ਹੇ ਗੁਰੂ ! ਤੈਨੂੰ ਕਸ਼ਮੀਰ ਮੁੜ ਬੁਲਾਉਂਦਾ ਹੈ
ਉਘੇ ਲਿਖਾਰੀ ਅਤੇ ਦੋਨੋ ਪੰਜਾਬਾਂ ਵਿਚਕਾਰ ਸੱਭਿਆਚਾਰਕ ਸਾਂਝ ਦੇ ਮੁਦੱਈ ਹਰਵਿੰਦਰ ਸਿੰਘ ਵੱਲੋਂ ਨੌਵੇਂ ਸਤਿਗੁਰੂ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਸ਼ਮੀਰ ਦਾ ਦਰਦ ਦੂਰ ਕਰਨ ਲਈ ਕੀਤੀ ਪੁਕਾਰ। ਵਰਲਡ ਸਿੱਖ ਨਿਊਜ਼ ਦੇ ਪਾਠਕਾਂ ਲਈ ਸਮਰਪਿਤ ਕਰਦੇ ਹਾਂ।
ਹੇ ਗੁਰੂ !
ਤੇਗ ਬਹਾਦਰ
ਪਾਟ ਗਈ ਹੈ ਉਹ ਹਿੰਦ ਦੀ ਚਾਦਰ
ਜਿਹੜੀ ਤੂੰ ਸੀਸ ਵਾਰ ਕੇ ਬਚਾਈ ਸੀ
ਤੇ ਤੇਰੇ ਮਗਰੋਂ ਜਿਹੜੀ
ਬਚਾਈ ਸੀ ਗੋਬਿੰਦ ਨੇ ਸਰਬੰਸ ਵਾਰ ਕੇ
ਹੇ ਗੁਰੂ !
ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਅ ਰਿਹਾ ਹੈ
ਹੁਣ ਔਰੰਗਜ਼ੇਬ ਨੇ ਭਗਵਾਂ ਚੋਲਾ ਪਾ ਲਿਆ ਹੈ
ਮੱਥੇ ਤਿਲਕ ਲਗਾ ਲਿਆ ਹੈ
ਤੇ ਹੁਣ ਫ਼ਰਿਆਦੀ ਕਸ਼ਮੀਰੀ ਪੰਡਿਤ ਨਹੀਂ
ਹਾਜੀ ਨਮਾਜ਼ੀ ਕਸਮੀਰੀ ਮੁਸਲਮਾਨ ਨੇ
ਮੁਸਲਮਾਨ ਵੀ ਨਹੀਂ
ਮਜ਼ਲੂਮ ਇਨਸਾਨ ਨੇ
ਗੁਰੂ ਜੀ !
ਤੂੰ ਮੁੜ ਫੇਰਾ ਪਾ
ਇਨਸਾਨੀ ਧਰਮ ਤੇ
ਲੰਗਾਰ ਹੋ ਰਹੀ ਹਿੰਦ ਦੀ ਚਾਦਰ ਨੂੰ ਬਚਾਅ
ਉਹ ਜੋ ਅੱਜ ਤੱਕ ਇਹ ਕਹਿੰਦੇ ਰਹੇ ਨੇ
ਕਿ ਤੂੰ ਕਸ਼ਮੀਰੀ ਪੰਡਤਾਂ ਦੇ ਹਿੰਦੂ ਧਰਮ ਦੀ ਰਾਖੀ ਕੀਤੀ ਸੀ
ਉਹਨਾਂ ਨੂੰ ਸਮਝਾ
ਕਿ ਅਸਲ ਵਿੱਚ ਤੁਸੀਂ ਕਿਸੇ ਧਰਮ ਦੀ ਨਹੀਂ
ਜਾਬਰ ਦੇ ਜਬਰ ਤੋਂ ਮਜ਼ਲੂਮਾਂ ਦੇ
ਇਨਸਾਨੀ ਹੱਕਾਂ ਦੀ ਰਾਖੀ ਕੀਤੀ ਸੀ
ਹੇ ਗੁਰੂ !
ਤੇਗ ਬਹਾਦਰ
ਤੈਨੂੰ ਮੁੜ ਕਸ਼ਮੀਰ ਬੁਲਾਉਂਦਾ ਹੈ
ਸੰਗੀਨਾ ਦੇ ਸਾਏ ਹੇਠ ਛਟਪਟਾਉਂਦਾ ਹੈ
ਚਿਨਾਰਾਂ ਦੇ ਹਰੇ ਪੱਤੇ ਸਹਿਮ ਕੇ ਇੱਕ ਪਲ਼ ਵਿੱਚ
ਪੀਲੇ ਹੋ ਗਏ ਹਨ
ਕਿਆਰੀਆਂ ਵਿੱਚਲੇ ਧੁਪੀਲੇ ਕੇਸਰ ਦਾ ਰੰਗ ਗੇਰੂਆ ਹੋ ਗਿਆ ਹੈ
ਹੱਬਾ ਖ਼ਾਤੂਨ ਕਬਰ ਵਿੱਚ ਵੀ ਸਹਿਮੀ ਪਈ ਹੈ
ਮਸਜ਼ਿਦਾਂ ਮੰਦਿਰਾਂ ਵਿੱਚ
ਤੇ ਮਦਰੱਸੇ ਖੰਡਰਾਂ ਵਿੱਚ
ਤਬਦੀਲ ਹੋਣ ਵਾਲੇ ਨੇ
ਹੇ ਗੁਰੂ ਤੇਗ ਬਹਾਦਰ
ਤੂੰ ਮੁੜ ਫੇਰਾ ਪਾ
ਤੈਨੂੰ ਮੁੜ ਕਸ਼ਮੀਰ ਬੁਲਾਉਂਦਾ ਹੈ
ਤੂੰ ਮੁੜ ਆ
ਇਨਸਾਨੀ ਧਰਮ ਤੇ
ਲੰਗਾਰ ਹੋ ਰਹੀ ਹਿੰਦ ਦੀ ਚਾਦਰ ਨੂੰ ਬਚਾਅ…
ਚਾਂਦਨੀ ਚੌਕ ਅੱਜ ਇੱਕ ਹੋਰ ਸੀਸ ਮੰਗਦਾ ਹੈ