ਭਾਈ ਵੀਰ ਸਿੰਘ ਦੀ ੧੫੦ਵੀਂ ਸ਼ਤਾਬਦੀ ਮਨਾਉਣ ਵੱਲ ਤਿਆਰੀ
ਵਾਹਿਗੁਰੂ ਚੰਬੇ ਦੀ ਬੂਟੀ,
ਮਨ ਵਿਚ ਗੁਰਮੁਖ ਲਾਈ ਹੂੰ,
ਆਬਿ ਹਯਾ ਦਾ ਪਾਣੀ ਮਿਲਿਆ ,
ਲੈਣ ਅਰਸ਼ ਤੋ ਆਈ ਹੂੰ,
ਅੰਦਰ ਬੂਟੀ ਮੁਸ਼ਕ ਮਚਾਇਆ,
ਜਾ ਫੁਲਾਂ ਤੇ ਆਈ ਹੂੰ,
ਜੁਗ ਜੁਗ ਜੀਵੇ ਗੁਰਮੁਖ ਬਾਬਲ,
ਜਿਸ ਇਹ ਬੂਟੀ ਲਾਈ ਹੂੰ।
ਸਤਿਗੁਰ ਨਾਨਕ ਸਾਹਿਬ ਦੇ ਆਪਣੇ ਨਿਰਮਲ ਪੰਥ ਦੀ ਵਾੜੀ ਦੇ ਇਕ ਸ਼ਾਹ ਗੁਲਾਬ ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਯਾਦ ਕਰਦਿਆ ਪ੍ਰੋ. ਪੂਰਨ ਸਿੰਘ ਹੋਰਾ ਦੇ ਇਹ ਬੋਲ ਚੇਤੇ ਆਏ। ਅੱਜ ੳੁਨ੍ਹਾਂ ਦੇ ੧੪੬ ਵੇ ਜਨਮ ਪੁਰਬ ‘ਤੇ ਜਦੋ ਪੰਥ ਦੀ ਦਿਸ਼ਾ ਤੇ ਦਸ਼ਾ ਵੱਲ ਝਾਤੀ ਮਾਰਦੇ ਹਾਂ ਤਾਂ ਜੀਅ ਨਿਰਾਸ਼ ਹੁੰਦਾ ਹੈ।
ਸਤਿਗੁਰਾਂ ਨੇ ਸਾਨੂੰ ਗੁਲਾਮ ਲੋਕਾਂ ਨੂੰ ਆਪਣੇ ਸਿਮਰਨ ਦੇ ਨੂਰ ਨਾਲ ਉਚ ਸੁਰਤੇ ਕੀਤਾਂ, ਆਦਰਸ਼ ਦੀ ਸ਼ਕਤੀ ਦ੍ਰਿੜ ਕਰਵਾਈ ਫਰਸ਼ੋ ਚੁਕ ਅਰਸ਼ਾ ਵਲ ੳੁਡਾਰੀਆਂ ਲਗਵਾਈਆਂ। ਪਹਿਲਾ ਉਚੀ ਸੁਰਤ ਨਾਲ ਮਨ ਨੂੰ ਅਜਾਦ ਕਰਵਾ ਕੇ ਗੁਲਾਮੀ ਕਟਣੀ ਸਖਾਈ ਫਿਰ ਸ਼ਹਿਦੀ ਦੀ ਪਿਰਤ ਪਾ ਪੰਜਾਬ ਅਜਾਦ ਕਰਵਾਇਆ। ਪਰ ਡੋਗਰਿਆ ਅਤੇ ਬਗਾਨਿਆ ਦੀ ਸੋਬਦ ਦਾ ਸਿਖਾਂ ਵਿਚ ਆ ਵੜਨਾ, ਸਾਨੂੰ ਈਰਖਾ, ਖੁਦਗਰਜ਼ੀ ਅਤੇ ਫੁੱਟ ਪਵਾ ਵਾਪਸ ਗੁਲਾਮੀ ਦੇ ਰਸਤੇ ਪਾਇਆ, ਸਾਨੂੰ ਮੁੜ ਗੁਲਾਮ ਬਣਾਇਆ।
ਸਾਡੀ ਡਿਗੀ ਹੋਈ ਹਾਲਤ ਵੇਖ ਸਭਨੇ ਸਾਡਾ ਫਾਇਦਾ ਚਕਿਆ। ਸਾਨੂੰ ਸਾਡੇ ਆਦਰਸ਼ ਤੋ ਡੇਗ ਕੇ ਹੋਰਾਂ ਰਸਤਿਆ ਤੇ ਤੋਰਿਆ, ਗੁਰੂ ਦੀ ਪਵਿਤਰ ਮੋਹਰ ਕੇਸ ਵਿਦਾ ਕਰਨੇ ਲਾ ਦਿਤਾ। ਸਤਿਗੁਰਾਂ ਉਨ੍ਹਾ ਦੇ ਜੀਵਨ ਤੇ ਰੱਬੀ ਬਾਣੀ ੳੁਪਰ ਸ਼ੰਕਾ ਖੜਾ ਕੀਤਾ। ਪਰ ਰੱਬ ਦੇ ਪਿਆਰਿਆਂ ਨੇ ਆਦਰਸ਼ ਨਾ ਛਡਿਆ , ਕਿਉੁਕਿ ਇਹ ਉਸ ਗੰਭੀਰ ਆਦਰਸ਼ ਦੀਆਂ ਬਾਤਾ ਹਨ ਜੋ ਕਿ ਰੱਬੀ ਦਰਗਾਹ ਵਿਚ ਜਾ ਕੇ ਨਿਭਦੀਆਂ ਹਨ।
ਉਸ ਵਕਤ ਸਤਿਗੁਰਾਂ ਨੇ ਆਪਣੇ ਪਿਆਰੇ ਪੰਥ ਦੀ ਮੂਰਛਾਂ ਗਈ ਵਾੜੀ ਨੂੰ ਮੁੜ ਸੁਰਜੀਤ ਕਰਨ ਲਈ, ਨਾਮ ਬਾਣੀ, ਅਭਿਆਸ, ਸਿਮਰਨ ਅਤੇ ਸਦਾਚਾਰ ਮੁੜ ਦ੍ਰਿੜ ਕਰਵਾਣ ਲਈ ਭਾਈ ਸਾਹਿਬ ਹੋਰਾਂ ਨੂੰ ਭੇਜਿਆ।
ਭਾਈ ਸਾਹਿਬ ਭਾਈ ਵੀਰ ਸਿੰਘ (੧੮੭੨-੧੯੫੭) ਜੀ ਦਾ ਜੀਵਨ ਇਕ ਵਗਦੇ ਦਰਿਆ ਦੇ ਨਿਆਈ ਹੈ, ਜਿਸ ਵਿਚ ਨਿਰਮਲਤਾ, ਜੋਸ਼, ਤੀਬਰਤਾ, ਵਹਾ ਅਤੇ ਠਹਿਰਾਉ ਸ਼ਾਮਿਲ ਸਨ। ਆਪ ਨੇ ਸਿਖੀ ਦੇ ਕਿਸੇ ਵੀ ਵਿਸ਼ੇ ਨੂੰ ਵਖਿਆਇ ਬਿਨਾ ਨਾ ਰਹਿਣ ਦਿਤਾ ਅਤੇ ਸਿਮਰਨ ਦਵਾਰਾ ਨਵਾਜਿਸ਼ ਹੋਈ ਬਿਬੇਕ ਬੁੱਧੀ ਨਾਲ ਸਾਹਿਤ, ਕਾਵਿ, ਇਤਿਹਾਸ, ਕਲਾ, ਕੌਸ਼ਲ, ਸੰਪਾਦਕੀ, ਟਿੱਪਣੀ, ਵਿਆਖਿਆਕਾਰੀ ਅਤੇ ਕੋਸ਼ਾਕਾਰੀ ਸਭ ਵਿਸ਼ਿਆ ੳੁਪਰ ਆਪਣੀ ਪਾਰਸ ਕਲਾ ਵਰਤਾਈ।
ਸੇਵਾ ਅਤੇ ਜਨ ਕਲਿਆਣ ਵਾਸਤੇ ਸੈਨਟ੍ਰਲ ਖਾਲਸਾ ਯਤੀਮਖਾਨਾ, ਪੰਜਾਬ ਐਂਡ ਸਿੰਧ ਬੈਂਕ ਅਤੇ ਸਿਖ ਐਜੂਕੇਸ਼ਨ ਕਾਨਫਰੈਨਸ ਦੀ ਨੀਹ ਰੱਖੀ। ਵਜ਼ੀਰ ਹਿੰਦ ਪ੍ਰੈਸ ਅਤੇ ਖਾਲਸਾ ਸਮਾਚਾਰ ਹਫਤਾਵਰੀ ਦਵਾਰਾ ਜਨ ਚੇਤਨਾ ਨੂੰ ਤਰਾਸ਼ਿਆ। ਇਸਦੇ ਇਲਾਵਾ ਅਨੇਕਾਂ ਪਤਿਤਾਂ ਦੀ ਪਤਿਤਾਈ ਨੂੰ ਦੂਰ ਕੀਤਾ ਅਤੇ ਨਾਮ ਰਸੀਆ ਨੂੰ ਆਤਮ ਰਸ ਦੀ ਦੁਨਿਆਂ ਦੇ ਗੁੱਝੇ ਭੇਦ ਸੁਲਝਾਏ।
ਅੱਜ ਪੰਥ ਦੀ ਹਾਲਤ ਵੇਖਦਿਆਂ ਤਰਸ ਆਉਂਦਾ ਹੈ ਕਿ ਸਤਿਗੁਰਾਂ ਦੇ ਮਹਾਨ ਆਦਰਸ਼ ਦੇ ਵਾਰਿਸਾਂ ਦਾ ਕੀ ਹਾਲ ਹੈ, ਕੀ ਅੱਜ ਅਸੀਂ ੳੁਨ੍ਹਾਂ ਦੇ ਵਾਰਿਸ ਕਹਾੳੁਣ ਦੇ ਲਾਇਕ ਹਾਂ? ਜਿਤਨੀ ਭਾਈ ਸਾਹਿਬ ਦੀ ਅਗਵਾਈ ਦੀ ਲੋੜ ਉਦੋ ਸੀ ਉਤਨੀ ਹੀ ਅੱਜ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀ ਉਨ੍ਹਾਂ ਨੂੰ ਬਣਦਾ ਸਤਿਕਾਰ ਨਾ ਦੇ ਸਕੇ।
ਭਾਈ ਸਾਹਿਬ ਦੀ ੧੫੦ ਸਾਲਾ ਸ਼ਤਾਬਦੀ ੪ ਸਾਲਾ ਨੂੰ ਆ ਰਹੀ ਹੈ, ਆਉ ਸਭ ਹੰਭਲਾ ਮਾਰਿਏ ਅਤੇ ਜਿਥੇ ਹੋਰ ਸ਼ਤਾਬਦੀਆਂ ਮਨਾਉਦੇ ਹਾਂ ਉਥੇ ਸਾਡੀ ਇਸ ਨਾਮਵਰ ਹਸਤੀ ਦੀ ਵੀ ਸ਼ਤਾਬਦੀ ਦੇ ਕੁਝ ਯਤਨ ਕਰੀਏ।