ਨਕਲੀ ਵਿਵਾਦ, ਮੁੱਖ ਸਿੱਖ ਸਿਧਾਂਤਾਂ ਤੋਂ ਭਟਕਾ ਤੇ ਥਿੜਕਾ ਰਹੇ ਹਨ
ਹਰ ਸਾਲ ਜਨਵਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਲਾਨਾ ਗੁਰਪੁਰਬ ਆਉਂਦਿਆਂ ਹੀ ਕੁਝ ਸਿੱਖਾਂ ਵੱਲੋਂ, ਜਾਤੀ ਤੋਰ ‘ਤੇ, ਆਪਣੀਆਂ ਲਿਖਤਾਂ ਰਾਹੀਂ ਅਤੇ ਸੋਸ਼ਲ ਮੀਡੀਆ ਤੇ ਤਰੀਕਾਂ ਤੇ ਅਰਥਾਂ-ਵਿਆਖਿਆ ਦੇ ਮਸਲੇ ਵਿੱਚ ਬੇਲੋੜਾ ਤੇ ਗੜਬੜੀ ਫੈਲਾਉਣ ਵਾਲਾ ਤੂਫਾਨ ਖੜਾ ਕਰਕੇ ‘ਆਪਣੀ’ ਰਾਹ ‘ਤੇ ਨਾ ਤੁਰਨ ਵਾਲਿਆਂ ‘ਤੇ ਚਿੱਕੜ ਉਛਾਲਿਆ ਜਾਂਦਾ ਹੈ। ਬਰਤਾਨੀਆ ਰਿਹਾਇਸ਼ੀ ਸਿੱਖ ਸੋਚਵਾਨ ਅਤੇ ਲਿਖਾਰੀ ਜਗਦੀਸ਼ ਸਿੰਘ ਇਸ ਲੇਖ ਵਿੱਚ ਇਨ੍ਹਾਂ ਵਿਵਾਦਾਂ ਦੀ ਚਰਚਾ ‘ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਮੰਗ ਕਰਦੇ ਹੋਏ ਆਪਣੀ ਕੌਮ ਨੂੰ ਅਪੀਲ ਕਰਦੇ ਹਨ ਕਿ ਗੁਰੂ ਸਾਹਿਬਾਨ ਦੇ ਅਸਲ ਸਿਧਾਂਤਾਂ ਅਤੇ ਪੰਥਕ ਮਸਲਿਆ ‘ਤੇ ਧਿਆਨ ਦੇਣ ਦਾ ਉਪਰਾਲਾ ਕੀਤਾ ਜਾਵੇ।
ਕਈ ਹੁੱਜਤਾਂ ਤੇ ਵਵਾਦਾਂ ਦੀ ਦੁਨੀਆ ਵਿੱਚ ਕਦਮ ਰੱਖਦਿਆਂ -ਜਵੇਂ ਰਾਗ ਮਾਲਾ, ਦਸਮ ਗ੍ਰੰਥ, ਪੰਜ ਕਕਾਰ, ਮਸ਼ਿਨਰੀ ਬਨਾਮ ਟਕਸਾਲੀ ਆਦ ਜਿਨ੍ਹਾਂ ਨੇ ਬੇਲੋੜਾ ਭੰਬਲਭੂਸਾ ਪਾਇਆ ਹੋਇਆ ਹੈ। ਮੇਰਾ ਮੰਨਣਾ ਹੈ ਕਿ ਕੋਈ ਵੀ ਅਕਲਮੰਦ ਤੇ ਸਹੀ ਸੋਚ ਵਾਲਾ ਸਿੱਖ ਇਹ ਸਾਫ ਵੇਖ ਸਕਦਾ ਹੈ ਇਹ ਵਿਵਾਦ ਬਹੁਦ ਹੱਦ ਤੱਕ ਬੇਵਜ੍ਹਾ ਤੇ ਨਿਰਮੂਲ ਹਨ।
ਇਹ ਮਸਲੇ ਜ਼ਿਆਦਾਤਰ ਨਕਲੀ ਹਨ ਤੇ ਸਾਜ਼ਿਸ਼ ਤਹਿਤ ਪੰਜਾਬੀ ਮੁੱਖਧਾਰਾ ਵਿੱਚ ਪਾਏ ਗਏ ਹਨ। ਜਦਕਿ ਇਨ੍ਹਾਂ ਤੋਂ ਵਧ ਠੋਸ ਤੇ ਜ਼ਿੰਦਗੀ ‘ਤੇ ਅਸਰ ਕਰਨ ਵਾਲੇ ਮੁੱਦੇ ਜਿਵੇਂ ਕਿ ਵਧਦੀਆਂ ਖੁਦਕਸ਼ੀਆਂ, ਦਿਮਾਗੀ ਲੁੱਟ ਤੇ ਨੌਜਵਾਨਾਂ ਦਾ ਪੰਜਾਬ ਤੋਂ ਨਾਹਰ ਜਾਣ ਦਾ ਪਲੈਨ ਕਰਨਾ ਅਜਿਹੇ ਮਸਲਿਆਂ ‘ਤੇ ਬਿਲਕੁਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸ਼ੱਕੀ ਕਾਰਗੁਜ਼ਾਰੀਆਂ ਤਹਿਤ ਇਸਾਈ ਮਿਸ਼ਨਰੀਆਂ ਦਾ ਗਰੀਬ ਤੇ ਦਲਿਤ ਸਿੱਖਾਂ ਦਾ ਧਰਮ ਪਰਿਵਰਤਨ, ਲਗਾਤਾਰ ਜਾਰੀ ਇਸਾਈਆਂ ਦੀ ਬੇਪੱਤੀ ਤੇ ਅਧੋਗਤੀ, ਸ਼ਰਾਬ ਤੇ ਹੋਰ ਨਸ਼ਿਆਂ ਦਾ ਨਾ ਖਤਮ ਹੁੰਦਾ ਜਾਲ, ਦਿਮਾਗੀ ਸਿਹਤ ਤੇ ਗਲਤ ਅਸਰ ਆਦਿ ਮਸਲੇ ਕੌਮ ਵਿੱਚ ਬੜੀ ਡੁੰਘਾਈ ਨਾਲ ਘਰ ਕਰੀ ਬੈਠੇ ਹਨ।
“ਸਿਰਫ ਤਰੀਕਾਂ ਤੇ ਅਰਥਾਂ ਨੂੰ ਲੈ ਕੇ ਖੜ੍ਹਾ ਕੀਤਾ ਵਿਵਾਦ ਚਾਹੇ ਕਿੰਨਾ ਵੀ ਜਜ਼ਬਾਤੀ ਤੇ ਸਹੀ ਲੱਗੇ ਪਰ ਇਹ ਕੌਮ ਦੇ ਹੋਰ ਗੰਭੀਰ ਮਸਲਿਆਂ ਤੋਂ ਕੋਈ ਰਾਹਤ ਨਹੀਂ ਪੰਹੁਚਾਉਂਦਾ ਸਗੋਂ ਪਹਿਲਾਂ ਤੋਂ ਹੀ ਭੰਬਲਭੂਸਿਆਂ ਵਿੱਚ ਪਈ ਕੌਮ ਦੇ ਉਸਾਰੂ ਕੰਮਾਂ ਨੂੰ ਢਾਹ ਲਾਉਂਦੇ ਹਨ”
ਕਾਸ਼ ਕਿ ਇਹ ਜੋਸ਼ ਤੇ ਤਾਕਤ ਰੋਜ਼-ਮਰ੍ਹਾ ਦੇ ਠੋਸ ਮਸਲਿਆਂ ਤੇ ਲਾਈ ਜਾਂਦੀ! ਅਜਿਹੇ ਧਿਆਨ-ਭਟਕਾਉ ਵਿਵਾਦਾਂ ‘ਤੇ ਲਾਇਆ ਗਿਆ ਬੇਲੋੜਾ ਜੋਸ਼ ਅਸਲ ਵਿੱਚ ਵਧ ਜਰੂਰੀ ਤੇ ਅਸਲ ਮੁੱਦਿਆਂ- ਜਿਨ੍ਹਾਂ ਰਾਹੀਂ ਸਿੱਖੀ ਦਾ ਵਿਕਾਸ ਤੇ ਸਾਡੀ ਅੰਦਰੂਨੀ ਜਮਹੂਰੀਅਤ ਦਾ ਸੁਧਾਰ ਹੋਣਾ ਚਾਹੀਦਾ ਹੈ, ਵਲੋਂ ਲੋਕਾਂ ਨੂੰ ਭਟਕਾ ਰਿਹਾ ਹੈ। ਹੋਰ ਵੀ ਮਸਲੇ ਹਨ, ਜਿਵੇਂ- ਗੁਰਦੁਆਰਾ ਪ੍ਰਬੰਧਾਂ ਵਿੱਚੋਂ ਵਿਉਤਬੰਦ ਭ੍ਰਿਸ਼ਟਾਚਾਰ ਤੇ ਕੁਰੀਤੀਆਂ ਨੂੰ ਸਾਫ ਕਰਨਾ। ਸਿੱਖ ਅਦਾਰਿਆਂ ਨੂੰ ਅਜ਼ਾਦ ਕਰਵਾਉਣਾ ਤੇ ਇਖਲਾਕੀ ਤੌਰ ‘ਤੇ ਮੁੜ-ਉਸਾਰੀ ਕਰਨਾ ਅਤੇ ਸਿੱਖਾਂ ਤੇ ਸਿੱਖੀ ਨੂੰ ਕੌਮਾਂਤਰੀ ਪੱਧਰ ਤੇ ਨਵੇਕਲੀ ਪਛਾਣ ਦਿਵਾਉਣਾ। ਸਾਡੀ ਕੌਮ ਵਿੱਚ ਜਾਤੀਗਤ ਅੱਤਿਆਚਾਰ ਤੇ ਇਸਤਰੀਆਂ ਨਾਲ ਭੇਦਭਾਵ ਜਿਹੇ ਮਸਲਿਆਂ ਨੁੰ ਸੁਲਝਾਉਣਾ। ਘੱਟ ਤੋਂ ਘੱਟ ਸਿੱਖਾਂ ਤੇ ਖੁੱਲੇ ਪੱਧਰ ਤੇ ਪੰਜਾਬੀਆਂ ਲਈ ਇੱਕ ਅਜ਼ਾਦ ਅਤੇ ਸੰਪ੍ਰਭੂ ਇਲਾਕੇ ਦੀ ਖੁਦਮੁਖਤਿਆਰੀ ਪ੍ਰਾਪਤ ਕਰਨਾ ਜਿਸ ਵਿੱਚ ਉਹ ਆਪਣੀਆਂ ਰਿਵਾਇਤਾਂ ਅਤੇ ਆਸ਼ਾਵਾਂ ਮੁਤਾਬਕ ਵਿਚਰ ਸਕਣ।
ਸਿਰਫ ਤਰੀਕਾਂ ਤੇ ਅਰਥਾਂ ਨੂੰ ਲੈ ਕੇ ਖੜ੍ਹਾ ਕੀਤਾ ਵਿਵਾਦ ਚਾਹੇ ਕਿੰਨ੍ਹਾ ਵੀ ਜਜ਼ਬਾਤੀ ਤੇ ਸਹੀ ਲੱਗੇ ਪਰ ਇਹ ਕੌਮ ਨੂੰ ਦਰਪੇਸ਼ ਹੋਰ ਉਲਝੇ ਤੇ ਗੰਭੀਰ ਮਸਲਿਆਂ ਕੋਲੋਂ ਕੋਈ ਰਾਹਤ ਨਹੀਂ ਪੰਹੁਚਾਉਂਦੇ ਸਗੋਂ ਪਹਿਲਾਂ ਤੋਂ ਹੀ ਭੰਬਲਭੂਸਿਆਂ ਵਿੱਚ ਪਈ ਕੌਮ ਤੇ ਉਸਾਰੂ ਕੰਮਾਂ ਨੂੰ ਢਾਹ ਲਾ ਰਹੇ ਹਨ।
ਸਾਡੀ ਆਪਾ-ਢਾਹੂ ਜਾਤ-ਵੰਡ, ਗੁਰੂ ਸਾਹਿਬਾਨ ਦੇ ਅਸੂਲਾਂ ਤੇ ਆਤਮਿਕ ਉਸਾਰੀ ਦੇ ਕੰਮਾਂ ਤੋਂ ਟੁੱਟਣਾ, ਜਿਵੇਂ-ਨਾਮ ਜਪਣਾ–ਆਪਣੇ ਲਈ ਇਕ ਹੱਲਾ-ਸ਼ੇਰੀ ਭਰਪੂਰ ਰੂਹਾਨੀ ਅਧਾਰ ਬਨਾਉਣਾ, ਦਸਾਂ ਨੌਹਾਂ ਦੀ ਇਮਾਨਦਾਰੀ ਵਾਲੀ ਕਿਰਤ ਕਰਨੀ, ਵੰਡ ਛੱਕਣਾ –ਸਾਂਝੀਵਾਲਤਾ ਦੇ ਸਮਾਜੀ ਧਰਮ ਨੂੰ ਨਿਭਾਉਣਾ, ਆਦਿ ਅੱਜ ਸਾਡੇ ਰਸਾਤਲ ਵਿਚ ਜਾਣ ਦੇ ਮੁੱਖ ਕਾਰਨ ਹਨ।
“ਇਹ ਬਹੁਤ ਹੀ ਵਧੀਆ ਹੋਵੇਗਾ ਕਿ ਅਸੀਂ ਆਪਣਾ ਸਮਾਂ ਤੇ ਤਾਕਤ ਇਨਾਂ ਬੇਲੋੜੇ ਅਰਥਾਂ ਤੇ ਹੁੱਜਤਾਂ ਵਿੱਚ ਨਾ ਬਰਬਾਦ ਕਰੀਏ। ੨੦੧੯ ਦੇ ਪੂਰੇ ਸਾਲ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਪਰ ਧਿਆਨ ਲਾਈਏ ਤੇ ਅਪਣੇ ਆਪ ਨੂੰ ਮੁੜ ਸੁਰਜੀਤ ਤੇ ਮਜਬੂਤ ਕਰਣ ਦਾ, ਸੰਸਾਰ ਵਿੱਚ ਖੁਸ਼ੀਆਂ ਵੰਡਣ ਦਾ ਸਿੱਖੀ ਸਿੱਧਾਂਤਾਂ ਨਾਲ ਲਬਰੇਜ਼ ਰੋਜ਼ ਮੱਰ੍ਹਾ ਦੀਆਂ ਕਾਰਗੁਜ਼ਾਰੀਆਂ ਨਾਲ ਦਇਆ, ਸਮਾਨਤਾ, ਨਿਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਅਹਿਦ ਲਈਏ।”
ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੂਰਬ ਤੇ ਅਹਿਮ ਪੂਰਬਾਂ ਨੂੰ ਮਨਾਉਣ ਦਾ ਅਸਲ ਮਕਸਦ ਬਹੁਤ ਪਿਛਾਂਹ ਰਹਿ ਗਿਆ ਹੈ ਤੇ ਅਸੀਂ ਸਿਰਫ ਗੁਰਦੁਆਰਾ ਸਾਹਿਬ ਵਿੱਚ ਮੱਥੇ ਟੇਕਣ ਤੇ ਸ਼ਾਨੋ-ਸ਼ੌਕਤ ਵਾਲੇ ਲੰਗਰ ਛਕਣ ਤੱਕ ਸੀਮਤ ਹੋ ਗਏ ਹਾਂ।
ਸਾਡੇ ਮਾਣ-ਮੱਤੇ ਇਤਿਹਾਸ ਦੀਆਂ ਅਹਿਮ ਸ਼ਤਾਬਦੀਆਂ ਅਤੇ ਪੂਰਬ ਸਾਨੂੰ ਨਿੱਜੀ ਤੇ ਪੰਥਕ ਤੌਰ ਤੇ ਪੜਚੋਲ ਲਈ ਵਰਤਣੇ ਚਾਹੀਦੇ ਹਨ; ਕਿ ਅੱਜ ਦੀ ਦੁਨੀਆ ਵਿੱਚ ਸਾਡੀ ਕੀ ਥਾਂ ਹੈ, ਕਿ ਕੌਮਾਂਤਰੀ ਸ਼ਕਤੀਸ਼ਾਲੀ ਜਗ ਵਿੱਚ ਸਾਡਾ ਕਿਹੋ ਜਿਹਾ ਰੁਤਬਾ ਹੈ, ਕਿ ਇੱਕ ਮਨੁੱਖ ਹੋਣ ਦੇ ਨਾਤੇ ਸਾਡੀ ਭੂਮਿਕਾ ਕੀ ਹੈ? ਅਸੀਂ ਦੇਖੀਏ, ਕਿ ਸਾਡੇ ਸਿਧਾਂਤ ਤੇ ਫਰਜ਼ ਜੋ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਗਏ ਹਨ, ਸਾਡਾ ਅਮਿੱਟ ਇਤਿਹਾਸ ਤੇ ਸਾਡੀ ਮੌਜੂਦਾ ਕੁਰਬਾਨੀਆਂ ਦੇ ਮਾਪਦੰਡ ਤੇ ਖਰੇ ਉਤਰਦੇ ਹਨ ਕਿ ਨਹੀ।
ਆਮ ਲੋਕਾਂ ਦੇ ਨਾਤੇ ਸਾਡੀ ਅਜ਼ਾਦੀ, ਸਾਡਾ ਆਪੀ ਮੇਲ-ਜੋਲ ਤੇ ਕੌਮੀ ਸੰਬੰਧ। ਸਾਡਾ ਸਾਂਝਾ ਇਤਿਹਾਸ। ਸਾਡੀ ਪੰਜਾਬ ਤੇ ਹੋਰ ਦੁਨੀਆ ਵਿੱਚ ਹੈਸਿਅਤ। ਸਾਡੇ ਅੰਦਰੂਨੀ ਮਸਲੇ ਤੇ ਪਰਿਵਾਰਕ ਖਾਮੀਆਂ। ਸਾਡਾ ਬੇਵਤਨੀ ਹੋਣਾ ਤੇ ਕੌਮਾਂਤਰੀ ਪੱਧਰ ‘ਤੇ ਕੋਈ ਪਛਾਣ ਨਾ ਹੋਣੀ। ਸਾਡੀ ਮੀਡੀਆ ਨਾਲ ਦੂਰੀ ਤੇ ਪਹੁੰਚ ਦੀ ਘਾਟ।
ਵੱਡੇ ਦਿਲ ਤੇ ਦਿਮਾਗ ਵਿਆਪਕ ਤੇ ਕੌਮਾਂਤਰੀ ਸੋਚ ਰੱਖਦੇ ਹਨ। ਛੋਟੇ ਦਿਮਾਗ ਨੀਵੀਆਂ ਤੇ ਘਟੀਆ ਸੋਚਾਂ ‘ਤੇ ਜਿਉਂਦੇ ਹਨ। ਸਾਡਾ ਇਤਿਹਾਸ ਸ਼ਾਹੀਦ ਹੈ ਕਿ ਸਿੱਖਾਂ ਦੇ ਦਿਲ ਖੁੱਲੇ ਤੇ ਦਿਮਾਗ ਰੋਸ਼ਨ ਰਹੇ ਹਨ। ਸਾਨੂੰ ਇਹੀ ਤਾਕਤ ਇੱਕਜੁਟ ਕਰਕੇ ਆਪਣੇ ਆਪ ਨੂੰ ਬੇਲੋੜੇ ਮਸਲਿਆਂ ਕਾਰਨ ਭਟਕਣਾ ਤੋਂ ਬਚਣਾ ਚਾਹੀਦਾ ਹੈ।
ਗੁਰੂ ਸਾਹਿਬਾਨ ਦੀ ਕਿਰਪਾ ਸਾਡੀ ਅੰਦਰੂਨੀ ਤਾਕਤ ਹੈ ਜੋ ਸਾਨੂੰ ਚਲਾਉਂਦੀ ਹੈ। ਸਾਨੂੰ ਇਖਲਾਕੀ ਸ਼ਕਤੀ ਹੀ ਐਸੀ ਮਿਲੀ ਹੈ ਕਿ ਅਸੀਂ ਇਕ ਵਧੀਆ ਦੇਸਕਾਲ ਤੇ ਦੁਨੀਆ ਦਾ ਨਿਰਮਾਣ ਕਰ ਸਕੀਏ। ਗੁਰੂ ਸਾਹਿਬਾਨ ਨੇ ਪੰਜਾਬ ਵਿੱਚ ਇਕ ਸਰਬ-ਸਾਂਝੀ ਤੇ ਨਵੇਕਲੀ ਮਨੁੱਖ ਦੀ ਨੀਂਹ ਰੱਖੀ ਸੀ।
ਇਹ ਸਭ ਕੁਝ ਸਾਡੇ ਨੈਤਿਕ ਵਿਚਾਰਾਂ ‘ਤੇ ਕਰਮਾਂ ਤੇ ਅਧਾਰਿਤ ਹੈ, ਇਹ ਸਾਡੀ ਬਾਦਸ਼ਾਹੀ ਦਸਤਾਰ ਵਿੱਚ ਝਲਕਦਾ ਹੈ, ਸਾਡੀ ਕਿਰਪਾਨ ਵਿਚ ਵੀ ਹੈ ਜੋ ਨਿਆਂ ਤੇ ਰੱਖਿਆ ਦੀ ਨਿਸ਼ਾਨੀ ਹੈ, ਸਾਡਾ ਜੋਸ਼ੀਲਾ ਕੁਦਰਤੀ ਅਕਾਰ, ਮਨੁੱਖੀ ਹੱਕਾਂ ਤੇ ਆਪਣੀ ਹੋਂਦ ਲਈ ਸਾਡੇ ਜਨੂੰਨੀ ਸੰਘਰਸ਼, ਸਾਡੀ ਸਰਬੱਤ ਦੇ ਭਲੇ ਦੀ ਸੋਚ, ਜ਼ਮੀਨੀ ਪੱਧਰ ‘ਤੇ ਪ੍ਰਮੁੱਖ ਕੌਮੀ ਵਿਚਾਰ-ਵਟਾਂਦਰਾ ਤੇ ਸਾਂਝੀਵਾਲਤਾ ਵਾਲੇ ਸਾਡੇ ਗੁਰਦੁਆਰੇ, ਨਿੱਤ-ਨਵੀਂ ਉਚਾਈ ਹਾਸਿਲ ਕਰਦੇ ਤੇ ਸਰਬ ਸਾਂਝੇ ਸਾਡੇ ਲੰਗਰ, ਪੂਰੀ ਤਰਾਂ ਸਮਾਜਿਕਤਾ ਵਿੱਚ ਢਲੇ ਸਾਡੇ ਖਿਆਲ ਤੇ ਸਿੱਧੇ ਜੀਵਨ ਨਾਲ ਜੋੜਨ ਵਾਲਾ ਸਾਡਾ ਸਿੱਖ ਫਲਸਫਾ।
“ਗੁਰੂ ਸਾਹਿਬਾਨ ਨੇ ਸਾਡੇ ਨਿਵੇਕਲੇ ਪੰਜਾਬੀ ਗੁਣਾਂ, ਹਿੰਮਤ, ਜੁਨੂੰਨ, ਗਰਮਜੋਸ਼ੀ ਤੇ ਹੋਰ ਸਭ ਕੁਝ ਨੂੰ ਗਲ ਨਾਲ ਲਾਇਆ ਤੇ ਇਕ ਸ਼ੇਰਦਿਲ ਅਣਖੀ ਕੌਮ ਤਿਆਰ ਕੀਤੀ ਜੋ ‘ਸੰਤ ਸਿਪਾਹੀ’ ਕਹਾਈ।”
ਅੱਜ ਪੰਜਾਬੀ ਆਤਮਾ, ਪੰਜਾਬੀ ਭਾਸ਼ਾ, ਨਵੇਕਲਾ ਪੰਜਾਬੀ ਸੱਭਿਆਚਾਰ, ਪੰਜਾਬੀ ਪਛਾਣ, ਆਪਣੇ ਹੱਕਾਂ ਲਈ ਪੰਜਾਬੀ ਲੋਕਾਂ ਦੀ ਜੱਦੋਜ਼ਹਿਦ, ਖੁਦਮੁਖਤਾਰੀ ਤੇ ਅਜ਼ਾਦੀ ਲਈ ਸਿੱਖਾਂ ਦਾ ਸੰਘਰਸ਼ ਕਰ ਰਹੀ ਹੈ ਕਿਉਂਕਿ ਇਹ ਭਾਵ ਤਾਂ ਆਪ ਗੁਰੂ ਸਾਹਿਬਾਨ ਨੇ ਸਾਡੇ ਖੂਨ ਵਿੱਚ ਭਰੇ ਹਨ। ਗੁਰੂ ਸਾਹਿਬਾਨ ਨੇ ਸਾਡੇ ਨਵੇਕਲੇ ਪੰਜਾਬੀ ਗੁਣਾਂ, ਹਿੰਮਤ, ਜਨੂੰਨ, ਗਰਮਜੋਸ਼ੀ ਤੇ ਹੋਰ ਸਭ ਕੁਝ ਨੂੰ ਗੱਲ ਨਾਲ ਲਾਇਆ ਤੇ ਇਕ ਸ਼ੇਰਦਿਲ ਅਣਖੀ ਕੌਮ ਤਿਆਰ ਕੀਤੀ ਜੋ ‘ਸੰਤ ਸਿਪਾਹੀ’ ਕਹਾਉਂਦੀ ਹੈ।
ਸੋ ਮੈਨੂੰ ਇਹ ਲਗਦਾ ਹੈ ਕਿ ਸ਼ਤਾਬਦੀਆਂ, ਸਾਲਾਨਾ ਗੁਰਪੁਰਬ, ਜਨਮਦਿਹਾੜੇ, ਸਿੱਖ ਇਤਿਹਾਸ ਦੇ ਅਤਿ ਅਹਿਮ ਦਿਨਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰ ਤਰਾਂ ਨਾਲ ਪ੍ਰੇਰਣਾ ਦਾ ਸ੍ਰੋਤ ਬਣਾਈਏ, ਉਨਾਂ ਨੂੰ ਸਿਰਫ ਇਤਿਹਾਸ ਦੇ ਪੰਨਿਆਂ ਵਿੱਚ ਕੈਦ ਕਰਕੇ ਨਾ ਰੱਖੀਏ। ਉਨਾਂ ਪੁਰਬਾਂ ਦੇ ਮੂਲ ਰੂਪ ਨੂੰ ਆਪਣੀ ਨਿਜੀ ਤੇ ਪੰਥਕ ਜ਼ਿੰਦਗੀ ਦਾ ਹਿੱਸਾ ਬਣਾਈਏ।
ਪੰਜਾਬੀ ਲੋਕ ਜੋ ਖਾਲਸਾਈ ਗੁਣਾਂ ਨਾਲ ਵਰੋਸਾਏ ਹੋਏ ਹਨ, ਕਦੇ ਵੀ ਬੰਦ ਇਮਾਰਤਾਂ ਵਿੱਚ ਰਸਮੀ ਪੂਜਾ ਨੂੰ ਅਹਿਮੀਅਤ ਨਹੀਂ ਦਿੰਦੇ। ਉਹ ਉਤਸ਼ਾਹੀ, ਆਤਮ ਨਿਰਭਰ, ਸਦਾ ਹਰਕਤ ਵਿੱਚ ਰਹਿਣ ਵਾਲੇ, ਆਪਣੀ ਤੇ ਕੌਮ ਦੀ ਜ਼ਿੰਦਗੀ ਉਸਾਰਨ ਵਾਲੇ, ਆਪਣੇ ਗੁਣ ਜਗ ਨਾਲ ਸਾਂਝੇ ਕਰਦੇ ਹਨ ਤੇ ਬਦਲੇ ਵਿੱਚ ਮਿਲੇ ਚੰਗੇ ਗੁਣ ਧਾਰਣ ਕਰਦੇ ਹਨ। ਆਓ! ਅਸੀਂ ਵੀ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੱਖਾਂ ਦੀ ਪੰਰਪਰਾ ਤੋ ਢੁਕਵੀ ਸੋਚ ਲੈ ਕੇ ਅਗਾਂਹ ਵਧਾਈਏ।
ਇਹ ਬਹੁਤ ਹੀ ਵਧੀਆ ਹੋਵੇਗਾ ਜਿ ਅਸੀਂ ਆਪਣਾ ਸਮਾਂ ਤੇ ਤਾਕਤ ਇਨ੍ਹਾਂ ਬੇਲੋੜੇ ਅਰਥਾਂ ਤੇ ਹੁੱਜਤਾਂ ਵਿੱਚ ਨਾ ਬਰਬਾਦ ਕਰੀਏ। ੨੦੧੯ ਦੇ ਪੂਰੇ ਸਾਲ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਧਿਆਨ ਲਾਈਏ ਤੇ ਆਪਣੇ ਆਪ ਨੂੰ ਮੁੜ ਸੁਰਜੀਤ ਤੇ ਮਜਬੂਤ ਕਰਨ ਦਾ, ਸੰਸਾਰ ਵਿੱਚ ਖੁਸ਼ੀਆਂ ਵੰਡਣ ਦਾ, ਸਿੱਖੀ ਸਿਧਾਂਤਾਂ ਨਾਲ ਲਬਰੇਜ਼ ਰੋਜ਼ ਮੱਰ੍ਹਾ ਦੀਆਂ ਕਾਰਗੁਜ਼ਾਰੀਆਂ ਨਾਲ ਦਇਆ, ਸਮਾਨਤਾ, ਨਿਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਅਹਿਦ ਲਈਏ।
ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਪਿਤਾ ਦਾ ਪ੍ਰਕਾਸ਼ ਪੁਰਬ ਅਤੇ ਜੀਵਨ ਮਨਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੋ ਨਿਬੜੇਗਾ।