ਸਿੱਖਸ ਫਾਰ ਜਸਟਿਸ ਬਨਾਮ ਦਿੱਲੀ ਗੁਰਦੁਆਰਾ ਕਮੇਟੀ ਝਗੜੇ ਨੇ ਸਿੱਖ ਹਿਰਦੇ ਵਲੂੰਧਰੇ
ਸਿੱਖਸ ਫਾਰ ਜਸਟਿਸ ਬਨਾਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਝਗੜੇ ਨੇ ਸਿੱਖ ਮਨਾਂ ਵਿੱਚ ਇੱਕ ਡੂੰਘੀ ਛਾਪ ਛੱਡੀ ਹੈ। ਸਿੱਖ ਫਾਰ ਜਸਟਿਸ ਨੇ ਆਪਣੇ ਵਤੀਰੇ ਨਾਲ ਅਤੇ ਦਿੱਲੀ ਕਮੇਟੀ ਨੇ ਆਪਣੇ ਵਿਚਾਰਾਂ ਨਾਲ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ।ਮਸਲਾ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਗੁਰਦੁਆਰਾ ਸਾਹਿਬ ਦਾ ਚੌਗਿਰਦਾ ਆਪਸੀ ਲੜਾਈ ਦਾ ਅਤੇ ਆਪਣਾ ਪੱਖ ਉਚਾ ਰੱਖਣ ਦਾ ਅਖਾੜਾ ਨਹੀਂ ਬਣ ਸਕਦਾ। ਕੌਮ ਨੂੰ ਮੂਹਰੇ ਹੋ ਕੇ ਅਜਿਹੇ ਹਾਲਾਤਾਂ ਨਾਲ ਨਜਿੰਠਣ ਲਈ ਇੱਕ ਸਦੀਵੀ ਜਾਬਤਾ ਬਣਾਉਣਾ ਪਵੇਗਾ।
ਪਿਛਲੇ ੧੦੦ ਘੰਟਿਆਂ ਵਿੱਚ ਸਿੱਖ ਜਗਤ ਵਿੱਚ ਜੋ ਸਿਆਸੀ ਉਥਲ-ਪੁਥਲ ਹੋਈ ਹੈ ਉਸ ਨਾਲ ਆਮ ਸਿੱਖ ਭੰਬਲਭੂਸੇ ਵਿੱਚ ਪੈ ਗਿਆ ਹੈ, ਸ਼ਰਧਾਲੂ ਸਿੱਖ ਰੋ ਪਿਆ ਸੀ, “ਸਿੱਖ ਕੌਣ ਹਨ” ਮੁਹਿੰਮ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਸਿੱਖ ਸਿਆਸਤ ਵਿੱਚ ਬੇਲੋੜੀ ਗਰਮੀ ਆਈ ਹੈ। ਇੱਕ ਧਾਰਮਿਕ ਜਥੇਬੰਦੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੋ ਸਿਆਸੀ ਪਾਰਟੀਆਂ-ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅਤੇ ਇੱਕ ਉਭਰ ਰਿਹਾ ਮਨੁੱਖੀ ਅਧਿਕਾਰਾਂ ਦਾ ਅਦਾਰਾ ਸਿੱਖਸ ਫਾਰ ਜਸਟਿਸ ਨੇ ਅਜੀਬੋ-ਗਰੀਬ ਖੇਡਾਂ ਖੇਡ ਕੇ ਸਿੱਖ ਭਾਈਚਾਰੇ ‘ਤੇ ਤਸ਼ੱਦਦ ਕੀਤਾ ਹੈ।
ਪਿਛਲੇ ਹਫਤੇ ਜਦ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਮਰੀਕਾ ਪੁੱਜੇ ਤਾਂ ਉਨ੍ਹਾਂ ਨੂੰ ਭਲੀਭਾਂਤ ਪਤਾ ਸੀ ਕਿ ਪੰਜਾਬ ਤੋਂ ਬਾਹਰ ਵੱਸਦਾ ਸਿੱਖ, ਬਾਦਲ ਦਲ ਦੇ ਭਾਜਪਾ-ਪੱਖੀ ਅਤੇ ਭਾਰਤ ਝੁਕਾਅ ਤੋਂ ਅਤਿਅੰਤ ਦੁੱਖੀ ਹੈ। ਬਾਦਲ ਦਲ ਦੇ ਪੰਜਾਬ ਦੇ ਆਗੂਆਂ ਨੇ ਬਾਹਰ ਗੁਰਦੁਆਰਿਆਂ ਵਿੱਚ ਆਪਣੀ ਹਾਜਰੀ ਤੋਂ ਪਿਛਲੇ ੩ ਦਹਾਕਿਆਂ ਤੋਂ ਗੁਰੇਜ ਕੀਤਾ ਹੈ ਭਾਵੇਂ ਉਹ ਹਾਲਾਤਾਂ ਤੋਂ ਡਰ ਕੇ ਹੋਵੇ ਜਾਂ ਵਿਰੋਧੀਆਂ ਤੋਂ ਦੂਰ ਰਹਿਣ ਦਾ ਸੋਚਿਆ-ਸਮਝਿਆ ਫੈਸਲਾ ਹੋਵੇ। ਇੱਥੇ ਇਹ ਵੀ ਕਹਿਣਾ ਜਰੂਰੀ ਹੈ ਕਿ ਜਿਹੜੇ ਗੁਰਦੁਆਰਾ ਪ੍ਰਬੰਧਕਾਂ ਨੇ ਮਨਜੀਤ ਸਿੰਘ ਨੂੰ ਸੰਗਤ ਨੂੰ ਸੰਬੋਧਨ ਕਰਨ ਲਈ ਬੁਲਾਇਆ ਸੀ ਉਨ੍ਹਾਂ ਨੇ ਵੀ ਗੁਰਦੁਆਰੇ ਦੇ ਪ੍ਰੋਗਰਾਮਾਂ ਨੂੰ ਅਮਨ-ਅਮਾਨ ਨਾਲ ਕਰਨ ਲਈ ਢੁਕਵੇਂ ਪ੍ਰਬੰਧ ਨਹੀਂ ਸੀ ਕੀਤੇ ਅਤੇ ਉਹ ਇਸ ਜਿੰਮੇਂਵਾਰੀ ਤੋਂ ਭੱਜ ਨਹੀਂ ਸਕਦੇ।
ਪਿਛਲੇ ਕੁਝ ਸਮੇਂ ਤੋਂ ਦਿੱਲੀ ਕਮੇਟੀ ਦੇ ਮੌਜੂਦਾ ਆਗੂਆਂ ਨੇ ਸ਼ਿਲੋਂਗ ਤੋਂ ਲੈ ਕੇ ਹਰਿਆਣਾ ਤੱਕ ਅਨੇਕਾਂ ਸਿੱਖ ਮਸਲਿਆਂ ‘ਤੇ ਹਾਂ-ਪੱਖੀ ਮੁਦਾਖਲਤ ਕੀਤੀ ਹੈ। ਉਨ੍ਹਾਂ ਨੇ ਪਰਿਆਵਰਨ ਦੇ ਹੱਕ ਵਿੱਚ ਅਤੇ ਧਾਰਮਿਕ ਖੇਤਰਾਂ ਵਿਚ ਕਈ ਚੰਗੇ ਕੰਮ ਕੀਤੇ ਹਨ, ਪਰ ਪਾਰਖੂ ਅੱਖ ਨੂੰ ਕੁਝ ਹੋਰ ਹੀ ਨਜ਼ਰ ਆਉਂਦਾ ਹੈ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਅਸੈਂਬਲੀ ਵਿੱਚ ਭਾਜਪਾ ਦੇ ਐਮ. ਐਲ. ਓੇ. ਹਨ। ਦਿੱਲੀ ਨਗਰ ਨਿਗਮ ਵਿੱਚ ਦਿੱਲੀ ਕਮੇਟੀ ਦੇ ੪ ਮੈਂਬਰ ਕੌਂਸਲਰ ਹਨ, ਜਿਨ੍ਹਾਂ ਵਿੱਚੋਂ ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ ਵਿਚ ਧਾਰਮਿਕ ਮਾਮਲਿਆਂ ਦੇ ਮੁਖੀ ਹਨ। ਸ਼੍ਰੋਮਣੀ ਅਕਾਲੀ ਦਲ ਦਾ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਦੇ ਖੂਨੀ ਕਾਂਡ ਬਾਰੇ ਕੀ ਵਿਚਾਰ ਹਨ ਇਸ ਬਾਰੇ ਸਿੱਖ ਸੰਗਤਾਂ ਨੂੰ ਕੋਈ ਭੇਲੇਖਾ ਨਹੀ ਹੈ। ਡੇਰਾ ਸੌਦਾ ਸਾਧ ਨੂੰ ਮੁਆਫੀ ਦੇ ਮਾਮਲੇ ਵਿੱਚ ਵੀ ਮਨਜੀਤ ਸਿੰਘ ਦੀ ਪ੍ਰਧਾਨਗੀ ਵਾਲੀ ਦਿੱਲੀ ਕਮੇਟੀ ਦੀ ਟੀਮ ਪੱਬਾਂ ਭਾਰ ਹੋ ਕੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੇ ਹੱਕ ਵਿੱਚ ਨਿੱਤਰੀ ਸੀ ਜਦ ਕਿ ਸਿੱਖ ਜਗਤ ਤ੍ਰਾਹ-ਤ੍ਰਾਹ ਕਰ ਰਿਹਾ ਸੀ।
ਦੂਜੇ ਪਾਸੇ ਨਵੀਂ ਬਣੀ ਮਨੁੱਖੀ ਅਧਿਕਾਰ ਜਥੇਬੰਦੀ “ਨਿਆਂ ਦੇ ਲਈ ਸਿੱਖ-ਸਿੱਖਸ ਫਾਰ ਜਸਟਿਸ” ਦਾ ਰੂਪ ਵਿਗੜ ਗਿਆ ਜਦ ਉਹ “ਅਨਿਆਂ ਦੇ ਲਈ ਸਿੱਖ-ਸਿੱਖਸ ਫਾਰ ਇਨਜਸਟਿਸ” ਬਣ ਗਈ ਕਿਉਂ ਕਿ ਉਸਨੇ ਬਦਲਾ-ਲਊ ਢੰਗ ਤਰੀਕਿਆਂ ਨਾਲ ਮਨਜੀਤ ਸਿੰਘ ਜੀ ਕੇ ਨੂੰ ਨਿਊ ਯਾਰਕ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਵਾਪਿਸ ਕੀਤਾ, ਉਸੀ ਰਾਤ ਇੱਕ ਟੀ ਵੀ ਸਟੂਡੀਓ ਦੇ ਬਾਹਰ ਧਮਕੀਆਂ ਦਿੱਤੀਆਂ ਅਤੇ ਗਾਲੀ-ਗਲੋਚ ਕੀਤੀ, ਯੂਬਾ ਸਿਟੀ ਦੇ ਗੁਰਦੁਆਰੇ ਦੀ ਹੱਦ ਵਿੱਚ ਹਮਲਾ ਕੀਤਾ ਅਤੇ ਸੈਨਹੋਜ਼ੇ ਵਿੱਚ ਉਨ੍ਹਾਂ ਨੂੰ ਨਾ ਬੁਲਾਉਣ ਦਾ ਮਹੌਲ ਤਿਆਰ ਕੀਤਾ।
“ਅੱਜ ਲੋੜ ਹੈ ਕਿ ਸਿੱਖ ਸੰਗਤ ਅਤੇ ਕੌਮ ਦਾ ਉਸਾਰੂ ਹਿੱਸਾ ਨਿਧੜਕ ਹੋ ਕੇ ਉਭਰੇ। ਕੋਈ ਵੀ ਮਸਲਾ ਇੰਨਾ ਵੱਡਾ ਨਹੀਂ, ਕੋਈ ਵੀ ਸ਼ਖਸ ਇੰਨਾ ਵੱਡਾ ਨਹੀਂ ਕਿ ਸਿੱਖਾਂ ਦੀ ਅਜ਼ਮਤ ਅਤੇ ਸ਼ਾਨ ਨੂੰ ਨੁਕਸਾਨ ਪਹੁੰਚਾਇਆ ਜਾਵੇ, ਪਗ ਨੂੰ ਰੋਲਿਆ ਜਾਵੇ, ਸਿੱਖ ਸੰਸਥਾਵਾਂ ਨੂੰ ਨੀਚਾ ਦਿਖਾਇਆ ਜਾਵੇ ਤੇ ਸਿੱਖਾਂ ਦੇ ਮਾਣ-ਮਤਾ ਇਤਿਹਾਸ ਨੂੰ ਢਾਹ ਲਾਈ ਜਾਵੇ।”
ਪੱਛਮੀ ਸੱਭਿਅਤਾ ਵਲੋਂ ਮਿੱਲੀ ਜਮਹੂਰੀ ਅਜ਼ਾਦੀ ਦਾ ਭੁਠਾ ਲਾਭ ਲੈ ਕੇ ਸਿੱਖਸ ਫਾਰ ਜਸਟਿਸ ਦੇ ਵਲੰਟੀਅਰ, ਜੋ ਬਹੁਤੇ ਪਤਿੱਤ ਸਨ, ਨੇ ਗੁਰਦੁਆਰਾ ਸਾਹਿਬ ਹੱਦ ਵਿੱਚ ਗੈਰ ਪਾਰਲੀਮਾਨੀ ਭਾਸ਼ਾ ਵਰਤੀ ਅਤੇ ਸਿੱਖ ਅਜ਼ਾਦੀ ਦੇ ਬੁਲਾਰੇ ਅਤੇ ਅਲੰਬਰਦਾਰ ਬਣ ਗਏ। ਇਸ ਗੱਲ ਦੀ ਹੈਰਾਨੀ ਹੋਈ ਕਿ ਸਿੱਖਸ ਫਾਰ ਜਸਟਿਸ ਦੇ ਆਗੂ ਚੁੱਪ ਰਹੇ ਅਤੇ ਉਨ੍ਹਾਂ ਨੇ ਆਪਣੇ ਵਲੰਟੀਅਰਾਂ ਨੂੰ ਧਮਕੀਆਂ ਦੇਣ ਤੋਂ ਅਤੇ ਬੇਮਾਨੀ ਦਲਿਲ ਤੋਂ ਗੁਰੇਜ ਕਰਨ ਤੋਂ ਨਹੀਂ ਰੋਕਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਸ ਫਾਰ ਜਸਟਿਸ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਕਿਸੇ ਦੇ ਵੀ ਖਿਲਾਫ ਬੋਲਣ ਜਾਂ ਵਿਚਾਰ ਰੱਖਣ ਦਾ ਪੂਰਾ ਹੱਕ ਹੈ ਪਰ ਗੈਰ-ਜਮਹੂਰੀ ਤਰੀਕਿਆਂ ਨਾਲ ਇਸ ਹੱਕ ਨੂੰ ਵਰਤਣਾ ਸਰਾਸਰ ਨਜਾਇਜ ਹੈ। ਹਰ ਵਾਰੀ ਉਹ ਕੁਝ ਇਸ ਤਰਾਂ ਬੋਲਦੇ ਨਜ਼ਰ ਆਉਂਦੇ ਹਨ, “ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਸਾਡੇ ਵਿਰੋਧੀ ਹੋ।”ਸਿੱਖਸ ਫਾਰ ਜਸਟਿਸ ਜਮਹੂਰੀਅਤ ਅਤੇ ਅਮਨਪਸੰਦ ਤਰੀਕੇ ਨਾਲ ਸਿੱਖ ਜਗਤ ਵਿੱਚ ਰੈਂਫਰੈਂਡਮ ਕਰਾਉਣ ਦੀ ਲਾਲਸਾ ਰੱਖਦਾ ਹੈ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੇ ਮਿਸ਼ਨ ਵਾਲਿਆਂ ਲਈ ਵਿਰੋਧੀਆਂ ਨੂੰ ਧਮਕਾਉਣਾ ਜਾਂ ਮਾਰਨਾ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਅਤੇ ਜਮਹੂਰੀਅਤ-ਪਸੰਦ ਕੌਮਾਂਤਰੀ ਦੁਨੀਆਂ ਨੂੰ ਮਨਜ਼ੂਰ ਨਹੀਂ ਹੈ। ਪਿਛਲੇ ਇਕ ਹਫਤੇ ਵਿੱਚ ਉਨ੍ਹਾਂ ਨੇ ਆਪਣੇ ਹੀ ਪ੍ਰੋਗਰਾਮ ਨੂੰ ਬਹੁਤ ਵੱਡੀ ਢਾਹ ਲਾਈ ਹੈ।
ਅਫਸੋਸ ਇਸ ਗੱਲ ਦਾ ਹੈ ਕਿ ਮਨਜੀਤ ਸਿੰਘ ਜੀ ਕੇ ਹੋਰਾਂ ਦਾ ਜਵਾਬ ਉਨ੍ਹਾਂ ਦੇ ਰੁਤਬੇ ਮੁਤਾਬਕ ਨਹੀਂ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਰਾਗ “ਦਰਬਾਰੀ” ਗਾਉਣ ਲੱਗ ਪਏ, ਜਿਸ ਮੁਤਾਬਕ ਸਿੱਖਾਂ ਦੀ ਕੋਈ ਵੀ ਮਨੁੱਖੀ ਅਧਿਕਾਰ ਮੁਹਿੰਮ ਦੁਨੀਆਂ ਭਰ ਵਿੱਚ ਕਿਧਰੇ ਵੀ ਹੋਵੇ ਉਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਕਿਹਾ ਜਾਂਦਾ ਹੈ। ਅਤਿ ਨੀਵੇਂ ਦਰਜੇ ਦੀ ਬਿਆਨਬਾਜੀ ਕਰਦੇ ਹੋਏ, ਜੋ ਸਿੱਖ ਅਮਰੀਕਾ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਹਨ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, “ਤੁਸੀਂ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਭਜਾਏ ਹੋਏ ਅਮਰੀਕਾ ਆਏ ਹੋ।” ਉਹ ਭੁਲ ਗਏ ਕਿ ਬਿਅੰੰਤ ਸਿੰਘ ਨੇ ਸਿੱਖ ਨੌਜਵਾਨੀ ਦਾ ਕਿਤਨਾ ਘਾਣ ਕੀਤਾ ਸੀ। ਇੱਧਰ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਗੂਆਂ ਨੇ ਹਦ ਪਾਰ ਕਰਦੇ ਹੋਏ ਕਿਹਾ ਕਿ “ਦਿੱਲੀ ਕਮੇਟੀ ਮੁਖੀ ‘ਤੇ ਹਮਲਾ ਪਾਕਿਸਤਾਨ ਦੀ ਖੁਫੀਆਂ ਏਜੰਸੀ ਆਈ. ਐਸ. ਆਈ. ਨੇ ਕਰਵਾਇਆ ਹੈ।
“ਮਨੁੱਖੀ ਅਧਿਕਾਰ ਜਥੇਬੰਦੀ “ਨਿਆਂ ਦੇ ਲਈ ਸਿੱਖ-ਸਿੱਖਸ ਫਾਰ ਜਸਟਿਸ” ਦਾ ਰੂਪ ਵਿਗੜ ਗਿਆ ਜਦ ਉਹ “ਅਨਿਆਂ ਦੇ ਲਈ ਸਿੱਖ-ਸਿੱਖਸ ਫਾਰ ਇਨਜਸਟਿਸ” ਬਣ ਗਈ।”
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਰਮਨਾਕ ਅਕਾਲੀ ਦਲ ਬਣ ਗਿਆ ਹੈ। ਇਸ ਘਗੜੇ ਨੂੰ ਸਿੱਖਾਂ ਤੱਕ ਮਹਿਦੂਦ ਰੱਖਣ ਦੀ ਬਜਾਏ, ਇਸ ਨੂੰ ਭਾਰਤ ਅਤੇ ਅਮਰੀਕਾ ਦਾ ਦੁਵੱਲਾ ਮਾਮਲਾ ਬਨਾਉਣ ਦੀਆਂ ਬੇਲੋੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਿਆਸੀ ਸ਼ਬਦਾਵਲੀ ਨੂੰ ਤਬਾਹ ਕਰ ਦਿੱਤਾ ਹੈ। ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਨੂੰ ਹੋਰ ਹੀ ਰੰਗਤ ਦੇ ਦਿੱਤੀ ਹੈ। ਅਜੋਕੇ ਸਮੇਂ ਵਿੱਚ ਪਹਿਲੀ ਵਾਰ ਸ਼ਰਮਨਾਕ ਅਕਾਲੀ ਦਲ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਖੜ ਗਿਆ ਹੈ।
ਕਿਧਰੇ ਅਸੀਂ ਪਿੱਛੇ ਨਾ ਰਹਿ ਜਾਈਏ ਦੀ ਭਾਵਨਾ ਨਾਲ ਕਾਂਗਰਸ ਪਾਰਟੀ ਦੇ ਮੁੱਖੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਨਵਾਂ ਰਾਗ ਅਲਾਪ ਦਿੱਤਾ ਕਿ ਨਵੰਬਰ ੧੯੮੪ ਦੇ ਕਤਲੇਆਮ ਲਈ ਕਾਂਗਰਸ ਪਾਰਟੀ ਜਿੰਮੇਂਵਾਰ ਨਹੀਂ ਹੈ। ਇਸ ਮਾਮਲੇ ਵਿੱਚ ਸਿੱਖ ਇੰਨੇ ਭੋਲੇ ਨਹੀਂ ਹਨ। ਕਤਲੇਆਮ ਤੋਂ ਬਾਅਦ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦਾ ਬਿਆਨ, “ਜਦੋਂ ਇੱਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ”, ਸਿੱਖ ਭੁੱਲੇ ਨਹੀਂ ਹਨ। ਸਿੱਖ ਇਹ ਵੀ ਨਹੀਂ ਭੁੱਲੇ ਕਿ ਇਸ ਵਹਿਸ਼ਿਆਨਾ ਕਤਲੇਆਮ ਦੇ ਤੁਰੰਤ ਬਾਅਦ ਸ਼ਹਿਰੀ ਹੱਕਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਪੀ. ਯ.ੂ ਸੀ. ਐਲ. ਅਤੇ ਪੀ. ਯੂ. ਡੀ. ਆਰ. ਨੇ ਆਪਣੀ ਰਿਪੋਰਟ, “ਦੋਸ਼ੀ ਕੌਣ” ਵਿੱਚ ਛੋਟੇ-ਵੱਡੇ ਅਨੇਕਾਂ ਕਾਂਗਰਸੀਆਂ ਦੇ ਨਾਮ ਦਰਜ ਕੀਤੇ ਸਨ।
“ਪਿਛਲੇ ਕੁਝ ਸਮੇਂ ਤੋਂ ਦਿੱਲੀ ਕਮੇਟੀ ਦੇ ਮੌਜੂਦਾ ਆਗੂਆਂ ਨੇ ਸ਼ਿਲੋਂਗ ਤੋਂ ਲੈ ਕੇ ਹਰਿਆਣਾ ਤੱਕ ਅਨੇਕਾਂ ਸਿੱਖ ਮਸਲਿਆਂ ‘ਤੇ ਹਾਂ-ਪੱਖੀ ਮੁਦਾਖਲਤ ਕੀਤੀ ਹੈ। ਉਨ੍ਹਾਂ ਨੇ ਪਰਿਆਵਰਨ ਦੇ ਹੱਕ ਵਿੱਚ ਅਤੇ ਧਾਰਮਿਕ ਖੇਤਰਾਂ ਵਿਚ ਕਈ ਚੰਗੇ ਕੰਮ ਕੀਤੇ ਹਨ, ਪਰ ਪਾਰਖੂ ਅੱਖ ਨੂੰ ਕੁਝ ਹੋਰ ਹੀ ਨਜ਼ਰ ਆਉਂਦਾ ਹੈ।”
ਇਸ ਸਿਆਸੀ ਉਥਲ-ਪੁਥਲ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਦੇ ਪ੍ਰਧਾਨ ਮੁੱਖਵੀਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ, “ਅਸੀਂ ਯੂਬਾ ਸਿਟੀ ਗੁਰਦੁਆਰੇ ਵਿੱਚ ਹੋਈਆਂ ਹਿੰਸਕ ਕਾਰਵਾਈਆਂ ਦੀ ਨਿਖੇਧੀ ਕਰਦੇ ਹਾਂ। ਧਾਰਮਿਕ ਅਤੇ ਸਿਆਸੀ ਵਖਰੇਵਿਆਂ ਨੂੰ ਵਿਚਾਰ ਵਟਾਂਦਰੇ ਨਾਲ ਹੱਲ ਕਰਨਾ ਚਾਹੀਦਾ ਹੈ ਨਾ ਕਿ ਹਿੰਸਾ ਕਰ ਕੇ ਜਾਂ ਡਰਾ-ਧਮਕਾ ਕੇ। ਸਿੱਖ ਕੌਮ ਗੁਰਦੁਆਰਿਆਂ ਨੂੰ ਲੜਾਈ-ਝਗੜੇ ਦਾ ਕੇਂਦਰ ਨਹੀਂ ਬਣਨ ਦੇਵੇਗੀ। ਅਸੀਂ ਸਬੰਧਤ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਭੜਕਾਊ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਲੱਭਿਆ ਜਾਵੇ।”
ਕੌਮ ਦਾ ਇੱਕ ਵੱਡਾ ਹਿੱਸਾ ਭਰਾ-ਮਾਰੂ ਜੰਗ ਦੇ ਖਿਲਾਫ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਸਿਆਸੀ ਅਤੇ ਧਾਰਮਿਕ ਪ੍ਰਬੰਧਕੀ ਵਿੱਚ ਅਸੀਂ ਜਮਹੂਰੀਅਤ ਤੇ ਮਾਪਦੰਡਾਂ ਨੂੰ ਲਾਗੂ ਕਰਨ ਤੋਂ ਕੋਹਾਂ ਦੂਰ ਹਾਂ। ਗੁਰਦੁਆਰਾ ਪ੍ਰਬੰਧ, ਸਮਾਜਿਕ, ਧਾਰਮਿਕ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਵਿੱਚ ਹਾਲੇ ਵੀ ਅਸੀਂ ਜਮਹੂਰੀਅਤ ਦੇ ਨਿਯਮਾਂ ਨੂੰ ਲਾਗੂ ਨਹੀਂ ਕਰਦੇ।ਵਿਚਾਰ-ਵਟਾਂਦਰੇ ਦੇ ਸਿਧਾਂਤ ਨੂੰ ਅਸੀਂ ਨਿੱਤ ਦਹੁਰਾਉਂਦੇ ਤੇ ਹਾਂ ਪਰ ਉਸ ਰਵਾਇਤ ਨੂੰ ਅਜੋਕੇ ਸਮੇਂ ਵਿੱਚ ਲਾਗੂ ਕਰਨ ਤੋਂ ਭੱਜਦੇ ਹਾਂ ਜਿਸ ਤਹਿਤ ਅਕਾਲ ਤਖਤ ਸਾਹਿਬ ਦੇ ਸਨਮੁੱਖ ਬੈਠ ਕੇ ਵਖਰੇਵਿਆਂ ਨੂੰ ਨਜਿੱਠਿਆ ਜਾਂਦਾ ਸੀ ਅਤੇ ਸਾਂਝੇ ਕੌਮੀ ਫੈਸਲੇ ਕੀਤੇ ਜਾਂਦੇ ਸਨ।
ਅੱਜ ਲੋੜ ਹੈ ਕਿ ਸਿੱਖ ਸੰਗਤ ਅਤੇ ਕੌਮ ਦਾ ਉਸਾਰੂ ਹਿੱਸਾ ਨਿਧੜਕ ਹੋ ਕੇ ਉਭਰੇ। ਕੋਈ ਵੀ ਮਸਲਾ ਇੰਨਾ ਵੱਡਾ ਨਹੀਂ, ਕੋਈ ਵੀ ਸ਼ਖਸ ਇੰਨਾ ਵੱਡਾ ਨਹੀਂ ਕਿ ਸਿੱਖਾਂ ਦੀ ਅਜ਼ਮਤ ਅਤੇ ਸ਼ਾਨ ਨੂੰ ਨੁਕਸਾਨ ਪਹੁੰਚਾਇਆ ਜਾਵੇ, ਪਗ ਨੂੰ ਰੋਲਿਆ ਜਾਵੇ, ਸਿੱਖ ਸੰਸਥਾਵਾਂ ਨੂੰ ਨੀਚਾ ਦਿਖਾਇਆ ਜਾਵੇ ਤੇ ਸਿੱਖਾਂ ਦੇ ਮਾਣ-ਮਤਾ ਇਤਿਹਾਸ ਨੂੰ ਢਾਹ ਲਾਈ ਜਾਵੇ।