ਸਿੱਖ ਸਫਾਵਾਂ ਵਿਚ ਇਕ ਨਵੀ ਸੋਚ ਦਾ ਆਗਾਜ਼ –”ਦਿੱਲੀ ਫਤਿਹ ਜੱਥਾ” ਹੋਂਦ ਵਿੱਚ ਆਇਆ
ਦਿੱਲੀ ਵਿੱਚ ਸਿੱਖਾਂ ਦੀ ਸਥਾਪਤ ਲੀਡਰਸ਼ਿਪ ਨੇ ਅਜੋਕੇ ਸਮੇਂ ਵਿੱਚ ਆਪਣੀ ਕਾਰਗੁਜ਼ਾਰੀ ਨਾਲ ਸਿੱਖਾਂ ਨੂੰ ਮਜ਼ਾਕ ਦਾ ਖਾਨਾ ਬਣਾ ਦਿੱਤਾ ਹੈ। ਜਿਸ ਦਾ ਟਾਕਰਾ ਨੌਜਵਾਨਾਂ ਦੀ ਨਵੀਂ ਜਥੇਬੰਦੀ ਦਿੱਲੀ ਫਤਿਹ ਜੱਥਾ ਨੇ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਥਾਪਤ ਲੀਡਰਸ਼ਿਪ ਨੂੰ ਜਵਾਬਦੇਹ ਬਨਾਉਣ ਦਾ ਤਹੀਆ ਵੀ ਕੀਤਾ ਹੈ।
ਇੱਕ ਨਵੀਂ ਜਥੇਬੰਦੀ ਦਿੱਲੀ ਫਤਿਹ ਜੱਥਾ ਜਿਸ ਨੇ ਰਿਵਾਇਤੀ ਅਕਾਲੀਆਂ ਦਾ ਨਾਮ ਜੱਥਾ ਚੁਣਿਆ ਹੈ ਜੋ ਸਾਂਝ ਅਤੇ ਸਾਂਝੀ ਲੀਡਰਸ਼ਪ ਦਰਸਾਉਂਦਾ ਹੈ। ਇਸ ਜੱਥੇ ਦੇ ਨੌਜਵਾਨਾਂ ਨੇ ਪੱਛਮੀ ਦਿੱਲੀ ਵਿੱਚ ਇੱਕ ਸੈਮੀਨਾਰ ਕਰਕੇ ਅਜੋਕੇ ਸਮੇਂ ਵਿੱਚ ਦਿੱਲੀ ਦੇ ਸਿੱਖਾਂ ਦੀ ਦੇਣ ਬਾਰੇ ਹਾਲ ਹੀ ਵਿੱਚ ਵਿਚਾਰ ਚਰਚਾ ਕੀਤੀ। ਇਸ ਲਹਿਰ ਦੇ ਮੋਢੀ ਇਕਬਾਲ ਸਿੰਘ, ਭਵਨੀਤ ਸਿੰਘ, ਜਸਵਿੰਦਰ ਸਿੰਘ ਅਤੇ ਅਮਰਦੀਪ ਸਿੰਘ ਨੇ ਵਰਲਡ ਸਿੱਖ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ “ਅਸੀਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਿੱਲੀ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਅਜਿਹਾ ਮਹੌਲ ਤਿਆਰ ਕਰਨਾ ਚਾਹੁੰਦੇ ਹਾਂ ਜਿਸ ਤਹਿਤ ਅਸੀਂ ਦਿੱਲੀ ਦੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਨੂੰ ਸਮਝ ਕੇ ਉਨ੍ਹਾਂ ਦਾ ਢੁਕਵਾਂ ਹੱਲ ਲੱਭਣ ਦਾ ਹੱਲ ਕਰਾਂਗੇ। ਸਾਡੀ ਚਾਹਤ ਹੈ ਕਿ ਅਜਿਹਾ ਬਦਲ ਲਿਆਇਆ ਜਾਵੇ ਜਿਸ ‘ਤੇ ਸਿੱਖ ਮਾਣ ਕਰ ਸਕਣ।
ਦੇਖਣ ਵਿੱਚ ਆਇਆ ਹੈ ਕਿ ਸਿੱਖ ਹਲਕਿਆਂ ਵਿੱਚ ਅੱਜ ਕੱਲ ਇੱਕ ਨਵੀਂ ਸੋਚ ਉਭਰ ਰਹੀ ਹੈ। ਮੌਜੂਦਾ ਸਿੱਖ ਆਗੂਆਂ ਦੇ ਧਾਰਮਿਕ ਵਿਵਹਾਰ ਅਤੇ ਜਨਤਕ ਜੀਵਨ ਵਿੱਚ ਡਿੱਗਦੇ ਮਿਆਰ ਕਾਰਨ ਜਿੱਥੇ ਕੌਮ ਦਾ ਇੱਕ ਵੱਡਾ ਹਿੱਸਾ ਪਰੇਸ਼ਾਨ ਹੈ ਉਥੇ ਨੌਜਵਾਨਾਂ ਨੇ ਯਤਨ ਆਰੰਭ ਦਿੱਤੇ ਹਨ ਜਿਸ ਵਿੱਚ ਖਾਸ ਸਮੱਸਿਆਵਾਂ ਤੇ ਵਿਚਾਰ ਚਰਚਾਵਾਂ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦਿੱਲੀ ਫਤਿਹ ਜੱਥਾ ਨੂੰ ਉਸੇ ਕੜੀ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ।
“ਸਮੁੱਚੇ ਹਾਲਾਤ ‘ਤੇ ਨਜ਼ਰਸ਼ਾਨੀ ਕਰਨ ਦੀ ਲੋੜ ਹੈ। ਸਿੱਖ ਇਕੱਲ ਵਿੱਚ ਨਹੀਂ ਜਿਉਂਦੇ ਹਨ ਕੋਈ ਵੀ ਇਕੱਲਾ ਨਹੀਂ ਰਹਿੰਦਾ। ਹਰ ਕਿਸਮ ਦੇ ਬਦਲਾਵ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਬਦਲਾਵ ਤਰਤੀਬ ਨਾਲ ਨਹੀਂ ਆਉਂਦੇ, ਵਿਉੇਂਤ ਨਾਲ ਨਹੀਂ ਆਉਂਦੇ, ਸਿੱਖਾਂ ਨੂੰ ਬਦਲਦੇ ਹਾਲਾਤ ਮੁਤਾਬਕ ਵਿਉਂਤਬੰਦੀ ਅਤੇ ਰਣਨੀਤੀ ਤਹਿ ਕਰਨੀ ਹੋਵੇਗੀ।”
ਸੈਮੀਨਾਰ ਵਿੱਚ ਹਾਜਰ ਨੌਜਵਾਨਾਂ ਦੀ ਬਹੁਤਾਤ ਨੂੰ ਸੰਬੋਧਨ ਕਰਦੇ ਹੋਏ ਅਜੋਕੇ ਸਮੇਂ ਦੇ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਨੇ ਕਿਹਾ ਕਿ “ਸਮੁੱਚੇ ਹਾਲਾਤ ‘ਤੇ ਨਜ਼ਰਸ਼ਾਨੀ ਕਰਨ ਦੀ ਲੋੜ ਹੈ। ਸਿੱਖ ਇਕੱਲ ਵਿੱਚ ਨਹੀਂ ਜਿਉਂਦੇ ਹਨ ਕੋਈ ਵੀ ਇਕੱਲਾ ਨਹੀਂ ਰਹਿੰਦਾ। ਹਰ ਕਿਸਮ ਦੇ ਬਦਲਾਵ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਬਦਲਾਵ ਤਰਤੀਬ ਨਾਲ ਨਹੀਂ ਆਉਂਦੇ, ਵਿਉੇਂਤ ਨਾਲ ਨਹੀਂ ਆਉਂਦੇ, ਸਿੱਖਾਂ ਨੂੰ ਬਦਲਦੇ ਹਾਲਾਤ ਮੁਤਾਬਕ ਵਿਉਂਤਬੰਦੀ ਅਤੇ ਰਣਨੀਤੀ ਤਹਿ ਕਰਨੀ ਹੋਵੇਗੀ।” ਬੜੇ ਗੌਰ ਨਾਲ ਸੁਣਨ ਵਾਲੇ ਸਰੋਤਿਆਂ ਨੂੰ ਅਜਮੇਰ ਸਿੰਘ ਨੇ ਕਿਹਾ ਕਿ ਇਸ ਸਾਰੇ ਵਰਤਾਰੇ ਵਿੱਚ ਕੋਈ ਵੀ ਆਸਾਨ ਰਾਹ ਨਹੀਂ ਹੈ ਕਿਉਂਕਿ ਸੰਘਰਸ਼ ਦੇ ਹਰ ਪਹਿਲੂ ‘ਤੇ ਡੁੰਘਾਈ ਨਾਲ ਵਿਚਾਰ ਕਰਨਾ ਜਰੂਰੀ ਹੈ। “ਕਿਸੇ ਵੀ ਮਸਲੇ ਨੂੰ ਚੰਗੀ ਤਰ੍ਹਾਂ ਸਮਝੇ ਬਗੈਰ ਹੱਲ ਲੱਭਣਾ ਗੱਲ ਨਤੀਜੇ ਦੇ ਸਕਦਾ ਹੈ।”
“ਅੱਜ ਸਿੱਖ ਕੌਮ ਦੇ ਅੰਦਰ ਆਪਣੀ ਬਿਹਤਰੀ ਲਈ ੧੩ ਵੱਖ ਵੱਖ ਹੱਲ ਬਾਰੇ ਸੋਚ ਸਰਗਰਮ ਹੈ। ਕਿਸੇ ਇੱਕ ਦੀ ਪ੍ਰੌੜ੍ਹਤਾ ਕਰੇ ਬਗੈਰ ਹਰ ਇੱਕ ਹੱਲ ਵਿੱਚ ਸਿੱਖਾਂ ਨੂੰ ਦਰਪੇਸ਼ ਵੰਗਾਰਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਪਰ ਵੱਖ ਵੱਖ ਸਮੇਂ ‘ਤੇ ਡੂੰਘੇ ਵਿਚਾਰ ਰਾਹੀਂ ਸਿੱਖਾਂ ਨੂੰ ਆਪ ਹੱਲ ਲੱਭਣਾ ਪਵੇਗਾ। ”
ਭਾਰਤ ਦੇ ਸਿਆਸੀ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬ੍ਰਾਹਮਣਾ ਅਤੇ ਸਵਰਨ ਜਾਤੀਆਂ ਨੂੰ ਬੜੇ ਹੀ ਸਹਿਜੇ ਹੀ ਝੂਠ ਬੋਲਣ ਅਤੇ ਵੱਡਾ ਧੋਖਾ ਦੇਣਾ ਆਉਂਦਾ ਹੈ। ਨਾਲ ਹੀ ਉਨ੍ਹਾਂ ਨੇ ਖਬਰਦਾਰ ਕੀਤਾ ਕਿ ਇੰਨੀ ਜਿਆਦਾ ਤਿਆਰੀ ਤੋਂ ਬਾਅਦ ਵੀ ਗਲਤੀਆਂ ਹੋ ਸਕਦੀਆਂ ਹਨ ਪਰ ਫਿਰ ਵੀ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਬਾਕਮਾਲ ਤਕਰੀਰ ਦਿੰਦੇ ਹੋਏ ਨੌਜਵਾਨ ਰਾਜਨੀਤੀ ਗਿਆਨ ਦੇ ਮਾਹਿਰ ਅਤੇ ਸਮਾਜਕ ਕਾਰਜਕਰਤਾ ਮਨਧੀਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਕੌਮ ਦੇ ਅੰਦਰ ਆਪਣੀ ਬਿਹਤਰੀ ਲਈ ੧੩ ਵੱਖ ਵੱਖ ਹੱਲ ਬਾਰੇ ਸੋਚ ਸਰਗਰਮ ਹੈ। ਕਿਸੇ ਇੱਕ ਦੀ ਪ੍ਰੌੜ੍ਹਤਾ ਕਰੇ ਬਗੈਰ ਉਨ੍ਹਾਂ ਨੇ ਪੂਰੀ ਨਿਮਰਤਾ ਨਾਲ ਕਿਹਾ ਕਿ ਹਰ ਇੱਕ ਹੱਲ ਵਿੱਚ ਸਿੱਖਾਂ ਨੂੰ ਦਰਪੇਸ਼ ਵੰਗਾਰਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਪਰ ਵੱਖ ਵੱਖ ਸਮੇਂ ‘ਤੇ ਡੂੰਘੇ ਵਿਚਾਰ ਰਾਹੀਂ ਸਿੱਖਾਂ ਨੂੰ ਆਪ ਹੱਲ ਲੱਭਣਾ ਪਵੇਗਾ। ਮਨਧੀਰ ਸਿੰਘ ਬਾਰੇ ਜ਼ਿਕਰ ਕਰਦਿਆਂ ਦਿੱਲੀ ਦੇ ਸਮਾਜ ਸੇਵਕ ਗੁਰਮੀਤ ਸਿੰਘ ਨੇ ਕਿਹਾ ਕਿ “ਮਨਧੀਰ ਸਿੰਘ ਇੱਕ ਸੁਹਿਰਦ ਪਾਰਲੀਮੈਨਟੇਰੀਅਨ ਦੀ ਤਰ੍ਹਾਂ ਬੋਲਿਆ ਹੈ। ਮੈਂ ਪਿਛਲੇ ੩ ਦਹਾਕਿਆਂ ਵਿੱਚ ਅਜਿਹੀ ਤਕਰੀਰ ਨਹੀਂ ਸੁਣੀ। ਉਸ ਨੇ ਕਮਾਲ ਕਰ ਦਿੱਤਾ ਹੈ।
ਜਿੱਥੇ ਅਜਮੇਰ ਸਿੰਘ ਅਤੇ ਮਨਧੀਰ ਸਿੰਘ ਨੇ ਇਤਿਹਾਸ ਅਤੇ ਫਲਸਫੇ ਦੇ ਦਾਅਰੇ ਵਿੱਚ ਰਹਿ ਕੇ ਆਪਣੀ ਗੱਲ ਰੱਖੀ ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਦੱਸਿਆ ਕਿ ਕਿਵੇਂ ਮੁਢੋਂ ਸ਼ੁਰੂਆਤ ਕਰਦੇ ਹੋਏ ਇੱਕ ਪੰਜ ਨੁਕਾਤੀ ਪ੍ਰੋਗਰਾਮ ਤਹਿਤ ਦਿੱਲੀ ਦੇ ਸਿੱਖਾਂ ਲਈ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦਿੱਲੀ ਫਤਿਹ ਜੱਥੇ ਨੂੰ ਕੌਮੀ ਕਿਰਦਾਰ ਬਨਾਉਣਾ, ਗਰੀਬੀ ਦੂਰ ਕਰਨੀ, ਵਿੱਦਆ ਅਤੇ ਸਿਹਤ ਦਾ ਧਿਆਨ ਰੱਖਣਾ ਅਤੇ ਕੌਮੀ ਸਾਧਨ ਜੁਟਾਉਣ ਦਾ ਪੰਜ ਨੁਕਾਤੀ ਪ੍ਰੋਗਰਾਮ ਦੱਸਿਆ। ਉਨ੍ਹਾਂ ਨੇ ਬਾਰ ਬਾਰ ਦੁਹਰਾਇਆ ਕਿ ਜਲਦਬਾਜ਼ੀ ਦੀ ਕੋਈ ਜਰੂਰਤ ਨਹੀਂ ਹੈ ਅਤੇ ਬੜੇ ਹੀ ਸਹਿਜ ਨਾਲ ਇੱਕ ਇੱਕ ਕਰਕੇ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨਾਲ ਹੀ ਜੋਰ ਦਿੱਤਾ ਕਿ ਜੋ ਕੌਮ ਦੀ ਸੇਵਾ ਕਰਨਾ ਚਾਹੁੰਦੇ ਹਨ ਉਹ ਪੜ੍ਹਾਈ ਲਿਖਾਈ ‘ਤੇ ਵੀ ਪੂਰਾ ਜੋਰ ਦੇਣ।
ਦਿੱਲੀ ਹਿੰਦੁਸਤਾਨ ਦਾ ਸਿਆਸਤ ਦਾ ਕੇਂਦਰ ਹੈ। ਦਿੱਲੀ ਦਾ ਸਿੱਖਾਂ ਨਾਲ ਗੂੜਾ ਸੰਬੰਧ ਹੈ। ਦਿੱਲੀ ਉਹ ਥਾਂ ਹੈ ਜਿੱਥੇ ਸਿੱਖ ਪੰਜਾਬ ਤੋਂ ਆਏ, ਰਾਜ ਸਥਾਪਤ ਕੀਤਾ ਅਤੇ ਫਿਰ ਵਾਪਿਸ ਚਲੇ ਗਏ।
“ਦਿੱਲੀ ਫਤਿਹ ਜੱਥੇ ਨੂੰ ਕੌਮੀ ਕਿਰਦਾਰ ਬਨਾਉਣਾ, ਗਰੀਬੀ ਦੂਰ ਕਰਨੀ, ਵਿੱਦਆ ਅਤੇ ਸਿਹਤ ਦਾ ਧਿਆਨ ਰੱਖਣਾ ਅਤੇ ਕੌਮੀ ਸਾਧਨ ਜੁਟਾਉਣ ਦਾ ਪੰਜ ਨੁਕਾਤੀ ਪ੍ਰੋਗਰਾਮ ਦੱਸਿਆ। ”
ਅੱਜ ਦਿੱਲੀ ਦੀ ਸਿੱਖ ਲੀਡਰਸ਼ਿਪ ਨੇ ਖਾਸ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੇ ਦਿੱਲੀ ਦੇ ਸਿੱਖਾਂ ਨੂੰ ਮਜ਼ਾਕ ਦਾ ਕਾਰਨ ਬਣਾ ਦਿੱਤਾ। ਦਿੱਲੀ ਫਤਿਹ ਜੱਥਾ ਨੇ ਵਚਨਬੱਧਤਾ ਦਰਸਾਈ ਹੈ ਕਿ ਉਹ ਕੌਮ ਨੂੰ ਸਹੀ ਲੀਹ ‘ਤੇ ਲਿਆਉਣ ਲਈ ਉਪਰਾਲੇ ਕਰਨਗੇ ਅਤੇ ਸਥਾਪਤ ਸਿੱਖ ਆਗੂਆਂ ਨੂੰ ਸੰਗਤ ਨੂੰ ਜਵਾਬਦੇਹ ਬਨਾਉਣਗੇ।