ਵਾਰਿਸ
ਕਹਾਣੀ ਵਿੱਚ ਜਸਮੀਤ ਕੌਰ ਵੱਲੋਂ ਦਰਸਾਇਆ ਗਿਆ ਹੈ ਕਿ ਪੁੱਤਰ ਦੇ ਮੋਹ `ਚ ਮਾਂ-ਪਿਉ ਕਿਸ ਤਰ੍ਹਾਂ ਆਪਣੀ ਸਾਰੀ ਮਮਤਾ ਕੁੜੀਆਂ ਦੇ ਮੁਕਾਬਲੇ ਕੇਵਲ ਪੁੱਤਰ `ਤੇ ਹੀ ਨਿਉਸ਼ਾਵਰ ਕਰ ਦਿੰਦੇ ਹਨ। ਇੱਕ ਧੀ ਆਪਣੇ ਘਰ ਇੱਕ ਭਰਾ ਦੇ ਜਨਮ ਲੈਣ ਤੋਂ ਬਾਅਦ ਆਪਣੀ ਮਾਂ ਦੀ ਮਮਤਾ ਨੂੰ ਤਰਸਦੀ ਤੇ ਮਾਨਸਿਕ ਸੰਤਾਪ ਹੰਡਾਉਂਦੀ ਜਵਾਨ ਹੋਣ ਤੋਂ ਬਾਅਦ ਵੀ ਮਨ ਵਿੱਚ ਮਾਂ ਦੀ ਮਮਤਾ ਨੂੰ ਤਰਸਦੀ ਰਹਿੰਦੀ ਹੈ।
ਅਥਰੀ ਨੇ ਜਿੱਦਾਂ ਹੀ ਬੂਹਾ ਲਾਹਿਆ, ਸਾਹਮਣੇ ਭਾਬੀ ਛੋਟੇ ਜਿਹੇ ਨਿਆਣੇ ਨੂੰ ਕੁੱਛੜ ਚੁੱਕੀ ਖਲੋਤੀ ਸੀ। ਪਿੱਛੇ ਹੀ ਭਾਪਾ ਜੀ ਤੇ ਚਾਚੂ ਵੀ ਖਲੋਤੇ ਸਨ। ਅੱਥਰੀ ਦੀ ਨਜ਼ਰ ਭਾਬੀ ਦੀ ਨਜ਼ਰ ਨਾਲ ਮਿਲੀ – ਇੱਕ ਸਵਾਲੀਆ ਜਿਹੀ ਨਜ਼ਰ…ਪਰ ਭਾਬੀ ਨੇ ਫਟਾ ਫਟ ਨਜ਼ਰ ਫੇਰ ਜਵਾਕ ਵੱਲ ਕਰਦੇ ਆਖਿਆ…“ਅੱਥਰੀਏ…ਜਾ ਤੇਲ ਲੈ ਕੇ ਆ… ਤੇ ਦੋਹਾਂ ਨੂੰ ਵੀ ਸੱਦ, ਅੱਜ ਤੁਸੀਂ ਵੀਰਾਂ ਵਾਲੀਆਂ ਹੋ ਗਈਆਂ।” ਆਖਦੇ-ਆਖਦੇ ਉਸ ਦਾ ਗਲਾ ਭਰ ਆਇਆ। ਅੱਥਰੀ ਓਨੀ ਪੈਰੀਂ ਰਸੋਈ ਵਿੱਚ ਗਈ… …ਤੇ ਤੇਲ ਦੀ ਸ਼ੀਸ਼ੀ ਚੁੱਕ ਲਿਆਈ। ਭਾਬੀ ਨੇ ਫਿਰ ਕਿਹਾ “ਹੈ-ਹੈ ਨੀ.. ਔਂਤਰੀਆਂ ਕਿੱਥੇ ਨੇ ਦੋਹੇਂ। ਪਤਾ ਨੀ ਲੱਗਦਾ ਵੀਰ ਦੇ ਸ਼ਗਨ ਕਰੋ”। ਭਾਪਾ ਜੀ ਨੇ ਤੇ ਚਾਚੂ ਨੇ ਵੀ ਗਾਹਾਂ ਹੋ ਕੇ ਆਖਿਆ “ਪੁੱਤਰ ਕਿੱਥੇ ਨੇ ਤ੍ਰਿਪਤ ਤੇ ਰੌਨਕ” ਅੱਥਰੀ ਨੇ ਮੂੰਹੋਂ ਕੁੱਝ ਨਾ ਆਖਿਆ। ਬੱਸ ਇਸ਼ਾਰੇ ਨਾਲ ਦੂਜੇ ਪਾਸੇ ਨੂੰ ਉਂਗਲ ਕਰ ਦਿੱਤੀ।
“ਕੁੜੀਓ ਛੇਤੀ ਆਓ ਵੇਖੋ ਕੋਣ ਆਇਆ ਹੈ ਤੁਹਾਡੇ ਘਰ।”
ਭਾਪਾ ਜੀ ਨੇ ਅਵਾਜ਼ ਵਿੱਚ ਪੂਰੀ ਮਿਸਰੀ ਘੋਲਦਿਆਂ ਆਖਿਆ। ਭਾਬੀ ਹੁਣ ਕਾਹਲੀ ਪੈ ਗਈ ਸੀ…..“ਮੈਨੂੰ ਥਕਾਵਟ ਹੋ ਗਈ ਹੈ। ਜਵਾਕ ਵੀ ਭੁੱਖਾ ਹੋਣਾ ਹੈ” ਉਸ ਨੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਉਂਦਆਂ ਆਖਿਆ। ਬੱਚੇ ਨੂੰ, ਪਤਾ ਨਹੀਂ ਭੁੱਖ ਲੱਗੀ ਸੀ, ਜਾਂ ਛਾਤੀ ਦੇ ਨਾਲ ਘੁੱਟਣ ਕਾਰਨ ਉਸ ਨੇ ਦਬਾਅ ਮਹਿਸੂਸ ਕੀਤਾ ਸੀ
ਉਹ ਉੱਚੀ-ਉੱਚੀ ਰੋਣ ਲੱਗ ਪਿਆ। ਕੁੜੀਆਂ ਆ ਚੁੱਕੀਆਂ ਸਨ ਭਾਬੀ ਦੇ ਆਖਣ ਤੇ ਝੂਰੀ ਨੇ ਝੱਟ-ਪੱਟ ਤੇਲ ਦੀ ਸ਼ੀਸ਼ੀ ਖੋਲੀ ਤੇ ਬੂਹੇ ਦੀਆਂ ਦੋਵੇਂ ਨੁਕਰਾਂ ਤੇ ਸ਼ਗਨ ਵਜੋਂ ਪਾਇਆ। ਭਾਬੀ ਝੱਟ-ਪੱਟ ਅੰਦਰ ਨੂੰ ਆ ਗਈ। ਅੱਥਰੀ ਉਥੇ ਹੀ ਖਲੋਤੀ ਰਹੀ। ਹੋਲੀ ਜਿਹੀ ਬੂਹੇ ਦੇ ਉਹਲੇ ਹੋ ਗਈ। ਉਸ ਨੂੰ ਜਾਪਿਆ ਜਿਵੇਂ ਅੰਦਰ ਕੁੱਝ ਤਿੜਕ ਗਿਆ ਹੋਵੇ…. ਜਿਵੇਂ ਕਿਤੇ ਬਿਆਬਾਨ ਵਿਚ ਇਕੱਲੀ ਖਲੋਤੀ ਹੋਵੇ। ਹੁਣ ਸਾਰੇ ਅੰਦਰ ਆ ਗਏ ਸਨ…ਤੇ ਆਲੇ-ਦੁਆਲੇ ਤੋਂ ਕੁੱਝ ਹੋਰ ਲੋਕ ਵੀ। ਕੁਝ ਤੀਵੀਆਂ ਮੁਬਾਰਕਾਂ ਦੇਣ ਲੱਗ ਪਈਆਂ।
““ਨਾ… ਤੂੰ ਸ਼ਰੀਕਣੀ ਹੈ ਉਸ ਦੀ, ਤੇਰੇ ਕੋਲੋਂ ਕਿਉਂ ਨਹੀਂ ਵੇਖ ਹੁੰਦਾ ਉਸ ਦਾ ਹੱਸਣਾ ਬੋਲਣਾ… ਭਖ ਪੈਂਦੀ ਹੈਂ ਉਸ ਨੂੰ ਵੇਖ ਕੇ…. ਫਿਰ ਹੈਂਅ….” ?
“ਕਿਉਂ ਨਾ ਭਖਾਂ ਉੱਨ੍ਹੀ ਵਰ੍ਹਿਆਂ ਦੀ ਹੋਣ ਨੂੰ ਆਈ ਹਾਂ ਮੈਂ… ਤੇਰਾ ਸਾਰਾ ਲਾਡ ਪਿਆਰ ਬੱਸ ਇਕੋ ਵਾਸਤੇ ਰਹਿ ਗਿਆ ਹੈ। ਜੇ ਤ੍ਰਿਪਤ ਜਾਂ ਰੋਣਕ ਕੁੱਝ ਨਹੀਂ ਆਖਦੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੁੱਖੀ ਨਹੀਂ। ਪਰ ਤੈਨੂੰ ਤਾਂ ਕੁੱਝ ਦਿੱਸਦਾ ਹੀ ਨਹੀਂ।” .”
“ਮੁਬਾਰਕਾਂ ਨੀ ਭੈਣੇ ਲੱਖ-ਲੱਖ ਵਧਾਈਆਂ…. ਸ਼ੁਕਰ ਏ ਤੇਰੀ ਕੰਨ੍ਹੀ ਵੀ ਕੋਈ ਪਾਣੀ ਦੇਣ ਵਾਲਾ ਆਇਆ।”
ਦੂਜੀ ਬੋਲੀ “ਹੋਰ ਕੀ, ਤੇਰੀ ਵੀ ਵੇਲ ਵਧੂਗੀ, ਗਾਂਹ ਨੂੰ ਨਾਂ ਲੈਣ ਵਾਲਾ ਤਾਂ ਆਇਆ ਕੋਈ …।”
ਅੱਥਰੀ ਨੂੰ ਕੁਝ ਨਹੀਂ ਸੀ ਸੁਣਦਾ। ਉਹ ਹੌਲੀ-ਹੌਲੀ ਭਾਬੀ ਵੱਲ ਆਈ ਤੇ ਉਸ ਦੀ ਪਿੱਠ ਪਿੱਛੇ ਖਲੋ ਗਈ, ਉਸ ਦੀ ਭਾਬੀ ਅੱਜ ਉਹਨੂੰ ਆਪਣੀ ਨਹੀਂ ਸੀ ਜਾਪ ਰਹੀ। ਉਹ ਬੜੀ ਦੇਰ ਉਸ ਤਰ੍ਹਾਂ ਹੀ ਖਲੌਤੀ ਰਹੀ। ਭਾਬੀ ਕਦੀ ਬੱਚੇ ਨੂੰ ਗੋਦੀ ਵਿੱਚ ਲਟਾਉਂਦੀ ਕਦੀ ਮੋਢੇ ਨਾਲ ਲਾਉਂਦੀ। ਅੱਥਰੀ ਨੂੰ ਜਾਪਿਆ ਜਿਵੇਂ ਹੁਣੇ-ਹੁਣੇ ਭਾਬੀ ਉਸ ਵੱਲ ਤੱਕੇਗੀ ਤੇ ਉਸ ਨੂੰ ਆਪਣੇ ਪਿੱਛੋਂ ਫੜ ਕੇ ਆਪਣੀ ਗੋਦੀ ਵਿੱਚ ਬਿਠਾ ਲਵੇਗੀ। ਪਰ ਭਾਬੀ ਨੇ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਕੀਤਾ… ਸਗੋਂ ਤ੍ਰਿਪਤ ਤੇ ਰੌਣਕ ਨੂੰ ਚਾਹ-ਪਾਣੀ ਬਣਾਉਣ ਲਈ ਆਖਿਆ। ਤੇਰਾਂ ਵਰ੍ਹਿਆਂ ਦੀ ਤ੍ਰਿਪਤ ਚਾਹ ਬਣਾ ਤਾਂ ਲੈਂਦੀ ਸੀ ਪਰ ਚਾਹ ਪੁਣਨ ਨੂੰ ਹਮੇਸ਼ਾ ਅੱਥਰੀ ਨੂੰ ਆਵਾਜ਼ ਮਾਰਦੀ। ਗਿਆਰਾਂ ਵਰਿਆਂ ਦੀ ਅੱਥਰੀ ਦੇਖਦੇ-ਦੇਖਦੇ ਹੀ ਸਾਰੇ ਕੰਮ ਕਰ ਲੈਂਦੀ ਸੀ। ਤ੍ਰਿਪਤ ਚਾਹ ਬਣਾ ਕੇ ਅੱਥਰੀ ਨੂੰ ਆਵਾਜ਼ਾਂ ਮਾਰਨ ਲੱਗੀ, ਪਰ ਉਸ ਨੇ ਨਾ ਸੁਣਿਆ। ਉਸ ਦੀ ਕੰਨ੍ਹੀਂ ਬੱਸ ਇਕ ਸ਼ੋਰ ਪੈ ਰਿਹਾ ਸੀ ਤੇ ਉਸ ਦਾ ਬਾਲ ਮਨ ਬਹੁਤ ਘਬਰਾ ਰਿਹਾ ਸੀ। ਭਾਬੀ ਨੇ ਉੱਚੀ ਆਵਾਜ਼ ਵਿੱਚ ਆਖਿਆ…“ਔਂਤਰੀਏ ਤੈਨੂੰ ਸੁਣਦਾ ਨੀ, ਕਿਹੜੇ ਵੇਲੇ ਦੀ ਵਾਜ਼ਾਂ ਮਾਰੀ ਜਾਂਦੀ ਹੈ ਉਹ” ਤੇ ਬਾਂਹ ਫੜ ਕੇ ਉੱਥੇ ਬੈਠੀ ਨੂੰ ਹੀ ਗਾਹਾਂ ਨੂੰ ਧੱਕ ਦਿੱਤਾ। ਕੜਿੱਚ… ਫਿਰ ਕੁੱਝ ਟੁੱਟਦਾ ਜਿਹਾ ਲੱਗਿਆ। ਅੱਥਰੀ ਢੀਠਾਂ ਵਾਂਗ ਹੌਲੀ-ਹੌਲੀ ਰਸੋਈ ਵਿੱਚ ਜਾ ਖਲੌਤੀ
“ਰੌਲਾ ਕਿਉਂ ਪਾਣ ਢਹੀ ਏਂ”
“ਤੈਨੂੰ ਸੁਣਦਾ ਨੀ ਚਾਹ ਪੁਣਨ ਨੂੰ ਆਖਦੀ ਹਾਂ”
“ਤੂੰ ਆਪ ਪੁਣ ਲੈ,”
“ਮੇਰੇ ਤੋਂ ਨਹੀਂ ਪੁਣੀ ਜਾਂਦੀ ਤੈਨੂੰ ਪਤਾ ਤਾਂ ਹੈ ਅੱਜ ਤਾਂ ਚਾਹ ਵੀ ਵਾਧੂ ਹੈ” ਤ੍ਰਿਪਤ ਨੇ ਅੱਥਰੀ ਨੂੰ ਕਿਹਾ।
ਜਿੱਦਾਂ ਹੀ ਚਾਹ ਦਾ ਪਤੀਲਾ ਫੜ੍ਹਿਆ ਉਹ ਇੱਕ ਪਾਸੇ ਨੂੰ ਹੋ ਗਈ ਤੇ ਸਾਰੀ ਚਾਹ ਉੱਥੇ ਹੀ ਡੁੱਲ ਗਈ, ਅੱਥਰੀ ਦੇ ਪੈਰ ਤੇ ਉਹ ਉੱਚੀ-ਉੱਚੀ ਰੋਣ ਲੱਗ ਪਈ…
“ਹਾਏ ਨੀ ਕਿਹੜੀ ਗੱਲੋਂ ਨੈ੍ਸ਼ ਪਾਈ ਜਾਂਦੀ ਹੈਂ ਅੱਥਰੀਏ… ਸੁੱਖੀ ਸਾਂਦੀ ਵੀਰ ਆਇਆ ਹੈ ਅੱਜ ਤੁਹਾਡਾ”
“ਭਾਬੀ ਮੇਰਾ ਪੈਰ ਸੜ ਗਿਆ” ਅੱਥਰੀ ਭੱਜ ਕੇ ਮਾਂ ਕੋਲ ਆ ਗਈ… “ਅੱਛਾ ਕੋਈ ਨਾ… ਜਾ ਟੂਟੀ ਥੱਲੇ ਪੈਰ ਰੱਖ ਲੈ, ਫਿਰ ਥੋੜ੍ਹੀ ਜਿਹੀ ਸ਼ਿਆਹੀ ਡੋਲ੍ ਲੈ।” ਉਸ ਨੇ ਬੜੀ ਲਾਪ੍ਰਵਾਹੀ ਨਾਲ ਆਖਿਆ। ਅੱਥਰੀ ਦਾ ਜੀਅ ਕੀਤਾ ਉਹ ਮਾਂ ਨਾਲ ਚਿੰਬੜ ਕੇ ਉੱਥੇ ਹੀ ਬਹਿ ਜਾਵੇ ਪਰ ਭਾਬੀ ਨੂੰ ਤਾਂ ਹੁਣ ਹੋਰ ਕਿਸੇ ਪਾਸੇ ਤੱਕਣ ਦਾ ਵਿਹਲ ਹੀ ਨਹੀਂ ਸੀ। ਜੁਆਕ ਫਿਰ ਉੱਠ ਖਲੌਤਾ ਸੀ ਤਾਂ ਉਹ ਉਸ ਨੂੰ ਪੁਚਕਾਰ ਰਹੀ ਸੀ।
ਤ੍ਰਿਪਤ ਤੇ ਰੋਣਕ ਹੁਣ ਹਰ ਵੇਲੇ ਉਸ ਦੇ ਇਰਦ ਗਿਰਦ ਹੀ ਰਹਿੰਦੀਆਂ। ਰਹਿੰਦੀ ਤਾਂ ਅੱਥਰੀ ਵੀ ਉਥੇ ਹੀ ਸੀ ਪਰ ਉਸ ਦੀ ਅੰਦਰੋਂ ਅੰਦਰੀ ਇੱਕ ਵੱਖਰੀ ਜਿਹੀ ਦੁਨੀਆਂ ਬਣੀ ਜਾ ਰਹੀ ਸੀ। ਤਿੰਨੋਂ ਭੈਣਾ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਇੱਕਠੀਆਂ ਜਾਂਦੀਆਂ ਤੇ ਇੱਕਠੀਆਂ ਹੀ ਆਉਂਦੀਆਂ, ਪਰ ਜਿਸ ਦਿਨ ਵੀ ਉਸ ਬੱਚੇ ਦੀ ਤਬੀਅਤ ਖਰਾਬ ਹੁੰਦੀ ਤ੍ਰਿਪਤ ਤੇ ਅੱਥਰੀ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਜਾਂਦਾ ਤੇ ਛੋਟੀ ਰੋਣਕ ਇਕੱਲੀ ਹੋਣ ਕਰਕੇ ਆਪ ਵੀ ਸਕੂਲ ਨਹੀਂ ਜਾ ਸਕਦੀ। ਥੋੜ੍ਹੇ ਦਿਨਾਂ ਪਿੱਛੋਂ ਸਕੂਲ ਵਿੱਚ ਤੀਆਂ ਦਾ ਮੇਲਾ ਸੀ। ਅੱਥਰੀ ਨੇ ਪੀਲੇ ਸੂਟ ਨਾਲ ਪਰਾਂਦੀ ਪਾਉਣੀ ਸੀ ਤੇ ਨਾਲ ਪੰਜਾਬੀ ਜੁੱਤੀ ਵੀ। ਉਹ ਕਈ ਦਿਨਾਂ ਤੋਂ ਭਾਬੀ ਨੂੰ ਪਰਾਂਦੀ ਤੇ ਜੁੱਤੀ ਲਿਆਉਣ ਵਾਸਤੇ ਆਖ ਰਹੀ ਸੀ। ਪਰ ਹੁਣ ਭਾਬੀ ਬੱਸ ਜੁਆਕ ਨਾਲ ਹੀ ਰੁੱਝੀ ਰਹਿੰਦੀ ਸੀ, ਜਦ ਇੱਕ ਦਿਨ ਪਹਿਲਾਂ ਤੱਕ ਵੀ ਉਸ ਦੀ ਜੁੱਤੀ ਅਤੇ ਪਰਾਂਦੀ ਨਾ ਆਈ ਤਾਂ ਉਹ ਹਾਰ ਕੇ ਬੁੱਝੇ ਮੰਨ ਨਾਲ ਗੁਆਂਢੀਆਂ ਕੋਲੋਂ ਪਰਾਂਦੀ ਤੇ ਜੁੱਤੀ ਮੰਗ ਕੇ ਲੈ ਆਈ । … ਸਵੇਰੇ ਸਵੇਰੇ ਤਿਆਰ ਹੋ ਕੇ ਸਕੂਲ ਜਾਣ ਦੀ ਤਿਆਰੀ ਸੀ ਕਿ ਬੱਚੇ ਨੂੰ ਦੋ ਤਿੰਨ ਉਲਟੀਆਂ ਆ ਗਈਆਂ, ਭਾਬੀ ਤਾਂ ਉੱਥੇ ਹੀ ਘਬਰਾ ਗਈ।
““ਭਾਪਾ ਜੀ… ਮੈਂ ਇਸ ਤਰ੍ਹਾਂ ਦੀ ਹੀ ਹਾਂ… ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਤੁਹਾਡੀਆਂ ਕੀ ਲੱਗਦੀਆਂ ਹਾਂ…!”
“ਅੱਥਰੀਏ… ਤੂੰ ਕਾਹਨੂੰ ਸਾੜੇ ਨੂੰ ਹੋਰ ਸਾੜਦੀ ਏਂ ।”
“ਨਹੀਂ ਤੁਹਾਨੂੰ ਮੇਰੀ ਗੱਲ ਸੁਣਨੀ ਹੀ ਪਉਗੀ… ਮੈਨੂੰ ਆਪਣੀ ਕੁੜੀ ਹੋਣ ਦਾ ਰੋਸਾ ਨਹੀਂ ਤੇ ਨਾ ਹੀ ਦਾਤ ਦੇ ਮੁੰਡਾ ਹੋਣ ਦਾ, ਦੁੱਖ ਤਾਂ ਇਹ ਹੈ ਕਿ ਤੁਸੀਂ ਪਰਾਇਆ ਮੁੰਡਾ ਲਿਆ ਕੇ ਸਾਰੀ ਉਮਰ ਉਸ ਨੂੰ ਆਪਣਾ ਬਣਾਉਣ ਵਿੱਚ ਲੱਗੇ ਰਹੇ ਤੇ ਤੁਹਾਡੀਆਂ ਆਪਣੀਆਂ, ਤੁਹਾਡੇ ਲਾਡਾਂ ਨੂੰ ਵਿਲਕਦੀਆਂ ਰਹੀਆਂ। ਰੱਬ ਨੇ ਦੋਵੇਂ ਜੀ ਬਣਾਏ ਹਨ, ਤੇ ਸਮਾਜ ਤੇ ਘਰ ਵੀ ਦੋਹਾਂ ਨਾਲ ਚੱਲਦੇ ਹਨ ਪਰ ਕੀ ਧੀਆਂ ਹੋਣਾ ਇੰਨ੍ਹਾਂ ਮਾੜਾ ਹੁੰਦਾ ਹੈ… ਫਿਰ ਸਾਡਾ ਕਸੂਰ ਵੀ ਕੀ ਸੀ …!””
“ਹਾਏ ਪਤਾ ਨੀਂ ਕਿਹੜੀ ਵਾਧੀ ਘਾਟੀ ਹੋ ਗਈ ਮੁੰਡੇ ਨਾਲ, ਪਤਾ ਨੀ ਕਿਹਦੀ ਨਜ਼ਰ ਲੱਗ ਗਈ, ਨੀ ਅੱਥਰੀਏ ਜਲਦੀ ਆ… ਭਾਪਾ ਜੀ ਤਾਂ ਹੱਟੀ ਚਲੇ ਗਏ ਨੇ, ਤੂੰ ਇਥੇ ਬੈਠ ਜੁਆਕ ਕੋਲ….ਤਾਂ ਮੈਂ ਹੁਣੇ ਡਾਕਟਰ ਨੂੰ ਸੱਦਦੀ ਹਾਂ।” ਆਖਦੇ ਹੋਏ ਭਾਬੀ ਦਾ ਗਲਾ ਭਰ ਆਇਆ।
“ਪਰ ਭਾਬੀ..ਮੈਂ ਤਾਂ ਸਕੁਲ ਜਾਣਾ ਹੈ, ਅੱਜ ਤੀਆਂ ਦਾ ਮੇਲਾ ਹੈ”
“ਮਰਨ ਜੋਗੀਏ ਤੈਨੂੰ ਮੇਲਿਆਂ ਦੀ ਪਈ ਹੈ ,..ਦਿਸਦਾ ਨੀ ਵੀਰ ਢਿੱਲਾ ਹੈ।” ਰੋਣ ਹੱਕੀ ਭਾਬੀ ਨੇ ਫਿਰ ਆਖਿਆ।
“ਪਰ ਤੂੰ ਡਾਕਟਰ ਕੋਲ ਆਪ ਹੀ ਲੈ ਜਾਹ।” ਅੱਥਰੀ ਨੇ ਜ਼ਿਰਹਾ ਕੀਤੀ
“ਮਾਰਾਂ ਚਪੇੜ ਕੱਢ ਕੇ ਬੇਸ਼ਰਮ ਜਿਹੀ… ਚੁੱਪ ਕਰਕੇ ਬੈਠ… ਕੋਈ ਨਹੀਂ ਜਾਣਾ ਮੇਲਿਆਂ ਵਿੱਚ।” ਤਾਂ ਉਹ ਭੱਜ ਕੇ ਡਾਕਟਰ ਨੂੰ ਸੱਦਣ ਚਲੀ ਗਈ। ਅੱਥਰੀ ਦੀ ਸਾਰੀ ਤਿਆਰੀ ਉੱਥੇ ਹੀ ਰਹਿ ਗਈ। ਗਈਆਂ ਤੇ ਭਾਵੇਂ ਤ੍ਰਿਪਤ ਤੇ ਰੋਣਕ ਵੀ ਨਹੀਂ ਸਨ ਪਰ ਅੱਥਰੀ ਦਾ ਜੀਅ ਉਸ ਦਿਨ ਬੜਾ ਹੀ ਹੋਰ ਤਰ੍ਹਾਂ ਹੋਇਆ। ਸਹੇਲੀਆਂ ਨਾਲ ਵੇਖੇ ਹੋਏ ਸੁਫਨੇ ਮਿੰਟਾਂ ਸਕਿੰਟਾਂ ਵਿੱਚ ਮਲੀਆ ਮੇਟ ਹੋ ਗਏ ਸਨ। ਸਾਰੀਆਂ ਨੇ ਰਲ ਕੇ ਗੋਲ-ਗੱਪੇ ਖਾਣੇ ਸੀ, ਵੰਗਾਂ ਚੜਾਉਣੀਆਂ ਸਨ ਤੇ ਸਕੂਲ ਵਿੱਚ ਗਿੱਧਾ ਵੀ ਪਾਉਣਾ ਸੀ। ਪਰ ਸਾਰੇ ਸੁਫਨੇ ਚੂਰ ਹੋ ਗਏ ਸਨ। ਭਾਬੀ ਭੱਜਕੇ ਨੁਕੜ ਤੋਂ ਡਾਕਟਰ ਸੱਦ ਲਿਆਈ। ਬੱਚੇ ਨੂੰ ਬੈਅ-ਬਾਦੀ ਨਾਲ ਉਲਟੀਆਂ ਹੋ ਰਹੀਆਂ ਸਨ। ਦੁਪਹਿਰ ਤੱਕ ਹੀ ਫਰਕ ਪੈ ਗਿਆ । ਪਰ ਹੁਣ ਤਾਂ ਵੇਲਾ ਲੰਘ ਚੁੱਕਿਆ ਸੀ। ਸਾਰਾ ਦਿਨ ਅੱਥਰੀ ਦੇ ਕੰਨ ਭੱਖਦੇ ਰਹੇ, ਮੱਥਾ ਤਪਦਾ ਰਿਹਾ ਤੇ ਹਰ ਆਉਣ ਜਾਣ ਵਾਲੇ ਸਾਹ ਨਾਲ ਵੱਖਰੀ ਜਿਹੀ ਔਖ ਲੱਗਦੀ ਰਹੀ, ਉਹ ਚੁੱਪ ਕਰ ਗਈ।
ਅੱਥਰੀ ਦਾ ਅੱਥਰਪੁਣਾ ਹੁਣ ਚੁੱਪ ਚਪੀਤੇ ਵੱਖ ਹੋ ਰਿਹਾ ਸੀ, ਅੱਥਰੀ ਤੋਂ। ਬਾਲਪੁਣੇ ਦੀਆ ਗੱਲਾਂ ਦਾ ਗਹਿਰਾ ਅਸਰ ਹੋਣ ਲੱਗ ਪਿਆ ਸੀ ਦਿਨੋਂ ਦਿਨ ਉਸ ਦੀ ਗੱਲ ਬਾਤ ਤੇ ਵਿਵਹਾਰ ਵਿੱਚ। ਅੱਥਰੀ ਜਲਦੀ ਹੀ ਉਮਰੋਂ ਵੱਡੀ ਹੋ ਗਈ ਸੀ।
ਵੀਰ ਦਾ ਨਾਂ ਦਾਤ ਰੱਖਿਆ ਗਿਆ ਸੀ। ਭਾਬੋ ਆਖਦੀ, “ਇਹ ਦਾਤ ਹੀ ਤਾਂ ਹੈ ਸਾਡੇ ਲਈ… ਸਾਡੇ ਬੁਢਾਪੇ ਦਾ ਕੱਲਮ-ਕੱਲਾ ਸਹਾਰਾ, ਸਾਡੇ ਦਿਲਾਂ ਦਾ ਜਾਨੂੰ….ਸਾਨੂੰ ਸਹਾਰਾ ਦੇਣ ਵਾਲਾ।” ਦਾਤ ਹੁਣ ਅੱਠ ਵਰਿਆਂ ਦਾ ਹੋ ਗਿਆ ਸੀ। ਭਾਬੋ ਦੀ ਜ਼ਿੰਦਗੀ ਉਸ ਦੇ ਇਰਦ ਗਿਰਦ ਹੀ ਘੁੰਮਦੀ ਰਹਿੰਦੀ ਸੀ।
“ਵੇ ਲੱਖ ਸੈ ਵਰਿਆਂ ਜੀਵੇਂ ਲਾਡਲਿਆ… ਜਵਾਨੀਆਂ ਮਾਣੇ, ਵੇ ਤੇਰੇ ਵਾਰੀ ਜਾਵਾਂ।”
“ਭਾਬੋ ਸਾਡੇ ਲਈ ਤਾਂ ਇੱਦਾਂ ਦੀ ਕੋਈ ਗੱਲ ਤੂੰ ਕਦੇ ਨੀਂ ਕੀਤੀ… ਕਿਉਂ… ਅਸੀਂ ਬਾਹਰੋਂ ਫੜਕੇ ਆਉਂਦੀਆਂ ਹਾਂ… ਬੱਸ ਇਹੋ ਇੱਕ ਤੇਰਾ ਸੱਕਾ ਹੈ?” ਇੱਕ ਦਿਨ ਅੱਥਰੀ ਨੇ ਅੱਖਾਂ ਭਰਦਿਆਂ ਆਖਿਆ…
“ਨਾ… ਤੂੰ ਸ਼ਰੀਕਣੀ ਹੈ ਉਸ ਦੀ, ਤੇਰੇ ਕੋਲੋਂ ਕਿਉਂ ਨਹੀਂ ਵੇਖ ਹੁੰਦਾ ਉਸ ਦਾ ਹੱਸਣਾ ਬੋਲਣਾ… ਭਖ ਪੈਂਦੀ ਹੈਂ ਉਸ ਨੂੰ ਵੇਖ ਕੇ…. ਫਿਰ ਹੈਂਅ….” ?
“ਕਿਉਂ ਨਾ ਭਖਾਂ ਉੱਨ੍ਹੀ ਵਰ੍ਹਿਆਂ ਦੀ ਹੋਣ ਨੂੰ ਆਈ ਹਾਂ ਮੈਂ… ਤੇਰਾ ਸਾਰਾ ਲਾਡ ਪਿਆਰ ਬੱਸ ਇਕੋ ਵਾਸਤੇ ਰਹਿ ਗਿਆ ਹੈ। ਜੇ ਤ੍ਰਿਪਤ ਜਾਂ ਰੋਣਕ ਕੁੱਝ ਨਹੀਂ ਆਖਦੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੁੱਖੀ ਨਹੀਂ। ਪਰ ਤੈਨੂੰ ਤਾਂ ਕੁੱਝ ਦਿੱਸਦਾ ਹੀ ਨਹੀਂ।”
“ਚੁੱਪ ਕਰ ਸ਼ਰੀਕਣੀਏ ….. ਅਜੇ ਤਾਂ ਉਹ ਜਵਾਕ ਹੈ ਤੇਰੇ ਕੋਲੋਂ ਉਸਦਾ ਖਾਣਾ ਹੰਡਾਉਣਾ ਨਹੀਂ ਤੱਕਿਆ ਜਾਂਦਾ”। ਭਾਬੋ ਇੱਕ ਦਮ ਫੱਟ ਪਈ… “ਪਰ ਤੈਨੂੰ ਲੋੜ ਹੀ ਕੀ ਸੀ ਉਸ ਦੀ, ਅਸੀਂ ਤਿੰਨੋਂ ਬਥੇਰੀਆਂ ਨਹੀਂ ਸਾਂ ਤੇਰੇ ਲਈ। ਘਰ ਬਾਰ ਦੇ ਕੰਮ ਕਰੀਏ ਅਸੀਂ। ਚੁਲ੍ਹਾ ਚੌਂਕਾਂ ਸਾਂਭੀਏ ਅਸੀਂ ਤਾਂ ਗੁਣ ਤੂੰ ਸਾਰੇ ਦਿਨ ਇਸ ਦੇ ਗਾਉਂਦੀ ਰਹਿੰਦੀ ਏਂ।”
“ਹਾਏ ਚੁੱਪ ਕਰ ਅੱਥਰੀਏ” ਭਾਬੋ ਆਪਣੀ ਛਾਤੀ ਫੜੀ ਉਥੇ ਹੀ ਬਹਿ ਗਈ, “ਹਾਏ ਕੰਨਾਂ ਤੇ ਯਕੀਨ ਨਹੀਂ ਆਉਂਦਾ… ਤੂੰ ਆਪਣੇ ਵੀਰ ਤੇ… ਸਾਡੇ ਸਹਾਰੇ ਤੇ… ਅੱਖਾਂ ਢਾਹੀ ਬੈਠੀ ਏਂ… ਡੈਣ ਵੀ ਸੱਤ ਘਰ ਛੱਡ ਦਿੰਦੀ ਹੈ। ਤੂੰ ਤੇ…” ਭਾਬੋ ਭੱਜ ਕੇ ਅੰਦਰ ਨੂੰ ਵੜ ਗਈ, ਦਾਤ ਉਥੇ ਹੀ ਸੁੱਤਾ ਪਿਆ ਸੀ, ਉਹਨੇ ਅੰਦਰੋਂ ਕੁੰਡਾ ਲਾ ਲਿਆ ਤੇ ਫਿਰ ਰਾਤ ਤੱਕ ਕੁੰਡਾ ਨਾ ਲਾਹਿਆ। ਅੱਥਰੀ ਭਾਵੇਂ ਡਾਢਾ ਕਲਪੀ ਪਰ ਅੱਜ ਉਸ ਨੂੰ ਕੁੱਝ ਹਲਕਾ ਤੇ ਚੰਗਾ ਮਹਿਸੂਸ ਹੋ ਰਿਹਾ ਸੀ, ਜਿਵੇਂ ਕਈ ਸਾਲਾਂ ਦਾ ਕੂੜਾ ਕੱਢ ਅੰਦਰ ਸਾਫ ਸਫ਼ਾਈ ਹੋ ਗਈ ਹੋਵੇ। ਸ਼ਾਮ ਨੂੰ ਭਾਪਾ ਜੀ ਹੱਟੀ ਤੋਂ ਆਏ ਤਾਂ ਭਾਬੋ ਨੇ ਸਾਰੀ ਗੱਲ ਉਹਨਾਂ ਨੂੰ ਸੁਣਾਈ ਉਹ ਵੀ ਔਖੇ ਹੋ ਗਏ, “ਅੱਥਰੀਏ…. ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਭਰਾ ਨਾਲ ਤਫਰਕਾ ਕਰਦਿਆਂ”,
“ਮੈਂ ਕੀ ਤਫਰਕਾ ਕੀਤਾ ਭਾਪਾ ਜੀ… ਤਫਰਕਾ ਤਾਂ ਤੁਸੀਂ ਕਰਦੇ ਹੋ ਸਾਡੇ ਤਿੰਨਾਂ ਨਾਲ” “ਤੈਨੂੰ ਲਾਵਾਂ ਚਪੇੜ…” ਭਾਪਾ ਜੀ ਨੇ ਉਸ ਵੱਲ ਹੱਥ ਚੁੱਕਕੇ ਆਖਿਆ, “ਹਾਂ ਹਾਂ ਲਾਵੋ ਚਪੇੜ ਅਜੇ ਤੱਕ ਚਪੇੜਾਂ ਹੀ ਤਾਂ ਖਾਦੀਆਂ ਰਹੀਆਂ ਹਣ ਅਸਾਂ.. ਇਸ ਦੇ ਕਰਕੇ ਤੁਹਾਡੇ ਦੋਹਾਂ ਦੇ ਸਾਰੇ ਲਾਡ, ਸਾਰੀਆਂ ਰੀਝਾਂ ਵੱਸ ਇਸ ਵਾਸਤੇ ਹੀ ਹਨ… ਅਸੀਂ ਤਾਂ ਜਿਵੇਂ ਰੁੱਖ ਹੋਈਏ ਜੀ ਕੀਤਾ ਤਾਂ ਪਾਣੀ ਪਾ ਦਿੱਤਾ ਨਹੀਂ ਤਾਂ ਨਹੀਂ….”
“ਤੇਰੀ ਤੇ ਜਬਾਨ ਬਹੁਤੀ ਹੀ ਚੱਲਣ ਲੱਗ ਪਈ ਏ, ਕਿਸ ਗੱਲ ਦਾ ਸਾੜਾ ਮੰਨਦੀ ਏਂ ਇਸ ਮਾਸੂਮ ਨਾਲ”,
“ਮੈਨੂੰ ਇਸ ਦਾ ਸਾੜਾ ਨਹੀਂ ਹੈ… ਮੈਨੂੰ ਆਪਣੇ ਤਿੰਨਾਂ ਨਾਲ ਹੋ ਰਹੇ ਅਨਿਆਂ ਤੇ ਰੰਝ ਹੈ, ਤੁਸੀਂ ਦੋਹਾਂ ਨੇ ਕਦੇ ਵੀ ਕਿਉਂ ਨਹੀਂ ਸਮਝਿਆ ਕਿ ਅਸੀਂ ਵੀ ਤੁਹਾਡੀ ਆਪਣੀਆਂ ਹਾਂ…” ਅੱਥਰੀ ਵਿੱਚ ਨਾ ਜਾਣੇ ਕਿੱਥੋਂ ਅੇਨਾ ਹੌਸਲਾ ਆ ਗਿਆ ਸੀ। “ਤੁਹਾਡੀਆਂ ਸਾਰੀਆਂ ਖੁਸ਼ੀਆਂ, ਸਾਰੇ ਦੁੱਖ ਬੱਸ ਇਸ ਨਾਲ ਹੀ ਜੁੜੇ ਹੋਏ ਹਨ। ਸਾਡੀ ਹਰ ਖੁਸ਼ੀ, ਹਰ ਖੁਹਾਇਸ਼ ਤੁਸੀਂ ਇਸ ਤੋਂ ਵਾਰ ਦਿੱਤੀ।” ਅੱਥਰੀ ਦਾ ਸਰੀਰ ਤੇ ਮੂੰਹ ਭੱਖ ਰਹੇ ਸਨ ਤੇ ਹੁਣ ਉਹ ਦੁੱਖ ਨਾਲ ਰੋਣ ਲੱਗ ਪਈ ਸੀ। ਹਰ ਤੀਜ ਤਿਉਹਾਰ, ਹਰ ਖਾਣ ਹੰਢਾਉਣ ਦੀ ਵਸਤ ਪਹਿਲਾਂ ਇਸ ਦੀ ਹੁੰਦੀ ਹੈ ਤੇ ਕਈ ਵਾਰ ਜੇ ਇਸ ਦਾ ਦਿਲ ਉਸ ਤੋਂ ਭਰ ਜਾਏ ਤਾਂ ਫਿਰ ਸਾਡੀ… ।”
“ਹਾਂ-ਹਾਂ ਇੰਝ ਹੀ ਹੁੰਦਾ ਹੈ… ਤੁਸੀਂ ਵੀ ਰੱਬ ਦੇ ਘਰੋਂ ਮੁੰਡਾ ਬਣ ਕੇ ਆਉਣਾ ਸੀ, ਕਿਉਂ ਛਾਤੀ ਤੇ ਸਵਾਰ ਹੋਣ ਆ ਗਈਆਂ ਤਰੇਵੇਂ ਦੀਆਂ ਤਰੇਵੇਂ…” ਭਾਬੋ ਨੇ ਹੱਥ ਖਲੇਰ ਦਿਆਂ ਤਿੰਨਾਂ ਵੱਲ ਇਸ਼ਾਰਾ ਕੀਤਾ। ਵੱਡੀ ਤ੍ਰਿਪਤ ਅੱਥਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਰੌਣਕ ਬੇਆਵਾਜ਼ ਰੋ ਰਹੀ ਸੀ। ਪਰ ਅੱਥਰੀ ਅੱਜ ਸਾਰੀ ਗੱਲ ਮੁਕਾ ਕੇ ਹੀ ਚੁੱਪ ਕਰਨਾ ਚਾਹੁੰਦੀ ਸੀ। ਸੋ ਬੋਲਣ ਤੋਂ ਬਾਜ ਨਹੀਂ ਸੀ ਆ ਰਹੀ। “ਤੂੰ ਵੇਖ ਲਵੀਂ… ਜਿਹੜੇ ਬਢੇਪੇ ਦੀ ਤੂੰ ਗੱਲ ਕਰਦੀ ਹੈਂ, ਇਸ ਨੇ ਕੋਈ ਕੰਮ ਨਹੀਂ ਆਉਣਾ ਤੁਹਾਡੇ, ਤੁਸੀਂ ਫਿਰ ਸਾਡੇ ਕੋਲ ਹੀ ਆਵੋਗੇ…”। ਤੜਾਕ!! ਹੁਣ ਭਾਬੋ ਨੇ ਕੱਢ ਚਪੇੜ ਮਾਰੀ ਤੇ ਕੱਸ ਕੇ ਇੱਕ ਧੱਕਾ ਅੱਥਰੀ ਨੂੰ ਦਿੱਤਾ ਉਹ ਮੂਧੀ ਜਾ ਪਈ ਤਾਂ ਪਲੰਗ ਦਾ ਪਾਵਾ ਸਿਰ ਵਿੱਚ ਵੱਜਿਆ। ਮੱਥਾ ਥੋੜ੍ਹਾ ਜਿਹਾ ਫਟ ਗਿਆ ਸੀ। ਖੂਨ ਵਗਣਾ ਸ਼ੁਰੂ ਹੋ ਗਿਆ ਸੀ। ਉਹ ਚੁੱਪ ਕਰਕੇ ਉਠੀ ਤਾਂ ਰੂੰ ਗਿੱਲਾ ਕਰ ਮੱਥਾ ਸਾਫ ਕਰਨ ਲੱਗੀ। ਸਿਰ ਦੀ ਚੋਟ ਭਾਵੇਂ ਵਾਧੂ ਨਹੀਂ ਸੀ ਪਰ ਮਨੋਂ ਜਿਵੇਂ ਮਿੱਧੀ ਗਈ ਹੋਵੇ। ਕੀ ਇੰਨੀ ਔਖ ਹੁੰਦੀ ਹੈ ਮਾਪਿਆਂ ਨੂੰ, ਧੀਆਂ ਨਾਲ, ਆਖਿਰ ਕੀ ਕਸੂਰ ਹੈ ਸਾਡਾ।
“ਤੂੰ ਤਾਂ ਅੱਗ ਵਾਂਗ ਮੱਚ ਜਾਂਦੀ ਹੈ ਅੱਥਰੀਏ, ਤ੍ਰਿਪਤ ਨੇ ਕਿਹਾ”,
“ਹੋਰ ਕੀ ਕਰਾਂ… ਤੁਹਾਡੇ ਦੋਹਾਂ ਵਾਂਗ ਮੱਕੂ ਠੱਪੀ ਰੱਖਾਂ…” ਉਸ ਨੇ ਫਿਰ ਤੇਜ਼ ਆਵਾਜ਼ ਵਿੱਚ ਕਿਹਾ, “ਛੱਡ ਅੜੀਏ” ਰੌਣਕ ਬੋਲੀ, “ਤੂੰ ਤਾਂ ਵਾਧੂ ਹੀ ਬੋਲ ਪੈਂਦੀ ਹੈਂ ਇਹ ਤਾਂ ਹਰ ਕੁੜੀ ਨਾਲ ਹੁੰਦਾ ਹੈ ਆਪਾਂ ਹਮੇਸ਼ਾ ਤੋਂ ਹੀ ਇਹ ਕੁੱਝ ਤੱਕਦੇ ਆਏ ਹਾਂ”।
“ਤੁਸੀਂ ਜਰੋ ਇਹੋ ਕੁੱਝ ਮੈਥੋਂ ਨੀ ਹੁਣ ਜਰ ਹੁੰਦਾ” ਅੱਥਰੀ ਬੋਲੀ ਤ੍ਰਿਪਤ ਪਾਣੀ ਦਾ ਗਲਾਸ ਲਿਆਈ ਤੇ ਡੈਟੋਲ ਦੀ ਸ਼ੀਸ਼ੀ ਵੀ ।
“ਚੱਲ ਚੁੱਪ ਕਰ ਜਾ ਹੁਣ ਉਸ ਨੇ ਅੱਥਰੀ ਦਾ ਭੱਖਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ। ਅੱਥਰੀ ਦਾ ਕਲੇਜਾ ਚਾਕ-ਚਾਕ ਹੋ ਚੁੱਕਿਆ ਸੀ। ਹੁਣ ਸੌਦਿਆਂ – ਉੱਠਦਿਆਂ ਉਸ ਦੇ ਕਲੇਜੇ ਵਿੱਚ ਹੂਕ ਉਠਦੀ… ਨੀ ਮਾਂਏ ਗੱਲ ਲਾ ਕੇ ਮੈਨੂੰ ਵੀ ਠੰਡ ਪਾ ਨੀਂ ਮਾਏਂ ਹੰਝੂ ਮੇਰੇ ਐਵੇਂ ਨਾ ਵਗਾ, ਨੀ ਮਾਏਂ। ਉਸ ਨੂੰ ਕਈ ਵਾਰ ਲੱਗਦਾ… ਭਾਬੀ ਨੂੰ ਕਿਉਂ ਨਹੀਂ ਪਤਾ ਲੱਗਦਾ, ਸਾਡੇ ਦੁੱਖਾਂ ਦਾ…ਉਹ ਆਪ ਵੀ ਤਾਂ ਸਾਡੇ ਵਰਗੀ ਹੈ। ਪਰ ਭਾਬੋ ਦਾ ਦਿਨ ਰਾਤ ਪਲ-ਛਿਨ ਸਭ ਦਾਤ ਲਈ ਸਨ।
ਛੇ ਮਹੀਨੇ ਪਿੱਛੋਂ ਤ੍ਰਿਪਤ ਦਾ ਵਿਆਹ ਹੋ ਗਿਆ ਤੇ ਆਉਂਦੇ ਤਿੰਨ ਵਰ੍ਹਿਆਂ ਵਿੱਚ ਅੱਥਰੀ ਤੇ ਰੌਣਕ ਦਾ ਵੀ। ਰੌਣਕ ਦਾ ਵਿਆਹ ਕੈਨੇਡਾ ਹੋਇਆ ਸੀ। ਚਾਚੂ ਚਿਰਾਂ ਪਹਿਲੋਂ ਚਲਾ ਗਿਆ ਸੀ ਤੇ ਉਸ ਨੇ ਰੌਣਕ ਨੂੰ ਵੀ ਉੱਥੇ ਬੁਲਾ ਲਿਆ ਸੀ, ਉੱਥੇ ਦੇ ਵਸਨੀਕ ਨਾਲ ਵਿਆਹ ਕਰਵਾਕੇ। ਰੌਣਕ ਕੁੱਝ ਸਾਲ ਤਾਂ ਦਾਤ ਦੇ ਨਾਲ ਮਿਲਦੀ ਵਰਤਦੀ ਰਹੀ ਪਰ ਹੁਣ ਦਾਤ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਵਿਹਲ ਨਹੀਂ ਸੀ ਕਿਸੇ ਹੋਰ ਨਾਲ ਮਿਲਣ-ਵਰਤਨ ਲਈ। ਅੱਥਰੀ ਵੀ ਆਪਣੇ ਘਰੋਂ ਉਂਝ ਤਾਂ ਸੌਖੀ ਸੀ, ਪਰ ਫਿਰ ਵੀ, ਉਸ ਦੇ ਮਨ ਵਿੱਚ ਹਮੇਸ਼ਾ ਇਹ ਖਿਆਲ ਆਉਂਦਾ, ਵਿਆਹ ਪਿਛੋਂ ਸਹੁਰਾ ਘਰ ਵੀ ਨੂਹਾਂ ਨੂੰ ਆਪਣੀ ਜ਼ਾਗੀਰ ਹੀ ਮੰਨ ਲੈਂਦਾ ਹੈ .. ਸਭ ਕੁੱਝ ਹੁੰਦਿਆਂ ਸੁੰਦਿਆਂ ਵੀ ਅੱਥਰੀ ਦਾ ਜੀਅ ਕਰਦਾ ਉਹ ਕੰਧਾਂ ਕੋਲੋਂ ਪੁੱਛੇ, ਪਾਣੀਆ ਤੋਂ ਪੁੱਛੇ, ਅਸਮਾਨਾਂ ਤੋਂ ਪੁੱਛੇ ਤੇ ਰੁੱਖਾਂ ਤੋਂ ਪੁੱਛੇ ਕੀ ਕਿਸੇ ਨੂੰ ਪਤਾ ਹੈ ਕਿ ਕੌਣ ਹਾਂ ਮੈਂ? ਕੀ ਵਜ਼ੂਦ ਹੈ ਮੇਰਾ? ਪਰ ਇਹ ਗੱਲਾਂ ਤਾਂ ਘੁੰਮਣ ਘੇਰੇ ਵਰਗੀਆਂ ਗੋਲ-ਗੋਲ ਘੁੰਮ ਉੱਥੇ ਹੀ ਆ ਖਲੋਦੀਆਂ।
ਦਿਨ ਮਹੀਨੇ ਸਾਲੋਂ ਸਾਲ ਵਿੱਚ ਤਬਦੀਲ ਹੋ ਰਹੇ ਸਨ। ਭਾਬੋ ਨੂੰ ਧੀਆਂ ਦੀ ਸਭ ਤੋਂ ਵੱਧੂ ਯਾਦ ਰੱਖੜੀ, ਟਿੱਕੇ ਤੇ ਹੀ ਆਉਂਦੀ “ਨੀ ਕੁੜੀਓ… ਵੀਰ ਦੇ ਸ਼ਗਨ ਕਰੋ… ਲੱਖ ਸੈ ਵਰ੍ਹਿਆਂ ਜੀਵੇ ਤੁਹਾਡਾ ਵੀਰ… ਰੱਖੜੀਆਂ ਬੰਨ੍ਹੋ, ਅਰਦਾਸਾਂ ਕਰੋ… ਭਾਬੋ ਬੋਰੀ ਹੋਈ ਫਿਰਦੀ ਸੀ ਉਸਦੇ ਮਗਰ। ਪੜ੍ਹਨ ਵਿੱਚ ਦਾਤ ਮਾੜਾ ਨਹੀਂ ਸੀ ਫਿਰ ਅੰਗਰੇਜ਼ੀ ਤੇ ਹਿਸਾਬ ਦੇ ਵੱਖ-ਵੱਖ ਮਾਸਟਰ ਰੱਖਕੇ ਭਾਬੋ ਤੇ ਭਾਪਾ ਜੀ ਹਰ ਵੇਲੇ ਉਸ ਦੇ ਮਗਰ ਹੀ ਪਏ ਰਹਿੰਦੇ। ਸ਼ਾਇਦ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ। ਤ੍ਰਿਪਤ ਵੀ ਬਾਹਰ ਜਾਣਾ ਚਾਹੁੰਦੀ ਸੀ ਆਪਣੇ ਘਰ ਵਾਲੇ ਨਾਲ ਪਰ ਜਦੋਂ ਵੀ ਰੌਣਕ ਦਾ ਜਾਂ ਚਾਚਾ ਜੀ ਦਾ ਫੋਨ ਆਉਂਦਾ ਭਾਬੋ ਉਹਨਾਂ ਦੇ ਦੁਆਲੇ ਹੋ ਜਾਂਦੀ ਦਿਉਰ ਨੂੰ ਵੀ ਅਕਸਰ ਆਖਦੀ, “…
“ਕਾਕੇ ਨੂੰ ਵੀ ਉੱਥੇ ਸੱਦ ਲੈ ਕਰਮਾਂ ਵਾਲਿਆ ਤੇਰੇ ਗੁਣ ਗਾਉਂਦੇ ਨਹੀਂ ਥੱਕਦੇ ਅਸੀਂ”,
“ਪਰ ਭਾਬੀ ਮੈਂ ਤੇ ਤ੍ਰਿਪਤ ਤੇ ਉਸ ਦੇ ਘਰਵਾਲੇ ਨੂੰ ਇੱਥੇ ਸੱਦਣ ਦੀ ਜੁਗਤ ਬਣਾਉਣ ਡਹੇ ਹਾਂ …ਦਾਤ ਨੂੰ ਤਾਂ ਤੂੰ ਉੱਥੇ ਹੀ ਰੱਖ ਆਪਣੇ ਕੋਲ”,
“ਵੇ ਨਾ ਨਾ ਭਰਾਵਾ ਕੁੜੀ ਹੁਣ ਆਪਣੇ ਘਰ ਹੈ ਆਪਣੇ ਟੱਬਰ ਨਾਲ ਜੇ ਜਾਣਾ ਹੀ ਚਾਹੁੰਦੇ ਹੋ, ਤਾਂ ਆਪੇ ਪ੍ਰਹੁਣਾ ਵੇਖੇਗਾ ਹੋਰ ਕੋਈ ਰਸਤਾ। ਇਸ ਦਾ ਤੇਰੇ ਬਿਨ੍ਹਾਂ ਹੋਰ ਕੌਣ ਹੈ… ਜੇ ਸੱਦ ਲਵੇਂਗਾ ਤੇ ਮੁੰਡਾ ਹੋਰ ਲਾਇਕ ਬਣ ਜਾਵੇਗਾ, ਚਾਰ ਪੈਸੇ ਵੱਧ ਕਮਾ ਲਵੇਗਾ, ਸਾਨੂੰ ਦੋਹਾਂ ਨੂੰ ਵੀ ਬੁੱਢੇ ਵੇਲੇ ਸਾਰ ਹੋ ਜਾਵੇਗੀ।” ਅੱਥਰੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਬਹੁਤ ਤੜਫੀ “ਭਾਬੋ ਅਜੇ ਉਸ ਦੀ ਪੜ੍ਹਾਈ ਚੱਲਦੀ ਹੈ, ਜੇ ਜਾਣਾ ਹੋਵੇਗਾ ਤਾਂ ਸਟੂਡੈਂਟ ਵੀਜ਼ੇ ਤੇ ਆਪ ਹੀ ਚਲਾ ਜਾਵੇਗਾ ਕੁੱਝ ਚਿਰਾਂ ਪਿੱਛੋਂ… ਪਰ ਤੂੰ ਤ੍ਰਿਪਤ ਦੀ ਇਜ਼ਤ ਤਾਂ ਰੱਖਣੀ ਸੀ, ਸਹੁਰਾ ਘਰ ਕੀ ਆਖੇਗਾ, ਪ੍ਰਹੁਣਾ ਕੀ ਸੋਚੇਗਾ।”
“ਸੋਚਣ ਨੂੰ ਕੀ ਏ… ਸਿੱਧੀ ਜਿਹੀ ਗੱਲ ਹੈ… ਵਿਆਹੀ ਵਰੀ ਕੁੜੀ ਨੇ ਉਥੇ ਜਾ ਕੇ ਕੀ ਲੈਣਾ… ਪ੍ਰਹੁਣਾ ਚੰਗਾ ਭਲਾ ਕਮਾਉਂਦਾ ਹੈ ਇੱਥੇ… ਦਾਤ ਦੀ ਤਾਂ ਜ਼ਿੰਦਗੀ ਦਾ ਸਵਾਲ ਹੈ… ਅੱਜ ਇਹ ਮੌਕਾ ਹੈ, ਕੱਲ ਪਤਾ ਨਹੀਂ ਹੱਥ ਆਵੇ ਜਾਂ ਨਾ ਆਵੇ, ਤੇਰੇ ਚਾਚੇ ਦਾ ਹੀ ਮਨ ਬਦਲ ਜਾਵੇ”। ਉਸ ਕੋਲ ਦਾਤ ਦੇ ਹੱਕ ਵਿੱਚ ਹਰ ਦਲੀਲ ਸੀ, ਭਾਪਾ ਜੀ ਵੀ ਅੱਖਾਂ ਤੇ ਪੱਟੀ ਬੰਨ੍ਹੀ ਭਾਬੋ ਦੀ ਹਾਂ `ਚ ਹਾਂ ਰਲਾਈ ਜਾਂਦੇ ਸਨ। ਭਾਬੋ ਤੇ ਭਾਪਾ ਜੀ ਨੇ ਅੱਡੀ ਚੋਟੀ ਦਾ ਜੋਰ ਲਾ ਕੇ ਆਖਿਰ ਦਾਤ ਨੂੰ ਘੱਲ ਹੀ ਦਿੱਤਾ। ਅਜੇ ਉਸ ਦੇ ਗਿਆਂ ਨੂੰ ਮਸਾ ਦੋ-ਤਿੰਨ ਮਹੀਨੇ ਹੀ ਹੋਏ ਸਨ ਕਿ ਭਾਪਾ ਜੀ ਦਾ ਫੋਨ ਆਇਆ “ਅੱਥਰੀਏ ਤੇਰੀ ਭਾਬੋ ਵੱਲ ਨਹੀਂ, ਤੁਸੀਂ ਦੋਵੇਂ ਭੈਣਾ ਕੁੱਝ ਚਿਰ ਲਾ ਜਾਉ, ਉਹ ਹੁਣ ਕੁੱਝ ਕੱਲੀ ਕੱਲੀ ਜਿਹੀ ਵੀ ਮਹਿਸੂਸ ਕਰਦੀ ਏ।” ਕਿਉਂ ਫੋਨਾ ਤੇ ਤਾਂ ਰੋਜ ਗੱਲ ਹੁੰਦੀ ਹੈ, ਸਾਡੇ ਕੋਲ ਪੰਦਰੀਂ ਦਿਨੀ ਤਾਂ ਉਸ ਨਾਲ ਇੱਕ ਦਿਨ ਛੱਡ ਕੇ… ਫਿਰ ਇਕੱਲਾਪਣ ਕਿਸ ਗੱਲ ਦਾ ਅੱਥਰੀ ਦੇ ਜੀ ਵਿੱਚ ਆਇਆ – ਪਰ ਮੂੰਹੋਂ ਕੁੱਝ ਨਾ ਬੋਲੀ। ਦੋਵੇਂ ਭੈਣਾਂ ਹਫਤੇ ਲਈ ਭਾਬੋ ਵੱਲ ਆ ਗਈਆਂ ।
ਪੇਕਾ ਘਰ ਭਾਵੇਂ ਅੱਥਰੀ ਦੀਆਂ ਯਾਦਾ ਵਿੱਚ ਬੜਾ ਸੁਖਾਲਾ ਨਹੀਂ ਸੀ। ਪਰ ਸਹੇਲੀਆਂ ਨਾਲ ਗੁੱਡੀਆਂ – ਪਟੋਲਿਆਂ ਦੇ ਵਿਆਹ, ਰੱਸੀ ਟੱਪਣਾ ਤੇ ਹੋਰ ਵੀ ਕਈ ਗੱਲਾਂ ਚੇਤੇ ਆਉਂਦਿਆਂ ਹੀ ਕਲੇਜੇ ਨੂੰ ਠੰਡ ਜਿਹੀ ਪੈਂਦੀ ਸੀ। ਭਾਬੀ ਸਾ ਸਰੀਰ ਭਾਵੇਂ ਘਰ ਵਿੱਚ ਹੀ ਸੀ ਪਰ ਮਨ ਹਰ ਵੇਲੇ ਦਾਤ ਕੋਲ ਹੀ ਉਡਾਰੀਆਂ ਮਾਰਦਾ ਰਹਿੰਦਾ ਸੀ। ਹੁਣ ਕੋਈ ਨਵੀਂ ਗੱਲ ਨਹੀਂ ਸੀ ਇਹ ਉਹਨਾਂ ਦੋਹਾਂ ਲਈ। ਪਰ ਔਰਤ ਬਣ ਚੁੱਕੀਆਂ ਉਹਨਾਂ ਕੁੜੀਆਂ ਦੇ ਦਿਲਾਂ ਵਿੱਚ ਕਿਤੇ ਅਮੜੀ ਦੀ ਹਿੱਕ ਨਾਲ ਲੱਗ ਕੇ ਆਪਣੇ ਲਈ ਥਾਂ ਭਾਲਣ ਦਾ ਜਜਬਾ ਅਜੇ ਵੀ ਸੀ। ਦਾਤ ਨੂੰ ਗਏ ਦਸ ਵਰ੍ਹੇ ਹੋ ਚੱਲੇ ਸਨ। ਪਹਿਲਾਂ ਉਹ ਦੋ ਵਰ੍ਹਿਆਂ ਬਾਅਦ ਹਫਤੇ ਲਈ ਆਇਆ ਸੀ ਪਰ ਫਿਰ ਪੰਜ ਸਾਲ ਨਾ ਆ ਸਕਿਆ। ਫਿਰ ਉਥੇ ਹੀ ਇੱਕ ਪੰਜਾਬਣ ਨਾਲ ਵਿਆਹ ਕਰਾਕੇ ਭਾਬੋ ਨੂੰ ਹੁਣ ਮਿਲਾਉਣ ਲੈ ਕੇ ਆਇਆ… ਭਾਬੋ ਫਿਰ ਝੱਲੀ ਹੋ ਗਈ… ਸਾਰਾ ਗਹਿਣਾ ਲੀੜਾ, ਜੋ ਇੰਨੇ ਸਾਲਾਂ ਵਿੱਚ ਇੱਕਠਾ ਕਰਕੇ ਰੱਖਿਆ ਸੀ, ਇੱਕੋ ਵਾਰੀ ਉਸ ਨੂੰ ਦੇ ਦਿੱਤਾ। ਅੱਥਰੀ ਤੇ ਤ੍ਰਿਪਤ ਨੂੰ ਅਹਿਸਾਸ ਵੀ ਨਹੀਂ ਸੀ ਇਸ ਗੱਲ ਦਾ ਤੇ ਨਾ ਹੀ ਭਾਬੋ ਨੇ ਕਦੀਂ ਉਹਨਾਂ ਨਾਲ ਇਸ ਬਾਰੇ ਕੋਈ ਸਲਾਹ ਕੀਤੀ ਸੀ। ਜਦੋਂ ਦਾਤ ਆਪਣੀ ਵਹੁਟੀ ਲੈ ਕੇ ਉੱਥੇ ਆਇਆ ਤਾਂ ਅੱਥਰੀ ਤੇ ਤ੍ਰਿਪਤ ਵੀ ਮਿਲਣ ਆਈਆਂ। ਭਾਬੋ ਦਾ ਇਹ ਕਾਰਾ ਵੇਖ ਅੱਥਰੀ ਨੇ ਫਿਰ ਆਖਿਆ…
“ਭਾਬੋ ਸਾਰਾ ਗਹਿਣਾ ਲੀੜਾ ਇੱਕਠਾ ਦੇਣ ਦੀ ਕੀ ਲੋੜ ਸੀ, ਗਾਂਹ ਨੂੰ ਜਵਾਕ ਹੁੰਦੇ ਤਾਂ ਫਿਰ ਦੇ ਦਿੰਦੀ…” ।
“ਧੀਏ ਇਹ ਜ਼ਮੀਨ ਜਾਇਦਾਦਾਂ ਹੋਰ ਕਿਸ ਖਾਤਰ ਖੜੀਆਂ ਕੀਤੀਆਂ ਹਨ… ਮੇਰਾ ਵਿਲੈਤੀ ਪੁੱਤ ਬੱਸ ਖੁਸ਼ ਜਾਵੇ… ਆਖਦਾ ਸੀ… ਬੱਸ ਦੋ ਕੁ ਸਾਲ, ਹੋਰ ਫਿਰ ਸਾਨੂੰ ਉੱਥੇ ਸੱਦ ਲਵੇਗਾ…” ਅੱਥਰੀ ਮਾਂ ਦਾ ਮੂੰਹ ਹੀ ਤੱਕਦੀ ਰਹਿ ਗਈ। ਪਹਿਲੀ ਵਾਰ ਉਹ ਪੰਦਰਾਂ ਦਿਨ ਰਿਹਾ। ਰਿਹਾ ਤਾਂ ਭਾਵੇਂ ਘਰ ਹੀ ਪਰ ਬਹੁਤਾ ਸਮਾਂ ਇੱਧਰ-ਉੱਧਰ ਸੈਰ-ਸਪਾਟੇ ਵਿੱਚ ਹੀ ਬੀਤ ਗਿਆ।
ਦੋ ਵਰ੍ਹੇ ਹੋਰ ਨਿਕਲ ਗਏ – ਭਾਬੋ ਬਿਸਤਰੇ ‘ਤੇ ਪੈ ਗਈ। ਹਮੇਸ਼ਾ ਵਾਂਗ ਸੇਵਾ ਲਈ ਅੱਥਰੀ ਤੇ ਤ੍ਰਿਪਤ ਨੂੰ ਹੀ ਸੱਦਿਆ ਗਿਆ। ਭਾਬੋ ਨੂੰ ਚੱਲਣ ਫਿਰਨ ਦੀ ਵੀ ਔਖ ਹੋ ਗਈ ਸੀ। ਇੱਕ ਪਾਸਾ ਕਮਜ਼ੋਰ ਪੈ ਗਿਆ ਸੀ… ਬੋਲਣ ਵਿੱਚ ਵੀ ਸਾਰੀ ਗੱਲ ਸਮਝ ਨਹੀਂ ਸੀ ਆਉਂਦੀ …ਪਰ ਫਿਰ ਵੀ ਉਹ ਹਰ ਚੜ੍ਹਦੇ ਦਿਨ ਨਾਲ ਦਾਤ ਦੀ ਕੋਈ ਨਾ ਕੋਈ ਗੱਲ ਤੋਰ ਹੀ ਲੈਂਦੀ ਸੀ “ਫੋਨ ਆਇਆ ਸੀ ਉਸ ਦਾ… ਆਖਦਾ ਸੀ ਇਲਾਜ ਵਾਸਤੇ ਲੈ ਜਾਵੇਗਾ, ਜਦੋਂ ਦੋ ਸਾਲ ਪਹਿਲਾਂ ਆਇਆ ਸੀ। ਹੁਣ ਕੀ ਆਖਦਾ ਸੀ ਉਹ” ਸਿਰ ਮਾਰਦੀ ਕਦੀ ਸੱਜੇ ਕਦੀ ਖੱਬੇ ਜਵਾਬ ਦੀ ਟੋਹ ਕਰਦੀ। ਭਾਬੋ ਦੀ ਤਬੀਅਤ ਦਿਨੋ ਦਿਨ ਵਿਗੜੀ ਜਾਂਦੀ ਸੀ ਹੁਣ ਉਹ ਬਾਹਰ ਜਾਣ ਦੀਆਂ ਗੱਲਾਂ ਨਹੀਂ ਸੀ ਕਰਦੀ। ਸਗੋਂ ਦਾਤ ਨੂੰ ਮਿਲਣ ਦੇ ਤਰਲੇ ਪਾਉਂਦੀ ਸੀ। ਦਾਤ ਨਾਲ ਗੱਲ, ਵਿੱਚ ਵਿਚਾਲੇ ਤਾਂ ਹੋ ਜਾਂਦੀ ਸੀ ਪਰ ਅਜੇ ਉਹ ਆਉਣ ਦਾ ਕੋਈ ਲਾਰਾ ਨਹੀਂ ਸੀ ਦਿੰਦਾ।
ਅੱਥਰੀ ਤੇ ਤ੍ਰਿਪਤ ਨੂੰ ਭਾਬੋ ਕੋਲ ਆਇਆਂ ਵੀਹ ਦਿਨ ਹੋ ਗਏ ਸੀ। ਉਹਨਾਂ ਦੇ ਆਪਣੇ ਘਰ ਵੀ ਰੁਲੇ ਪਏ ਸੀ ਪਰ ਭਾਬੋ ਨੂੰ ਐਸ ਹਾਲ ਵਿੱਚ ਛੱਡ ਕੇ ਜਾਣ ਦਾ ਚਿੱਤ ਨਹੀਂ ਸੀ ਕਰਦਾ। ਹੁਣ ਭਾਬੋ ਨੇ ਇੱਕ ਨਵੀਂ ਰਟਨ ਪਾ ਦਿੱਤੀ ਸੀ – ਮੇਰੀ ਚਿਖਾ ਨੂੰ ਅੱਗ ਮੇਰਾ ਦਾਤ ਹੀ ਲਾਵੇਗਾ। ਬੱਸ ਉਸ ਨੂੰ ਇੱਕ ਵਾਰੀ ਸੱਦ ਦਿਉ।
ਉਸ ਰਾਤ ਮੰਜੇ ਤੇ ਭਾਬੋ ਕੋਲ ਅੱਥਰੀ ਪੈ ਗਈ। ਉਸ ਦੀਆਂ ਅੱਖਾਂ ਵਿੱਚ ਨੀਂਦਰਾਂ ਦੂਰ-ਦੂਰ ਤੱਕ ਨਹੀਂ ਸਨ। ਖਿਆਲ ਮਿੰਟ ਲਈ ਵੀ ਹੋਰ ਕਿਤੇ ਨਹੀਂ ਸੀ ਜਾਂਦਾ। ਮੇਰੀ ਸੱਕੀ ਮਾਂ – ਬੁੱਝ ਹੀ ਨਾ ਹੋਇਆ ਉਸ ਕੋਲੋਂ… ਧੀਆਂ ਦਾ ਦੁੱਖ। ਜਿੰਨੀ ਉਸ ਦੀ ਸੋਚ ਡੂੰਘੀ ਹੁੰਦੀ ਗਈ ਉਨ੍ਹਾਂ ਹੀ ਉਸ ਦਾ ਚਿੱਤ ਵਿਆਕੁਲ ਹੋ ਗਿਆ। ਉੱਠ ਕੇ ਦੂਜੇ ਕਮਰੇ ਵਿੱਚ ਤੁਰ ਗਈ ਭਾਪਾ ਜੀ ਵੀ ਸੁੱਤੇ ਨਹੀਂ ਸਨ, ਸਗੋਂ ਬਕਸਾ ਫਰੋਲ ਕੇ ਕੁੱਝ ਕਾਗਜ ਕੱਢੀ ਬੈਠੇ ਸਨ।
“ਅੱਥਰੀ ਆ ਜਾ ਪੁੱਤਰ”, ਉਹ ਚੁੱਪ ਕਰਕੇ ਸਾਹਮਣੇ ਪਈ ਕੁਰਸੀ ਤੇ ਬਹਿ ਗਈ… “ਕੀ ਗੱਲ ਪੁੱਤਰ ਤੂੰ ਕੁੱਝ ਬਹੁਤੀ ਹੀ ਉਦਾਸ ਲੱਗਦੀ ਹੈਂ”
“ਭਾਪਾ ਜੀ… ਮੈਂ ਇਸ ਤਰ੍ਹਾਂ ਦੀ ਹੀ ਹਾਂ… ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਤੁਹਾਡੀਆਂ ਕੀ ਲੱਗਦੀਆਂ ਹਾਂ…!”
“ਅੱਥਰੀਏ… ਤੂੰ ਕਾਹਨੂੰ ਸਾੜੇ ਨੂੰ ਹੋਰ ਸਾੜਦੀ ਏਂ ।”
“ਨਹੀਂ ਤੁਹਾਨੂੰ ਮੇਰੀ ਗੱਲ ਸੁਣਨੀ ਹੀ ਪਉਗੀ… ਮੈਨੂੰ ਆਪਣੀ ਕੁੜੀ ਹੋਣ ਦਾ ਰੋਸਾ ਨਹੀਂ ਤੇ ਨਾ ਹੀ ਦਾਤ ਦੇ ਮੁੰਡਾ ਹੋਣ ਦਾ, ਦੁੱਖ ਤਾਂ ਇਹ ਹੈ ਕਿ ਤੁਸੀਂ ਪਰਾਇਆ ਮੁੰਡਾ ਲਿਆ ਕੇ ਸਾਰੀ ਉਮਰ ਉਸ ਨੂੰ ਆਪਣਾ ਬਣਾਉਣ ਵਿੱਚ ਲੱਗੇ ਰਹੇ ਤੇ ਤੁਹਾਡੀਆਂ ਆਪਣੀਆਂ, ਤੁਹਾਡੇ ਲਾਡਾਂ ਨੂੰ ਵਿਲਕਦੀਆਂ ਰਹੀਆਂ। ਰੱਬ ਨੇ ਦੋਵੇਂ ਜੀ ਬਣਾਏ ਹਨ, ਤੇ ਸਮਾਜ ਤੇ ਘਰ ਵੀ ਦੋਹਾਂ ਨਾਲ ਚੱਲਦੇ ਹਨ ਪਰ ਕੀ ਧੀਆਂ ਹੋਣਾ ਇੰਨ੍ਹਾਂ ਮਾੜਾ ਹੁੰਦਾ ਹੈ… ਫਿਰ ਸਾਡਾ ਕਸੂਰ ਵੀ ਕੀ ਸੀ …!”
“ਬੱਸ ਪੁੱਤਰ” “ਨਹੀਂ ਤੁਸੀਂ ਦੋਹਾਂ ਨੇ ਇਹ ਕਦੀ ਸਮਝਿਆ ਹੀ ਨਹੀਂ… ਭਾਬੋ ਨੇ ਤਾਂ ਕਦੀ ਵੀ ਨਹੀਂ। ਜਿਸ ਨੂੰ ਤੁਸੀਂ ਬੁਢੇਪਾ ਸੌਂਪ ਕੇ ਨਿਸ਼ਚਿੰਤ ਹੋਣਾ ਚਾਹੁੰਦੇ ਸਾਂ ਉਹਦਾ ਤਾਂ ਦੂਰ ਦੂਰ ਤੱਕ ਪਤਾ ਨਹੀਂ ਤੇ ਜਿਹੜੀਆਂ ਤੁਹਾਡੀਆਂ ਸਕੀਆਂ ਹੋ ਕੇ ਵੀ ਤੁਹਾਡੀਆਂ ਨਾ ਬਣ ਸਕੀਆਂ…!”
“ਬੱਸ ਪੁੱਤਰ… ਮੇਰੇ ਕੋਲੋਂ ਹੋਰ ਨਹੀਂ ਜਰ ਹੁੰਦਾ।” ਭਾਪਾ ਜੀ ਨੇ ਛਾਤੀ ਤੇ ਹੱਥ ਰੱਖਦਿਆਂ ਆਖਿਆ “ਮੈਂ ਮੰਨਦਾ ਹਾਂ ਸਾਡੇ ਕੋਲੋਂ ਗਲਤੀ ਹੋ ਗਈ… ਨਾ ਮੋੜਨ ਵਾਲੀ ਗਲਤੀ…। ਪਰ ਪਤਾ ਨਹੀਂ… ਕਿਉਂ ਇੱਦਾਂ ਹੀ ਤੁਰਿਆ ਆਉਂਦਾ ਹੈ ਇਹ ਤਰੀਕਾ… ਪੀੜ੍ਹੀਆਂ ਦਰ ਪੀੜ੍ਹੀਆਂ…” ਭਾਪਾ ਜੀ ਉੱਠ ਖਲੌਤੇ ਸਨ।
ਉਹਨਾਂ ਨੇ ਦੋਵੇਂ ਹੱਥ ਪਿੱਠ ਵੱਲ ਬੰਨ੍ਹ ਲਏ ਤਾਂ ਕਮਰੇ ਵਿੱਚ ਚਹਿਲਕਦਮੀ ਕਰਨ ਲੱਗੇ। ਇੱਕ ਖਲਾਅ ਵਿੱਚ ਗੱਲਾਂ ਕਰਦਿਆਂ… “ਪਤਾ ਨਹੀਂ ਸਦਿਆਂ ਤੋਂ ਹੀ ਇੰਝ ਕਿਉਂ ਹੁੰਦਾ ਜਾਂਦਾ ਹੈ, ਕਿਉਂ ਇਹ ਤਿਫਰਕਾ… ਕਿਉਂ ਇਹ ਬੇ-ਇਨਸਾਫੀ… ਅਸੀਂ ਕਰੀ ਜਾਂਦੇ ਹਾਂ ਧੀਆਂ ਨਾਲ, ਬੱਸ ਪਿਛਲੀ ਪੀੜੀ ਤੋਂ ਅਗਲੀ ਪੀੜ੍ਹੀ… ਚੁੱਪ ਕਰਕੇ ਇਸ ਕੋਹੜ ਨੂੰ ਨਾਲ ਲੈ ਲੈਂਦੀ ਹੈ ਵਿਰਾਸਤ ਵਾਂਗ… ਪਤਾ ਨਹੀਂ ਕਿਉਂ…!” ਭਾਪਾ ਜੀ ਦਾ ਗਲ ਭਰ ਆਇਆ ਸੀ ਤੇ ਉਹਨਾਂ ਦੀਆਂ ਬੁੱਢੀਆਂ ਅੱਖਾਂ ਵਿੱਚ ਲਾਚਾਰੀ ਤੇ ਦੁੱਖ ਦਿਸਦਾ ਸੀ।
“ਪਰ ਭਾਪਾ ਜੀ ਸਾਡਾ ਵੇਲਾ ਤਾਂ ਲੰਘ ਗਿਆ।” ਅੱਥਰੀ ਕੋਲੋਂ ਹੁਣ ਸਬਰ ਨਾ ਹੋੲਆ ਉਹ ਦੀਵਾਰ ਨਾਲ ਢਾਸ ਲਾ ਆਪ ਵੀ ਰੌਣ ਲੱਗੀ। “ਪੁੱਤਰ ਤੇਰੇ ਇਲਜ਼ਾਮ ਤੇ ਦੁੱਖ ਜਾਇਜ ਨੇ ਪਰ ਸੱਚ ਮੰਨ ਤੇਰੇ ਵਰਗੀ ਸੋਚ ਨਾਲ ਕਦੇ ਸੋਚਣਾ ਹੀ ਨਾ ਆਇਆ। ਕਿਉਂਕਿ ਮੇਰਾ ਤੁਹਾਡੇ ਤੱਕ ਜਾਣ ਦਾ ਰਸਤਾ ਤੁਹਾਡੀ ਭਾਬੋ ਚੋਂ ਲੰਘਦਾ ਸੀ ਤਾਂ ਉਹ ਵੀ ਤੁਹਾਡੇ ਵਾਂਗ ਇੱਕ ਔਰਤ ਹੈ ਪਰ ਪਤਾ ਨਹੀਂ ਕਿਉਂ ਉਸ ਨੂੰ ਵੀ ਕਦੇ ਇਹ ਖਿਆਲ ਕਿਉਂ ਨਾ ਆਇਆ।
ਮੈਂ ਉਸ ਨੂੰ ਵੀ ਦੋਸ਼ ਨਹੀਂ ਦੇਂਦਾ… ਪਤਾ ਨਹੀਂ… ਗੱਲ ਕਿੱਥੋਂ ਸ਼ੁਰੂ ਹੋਣੀ ਹੈ… ਪਰ ਕਿਤੋਂ ਨਾ ਕਿਤੋਂ ਤਾਂ ਮੁੱਢ ਲੱਭਣਾ ਹੀ ਪਵੇਗਾ। “ਭਾਪਾ ਜੀ ਨੇ ਸੱਚ-ਮੁੱਖ ਇਸ ਗੱਲ ਨੂੰ ਬੜੀ ਗਹਿਰਾਈ ਨਾਲ ਆਖਿਆ। ਅੱਥਰੀ ਦੇ ਰੋਂਦੇ ਕਲੇਜੇ ਨੂੰ ਕੁੱਝ ਢਾਸ ਹੋਈ ਇਸ ਗੱਲ ਤੇ ਕਿ ਪਿਉ ਨੇ ਉਹਨਾਂ ਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਤੇ ਕੀਤੀ।
ਸੱਤਵੇਂ ਦਿਨ ਭਾਬੋ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਟੀਸਾਂ ਮਾਰਦੀਆਂ ਯਾਦਾਂ ਤੇ ਕਈ ਕਹੇ ਅਣਕਹੇ ਉਲਾਂਭੇ ਧੀਆਂ ਦੀਆਂ ਹਿੱਕਾਂ ਵਿੱਚ ਡੱਕੇ ਰਹੇ। ਰੋਂਦੀ ਕਲਪਦੀ ਰੌਣਕ ਵੀ ਭੋਗ ਤੱਕ ਪੁੱਜ ਚੁੱਕੀ ਸੀ। ਦਾਤ ਭੋਗ ਵਾਲੇ ਦਿਨ ਸਵੇਰੇ ਹੀ ਆਇਆ। ਮਾਂ ਦੀ ਮੌਤ ਤੋਂ ਵੱਧ ਕੇ ਚਰਚਾ ਉਥੇ ਦੇ ਕੰਮ ਕਾਰਾਂ ਦੇ ਹਾਲਾਤ ਤੇ ਪਿੰਡ ਵਿੱਚ ਮਹਿੰਗੀਆਂ ਹੋਈਆਂ ਜ਼ਮੀਨਾਂ ਦੇ ਬਾਬਤ ਹੋ ਰਹੀ ਸੀ। ਮਿਲਣ ਜੁਲਣ ਵਾਲਿਆਂ ਨਾਲ ਸਰਸਰੀ ਤੌਰ ਤੇ ਇੱਕ ਮਿੰਟ ਭਾਬੋ ਦੀ ਗੱਲ ਹੁੰਦੀ ਫਿਰ ਵਾਰਤਾਲਾਪ ਆਪ ਹੀ ਹੋਰ ਕਿਸੇ ਪਾਸੇ ਨੂੰ ਮੁੜ ਜਾਂਦਾ। ਦੁਪਹਿਰ ਨੂੰ ਗੁਰਦੁਆਰੇ ਵਿੱਚ ਚੰਗਾ ਇਕੱਠ ਹੋਇਆ ਸੀ। ਲੋਕ ਭਾਬੋ ਦੀਆਂ ਸਿਫਤਾਂ ਕਰ ਰਹੇ ਸਨ। ਉਸ ਦੀ ਸੋਹਣੀ ਗ੍ਰਹਿਸਤੀ ਦੀ ਚਰਚਾ ਹੋ ਰਹੀ ਸੀ।
ਦਾਤ ਲਈ ਉਨ੍ਹੇ ਇੱਕ ਮਾਂ ਹੁੰਦਿਆਂ, ਕਿੰਨ੍ਹਾਂ ਵੱਡਾ ਤਿਆਗ ਕੀਤਾ ਇਸ ਦੇ ਵਿਖਿਆਨ ਕੀਤੇ ਜਾ ਰਹੇ ਸਨ। ਭੋਗ ਉਪਰੰਤ ਭਾਪਾ ਜੀ ਉੱਠੇ ਤੇ ਅੱਚਨਚੇਤੀ ਮਾਈਕ ਕੋਲ ਆ ਕੇ ਖਲੋ੍ਹ ਗਏ। “…. ਆਈ ਹੋਈ ਸਾਰੀ ਸੰਗਤ ਦਾ ਸਾਡੇ ਦੁੱਖ ਵਿੱਚ ਸਾਂਝ ਪਾਉਣ ਦਾ ਬਹੁਤ ਬਹੁਤ ਧੰਨਵਾਦ।” ਉਹਨਾਂ ਦਾ ਗਲਾ ਭਰ ਆਇਆ, ਅੱਖਾਂ ਵਿੱਚ ਹੰਝੂ ਵੀ ਕਿਰ ਰਹੇ ਸਨ, ਖੁੱਲ੍ਹੀ ਦਾੜ੍ਹੀ ਅੱਜ ਉਹਨਾਂ ਨੂੰ ਉਮਰ ਤੋਂ ਕਿਤੇ ਵੱਧ ਦੱਸ ਰਹੀ ਸੀ। ਉਹਨਾਂ ਨੇ ਬੋਲਣਾ ਜਾਰੀ ਰੱਖਿਆ। “… ਭਾਈ ਅੱਜ ਜਿਹੜੀ ਗੱਲ ਮੈਂ ਇੱਥੇ ਕਹਿਣ ਵਾਲਾ ਹਾਂ ਉਸ ਲਈ ਪਤਾ ਨਹੀਂ ਇਹ ਵੇਲਾ ਮੁਨਾਸਿਬ ਹੈ ਜਾਂ ਨਹੀਂ ਪਰ ਮੇਰਾ ਜ਼ਮੀਰ ਹੁਣ ਇਸ ਬੋਝ ਨੂੰ ਹੋਰ ਚੁੱਕਣ ਜੋਗਾ ਨਹੀਂ…” ਸਾਰੇ ਲੋਕ ਉਹਨਾਂ ਵੱਲ ਅੱਖਾਂ ਤੇ ਕੰਨ੍ ਲਾਈ ਬੈਠੇ ਸਨ। ਤਿੰਨੋ ਕੁੜੀਆਂ ਨੂੰ ਵੀ ਸਮਝ ਨਾ ਲੱਗੀ ਕਿਹੜੀ ਅਨੌਖੀ ਗੱਲ ਭਾਪਾ ਜੀ ਇੱਥੇ ਆਖਣ ਵਾਲੇ ਸਨ।
“ਭਾਈ… ਮੈਂ ਵੀ ਉਮਰ ਵਾਲਾ ਹੋ ਚੁੱਕਿਆਂ ਹਾਂ ਤੇ ਜ਼ਿੰਦਗੀ ਦੇ ਕਈ ਸਾਰੇ ਰਸਤਿਆਂ ਤੋਂ ਹੁੰਦਾ ਇੱਥੇ ਤੱਕ ਪੁੱਜਾ ਹਾਂ। ਮੈਂ ਆਪਣੇ ਸਮੇਤ ਤੁਹਾਡੇ ਸਾਰਿਆਂ ਤੋਂ ਪੁੱਛਦਾ ਹਾਂ ਕੀ ਅਸੀਂ ਆਪਣੀਆਂ ਬੱਚੀਆਂ ਨੂੰ, ਤੀਵੀਆਂ ਨੂੰ ਤੇ ਔਰਤਾਂ ਦੇ ਹਰ ਰੂਪ ਨੂੰ ਉਹ ਸਨਮਾਨ, ਪਿਆਰ ਤੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਜਿਉਣ ਦਾ ਹੱਕ ਦਿੰਦੇ ਹਾਂ, ਨਹੀਂ? ਪਤਾ ਨਹੀਂ ਕਿਉਂ, ਜੋ ਅਸੀਂ ਅੱਜ ਤੱਕ ਆਪਣੀਆਂ ਬੱਚੀਆਂ, ਭੈਣਾ ਨਾਲ ਕਰਦੇ ਆਏ ਹਾਂ ਉਹ ਹੀ ਅੱਗੋਂ ਮਾਂ ਤੇ ਸੱਸ ਬਣਨ ਤੇ ਸਾਡੀਆਂ ਬੱਚੀਆਂ ਆਪਣੀ ਨੂੰਹਾਂ ਧੀਆਂ ਨਾਲ ਕਰਦੀਆਂ ਹਨ। ਕਿਸ ਗੱਲ ਦਾ ਡਰ ਹੈ ਸਾਨੂੰ, ਕਿਹੜੇ ਖ਼ੂਹਾਂ ਦੇ ਡੱਡੂ ਬਣੀ ਬੈਠੇ ਹਾਂ ਅਸੀਂ… ਪ੍ਮਾਤਮਾ ਪੁੱਤਰ ਦੀ ਦਾਤ ਵੀ ਸਭ ਨੂੰ ਦਵੇ ਕਿਉਂਕਿ ਦੋਹੇ ਜੀ ਉਸ ਦੇ ਹਨ। ਪਰ ਧੀਆਂ ਨਾਲ ਜਿਹੜਾ ਅਨਿਆਂ ਅਸੀਂ ਅਜੇ ਤੱਕ ਕਰਦੇ ਆਏ ਹਾਂ ਸਗੋਂ ਜਿਹੜਾ ਅਨਿਆਂ ਮੇਰੇ ਕੋਲੋਂ ਵੀ ਮੇਰੀਆਂ ਧੀਆਂ ਵੱਲ ਹੋਇਆ ਹੈ… ਮੈਂ… ਮੈਂ…. ਕੀ ਕਰਾਂ… ਕਿਸ ਤਰ੍ਹਾਂ ਮੋੜ ਲਿਆਵਾਂ ਉਹ ਸਾਰਾ ਸਮਾਂ… ਕਿਸ ਤਰ੍ਹਾਂ ਵਾਪਸ ਕਰਾਂ ਉਹਨਾਂ ਨੂੰ ਉਹ ਸਾਰੀਆਂ ਖੁਸ਼ੀਆਂ… ਉਹਨਾਂ ਦੀਆਂ ਅੱਖਾਂ ਆਪਣੀਆਂ ਧੀਆਂ ਨੂੰ ਟੋਂਹਦਿਆਂ ਬੇਹਿਚਕ ਵੱਗ ਰਹੀਆਂ ਸਨ। “ਮੈਂ… ਸਮਸ਼ੇਰ ਸਿੰਘ ਭਰੀ ਸਭਾ ਵਿੱਚ ਆਖਦਾ ਹਾਂ…ਮੇਰੀ ਜਾਇਦਾਦ ਤੇ ਚਿਖਾ ਤੇ ਹੱਕ . ਪੁੱਤਰ ਨਾਲ, ਮੇਰੀਆਂ ਧੀਆਂ ਦਾ ਵੀ ਹੋਵੇਗਾ… ਮੇਰੀ ਵੱਡੀ ਧੀ ਹੀ ਮੇਰੀ ਚਿਖਾ ਨੂੰ ਸਾਂਭੇਗੀਮੇਰੀਆਂ ਧੀਆਂ…” ਤੇ ਉਹ ਫੁੱਟ – ਫੁੱਟ ਕੇ ਰੋਣ ਲੱਗ ਪਏ।