ਗ਼ਜ਼ਲ

 -  -  106


Ace poet in multiple languages, Parminder Singh Aziz presents his first Ghazal of 2018. World Sikh News invites readers to traverse the journey of life through the pen of the author.

ਮੈਂ ਮਨ ਦੇ ਮੋਏ ਚਾਵਾਂ ਨੂੰ ਹੁਲਾਰਾ ਦੇ ਨਹੀਂ ਸਕਦਾ।
ਮੈਂ ਖ਼ੁਦ ਨੂੰ ਹੋਰ ਇਕ ਵਾਰੀ ਇਹ ਮੌਕਾ ਦੇ ਨਹੀਂ ਸਕਦਾ।

ਮੈਂ ਵਿਚ ਮੰਝਧਾਰ ਦੇ ਉਸ ਤੋਂ ਭਲਾ ਉਮੀਦ ਕੀ ਰੱਖਾਂ,
ਕਿਨਾਰੇ ਤੇ ਵੀ ਜੋ ਮੈਨੂੰ ਸਹਾਰਾ ਦੇ ਨਹੀਂ ਸਕਦਾ?

ਮੇਰੇ ਖ਼ਾਮੋਸ਼ ਨੈਣਾਂ ‘ਚੋਂ ਭਲਾ ਕੀ ਟੋਲਦਾ ਰਹਿਨੈਂ?
ਬੜਾ ਬੇਵੱਸ ਹਾਂ, ਉਮਰਾਂ ਦਾ ਭਰੋਸਾ ਦੇ ਨਹੀਂ ਸਕਦਾ।

ਤੂੰ ਮੇਰੀ ਖ਼ੈਰ-ਖ਼ਵਾਹੀ ਨੂੰ ਨਾ ਮੇਰੀ ਰਹਿਬਰੀ ਜਾਣੀਂ –
ਕਿਸੇ ਮੁਰਦਾ ਹੋਏ ਦਿਲ ਨੂੰ ਮੈਂ ਜਜ਼ਬਾ ਦੇ ਨਹੀਂ ਸਕਦਾ।

ਮੈਂ ਲਾਂਬੂ ਲਾ ਨਹੀਂ ਸਕਦਾ, ਵਫ਼ਾ ਹੈ ਖੂਨ ਵਿਚ ਮੇਰੇ,
ਕਬਰ ਤਕ ਜਾਣ ਤਕ ਇਸ ਨੂੰ ਮੈਂ ਮੋਢਾ ਦੇ ਨਹੀਂ ਸਕਦਾ।

ਉਹ ਸ਼ਾਇਦ ਫਿਰ ਲਿਖੇ ਹੋਏ ਨੂੰ ਲੀਰੋ-ਲੀਰ ਕਰ ਦੇਵੇ,
ਮਗਰ ਮੈਂ ਫੇਰ ਵੀ ਉਸ ਨੂੰ ਬੇਦਾਵਾ ਦੇ ਨਹੀਂ ਸਕਦਾ।

ਭਰੋਸਾ ਕਿਸ ਤਰ੍ਹਾਂ ਹੋਵੇ ਕਿਸੇ ਨੂੰ ਤੇਰੀ ਪੀਰੀ ਤੇ?
ਤੂੰ ਡੁਬਦੇ ਨੂੰ ਜੇ ਤਿਣਕੇ ਦਾ ਸਹਾਰਾ ਦੇ ਨਹੀਂ ਸਕਦਾ।

ਬੜਾ ਹੀ ਤਰਸ ਆਉਂਦੈ ਜਦ ਉਹ ਖੁਦ ਨੂੰ ਰੱਬ ਸਮਝ ਲੈਂਦੈ,
ਅਸਲ ਵਿਚ ਦਾਤ ਦਾ ਦੇਣਾ ਵੀ ਬੰਦਾ ਦੇ ਨਹੀਂ ਸਕਦਾ।

‘ਅਜ਼ੀਜ਼’ ਇਹ ਸੱਚ ਦੀ, ਇਖ਼ਲਾਕ ਦੀ, ਈਮਾਨ ਦੀ ਗੱਲ ਹੈ,
ਕਹੇ ‘ਤੇ ਤੂੰ ਰਹੇਂ ਜਾਂ ਨਾ, ਮੈਂ ਧੋਖਾ ਦੇ ਨਹੀਂ ਸਕਦਾ।

106 recommended
1390 views
bookmark icon

Write a comment...

Your email address will not be published. Required fields are marked *