ਕੌਮੀ ਚਿੰਤਕਾਂ ਦਾ ਸਾਂਝਾ ਬਿਆਨ: ਕਿਸਾਨੀ ਸੰਗਰਸ਼ ਜਾਰੀ ਰਹੇਗਾ ਸੰਯਮ, ਅਮਨ, ਦਲੇਰੀ ਤੇ ਦ੍ਰਿੜ੍ਹਤਾ ਨਾਲ
26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਸਥਿਤੀ ਬਾਰੇ ਇੱਕ ਬਿਆਨ ਵੱਖ-ਵੱਖ ਕੌਮੀ ਚਿੰਤਕਾਂ -ਅਜੇਪਾਲ ਸਿੰਘ ਬਰਾੜ, ਰਾਜਪਾਲ ਸਿੰਘ ਸੰਧੂ, ਦਵਿੰਦਰ ਸਿੰਘ ਸੇਖੋਂ, ਪਰਮਜੀਤ ਸਿੰਘ, ਮਨਧੀਰ ਸਿੰਘ, ਪ੍ਰੋ. ਜਗਮੋਹਨ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ ਮੰਝਪੁਰ ਵੱਲੋਂ ਸਾਂਝੀ ਰਾਏ ਦੇ ਤੌਰ ਉੱਤੇ ਜਾਰੀ ਕੀਤਾ ਬਿਆਨ ਹੈ। ਕਿਸਾਨ, ਦਿੱਲੀ ਤਖਤ ਦੀਆਂ ਬਰੂਹਾਂ ਉਤੇ, ਕੁਦਰਤ ਤੇ ਕਿਸਾਨ ਪੱਖੀ ਅਤੇ ਸਰਬਤ ਦੇ ਭਲੇ ਵਾਲੇ ਨਵੇਂ ਖੇਤੀ-ਬਾੜੀ ਮਾਡਲ ਦੀ ਸਿਰਜਣਾ ਲਈ ਤੇ ਆਪਣੇ ਹੱਕ ਲੈਣ ਲਈ ਡਟੇ ਹੋਏ ਹਨ। ਇਸ ਨਵੇਂ ਮਾਡਲ ਦੀ ਸਿਰਜਣਾ ਤੋਂ ਪਹਿਲਾਂ ਸਾਡਾ ਮੁੱਖ ਨਿਸ਼ਾਨਾ ਦਿੱਲੀ ਤਖਤ ਵੱਲੋਂ ਪਾਸ ਕੀਤੇ ਤਿੰਨ ਕਾਰਪੋਰੇਟ ਪੱਖੀ ਅਖੌਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।ਇਸ ਸੰਘਰਸ਼ ਦੇ ਚੱਲਦਿਆਂ 26 ਜਨਵਰੀ 2021 ਨੂੰ ਕਿਸਾਨ ਪਰੇਡ ਦੌਰਾਨ ਵਾਪਰੇ ਘਟਨਾਕ੍ਰਮ ਬਾਰੇ ਹਰ ਸੰਬੰਧਤ ਧਿਰ ਦੀ ਭੂਮਿਕਾ ਠਰੰਮੇ ਨਾਲ ਵਿਚਾਰਨ ਦੀ ਲੋੜ ਹੈ।
ਪਹਿਲੀ ਅਤੇ ਪ੍ਰਮੁੱਖ ਧਿਰ ਆਮ ਕਿਸਾਨ ਅਤੇ ਲੋਕਾਂ ਦੀ ਹੈ ਜੋ ਇਸ ਕਿਰਸਾਨੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹਨ। ਲੋਕਾਂ ਨੇ ਹੀ ਇਸ ਮੋਰਚੇ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਲਿਆਂਦਾ ਹੈ। ਲੋਕਾਂ ਨੇ ਆਗੂਆਂ ਦੇ ਐਲਾਨਾਂ ਨੂੰ ਉਹਨਾਂ ਦੇ ਭਾਸ਼ਣਾਂ ਤੇ ਗੀਤਕਾਰਾਂ-ਗਾਇਕਾਂ ਵੱਲੋਂ ਗੀਤਾਂ ਰਾਹੀਂ ਉਭਾਰੇ ਨਕਸ਼ਾਂ ਮੁਤਾਬਿਕ ਨੇਪਰੇ ਚਾੜ੍ਹਨ ਲਈ ਪੂਰੀ ਵਾਹ ਲਾਈ ਹੈ। ਆਗੂ ਭਾਵੇਂ ਆਪਣੇ ਐਲਾਨੇ ਤੇ ਪ੍ਰਚਾਰੇ ਪ੍ਰੋਗਰਾਮ ਤੋਂ ਪਿਛਾਂਹ ਹਟੇ ਹੋਣ ਪਰ ਲੋਕ ਪਿੱਛੇ ਨਹੀਂ ਹਟੇ। ਹਰ ਅਹਿਮ ਪੜਾਅ, ਭਾਵੇਂ ਉਹ 26 ਨਵੰਬਰ ਹੋਵੇ ਅਤੇ ਭਾਵੇਂ 26 ਜਨਵਰੀ, ਉੱਤੇ ਆਗੂਆਂ ਦੀ ਗੈਰਮੌਜੂਦੀ ਵਿੱਚ ਆਗੂ-ਹੀਣ ਹੋਣ ਦੇ ਬਾਵਜੂਦ ਲੋਕਾਂ ਨੇ ਜ਼ਾਬਤਾ ਵਿਖਾਇਆ ਹੈ।
ਤਾਕਤ ਦੀ ਵਰਤੋਂ ਸਿਰਫ ਰਾਹ ਦੀਆਂ ਰੋਕਾਂ ਨੂੰ ਹਟਾਉਣ ਤੱਕ ਹੀ ਸੀਮਿਤ ਰਹੀ। ਪੁਲਿਸ ਨਾਲ ਟਕਰਾਅ ਹੋਣ ਦੇ ਬਾਵਜੂਦ ਕਿੰਨੀਆਂ ਥਾਵਾਂ ਉੱਤੇ ਲੋਕਾਂ ਨੇ ਹੀ ਖੁਦ ਪੁਲਿਸ ਕਰਮੀਆਂ ਤੇ ਪੁਲਿਸ ਵਾਲੀਆਂ ਬੀਬੀਆਂ ਦਾ ਬਚਾਅ ਵੀ ਕੀਤਾ ਹੈ। 26 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਰਿੰਗ ਰੋਡ ਰਾਹੀਂ ਦਿੱਲੀ ਦੀ ਹੱਦ ਵਿੱਚ ਦਾਖਿਲ ਹੋਏ ਪਰ ਕਿਸੇ ਵਿਅਕਤੀ, ਕਿਸੇ ਦੀ ਨਿੱਜੀ ਸੰਪੱਤੀ ਜਾਂ ਕਿਸੇ ਜਨਤਕ ਸੰਪੱਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਦੀ ਬੇਹੁਰਮਤੀ ਨਹੀਂ ਕੀਤੀ। ਲਾਲ ਕਿਲੇ ਉੱਤੇ ਆਗੂਆਂ ਤੇ ਗੀਤਾਂ ਰਾਹੀਂ ਉਭਾਰੀਆਂ ਭਾਵਨਾਵਾਂ ਦੀ ਸੁੱਚੇ ਜਜ਼ਬੇ ਨਾਲ ਨੁਮਾਇੰਦਗੀ ਕਰਦਿਆਂ ਬਿਨਾ ਕਿਸੇ ਜਿੰਮੇਵਾਰ ਆਗੂ ਦੀ ਮੌਜੂਦਗੀ ਤੋਂ ਲੋਕ ਆਪ ਹੀ ਦਿੱਲੀ ਵਿੱਚੋਂ ਬਾਹਰ ਆਪਣੇ ਪੜਾਵਾਂ ਉੱਤੇ ਪਰਤ ਆਏ।
ਫਿਰ ਵੀ ਜੇਕਰ ਕਿਸਾਨ ਪਰੇਡ ਸਚਾਰੂ ਰੂਪ ਵਿੱਚ ਨੇਪਰੇ ਨਹੀਂ ਚੜ੍ਹ ਸਕੀ ਅਤੇ ਪਰੇਡ ਵਿੱਚ ਸ਼ਾਮਲ ਕਿਸਾਨਾਂ ਨੂੰ ਦਿਨ-ਰਾਤ ਠੰਢ ਵਿੱਚ ਭੁੱਖੇ ਪਿਆਸੇ ਰਹਿਣਾ ਪਿਆ ਉਸ ਦੀ ਲਈ ਦਿੱਲੀ ਤਖਤ ਮੁਖ ਰੂਪ ਵਿੱਚ ਜਿੰਮੇਵਾਰ ਹੈ ਕਿਉਂਕਿ ਸਰਕਾਰ ਲਗਾਤਾਰ ਮਸਲੇ ਨੂੰ ਲਮਕਾ ਰਹੀ ਹੈ ਅਤੇ ਇਸ ਦਾ ਹੱਲ ਨਹੀਂ ਕੱਢ ਰਹੀ। ਮਸਲੇ ਨੂੰ ਲਮਕਾ ਕੇ ਸਰਕਾਰ ਸਾਂਤਮਈ ਤੇ ਸਬਰ ਨਾਲ ਚੱਲ ਰਹੇ ਲੋਕਾਂ ’ਚ ਰੋਹ ਵਾਲੇ ਹਾਲਾਤ ਪੈਦਾ ਕਰ ਰਹੀ ਹੈ। 26 ਜਨਵਰੀ ਤੋਂ ਪਹਿਲਾਂ ਹੀ ਜਦੋਂ ਇਹ ਸਪਸ਼ਟ ਹੋ ਚੁੱਕਾ ਸੀ ਕਿ ਲੋਕ ਕਿਸਾਨ ਪਰੇਡ ਲਈ ਦਿੱਤੇ ਗਏ ਰੂਟ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਤਾਂ ਵੀ ਸਰਕਾਰ ਵੱਲੋਂ ਨਾ ਤਾਂ ਰਿੰਗ ਰੋਡ ਉੱਤੇ ਪਰੇਡ ਦੀ ਮਨਜੂਰੀ ਦਿੱਤੀ ਗਈ ਅਤੇ ਨਾ ਹੀ ਕੋਈ ਹੋਰ ਸਨਮਾਨਯੋਗ ਬਦਲ ਪੇਸ਼ ਕੀਤਾ। ਸਰਕਾਰ ਦੀ ਇਸ ਨਾਕਾਮੀ ਦੇ ਦੋ ਕਾਰਨ ਹੋ ਸਕਦੇ ਹਨ – ਜਾਂ ਤਾਂ ਸਰਕਾਰ ਨੇ ਜਾਣਬੁੱਝ ਕੇ ਅਜਿਹਾ ਹੋਣ ਦਿੱਤਾ ਹੈ; ਅਤੇ ਜਾਂ ਫਿਰ ਸਰਕਾਰ ਖੁਦ ਹੀ ‘ਫੈਸਲੇ ਅਤੇ ਪ੍ਰਸ਼ਾਸਨ ਦੇ ਅਧਰੰਗ’ (ਡਿਸਿਜਨ ਐਂਡ ਗਵਰਨੈਂਸ ਪੈਰੇਲੈਸਿਸ) ਤੋਂ ਬੁਰੀ ਤਰ੍ਹਾਂ ਪੀੜਤ ਹੋ ਚੁੱਕੀ ਹੈ। ਪਰ ਦੋਹਾਂ ਹੀ ਸੂਰਤਾਂ ਵਿੱਚ 26 ਜਨਵਰੀ ਨੂੰ ਬਣੇ ਹਾਲਤ ਅਤੇ ਵਾਪਰੇ ਘਟਨਾਕ੍ਰਮ ਲਈ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ।
ਦੂਜਾ, ਸੰਯੁਕਤ ਕਿਸਾਨ ਮੋਰਚਾ 26 ਨਵੰਬਰ ਨੂੰ ਆਪਣੇ ਵੱਲੋਂ ਐਲਾਨੇ ‘ਦਿੱਲੀ ਚੱਲੋ’ ਦੇ ਪ੍ਰੋਗਰਾਮ ਦੌਰਾਨ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਲੋਕਾਂ ਦੀ ਅਗਵਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਖੁਦ ‘ਦਿੱਲੀ ਚੱਲੋ’ ਸਹੀ ਅਰਥਾਂ ਵਿੱਚ ਲਾਗੂ ਕਰਕੇ ਸੰਘਰਸ਼ ਦੀ ਅਗਵਾਈ ਕਰਨ ਦਾ ਮੌਕਾ ਮੁੜ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤਾ। ਸੰਯੁਕਤ ਕਿਸਾਨ ਮੋਰਚਾ ਕਿਸਾਨੀ ਸੰਘਰਸ਼ ਦੌਰਾਨ ਬਣ ਰਹੇ ਹਾਲਾਤ ਨੂੰ ਸਮਝਣ ਤੇ ਮੁਖਾਤਿਬ ਹੋਣ ਵਿੱਚ ਨਾਕਾਮ ਰਿਹਾ ਹੈ। ਮੋਰਚੇ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਸੁਹਿਰਦ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। 26 ਜਨਵਰੀ ਨੂੰ ਦਿੱਲੀ ਵਿੱਚ ਪਰੇਡ ਕਰਨ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਕੁਛ ਅਹਿਮ ਆਗੂਆਂ (ਜਿਨ੍ਹਾ ਦੀਆਂ ਵੀਡਿਓ ਸੋਸ਼ਲ ਮੀਡੀਆ ਤੋਂ ਵੇਖੀਆਂ ਜਾ ਸਕਦੀਆਂ ਹਨ) ਨੇ 26 ਜਨਵਰੀ ਦੀ ਕਿਸਾਨ ਪਰੇਡ ਲਈ ਦਿੱਲੀ ਜਾਣ ਬਾਰੇ ਆਪਣੇ ਭਾਸ਼ਣਾਂ ਤੇ ਸੁਨੇਹਿਆਂ ਵਿੱਚ ਬਕਾਇਦਾ ਮਹੌਲ ਸਿਰਜਿਆ। ਮੋਰਚੇ ਦੀ ਲੀਡਰਸ਼ਿੱਪ ਨੇ ਪਹਿਲੇ ਤਜ਼ਰਬੇ ਤੋਂ ਕੋਈ ਵੀ ਸਬਕ ਲਏ ਬਿਨਾ ਮੁੜ 26 ਜਨਵਰੀ ਦਾ ਅਜਿਹਾ ਪ੍ਰੋਗਰਾਮ ਦਿੱਤਾ ਸੀ ਜਿਸ ਦੀ ਅਗਵਾਈ ਕਰਨ ਦੀ ਉਹਨਾਂ ਵਿੱਚ ਕਾਬਲੀਅਤ ਨਹੀਂ ਸੀ।
26 ਜਨਵਰੀ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਰੂਟ ਨਾਲ ਲੋਕਾਂ ਦੀ ਅਸਹਿਮਤੀ ਮਿੱਥੀ ਤਰੀਕ ਤੋਂ ਪਹਿਲਾਂ ਹੀ ਸਾਫ ਉੱਭਰ ਕੇ ਸਾਹਮਣੇ ਆ ਚੁੱਕੀ ਸੀ। ਇੱਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕੁਝ ਹਿੱਸੇ ਅਤੇ ਇਸ ਮੋਰਚੇ ਤੋਂ ਬਾਹਰਲੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਇਸ ਰੂਟ ਨਾਲ ਸਹਿਮਤ ਨਹੀਂ ਸਨ ਫਿਰ ਵੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੂਟ ਨਾਲ ਅਸਹਿਮਤ ਹਿੱਸਿਆਂ ਨੂੰ ਭਰੋਸੇ ਵਿੱਚ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। 26 ਜਨਵਰੀ ਵਾਲੇ ਦਿਨ ਅਗਵਾਈ ਦੇਣ ਚ ਅਸਫਲ ਰਹਿਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਆਪਣੀ ਜਿੰਮੇਵਾਰੀ ਤੋਂ ਵੀ ਭੱਜ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੀ ਖੁਦ ਆਪਣੇ ਵੱਲੋਂ ਉਤਸ਼ਾਹਤ ਕੀਤੀਆਂ ਭਾਵਨਾਵਾਂ ਤਹਿਤ ਕਾਰਵਾਈ ਕਰਨ ਵਾਲੇ ਨੌਜਵਾਨਾਂ ਵਿਰੁੱਧ ਦੋਸ਼ ਲਾ ਕੇ ਅਤੇ ਸਟੇਜਾਂ ਤੋਂ ਕਈਆਂ ਦੇ ਨਾਂ ਲੈ-ਲੈ ਕੇ ਕੁਬੋਲ ਬੋਲ ਰਹੇ ਹਨ ਤੇ ਗੱਦਾਰੀ ਦੇ ਫਤਵੇ ਜਾਰੀ ਕਰ ਰਹੇ ਹਨ। ਅਜਿਹਾ ਕਰਕੇ ਕੁਝ ਕਿਸਾਨ ਆਗੂ ਇੱਕ ਵਾਰ ਮੁੜ ਆਪਣੀ ਨਾਕਾਮੀ ਤੇ ਨਾਕਾਬਲੀਅਤ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਯੁਕਤ ਮੋਰਚੇ ਦੇ ਸੰਜੀਦਾ ਆਗੂਆਂ ਨੂੰ ਸਿਆਸੀ ਲਾਲਸਾਵਾਂ ਵਾਲੇ ਆਗੂਆਂ ਨੂੰ ਲਗਾਮ ਪਾਉਣ ਦੀ ਲੋੜ ਹੈ।
ਤੀਜਾ, ਉਹ ਹਿੱਸਾ ਹੈ ਜਿਸ ਵਿੱਚ ਉਹ ਕਿਸਾਨ ਜਥੇਬੰਦੀਆਂ ਅਤੇ ਵਿਅਕਤੀ ਸ਼ਾਮਿਲ ਹਨ ਜਿਹਨਾਂ ਨੇ 26 ਜਨਵਰੀ ਨੂੰ ਲੋਕਾਂ ਦੀਆਂ ਭਾਰੂ ਭਾਵਨਾਵਾਂ ਤਹਿਤ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦੀਆਂ ਭਾਵਨਾਵਾਂ ਅਤੇ ਲੋਕਾਂ ਦੇ ਵੇਗ ਦੀ ਅਗਵਾਈ ਕਰਨ ਦੇ ਹਾਣ ਦੀ ਯੋਜਨਾ ਬੰਦੀ ਕਰਨ ਅਤੇ ਇਸ ਵੇਗ ਨੂੰ ਸਾਂਭਣ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੇ। ਉਹਨਾਂ ਨੂੰ ਵੀ ਭਵਿੱਖ ਵਿੱਚ ਵਧੇਰੇ ਸੰਜੀਦਗੀ ਨਾਲ ਪਹਿਲਕਦਮੀ ਕਰਨ ਦੀ ਲੋੜ ਹੈ।
ਇਸ ਘਟਨਾਕ੍ਰਮ ਦੌਰਾਨ ਦਿੱਲੀ ਪੁਲਿਸ ਵੱਲੋਂ ਦੋ ਸੌ ਦੇ ਕਰੀਬ ਨੌਜਵਾਨ ਗ੍ਰਿਫਤਾਰ ਕਰਨ ਦੀਆਂ ਖਬਰਾਂ ਹਨ। ਆਈ.ਟੀ.ਓ. ਵਾਲੇ ਪਾਸੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ। ਹਕੂਮਤਾਂ ਵੀ ਗ੍ਰਿਫਤਾਰ ਕੀਤੇ ਲੋਕਾਂ ਲਈ ਬੁਨਿਆਦੀ ਤੇ ਕਾਨੂੰਨੀ ਮਦਦ ਮੁਹੱਈਆ ਕਰਵਾਉਂਦੀਆਂ ਹਨ ਪਰ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪਿੱਠ ਦੇ ਦੇਣੀ ਬੇਹੱਦ ਮੰਦਭਾਗੀ ਕਾਰਵਾਈ ਹੈ। ਕਿਸਾਨੀ ਸੰਘਰਸ਼ ਦੇ ਹਰ ਹਮਦਰਦ ਅਤੇ ਹੱਕ ਸੱਚ ਦੇ ਹਰ ਹਾਮੀ ਨੂੰ ਇਹਨਾ ਨੌਜਵਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਉਹਨਾਂ ਵਿਰੁੱਧ ਹੋ ਰਹੀ ਕਾਰਵਾਈ ਵਿਰੁਧ ਸਖਤ ਰੋਸ ਜਾਹਿਰ ਕਰਨਾ ਚਾਹੀਦਾ ਹੈ।
ਉਤਰਾਅ ਚੜ੍ਹਾਅ ਸੰਘਰਸ਼ਾਂ ਦਾ ਹਿੱਸਾ ਹੀ ਹੁੰਦੇ ਹਨ। ਇਹ ਸੰਘਰਸ਼ ਲੋਕਾਈ ਦੇ ਭਲੇ ਦੇ ਮਸਲੇ ਨਾਲ ਸੰਬੰਧਤ ਹੈ ਜਿਸ ਦਾ ਪ੍ਰਮਾਣ ਇਸ ਵਿੱਚ ਭਰਵੀਂ ਲੋਕ ਸ਼ਮੂਲੀਅਤ ਅਤੇ ਹਮਾਇਤ ਤੋਂ ਸਾਫ ਹੈ। ਇਸ ਵੇਲੇ ਲੋੜ ਬੀਤੇ ਤੋਂ ਸਬਕ ਸਿੱਖ ਕੇ ਸੰਘਰਸ਼ ਨੂੰ ਮੁੜ ਲੀਹਾਂ ਸਿਰ ਲਿਆਉਣ ਦੀ ਹੈ। ਲੀਡਰਸ਼ਿਪ ਵਿਚਲੇ ਕਈ ਹਿੱਸਿਆਂ ਵੱਲੋਂ ਅਪਣਾਈ ਜਾ ਰਹੀ ਦਬੂ ਤੇ ਮਾਰੂ ਪਹੁੰਚ ਦੇ ਮੱਦੇ-ਨਜ਼ਰ ਸੰਯੁਕਤ ਕਿਸਾਨੀ ਮੋਰਚੇ ਤੋਂ ਬਾਹਰ ਰਹਿ ਗਏ ਸੰਘਰਸ਼ ਦੇ ਸਮੂਹ ਸੁਹਿਰਦ ਹਿੱਸਿਆਂ ਅਤੇ ਹਮਦਰਦਾਂ ਨੂੰ ਇਸ ਅੰਦੋਲਨ ਨੂੰ ਮਜਬੂਤ ਲੀਹਾਂ ਤੇ ਲਿਆਉਣ ਵਾਸਤੇ ਸਰਗਰਮ ਭੁਮਿਕਾ ਨਿਭਾੳਣੀ ਚਾਹੀਦੀ ਹੈ।