ਸਾਕਾ ਨਕੋਦਰ ਮੁੱਦੇ ਨੂੰ ਹਾਈ ਕੋਰਟ ਦੇ ਹੁਕਮ ਅਤੇ ਪੰਜਾਬ ਮੁੱਖ ਮੰਤਰੀ ਦੇ ਵਾਅਦੇ ਨੇ ਮੁੜ ਸੁਰਜੀਤ ਕੀਤਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਦਿੱਤੇ ਹੁਕਮ ਵਿਚ ਕਿਹਾ ਹੈ ਕਿ ਉਹ ੧੯੮੬ ਵਿਚ ਨਕੋਦਰ ਗੋਲੀ ਕਾਂਡ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਭਾਗ ੨ ਦੇਣ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਿਸ ਦੁਆਰਾ ਅੰਨੇਵਾਹ ਗੋਲੀਬਾਰੀ ਦੀ ਤਾਜ਼ਾ ਜਾਂਚ ਦੇ ਐਲਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਇਸ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਅਤੇ ਚਰਨਜੀਤ ਸਿੰਘ ਅਟਵਾਲ ‘ਤੇ ਦਬਾਅ ਪਾ ਦਿੱਤਾ ਹੈ ।
੩੩ ਸਾਲ ਬਾਅਦ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸਰਦਾਰ ਬਲਦੇਵ ਸਿੰਘ ਨੂੰ ਅੱਜ ਉਦੋਂ ਥੋੜ੍ਹਾਂ ਜਿਹਾ ਸੁੱਖ ਦਾ ਸਾਹ ਮਿਲਿਆ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਫਰਵਰੀ ੧੯੮੬ ਦੇ ਘਿਨਾਉਣੇ ਨਕੋਦਰ ਗੋਲੀਬਾਰੀ ਕੇਸ ਵਿਚ ਚਾਰ ਸਿੱਖ ਨੌਜਵਾਨ ਦੇ ਕਤਲ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਭਾਗ ੨ ਨੂੰ ਮੁਹਈਆ ਕਰਵਾਉਣ ਦੇ ਹੁਕਮ ਦਿੱਤੇ ।
ਬੀਤੇ ਤਿੰਨ ਦਹਾਕਿਆਂ ਤੋਂ ਇਨਸਾਫ ਲਈ ਲੜਨ ਵਾਲੇ ਬਲਦੇਵ ਸਿੰਘ ਜਿਸ ਨੇ ਆਪਣੇ ਬੇਟੇ ਦੀ ਲਾਸ਼ ਨੂੰ ਆਪਣੇ ਸਾਹਮਣੇ ਬਲਦੀ ਵੇਖਿਆ ਪਰ ਉਸ ਨੂੰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਦਾ ਮੌਕਾ ਨਹੀਂ ਮਿਲਿਆ, ਉਸ ਸਮੇਂ ਤੋਂ ਇਕ ਦਿਨ ਲਈ ਵੀ ਨਿਰਾਸ਼ ਨਹੀਂ ਹੋਇਆ ਅਤੇ ਡੱਟੇ ਰਹੇ ਹਨ। ਚਾਰਾਂ ਵਿੱਚੋਂ ਕਿਸੇ ਵੀ ਪਰਿਵਾਰ ਨੂੰ ਆਪਣੇ ਬਚਿਆਂ ਦੀ ਆਖ਼ਰੀ ਝਲਕ ਵੀ ਨਸੀਬ ਨਾ ਹੋਈ ।
ਫੋਨ ਤੇ ਵਰਲਡ ਸਿੱਖ ਨਿਊਜ਼ ਨਾਲ ਗੱਲ ਕਰਦਿਆਂ ਬਲਦੇਵ ਸਿੰਘ ਨੇ ਕਿਹਾ, “ਮੈਨੂੰ ਆਸ ਦੀ ਇਕ ਧੁੰਦਲੀ ਜਿਹੀ ਝਲਕ ਦਿਸਦੀ ਹੈ। ਗੁਰੁ ਮਿਹਰ ਕਰੇ, ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਇਨਸਾਫ਼ ਨਹੀਂ ਕੀਤਾ ਜਾਂਦਾ ਅਤੇ ੩੩ ਸਾਲਾਂ ਦੀ ਸਾਡੀ ਪੀੜ ਦਾ ਖ਼ਾਤਮਾ ਨਹੀਂ ਹੁੰਦਾ।
੩੩ ਸਾਲ ਪਹਿਲਾਂ, ਚਾਰ ਸਿੱਖ ਨੌਜਵਾਨ -ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਨੂੰ ੪ ਫਰਵਰੀ, ੧੯੮੬ ਨੂੰ ਨਕੋਦਰ ਵਿਖੇ ਬਿਨਾ ਕਿਸੇ ਭੜਕਾਹਟ ਦੇ ਚਲਾਈ ਗਈ ਪੁਲਿਸ ਗੋਲੀਬਾਰੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ।
ਵਕੀਲ ਹਰੀ ਚੰਦ ਅਰੋੜਾ ਨੇ ਦੱਸਿਆ ਹੈ ਕਿ ਜਸਟਿਸ ਮਹਾਬੀਰ ਸਿੰਘ ਸਿੰਧੂ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਹੁਕਮ ਦਿੱਤਾ ਹੈ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਭਾਗ ੨ ਜਿਸ ਵਿਚ ਕੇਸ ਨਾਲ ਸੰਬੰਧਤ ਦਸਤਾਵੇਜ਼, ਲੇਖ ਅਤੇ ਸਬੂਤ ਸ਼ਾਮਲ ਹਨ ਨੂੰ ਪਟੀਸ਼ਨਰ ਤੋਂ ਬਣਦੀ ਫੀਸ ਲੈ ਕੇ ਦਿੱਤੀ ਜਾਵੇ।
ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਮੰਗੀ ਜਾ ਰਹੀ ਸੀ, ਬਾਰੇ ਪੰਜਾਬ ਵਿੱਚ ਵਿਧਾਨ ਸਭਾ ਦੇ ਆਖਰੀ ਸੈਸ਼ਨ ਦੌਰਾਨ ਅਚਾਨਕ ਉਦੋਂ ਖੁਲਾਸਾ ਹੋਇਆ ਜਦੋਂ ਸਪੀਕਰ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਰਿਪੋਰਟ ਪਹਿਲਾਂ ਹੀ ੨੦੦੧ ਵਿੱਚ ਪੇਸ਼ ਕਰ ਦਿੱਤੀ ਗਈ ਸੀ ।
ਅਦਾਲਤ ਵਿੱਚ ਆਪਣੀ ਅਪੀਲ ਵਿੱਚ, ਐਡਵੋਕੇਟ ਅਰੋੜਾ ਨੇ ਜੱਜ ਮਹਾਬੀਰ ਸਿੰਘ ਨੂੰ ਦੱਸਿਆ ਕਿ ਅਦਾਲਤ ਵੱਲੋਂ ਦਿੱਤੇ ਹੁਕਮ ਮੁਤਾਬਕ, ਉਹ ਅਤੇ ਉਨ੍ਹਾਂ ਦੇ ਮੁਵੱਕਿਲ ਨੇ ਪੰਜਾਬ ਵਿਧਾਨ ਸਭਾ ਅਤੇ ਘਰੇਲੂ ਵਿਭਾਗ ਨੂੰ ਆਰ. ਟੀ. ਆਈ. ਅਰਜ਼ੀ ਰਾਹੀਂਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਭਾਗ ੨ ਦੀ ਕਾਪੀ ਪ੍ਰਾਪਤ ਕਰਨ ਲਈ ਅਰਜੀ ਦਿੱਤੀ ਸੀ ਪਰ ਸਾਨੂੰ ਇਹ ਕਾਪੀ ਨਹੀਂ ਮਿੱਲੀ ਹੈ ਅਤੇ ਇਸ ਕਰਨ ਅਦਾਲਤ ਤੋਂਂ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦੀ ਮੰਗ ਕੀਤੀ ਸੀ ।
ਐਡਵੋਕੇਟ ਅਰੋੜਾ ਨੇ ਅੱਗੇ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੀਜੀ ਮੁੱਢਲੀ ਸੁਣਵਾਈ ਦੌਰਾਨ ਗ੍ਰਹਿ ਸਕੱਤਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ ਅਤੇ ਜੇਕਰ ਦਸਤਾਵੇਜ਼ ਅਗਲੀ ਪੇਸ਼ੀ ੧੧ ਜੁਲਾਈ ੨੦੧੯ ਤੱਕ ਮੁਹਈਆ ਨਹੀਂ ਕਰਵਾਈ ਜਾਂਦੀ ਤਾਂਂ ਗ੍ਰਹਿ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਉਮੀਦਵਾਰਾਂ ਸਾਬਕਾ ਡਿਪਟੀ ਕਮਿਸ਼ਨਰ ਅਤੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਗਲੇ ਦੀ ਹੱਡੀ ਬਣ ਗਿਆ ਹੈ ਕਿਉਂਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਦਿਨੀ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ “ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਇਕ ਨਵੀਂ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ”।
ਫਤਹਿਗੜ੍ਹ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਬਾਅਦ ਪੁਲਿਸ ਦੀ ਗੋਲੀਬਾਰੀ ਜਿਸ ਵਿੱਚ ਚਾਰ ਸਿੱਖ ਨੌਜਵਾਨਾਂ ਦੀ ਹੱਤਿਆ ਕੀਤੀ ਗਈ ਸੀ ਵਿੱਚਲੀ ਆਪਣੀ ਭੂਮਿਕਾ ਬਾਰੇ ਮੀਡੀਆ ਨੂੰ ਸਫਾਈ ਪੇਸ਼ ਕਰ ਰਹੇ ਹਨ। ਉਹ ਉਸ ਸਮੇਂ ਕਾਰਜਕਾਰੀ ਡਿਪਟੀ ਕਮਿਸ਼ਨਰ ਸਨ ਅਤੇ ਬਲਦੇਵ ਸਿੰਘ ਦੀ ਪਟੀਸ਼ਨ’ਚ ਉਸਤੇ ਦੋਸ਼ ਹੈ ਕਿ ਉਹ ਪੁਲਿਸ ਵਲੋਂ ਰਚੀ ਚਾਰ ਸਿੱਖ ਜਵਾਨਾਂ ਦੀ ਗੈਰ ਕਾਨੂੰਨੀ ਹੱਤਿਆ ਦੀ ਸਾਜਿਸ਼ ਦਾ ਭਾਗੀਦਾਰ ਹੈ ।
ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਮੁਸ਼ਕਲ ਵਿੱਚ ਹਨ ਕਿਉਂਕਿ ਉਨ੍ਹਾਂ ਦੇ ਸਪੀਕਰ ਦੇ ਕਾਰਜਕਾਲ ਦੌਰਾਨ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ੫ ਮਾਰਚ ੨੦੦੧ ਨੂੰ ਪੰਜਾਬ ਅਸੈਂਬਲੀ ਵਿੱਚ ਸਦਨ ਦੇ ਮੈਂਬਰਾਂ ਦੁਆਰਾ ਬਿਨਾਂ ਕੋਈ ਚਰਚਾ ਜਾਂ ਕਾਰਵਾਈ ਦੇ ਰੱਖੀ ਸੀ ਅਤੇ ਰਿਪੋਰਟ ਵਿਚ ਐਕਸ਼ਨ ਟੇਕਨ ਰਿਪੋਰਟ ਵੀ ਨਹੀ ਸੀ।
ਸਿੱਖ ਸੰਗਤ, ਹਲਕਾ ਨਿਵਾਸੀਆਂ ਅਤੇ ਮੀਡੀਆ ਦੇ ਦਬਾਅ ਹੇਠ, ਦਰਬਾਰਾ ਸਿੰਘ ਗੁਰੂ ਅਤੇ ਚਰਨਜੀਤ ਸਿੰਘ ਅਟਵਾਲ ਵਲੋਂ ਆਪਣੀ ਸ਼ੁਰੂਆਤੀ ਨਿਰਦੋਸ਼ ਹੋਣ ਦਾ ਹਵਾਲਾ ਵਾਲੀ ਵਿਧੀ ਤੋਂ ਇਕ ਸਪੱਸ਼ਟੀਕਰਨ ਮੋੜ ਵੱਲ ਕਦਮ ਵਧਾਏ ਹਨ । ਦਿਨੋ-ਦਿਨ ਇਨ੍ਹਾਂ ਦਾ ਝੂਠ ਜੱਗ ਜ਼ਾਹਰ ਹੋ ਰਿਹਾ ਹੈ ।
ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੇ ਦਰਬਾਰਾ ਸਿੰਘ ਗੁਰੂ ਵਿਰੁੱਧ ਖਾਸ ਤੌਰ ‘ਤੇ ਫਤਹਿਗੜ੍ਹ ਸਾਹਿਬ ਦੇ ਚੋਣ ਖੇਤਰਾਂ’ ਚ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ ਹੈ। ਚੋਣਾਂ ਦੇ ਵਿਚਕਾਰ, ਇਸ ਕੇਸ ਨੂੰ ਯਾਦ ਕਰਨ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਾਲ ਨਾਲ ਵੋਟਰਾਂ ਦੇ ਦਿਮਾਗ ਵਿੱਚ ਇਨ੍ਹਾਂ ਦੋ ਉਮੀਦਵਾਰਾਂ ਦੀ ਭੂਮਿਕਾ ਦਰਜ ਕਰਵਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਇਨ੍ਹਾਂ ਨੂੰ ਵੋਟ ਨਾ ਪਾਉਣ ।
ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਖੁੱਲ੍ਹੇਆਮ ਲੋਕਾਂ ਨੂੰ ਇਨ੍ਹਾਂ ਉਮੀਦਵਾਰਾਂ ਅਤੇ ਬਾਦਲ ਦਲ ਦੇ ਹੋਰ ਸਾਰੇ ਉਮੀਦਵਾਰਾਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਜਿਨ੍ਹਾਂ ਦਾ ਪਿੰਡ ਫ਼ਤਿਹਗੜ੍ਹ ਸਾਹਿਬ ਇਲਾਕੇ ਵਿੱਚ ਹੈ ਨੇ ਦੋਰਾਹਾ ਵਿੱਚ ਇੱਕ ਸਮਾਗਮ ਜੋ ਨਕੋਦਰ ਦੇ ਚਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤਾ ਗਿਆ ਸੀ ਵਿਚ ਬੋਲਦੇ ਹੋਏ ਕਿਹਾ ਕਿ *ਸ਼ਹੀਦਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਸੀਂ ਜੇ ਕੁੱਝ ਹੋਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਵੋਟਾਂ ਤਾਂ ਨਾ ਪਾਈਏ ਜਿਹੜੇ ੧੯੮੬ ਵਿਚ ਨਕੋਦਰ ਵਿਖੇ ਸਿੱਖ ਨੌਜਵਾਨਾਂ ਦੀਆਂ ਹੱਤਿਆਵਾਂ ਲਈ ਜਿੰਮੇਵਾਰ ਹਨ। ਸੋਸ਼ਲ ਮੀਡੀਆਂ ਦੀ ਭਾਰੀ ਵਰਤੋਂ ਕਰਨ ਵਾਲੇ ਸਰਬਜੀਤ ਸਿੰਘ ਘੁਮਾਣ ਨੇ ਕਿਹਾ, “ਨਿਆਂ ਲਈ ਲੜਾਈ ਜਾਰੀ ਹੈ”।
ਰਵਿੰਦਰ ਸਿੰਘ ਲਿਤਰਾਂ ਦੇ ਪਰਿਵਾਰ ਵਲੋਂ ਨਿਆਂ ਦੀ ਜੰਗ ਜਾਰੀ ਹੈ। ਵਰਲਡ ਸਿੱਖ ਨਿਉਜ਼ ਉਨ੍ਹਾਂ ਨਾਲ ਇਸ ਲੜਾਈ ਵਿਚ ਹਮਸਫਰ ਹੈ।