਖ਼ਲਾਕ ਦੀ ਗਲੀ ਵੜਦੀ ਹੈ, ਫਰਿੱਜ ਵਿਚ ਪਿਆ ਮਾਸ ਚੈੱਕ ਕਰਦੀ ਹੈ। ਭੀੜ ਪਹਿਲੂ ਖ਼ਾਨ ਨੂੰ ਕਤਲ ਕਰਦੀ ਹੈ। ਭੀੜ ਮੋਰਚੇ ਉੱਤੇ ਗੁਰੂ ਦੇ ਬੇਅਦਬੀ ਕਰਨ ਵਾਲੇ ਨੂੰ ਫੜਦੀ ਹੈ। ਭੀੜ ਉਹਦਾ ਗੁੱਟ ਵੱਢਦੀ ਹੈ। ਭੀੜ ਲਾਸ਼ ਨੂੰ ਸਰੇ-ਰਾਹ ਟੰਗਦੀ ਹੈ। ਭੀੜ ਦਾ ਨਿਰਮਾਨ ਕਰਨ ਵਾਲਿਆਂ ਖ਼ਿਲਾਫ਼ ਕੋਈ ਐੱਫ ਆਈ ਆਰ ਨਹੀਂ ਹੁੰਦੀ। ਉਹ ਤਾਂ ਆਪ ਅਦਾਲਤ ਹਨ। ਆਪ ਮੁਨਸਿਫ਼ ਹਨ। ਆਪ ਹੀ ਇਨਸਾਫ਼ ਫਰਹਾਮੀ ਕਰਦੇ ਹਨ। ਕਦੋਂ ਕਿਸ ਨੂੰ ਕਿੰਨਾ ਮੁਆਵਜ਼ਾ ਕਿਸ ਤੋਂ ਦਿਵਾ ਕੇ ਮਾਮਲਾ ਖ਼ਤਮ ਕਰਨਾ ਹੈ, ਇਹਦੇ ਬਾਰੇ ਆਖਰੀ ਮੌਲਾ ਹਨ। ਇਸ ਲਈ ਜੋ ਹੋਇਆ ਹੈ, ਉਸ ਤੋਂ ਅੱਗੇ ਬਹੁਤ ਕੁੱਝ ਹੋਣਾ ਹੈ।

ਇਹ ਪਹਿਲੀ ਵਾਰੀ ਨਹੀਂ ਹੋ ਰਿਹਾ। ਜਿਨ੍ਹਾਂ ਨੇ ਦੁਨੀਆ ਵਿੱਚ ਭੀੜ ਦਾ ਇਤਿਹਾਸ ਪੜ੍ਹਿਆ ਹੈ, Billie Holiday ਦੀ ਆਵਾਜ਼ ਵਿਚ Strange Fruit ਸੁਣਿਆ ਹੈ, ਅੱਧੀ ਰਾਤ ਉੱਠ ਉੱਠ ਅੱਖੀਆਂ ਪੂੰਝੀਆਂ ਹਨ, ਉਹ ਕੁੱਝ ਹੋਰ ਅੱਥਰੂ ਕੇਰ ਲੈਣਗੇ। ਬਾਕੀਆਂ ਦੇ ਤਾਂ ਵਾਰੇ ਨਿਆਰੇ ਹੋ ਹੀ ਰਹੇ ਹਨ। ਕੋਈ ਇਸ ਚਿੰਤਾ ਵਿਚ ਡੁੱਬਿਆ ਹੈ ਕਿ ਅੰਦੋਲਨ ਨੂੰ ਇਸ ਦੁਸ਼ਪ੍ਰਚਾਰ ਤੋਂ ਕਿਵੇਂ ਬਚਾਇਆ ਜਾਵੇ, ਕੋਈ ਇਸ ਸਾਜ਼ਿਸ਼ ਵਿਚ ਮੁਲੱਵਸ ਹੈ ਕਿ ਘਟਨਾ ਨੂੰ ਕਿਸੇ ਸੰਪਾਦਕੀ ਰਾਹੀਂ ਕਿਵੇਂ ਅੰਦੋਲਨ ਤੋਂ ਨਿਖੇੜ ਕੇ ਕੇਵਲ ਇੱਕ ਅਪਰਾਧਿਕ ਵਰਤਾਰਾ ਬਣਾ ਕੇ ਵੇਚਿਆ ਜਾਵੇ।

ਗੁੱਟ ਵੱਢੀਆਂ ਲਾਸ਼ਾਂ ਨਾਲ ਛੇਤੀ ਨਾਲ ਨਹੀਂ ਪਸੀਜਦੇ ਬਿਰਤਾਂਤਕਾਰ, ਬਲਕਿ ਇਸ ਮੁਸ਼ਕਿਲ ਘੜੀ ਵਿਚ ਮੈਦਾਨ-ਏ-ਜੰਗ ਵਿਚ ਨਿਤਰਦੇ ਹਨ — “ਬੇਸ਼ਕ ਸਿੰਘੂ ਬਾਡਰ ‘ਤੇ ਵਾਪਰੀ ਘਟਨਾ ਮੰਦਭਾਗੀ ਹੈ, ਪਰ…” ਜੇ ਤੁਸੀਂ ਇਸ ਤੋਂ ਅੱਗੇ ਨਹੀਂ ਜੋੜ ਸਕਦੇ ਤਾਂ ਤੁਸੀਂ ਗੱਦਾਰ ਹੋਵੋਗੇ। “ਭਾਈ, ਨਿਹੰਗ ਸਿੰਘ ਤਾਂ ਓਥੇ ਕਦੋਂ ਦੇ ਬੈਠੇ ਹਨ? ਪਹਿਲੇ ਕਿਓਂ ਨਹੀਂ ਇਹੋ ਜਿਹੀ ਘਟਨਾ ਹੋਈ? ਲਖੀਮਪੁਰ ਤੋਂ ਬਾਅਦ ਕਿਓਂ? ਬੀ.ਐੱਸ.ਐੱਫ ਵਾਲੇ ਰੌਲੇ ਬਾਅਦ ਹੀ ਕਿਓਂ? ਸਭ ਗਿਣੀ-ਮਿਥੀ ਚਾਲ ਹੈ।”

ਫਿਰ ਉਹ ਜੁਮਲਾ ਝਾੜ ਕੇ ਦੁਬਾਰਾ ਫੇਸਬੁੱਕ ਤੇ ਚਿਪਕਾਓ – “ਏਜੰਸੀਆਂ ਦਾ ਕਾਰਾ ਹੈ।” ਅੰਦੋਲਨ ਨਾਲ ਕੋਈ ਸਬੰਧ ਹੀ ਨਹੀਂ। ਨਾ ਅੰਦੋਲਨ ਕਿਸੇ ਨੂੰ ਕਿਸੇ ਦੇ ਕੱਪੜੇ ਲਾਹ ਕੇ ਵੀਡਿਓ ਬਣਾਉਣ ਲਈ ਕਹਿੰਦਾ ਹੈ, ਨਾ ਗੋਹੇ ਦੀ ਟਰਾਲੀ ਸਿੰਘੂ ਬਾਰਡਰ ਤੋਂ ਭੇਜੀ ਜਾਂਦੀ ਹੈ। ਘੜਿਆਂ ਵਿੱਚੋਂ ਪਰਚੀਆਂ ਨਿਕਲਣ ਤਾਂ ਅੰਦੋਲਨ ਦਾ ਕੀ ਕਸੂਰ?

 Read also ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

“ਪੰਜਾਬੀਉ, ਤੁਹਾਡੀ ਸਿਆਣਪ ਦੀ ਪਰਖ ਹੋਣ ਲੱਗੀ ਜੇ – ਐਵੇਂ ਅੰਦੋਲਨ ਨੂੰ ਬੁਰਾ ਨਾ ਬਣਾਉਣਾ। ਜਾਣ ਵਾਲਾ ਟੁਰ ਗਿਆ। ਗੁੱਟ ਸਮੇਤ ਸਸਕਾਰਿਆ ਜਾਵੇਗਾ। ਅੰਦੋਲਨ ਬੇਲਾਗ ਰੱਖਣਾ। ਆਗੂਆਂ ਦੀ ਗੱਲ ਮੰਨ ਅੱਗੇ ਵਧਣਾ। ਸਾਡੀ ਤਾਂ ਅਪੀਲ ਹੀ ਹੈ। ਜਿਹੜਾ ਨਹੀਂ ਮੰਨੇਗਾ ਉਹਦਾ …” ਬੰਦਾ ਆਪਣਾ ਗੁੱਟ ਫੜ ਕੇ ਅਕਲ ਦਾ ਘੁੱਟ ਭਰਦਾ ਹੈ। ਬੇਅਦਬੀ ਦੇ ਬਿਰਤਾਂਤ ਵਿਚ ਹਾਲੇ ਬੜਾ ਰਾਜਨੀਤਕ ਬਰੂਦ ਹੈ ਜਿਸ ਨਾਲ ਵਿਰੋਧੀ ਧਿਰ ਨੂੰ ਘੇਰਿਆ ਜਾ ਸਕਦਾ ਹੈ, ਉਹ ਬਾਰੂਦ ਸੁੱਕਾ ਰਹਿਣਾ ਚਾਹੀਦਾ ਹੈ।

ਜੋ ਸਾਡੇ ਗੁਰੂ ਦੇ ਬੱਚਿਆਂ ਨਾਲ, ਉਹਨਾਂ ਦੇ ਭਵਿੱਖ ਨਾਲ, ਉਹਨਾਂ ਦੇ ਸੁਫਨਿਆਂ ਨਾਲ ਹੋ ਰਿਹਾ ਹੈ, ਉਹ ਗੁਰੂ ਦੀ ਬੇਅਦਬੀ ਕਿਵੇਂ ਮੰਨ ਲਈਏ? ਬੇਅਦਬੀ ਕੇਵਲ ਉਦੋਂ ਜਦੋਂ ਕੋਈ ਗੁਰੂ ਦੇ ਅੰਗਾਂ ਤੱਕ ਪਹੁੰਚੇ। ਫਿਰ ਦਿਮਾਗੀ ਮਰੀਜ਼ ਬਲਵਿੰਦਰ ਕੌਰ ਦੀ ਲਾਸ਼ ਵੀ ਇਨਸਾਫ਼ ਵਰਗੀ ਦਿੱਸਦੀ ਹੈ। ਇੰਤਜ਼ਾਰ ਕਰੋ, ਗੁਰੂ ਪਿਆਰੇ ਸਿੰਘੂ ਬਾਰਡਰ ਤੇ ਲਟਕੀ ਗੁੱਟ ਰਹਿਤ ਲਾਸ਼ ਨੂੰ ਵੀ ਇਨਸਾਫ਼ ਦੀ ਮੂਰਤ ਵਾਂਗ ਵੇਖਣਗੇ। ਜੇ ਤੁਸੀਂ ਅੰਦੋਲਨ ਦੇ ਗੱਦਾਰ ਨਹੀਂ ਤਾਂ ਸਮਝੋ ਕਿ ਕਿਵੇਂ ਅੰਦੋਲਨ ਨੇ ਅਦਬ/ਬੇਅਦਬ ਨੂੰ ਸੋਧਾ ਲਾਇਆ ਹੈ, ਇਹਦਾ ਇਹਤਰਾਮ ਕਰੋ।

64 recommended
1625 views
bookmark icon

5 thoughts on “ਸਿੰਘੂ ਬਾਰਡਰ ‘ਤੇ ਲਟਕਦੀ ਲਾਸ਼

    Write a comment...

    Your email address will not be published. Required fields are marked *

    Oldest
    Newest
    Most Upvoted