ਹਰੀਜਨ ਪੰਚਾਇਤ ਕਮੇਟੀ ਵੱਲੋਂ ਪੰਜਾਬੀ ਲੇਨ ਸ਼ਿਲੌਂਗ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਲਈ ਲੜਨ ਦਾ ਪੱਕਾ ਆਇਦ
ਮੇਘਾਲਿਆ ਦੀ ਖਾੜਕੂ ਜੱਥੇਬੰਦੀ ਐਚ ਐਨ ਐਲ ਸੀ ਵਲੋਂ ਪੰਜਾਬੀ ਲੇਨ ਸ਼ਿਲੌਂਗ ਵਿੱਚ ਪਿਛਲੇ ੨੦੦ ਸਾਲਾਂ ਤੋਂ ਵੱਸ ਰਹੇ ਸਿੱਖਾਂ ਨੂੰ ਜਾਨੋ ਮਾਰਨ ਦੀ ਧਮਕੀ ਦਾ ਨੋਟਸ ਲੈਂਦੇ ਹੋਏ ਇਲਾਕੇ ਦੀ ਹਰੀਜਨ ਪੰਚਾਇਤ ਕਮੇਟੀ ਨੇ ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਲਾਕੇ ਦੇ ਗਰੀਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਹਰੀਜਨ ਪੰਚਾਇਤ ਕਮੇਟੀ ਦੇ ਆਗੂ ਗੁਰਜੀਤ ਸਿੰਘ ਨੇ ਮੀਡੀਆ ਨੂੰ ਕਿਹਾ ਹੈ ਕਿ “ਅਸੀਂ ਤਾਂ ਆਪਣੇ ਲੋਕਾਂ ਦੇ ਬੁਨਿਆਦੀ ਹੱਕ -ਜਿਸ ਵਿੱਚ ਆਪਣੀ ਮਰਜ਼ੀ ਮੁਤਾਬਕ ਰਹਿਣ ਦਾ ਹੱਕ ਹੈ, ਉਸ ਦੀ ਰਾਖੀ ਲਈ ਲੜ ਰਹੇ ਹਾਂ।”
ਖਾੜਕੂ ਜੱਥੇਬੰਦੀ ਐਚ ਐਨ ਐਲ ਸੀ ਨੇ ਆਪਣੀ ਵੈਬਸਾਈਟ ਤੇ ਸਿੱਖਾਂ ਖਿਲਾਫ ਲਿਖਿਆ ਹੈ ਅਤੇ ਉਨ੍ਹਾਂ ਦਾ ਬਿਆਨ ਸ਼ਿਲੌਂਗ ਦੀਆਂ ਅਖਬਾਰਾਂ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਭੜਕਾਊ ਭਾਸ਼ਾ ਵਿੱਚ ਲਿਖੀ ਧਮਕੀ ਵਿੱਚ ਲਿਖਿਆ ਹੈ, “ਅਸੀਂ ੧੯੯੫ ਵਿੱਚ ਵੀ ਲਾਲ ਸਿੰਘ ਨੂੰ ਜਾਨੋ ਮਾਰ ਦਿੱਤਾ ਸੀ। ਸਾਨੂੰ ਸਾਡੇ ਲੋਕਾਂ ਦਾ ਸਾਥ ਹੈ ਅਤੇ ਅਸੀਂ ਫੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ। ਇਹ ਸਿਰਫ ਧਮਕੀ ਨਹੀਂ ਹੈ। ਆਪਣੇ ਲੋਕਾਂ ਦੇ ਮੁਫਾਦ ਦੀ ਰੱਖਿਆ ਲਈ ਅਸੀਂ ਬੰਦੂਕ ਦੀ ਗੋਲੀ ਦਾ ਇਸਤਮਾਲ ਕਰਾਂਗੇ।
ਹਰੀਜਨ ਪੰਚਾਇਤ ਕਮੇਟੀ ਦਾ ਇਹ ਮੰਨਣਾ ਹੈ ਕਿ ਕਿਉਂ ਕਿ ਸਿੱਖਾਂ ਨੇ ਸ਼ਿਲੌਂਗ ਮਿਊਂਸੀਪਲ ਬੋਰਡ ਨੂੰ ਮੇਘਾਲਿਆ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਨੋਟਸ ਭੇਜਿਆ ਸੀ ਇਸ ਲਈ ਉਨ੍ਹਾਂ ‘ਤੇ ਅਜਿਹੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਦਬਾਅ ਪਾਉਣ ਲਈ ਮੇਘਾਲਿਆ ਸਰਕਾਰ ਦੀ ਸ਼ਹਿ ‘ਤੇ ਖਾੜਕੂ ਜੱਥੇਬੰਦੀ ਐਚ ਐਨ ਐਲ ਸੀ ਵਲੋਂ ਇਹ ਕਾਰਵਾਈ ਕਰਵਾਈ ਗਈ ਹੈ।
ਹਰੀਜਨ ਪੰਚਾਇਤ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਖੱਤ ਵਿੱਚ ਲਿਖਿਆ ਹੈ ਕਿ ਸ਼ਿਲੌਂਗ ਮਿਊਂਸੀਪਲ ਬੋਰਡ ਬੇ-ਵਜ੍ਹਾ ਸਿੱਖਾਂ ਨੂੰ ਤੰਗ ਕਰ ਰਿਹਾ ਹੈ। ਪੰਜਾਬੀ ਲੇਨ ਦੇ ਸਾਰੇ ਰਹਿਣ ਵਾਲਿਆਂ ਦਾ ਵੇਰਵਾ ਉਨ੍ਹਾਂ ਕੋਲ ਹੈ। ਉਹ ਪਿਛਲੇ ਸਾਲ ਮਈ-ਜੂਨ ੨੦੧੮ ਵਿੱਚ ਸਿੱਖਾਂ ‘ਤੇ ਕੀਤੇ ਹਮਲੇ ਤੋਂ ਪਹਿਲਾਂ ਵੀ ਅਜਿਹੀਆਂ ਸੂਚੀਆਂ ਅਤੇ ਵੇਰਵੇ ਇਕੱਠਾ ਕਰ ਚੁੱਕੇ ਹਨ। ਇੱਥੋਂ ਤੱਕ ਕਿ ਇਸ ਇਲਾਕੇ ਦੇ ੭੦ ਫੀਸਦੀ ਤੋਂ ਵੱਧ ਬਾਸ਼ਿੰਦੇ ਸ਼ਿਲੌਂਗ ਮਿਊਂਸੀਪਲ ਬੋਰਡ ਦੇ ਮੁਲਾਜ਼ਮ ਹਨ ਜਿਨ੍ਹਾਂ ਦਾ ਵੇਰਵਾ ਉਨ੍ਹਾਂ ਕੋਲ ਹੈ। ਗੁਰਜੀਤ ਸਿੰਘ ਨੇ ਕਿਹਾ ਕਿ, “ਉਹ ਜਾਣ ਬੁੱਝ ਕੇ ਸਾਨੂੰ ਜਲੀਲ ਕਰਨਾ ਚਾਹੁੰਦੇ ਹਨ। ਜੇ ਇਨ੍ਹਾਂ ਨੂੰ ਹੋਰ ਵੇਰਵਾ ਚਾਹੀਦਾ ਹੈ ਤੇ ਉਹ ਬਿਜਲੀ ਕਨੈਕਸ਼ਨਾਂ ਤੋਂ ਵੋਟਰ ਸੂਚੀਆਂ ਤੋਂ ਅਤੇ ਰਾਸ਼ਨ ਕਾਰਡਾਂ ਤੋਂ ਅਰਾਮ ਨਾਲ ਲੈ ਸਕਦੇ ਹਨ।”
ਹਰੀਜਨ ਪੰਚਾਇਤ ਕਮੇਟੀ ਆਗੂ ਗੁਰਜੀਤ ਸਿੰਘ ਨੇ ਅੱਗੇ ਕਿਹਾ ਕਿ ਖਾੜਕੂ ਜੱਥੇਬੰਦੀ ਐਚ ਐਨ ਐਲ ਸੀ ਕੁਫਰ ਤੋਲ ਰਹੀ ਹੈ। ਅਸੀਂ ਗਰੀਬ ਮਿਹਨਤਕਸ਼ ਲੋਕ ਹਾਂ। ਅਸੀਂ ਆਮ ਆਦਮੀ ਦੀ ਜ਼ਿੰਦਗੀ ਜਿਉਂਦੇ ਹਾਂ। ਅਸੀਂ ਕੋਈ ਮਕਾਨ ਕਿਰਾਏ ‘ਤੇ ਨਹੀ ਚੜ੍ਹਾਏ ਹੋਏ। ਇਹ ਸਭ ਸਾਨੂੰ ਬਦਨਾਮ ਕਰਨ ਲਈ ਬਕਵਾਸ ਹੈ। ਸਬੰਧਤ ਥਾਣੇ ਦਾ ਰਿਕਾਰਡ ਵੇਖਿਆ ਜਾ ਸਕਦਾ ਹੈ ਕਿ ਅਸੀਂ ਅਮਨਪਸੰਦ ਹਾਂ, ਸਾਡੇ ਖਿਲਾਫ ਕੋਈ ਕੇਸ ਦਰਜ਼ ਨਹੀ ਹਨ।
ਵਰਨਣਯੋਗ ਹੈ ਕਿ ਪੰਜਾਬੀ ਲੇਨ ਦੇ ਇਹ ਗਰੀਬ ਸਿੱਖ ਪਿਛਲੇ ੨੦੦ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੱਥੇ ਰਹਿ ਰਹੇ ਹਨ। ੧੮੬੩ ਤੋਂ ਪਹਿਲਾਂ ਉਥੇ ਦੇ ਰਾਜੇ ਨੇ ਇਨ੍ਹਾਂ ਨੂੰ ਰਹਿਣ ਲਈ ਥਾਂ ਦਿੱਤੀ ਸੀ ਅਤੇ ਇਸ ਬਾਰੇ ਰਾਜੇ ਨੇ ੨੦੦੮ ਵਿੱਚ ਇਕ ਐਲਾਨ ਪੱਤਰ ਵੀ ਦਿੱਤਾ ਸੀ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਦਸਤਾਵੇਜ਼ ਸਿੱਖਾਂ ਕੋਲ ਹਨ।
Shillong Sikhs seek Meghalaya CM protection as HNLC threatens to kill
ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ ਆਪਣੇ ਘਰਾਂ ਦੀ ਲੜਾਈ ਲੜ ਰਹੇ ਹਾਂ। ਪਿਛਲੇ ਇਕ ਸਾਲ ਤੋਂ ਲਗਾਤਾਰ ੩੧ ਮਈ ੨੦੧੮ ਦੇ ਸਾਡੇ ‘ਤੇ ਕੀਤੇ ਹਮਲੇ ਤੋਂ ਬਾਅਦ ਅਸੀਂ ਦਰ-ਦਰ ਧੱਕੇ ਖਾ ਰਹੇਂ ਹਾਂ। ਮੇਘਾਲਿਆ ਹਾਈ ਕੋਰਟ, ਘੱਟ ਗਿਣਤੀ ਕਮਿਸ਼ਨ, ਮਨੁਖੀ ਅਧਿਕਾਰ ਕਮਿਸ਼ਨ, ਸਿੱਖ ਜੱਥੇਬੰਦੀਆਂ -ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ -ਸਾਰਿਆਂ ਕੋਲ ਅਸੀਂ ਆਪਣੀ ਸੁਰੱਖਿਆ ਦੀ ਦੁਹਾਈ ਪਾ ਰਹੇਂ ਹਾਂ।
ਇੱਥੋਂ ਦੀ ਸਰਕਾਰ ਨੇ ਡਿਪਟੀ ਮੁੱਖ ਮੰਤਰੀ ਦੀ ਅਗਵਾਈ ਵਿੱਚ ਇੱਕ ਉਚ-ਪੱਧਰੀ ਕਮੇਟੀ ਬਣਾਈ ਹੋਈ ਹੈ ਤੇ ਇਹ ਵੀ ਸਾਡੇ ਪਿੱਛੇ ਪਏ ਹੋਏ ਹਨ। ਨਿੱਤ ਸਾਨੂੰ ਡਰਾਉਣ ਵਾਲੇ ਬਿਆਨ ਦਿੱਤੇ ਜਾਂਦੇ ਹਨ।
ਹਰੀਜਨ ਪੰਚਾਇਤ ਕਮੇਟੀ ਵਲੋਂ ਸਹੀ ਸੋਚ ਵਾਲੇ ਲੋਕਾਂ ਨੂੰ, ਮਨੁੱਖੀ ਅਧਿਕਾਰ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਸਾਡੇ ਹੱਕਾਂ ਲਈ ਨਾ ਸਿਰਫ ਹਾਅ ਦਾ ਨਾਅਰਾ ਮਾਰਨ ਬਲਕਿ ਵਹੀਰਾਂ ਘੱਤ ਕੇ ਸ਼ਿਲੌਂਗ ਆਉਣ ਤੇ ਇਸ ਮੁਸ਼ਕਲ ਘੜੀ ਵਿੱਚ ਸਾਡਾ ਸਾਥ ਦੇਣ।
ਅਸੀਂ ਉਚੇਚੇ ਤੌਰ ‘ਤੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਅਤੇ ਸਾਡੇ ਹੱਕਾਂ ਨੂੰ ਬਚਾਉਣ ਲਈ ਕੋਈ ਠੋਸ ਰਣਨੀਤੀ ਅਪਨਾਉਣ।
ਗੁਰਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਧਮਕੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬੀਆਂ ਨੂੰ ਇੱਥੇ ਦਖਲਅੰਦਾਜ਼ੀ ਨਹੀ ਕਰਨੀ ਚਾਹੀਦੀ ਪਰ ਸਾਡੇ ਪਰਿਵਾਰਕ ਅਤੇ ਸਮਾਜਕ ਸਬੰਧ ਹਨ ਅਤੇ ਅਸੀ ਉਨ੍ਹਾਂ ਕੋਲੋਂ ਮਿਲਵਰਤਣ ਲੈਂਦੇ ਰਹਾਂਗੇ। ਖਾੜਕੂ ਜੱਥੇਬੰਦੀ ਨੇ ਕਿਹਾ ਸੀ ਕਿ ਅਸੀਂ ਤੇ ਪੰਜਾਬ ਵਿਚ ਕੋਈ ਜ਼ਮੀਨ ਨਹੀ ਮੰਗਦੇ। ਗੁਰਜੀਤ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਅਸੀਂ ਸਰਬਤ ਦਾ ਭਲਾ ਮੰਗਦੇ ਹਾਂ ਤੇ ਜੇ ਇਥੋਂ ਦੇ ਲੋਕ ਪੰਜਾਬ ਜਾ ਕੇ ਵੱਸਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੀ ਸਿਫਾਰਸ਼ ਕਰਨਗੇ।
ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਮੇਘਾਲਿਆ ਦੀ ਪਾਬੰਦੀਸ਼ੁਦਾ ਜਥੇਬੰਦੀ ਐਚ.ਐਨ.ਐਲ.ਸੀ ਵੱਲੋਂ ਸ਼ਿਲਾਂਗ ਵਿੱਚ ਵੱਸਦੇ ਪੰਜਾਬੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਇਸ ਜਥੇਬੰਦੀ ਵਿਰੁੱਧ ਕਾਰਵਾਈ ਕਰਨ ਅਤੇ ਮੇਘਾਲਿਆ ਵਿੱਚ ਵੱਸਦੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਸ. ਸਿਰਸਾ ਨੇ ਕਿਹਾ ਕਿ ਸਿੱਖ ਕੌਮ ਇੱਕ ਅਮਨ ਪਸੰਦ ਕੌਮ ਹੈ ਪਰ ਜਦੋਂ ਕੋਈ ਸਾਡੀ ਅਣਖ ਨੂੰ ਵੰਗਾਰੇ ਤਾਂ ਸਾਨੂੰ ਸਾਡੇ ਗੁਰੂਆਂ ਨੇ ਹਰ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਨ ਦੀ ਸ਼ਕਤੀ ਵੀ ਬਖ਼ਸ਼ੀ ਹੈ।