ਗਿਆਨੀ ਅਮਰੀਕ ਸਿੰਘ ਤੇ ਟਕਸਾਲੀਆਂ ਵਲੋਂ ਬਰਤਾਨੀਆ’ਚ ਹਮਲਾ, ਸਿੱਖ ਸਮਾਜ’ ਰੋਸ
ਵਰਲਡ ਸਿੱਖ ਨਿਊਜ਼ ਦੀ ਵਿਸ਼ੇਸ਼ ਰਿਪੋਰਟ: ਪਿਛਲੇ ਦਿਨੀ ਬਰਤਾਨੀਆ ਪੁੱਜੇ ਸਿੱਖ ਧਰਮ ਦੇ ਹਰਮਨ ਪਿਆਰੇ ਵਿਦਵਾਨ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਤੇ ਦਮਦਮੀ ਟਕਸਾਲ ਦੇ ਕੁਝ ਭੁੱਲੜ ਚਹੇਤਿਆਂ ਵੱਲੋਂ ਗੁਰਦੁਆਰਾ ਪਾਰਕ ਐਵੇਨਿਊ, ਸਾਊਥਹਾਲ, ਲੰਡਨ ਵਿਖੇ ਅਮਾਨਵੀ ਤਰੀਕੇ ਨਾਲ ਹਮਲਾ ਕੀਤਾ ਗਿਆ। ਇਸ ਹਾਦਸੇ ਪਿਛੋਂ ਸੰਸਾਰ ਭਰ ਦੇ ਸਿੱਖ ਹਲਕਿਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਭਰੋਸੇਯੋਗ ਸੂਤਰਾ ਤੋਂ ਵਰਲਡ ਸਿੱਖ ਨਿਊਜ਼ ਨੂੰ ਪਤਾ ਚੱਲਿਆ ਹੈ ਕਿ ਸਿੰਘ ਸਭਾ ਸਲਾਉ ਵੱਲੋਂ ਹੁਲੜਬਾਜੀਆਂ ਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਗਿਆਨੀ ਅਮਰੀਕ ਸਿੰਘ, ਸ੍ਰੀ ਗੁਰੂ ਸਿੰਘ ਸਭਾ ਸਲਾਉ ਦੇ ਸੱਦੇ ਤੇ ਬਰਤਾਨੀਆ ਗਏ ਸੀ।
ਸੰਸਾਰ ਭਰ ਦੇ ਸਿੱਖ ਲੋਕਾਂ ਨੂੰ ਉਸ ਵੇਲੇ ਭਰਪੂਰ ਅਫਸੋਸ ਹੋਇਆ ਅਤੇ ਰੋਸ ਆਇਆ ਜਦ ਬਿਲਕੁਲ ਗੈਰ-ਜਿੰਮੇਵਾਰਾਨਾ ਢੰਗ ਨਾਲ, ਆਪਣੇ ਤੋਂ ਵੱਖਰੇ ਵਿਚਾਰ ਨਾ ਸਹਾਰਨ ਵਾਲੇ ਅਤਿ ਕੱਟੜ ਸਿੱਖ ਜੋ ਐਲਾਨੀਆ ਤੌਰ ‘ਤੇ ਦਮਦਮੀ ਟਕਸਾਲ ਨਾਲ ਸਾਂਝ ਦਾ ਦਾਅਵਾ ਕਰਦੇ, ਨੇ ਸਿੱਖ ਕੌਮ ਦੇ ਮਾਨਯੋਗ ਸਿੱਖ ਕਥਾਕਾਰ ਅਤੇ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ‘ਤੇ ਇੱਕ ਬੁਜ਼ਦਿਲੀ ਵਾਲੀ ਕਾਰਵਾਈ ਕਰਕੇ ਗੁਪਤ ਰੂਪ ਵਿੱਚ ਕੈਮਰੇ ਦੀ ਦੇਖ ਰੇਖ ਤੋਂ ਦੂਰ ਲਿਜਾ ਕੇ ਗੁਰਦੁਆਰਾ ਪਾਰਕ ਐਵੇਨਿਉ, ਸਾਉਥਹਾਲ, ਲੰਡਨ ਵਿਚ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਦਸਤਾਰ ਲਾਹੀ।
ਲੰਡਨ ਤੋਂ ਫੋਨ ‘ਤੇ ਵਰਲਡ ਸਿੱਖ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਅਮਰੀਕ ਸਿੰਘ ਨੇ ਕਿਹਾ, “ਹਾਂ ਮੇਰੇ ‘ਤੇ ਹਮਲਾ ਹੋਇਆ ਹੈ। ਮੈਨੂੰ ਗੁੱਜੀਆਂ ਸੱਟਾਂ ਵੀ ਲੱਗੀਆਂ ਹਨ ਪਰ ਮੈਂ ਚੜ੍ਹਦੀ ਕਲਾ ਵਿੱਚ ਹਾਂ। ਜੇ ਪ੍ਰਬੰਧਕ ਚਾਹੁਣਗੇ ਤਾਂ ਮੈਂ ਕਥਾ ਕਰਨ ਲਈ ਤਿਆਰ ਹਾਂ।” ਉਨ੍ਹਾਂ ਨੇ ਅੱਗੇ ਕਿਹਾ ਸਿੰਘ ਸਭਾ ਸਲਾਉ ਨੇ ੨-ਦਿਨਾਂ ਇਤਿਹਾਸਕ ਪ੍ਰੋਗਰਾਮ ਕੀਤਾ ਜੋ ਕਿ ਟੀ. ਵੀ. ਚੈਨਲਾਂ ‘ਤੇ ਵੀ ਵੱਧ-ਚੜ੍ਹ ਕੇ ਪਸਾਰਿਆ ਗਿਆ। ਮੇਰੇ ਮੰਨ ਵਿੱਚ ਇਹ ਖਿਆਲ ਵੀ ਨਹੀਂ ਆਇਆ ਕਿ ਜਿਸ ਗੁਰਦੁਆਰਾ ਸਾਹਿਬ ਵਿੱਚ ਮੈਂ ੧੯੯੮ ਤੋਂ ਪ੍ਰਚਾਰ ਕਰ ਰਿਹਾ ਹਾਂ ਉਥੇ ਮੇਰੇ ਨਾਲ ਅਜਿਹਾ ਹੋ ਸਕਦਾ ਹੈ।”
“ਜੇ ਹੁਣ ਵੀ ਸਿੱਖ ਸੰਗਤ ਨੇ ਅਜਿਹੇ ਅਨਸਰਾਂ ਨੂੰ ਨਾ ਰੋਕਿਆ ਤਾਂ ਸਮੁੱਚੀ ਕੌਮ ਦੇ ਮੂੰਹ ਕਾਲਖ ਮੱਲੀ ਜਾਵੇਗੀ । ਉਠੋ, ਜਾਗੋ ਤੇ ਕੁਝ ਕਰੋ।”
ਸਿੰਘ ਸਭਾ ਸਲਾਉ ਦੇ ਸੱਦੇ ‘ਤੇ ਗਿਆਨੀ ਅਮਰੀਕ ਸਿੰਘ ਬਰਤਾਨੀਆ ਗਏ ਹੋਏ ਸਨ। ਇਨ੍ਹਾਂ ਤੋਂ ਇਲਾਵਾ ਅਖੰਡ ਕੀਰਨਤੀ ਜੱਥੇ ਦੇ ਭਾਈ ਗੁਰਦੀਪ ਸਿੰਘ ਅਸਟਰੇਲੀਆ ਵਾਲੇ, ਬਰਤਾਨੀਆ ਦੀ ਨਿਰਵੈਰ ਖਾਲਸਾ ਜਥੇਬੰਦੀ ਦੇ ਮੈਂਬਰ, ਦਮਦਮੀ ਟਕਸਾਲ (ਚੌਂਕ ਮਹਿਤਾ ਵਾਲੀ ਨਹੀਂ) ਦੇ ਮੁਖੀ -ਭਾਈ ਰਾਮ ਸਿੰਘ ਅਤੇ ਮਿਸ਼ਨਰੀ ਕਾਲਜਾਂ ਦੇ ਕਈ ਮੈਂਬਰ ਅਤੇ ਆਗੂ ਵੀ ਸਿੰਘ ਸਭਾ ਸਲਾਉ ਨੇ ਇਸ ਪ੍ਰੋਗਰਾਮ ਲਈ ਸੱਦੇ ਹੋਏ ਸਨ। ਇਸ ਪ੍ਰੋਗਰਾਮ ਦਾ ਮੁੱਖ ਮੰਤਵ, ਗਿਆਨੀ ਅਮਰੀਕ ਸਿੰਘ ਮੁਤਾਬਕ “ਵੱਖ ਵੱਖ ਧੜਿਆਂ ਅਤੇ ਸ਼ਖਸ਼ੀਅਤਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਲਈ ਪ੍ਰੇਰਨਾ ਸੀ। ਇਹ ਇੱਕ ਨਿਵੇਕਲਾ ਪ੍ਰੋਗਰਾਮ ਸੀ ਜਿਸ ਨਾਲ ਭਵਿੱਖ ਵਿੱਚ ਬਹੁਤ ਸਾਰੇ ਲਟਕਦੇ ਮਸਲਿਆਂ ਦਾ ਹੱਲ ਲੱਭਣ ਲਈ ਰਾਹ ਪੱਧਰਾ ਕੀਤਾ ਜਾਣਾ ਸੀ।”
੭ ਮਈ ਨੂੰ ਸਵੇਰੇ ੧੧ ਵਜੇ ਦੇ ਕਰੀਬ ਜਦ ਗਿਆਨੀ ਅਮਰੀਕ ਸਿੰਘ ਸਭਾ ਪਾਰਕ ਐਵਿਨਿਊ ਵਿੱਚ ਸਟੇਜ ਤੋਂ ਕਥਾ ਕਰਨ ਲੱਗੇ ਤਾਂ ਇੱਕ ਬਜੁਰਗ ਸਿੱਖ ਨੇ ਹੁਕਮਨਾਮਾ ਸੰਪੂਰਨ ਹੋਣ ਦਾ ਵੀ ਇੰਤਜ਼ਾਰ ਨਹੀ ਕੀਤਾ ਤੇ ਸੰਗਤ ਵਿਚ ਖੜੇ ਹੋ ਕੇ ਕਿਹਾ, “ਤੁਸੀਂ ਇੱਥੇ ਕਥਾ ਨਹੀਂ ਕਰ ਸਕਦੇ।” ਗਿਆਨੀ ਅਮਰੀਕ ਸਿੰਘ ਚੁੱਪ-ਚਾਪ ਸਟੇਜ ‘ਤੇ ਬੈਠੇ ਰਹੇ। ਨਾਲ ਦੇ ਨਾਲ ਹੀ ਉਹ ਬਜੁਰਗ ਸਿੱਖ ਸਟੇਜ ਸਕੱਤਰ ਗੁਰਸ਼ਰਨ ਸਿੰਘ ਮੰਡ ਕੋਲ ਪੁੱਜ ਗਿਆ ਅਤੇ ਅਗਲੇ ਹੀ ਕੁਝ ਪਲਾਂ ਵਿੱਚ ਸਟੇਜ ਸਕੱਤਰ ਨੇ ਗਿਆਨੀ ਅਮਰੀਕ ਸਿੰਘ ਨੂੰ ਕਿਹਾ “ਤੁਸੀਂ ਮਾਫੀ ਮੰਗ ਲਉ, ਮਸਲਾ ਹੱਲ ਹੋ ਜਾਏਗਾ।”
ਗਿਆਨੀ ਅਮਰੀਕ ਸਿੰਘ ਨੇ ਨਿਰਮਤਾ ਨਾਲ ਜਵਾਬ ਦਿੱਤਾ “ਜੇ ਮੈਂ ਕੁਝ ਗਲਤ ਕਿਹਾ ਹੈ ਕਦੀ ਵੀ ਮੈਨੂੰ ਦੱਸਿਆ ਜਾਵੇ। ਮੈਂ ਗੁਰ ਸੰਗਤ ਤੋਂ ਬੇਝਿਜਕ ਮਾਫੀ ਮੰਗ ਲਵਾਂਗਾ। ਏਨੇ ਨੂੰ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨੇ ਗਿਆਨੀ ਅਮਰੀਕ ਸਿੰਘ ਨੂੰ ਕਿਹਾ ਕਿ “ਆਓ! ਅੰਦਰ ਚੱਲ ਕੇ ਕਮਰੇ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਮਸਲੇ ਦਾ ਹੱਲ ਲੱਭ ਲੈਂਦੇ ਹਾਂ।” ਗਿਆਨੀ ਅਮਰੀਕ ਸਿੰਘ ਨੂੰ ਲੱਗਿਆ ਕਿ ਸਲਾਉ ਦੇ ੨-ਰੋਜ਼ਾ ਪ੍ਰੋਗਰਾਮ ਨਾਲ ਪੈਦਾ ਹੋਏ ਚੰਗੇ ਮਾਹੋਲ ਨੂੰ ਹੋਰ ਅੱਗੇ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਤੇ ਉਹ ਨਾਲ ਜਾਣ ਲਈ ਰਾਜ਼ੀ ਹੋ ਗਏ ਪਰ ਇਹ ਸਾਰਾ ਕੁਝ ਤੈਸ਼ੁਦਾ ਵਿਉਂਤ ਮੁਤਾਬਕ ਕੀਤਾ ਜਾ ਰਿਹਾ ਸੀ।
ਜਿਸ ਤਰਾਂ ਹੀ ਗਿਆਨੀ ਅਮਰੀਕ ਸਿੰਘ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਤੋਂ ਬਾਹਰ ਸੀ. ਸੀ. ਟੀ. ਵੀ. ਕੈਮਰੇ ਦੀ ਪਹੁੰਚ ਤੋਂ ਪਰੇ ਹੋਏ ਤਾਂ ਬਜੁਰਗਵਾਰ, ਬਰਮਿੰਘਮ ਤੋਂ ਚਰਨ ਸਿੰਘ, ਅਵਾਜ-ਏ-ਕੌਮ ਦੇ ਰਘੁਬੀਰ ਸਿੰਘ ਅਤੇ ਢਾਡੀ ਪਰਮਜੀਤ ਸਿੰਘ ਨੇ ਉਨ੍ਹਾਂ ਨੂੰ ਠੁੱਡੇ ਮਾਰ ਕੇ ਜਮੀਨ ‘ਤੇ ਢਾਹ ਲਿਆ। ਦਸਤਾਰ ਲਾਹੀ ਅਤੇ ਹੱਥਾਂ-ਪੈਰਾਂ ਨਾਲ ਗੁੱਜੀਆਂ ਸੱਟਾਂ ਮਾਰੀਆਂ ਤੇ ਨਾਲ ਹੀ ਬੋਲਦੇ ਰਹੇ “ਚੱਕ ਦਿਉ। ਜਿਊਂਦਾ ਨਾ ਜਾਣ ਦੇਣਾ।”
ਪੰਥਕ ਹਲਕਿਆਂ ਵਿੱਚ ਇਸ ਹਾਦਸੇ ਨੇ ਖਲਬਲੀ ਮਚਾਈ ਹੋਈ ਹੈ। ਦਿੱਲੀ, ਪੰਜਾਬ, ਅਮਰੀਕਾ ਅਤੇ ਬਰਤਾਨੀਆ ਵਿੱਚ ਇਸ ਦੀ ਭਰਪੂਰ ਨਿਖੇਧੀ ਕੀਤੀ ਗਈ ਹੈ।
“ਇਨ੍ਹਾਂ ਠੱਗਾਂ ਦਾ ਗਿਆਨੀ ਅਮਰੀਕ ਸਿੰਘ ‘ਤੇ ਹਮਲਾ ਇੱਕ ਵਾਰੀ ਫਿਰ ਸਾਬਿਤ ਕਰਦਾ ਹੈ ਕਿ ਸਿੱਖ ਭਾਈਚਾਰੇ ਵਿੱਚ ਅਜਿਹਾ ਨਾਸੂਰ ਕੈਂਸਰ ਫੈਲ ਗਿਆ ਹੈ ਜੋ ਹਰ ਕੁਝ ਸਮੇਂ ਬਾਅਦ ਉਭਰ ਕੇ ਦੁੱਖ ਪਹੁੰਚਾਉਂਦਾ ਹੈ।”
ਫੋਨ ਤੇ ਗੱਲ ਕਰਦਿਆਂ ਜਦ ਗਿਆਨ ਅਮਰੀਕ ਸਿੰਘ ਨੇ ਇਸ ਪੱਤਰਕਾਰ ਨੂੰ ਪੁੱਛਿਆ, “ਇਸ ਸਭ ਕੁਝ ਕਦੋਂ ਰੁਕੇਗਾ? ਇਨ੍ਹਾਂ ਨੂੰ ਨੱਥ ਕੌਣ ਪਾਏਗਾ ਜੋ ਪਿਛਲੇ ਲੰਬੇ ਸਮੇਂ ਤੋਂ ਸਿੱਖ ਹਲਕਿਆਂ ਵਿੱਚ ਬਦਅਮਨੀ ਫੈਲਾ ਰਹੇ ਹਨ ਅਤੇ ਸਿੱਖ ਸਰੂਪ ਨੂੰ ਬਦਨਾਮ ਕਰ ਰਹੇ ਹਨ”? ਤਾਂ ਮੇਰੇ ਕੋਲ ਕੋਈ ਜਵਾਬ ਨਹੀ ਸੀ।
ਹਾਦਸੇ ਦਾ ਜ਼ਿਕਰ ਕਰਦਿਆਂ ਕੇਸਰੀ ਲਹਿਰ ਦੇ ਆਗੂ ਜਗਦੀਸ਼ ਸਿੰਘ ਯੂ.ਕੇ. ਨੇ ਕਿਹਾ “ਇਨ੍ਹਾਂ ਠੱਗਾਂ ਦਾ ਗਿਆਨੀ ਅਮਰੀਕ ਸਿੰਘ ‘ਤੇ ਹਮਲਾ ਇੱਕ ਵਾਰੀ ਫਿਰ ਸਾਬਿਤ ਕਰਦਾ ਹੈ ਕਿ ਸਿੱਖ ਭਾਈਚਾਰੇ ਵਿੱਚ ਅਜਿਹਾ ਨਾਸੂਰ ਕੈਂਸਰ ਫੈਲ ਗਿਆ ਹੈ ਜੋ ਹਰ ਕੁਝ ਸਮੇਂ ਬਾਅਦ ਉਭਰ ਕੇ ਦੁੱਖ ਪਹੁੰਚਾਉਂਦਾ ਹੈ।”
ਗਿਆਨੀ ਅਮਰੀਕ ਸਿੰਘ ਨੇ ਆਪਣੇ ਜਾਤੀ ਦੁੱਖ ਦਾ ਇਜ਼ਹਾਰ ਕਰਦੇ ਹੋਏ ਅਫਸੋਸ ਜਾਹਿਰ ਕੀਤਾ ਕਿ “ਮੈਨੂੰ ਮਾਰ-ਕੁਟਾਪੇ ਦੀ ਬਹੁਤੀ ਪ੍ਰਵਾਹ ਨਹੀਂ ਪਰ ਉਨ੍ਹਾਂ ਨੇ ਮੇਰੀ ਦਸਤਾਰ ਲਾਹ ਕੇ ਮੈਨੂੰ ਬਹੁਤ ਠੇਸ ਪਹੁੰਚਾਈ ਹੈ। ਮੈਂ ਇੱਕ ਪਰਿਵਾਰਕ ਜੀਅ ਹਾਂ। ਮੇਰੇ ਪੁੱਤਰ, ਧੀ-ਨੂੰਹਾਂ ਅਤੇ ਜਵਾਈਹਨ। ਮੇਰੇ ਲਈ ਆਤਮਕ ਤੌਰ ‘ਤੇ ਉਨ੍ਹਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ।”
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਅੰਮ੍ਰਿਤਸਰ ਵਿੱਖੇ ਅੱਜ ਇੱਕ ਭਰਵੀ ਪ੍ਰੈਸ ਕਾਰਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਜਿਨ੍ਹਾਂ ਨੇ ਗੁਰੂ ਦੇ ਪ੍ਰਚਾਰਕ ਦੀ ਪੱਗ ਲਾਹੀ ਹੈ ਉਨ੍ਹਾਂ ਨੇ ਗੁਰੂ ਦੀ ਪੱਗ ਨੂੰ ਹੱਥ ਪਾਇਆ ਹੈ ਕਿਉਂਕਿ ਗੁਰੂ ਦਾ ਪ੍ਰਚਾਰਕ ਕਿਸੇ ਧੜੇ ਦਾ ਨਹੀਂ ਗੁਰੂ ਦਾ ਹੁੰਦਾ ਹੈ। ਗਿਆਨੀ ਅਮਰੀਕ ਸਿੰਘ ਨੇ ਸਾਰੀ ਉਮਰ ਗੁਰ-ਵਿਚਾਰ ਕੀਤੀ ਹੈ। ਅਨੇਕਾ ਇਤਿਹਾਸਕ ਪੁਸਤਕਾਂ ਲਿਖੀਆਂ ਹਨ।ਉਨ੍ਹਾਂ ਨੇ ਕਦੀ ਵੀ ਵਿਵਾਦ ਵਿੱਚ ਨਾ ਪੈਂਦੇ ਹੋਏ ਗੁਰ-ਬਚਨਾਂ ‘ਤੇ ਪਹਿਰਾ ਦਿੱਤਾ ਹੈ।”
ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਡਾਇਰੈਕਟਰ ਗਿਆਨੀ ਬਲਜੀਤ ਸਿੰਘ ਨੇ ਕਿਹਾ, “ਇਹ ਕੋਝਾ ਕੰਮ ਕਿਸੇ ਸਿੱਖ ਦਾ ਕੰਮ ਨਹੀਂ ਹੈ। ਉਹ ਸਿੱਖ ਹੀ ਨਹੀਂ ਹੋ ਸਕਦਾ ਜੋ ਕਿਸੇ ਸਿੱਖ ਦੀ ਦਸਤਾਰ ਉਤਾਰਦਾ ਹੈ।”
ਅਕਾਲ ਪੁਰਖ ਕੀ ਫੌਜ ਦੇ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ “ਬਹੁਤ ਅਫਸੋਸ ਹੈ ਕਿ ਕੌਮ ਦੀਆਂ ਉਚ ਪਦਵੀਆਂ ‘ਤੇ ਬੈਠੇ ਧਾਰਮਿਕ ਅਤੇ ਸਿਆਸੀ ਆਗੂ ਚੁੱਪੀ ਸਾਧ ਕੇ ਬੈਠੇ ਹਨ। ਉਨ੍ਹਾਂ ਨੂੰ ਆਪਣੇ ਆਪ ਬਿਨਾਂ ਦੇਰੀ ਤੋਂ ਇਸ ਦਾ ਨੋਟਿਸ ਲੈਣਾ ਚਾਹੀਦਾ ਸੀ।” ਉਨ੍ਹਾਂ ਨੇ ਖਦਸ਼ਾ ਜਾਹਿਰ ਕੀਤਾ ਕਿ “ਕਿਧਰੇ ਇਹ ਸਾਰੇ ਰਲੇ ਹੋਏ ਤੇ ਨਹੀਂ ਹਨ?”
“ਜਿਨ੍ਹਾਂ ਨੇ ਗੁਰੂ ਦੇ ਪ੍ਰਚਾਰਕ ਦੀ ਪੱਗ ਲਾਹੀ ਹੈ ਉਨ੍ਹਾਂ ਨੇ ਗੁਰੂ ਦੀ ਪੱਗ ਨੂੰ ਹੱਥ ਪਾਇਆ ਹੈ ਕਿਉਂਕਿ ਗੁਰੂ ਦਾ ਪ੍ਰਚਾਰਕ ਕਿਸੇ ਧੜੇ ਦਾ ਨਹੀਂ ਗੁਰੂ ਦਾ ਹੁੰਦਾ ਹੈ। ਗਿਆਨੀ ਅਮਰੀਕ ਸਿੰਘ ਨੇ ਸਾਰੀ ਉਮਰ ਗੁਰ-ਵਿਚਾਰ ਕੀਤੀ ਹੈ। ਅਨੇਕਾ ਇਤਿਹਾਸਕ ਪੁਸਤਕਾਂ ਲਿਖੀਆਂ ਹਨ।ਉਨ੍ਹਾਂ ਨੇ ਕਦੀ ਵੀ ਵਿਵਾਦ ਵਿੱਚ ਨਾ ਪੈਂਦੇ ਹੋਏ ਗੁਰ-ਬਚਨਾਂ ‘ਤੇ ਪਹਿਰਾ ਦਿੱਤਾ ਹੈ।”
ਪੱਤ੍ਰਕਾਰਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲ ਪੁਰਖ ਕੀ ਫੌਜ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਚੇਅਰਮੈਨ ਜੋਗਿੰਦਰ ਸਿੰਘ, ਮੀਤ ਚੇਅਰਮੈਨ ਅਮਰਜੀਤ ਸਿੰਘ ਖਡੂਰ ਸਾਹਿਬ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਅਤੇ ਕੈਪਟਨ ਜੋਗਿੰਦਰ ਸਿੰਘ ਮੌਜੂਦ ਸਨ। ਇਨ੍ਹਾਂ ਨਾਲ ਗੁਰਮਤਿ ਵਿਦਿਆਲਾ ਹੁਸ਼ਿਆਰਪੁਰ ਤੋਂ ਕੈਪਟਨ ਯਸ਼ਪਾਲ ਸਿੰਘ ਅਤੇ ਗੁਰਮਤਿ ਵਿਦਿਆਲਾ ਲੁਧਿਆਣੇ ਤੋਂ ਰਵਿੰਦਰ ਸਿੰਘ ਖਾਲਸਾ ਵੀ ਮੌਜੂਦ ਸਨ।
ਬੁਲਾਰਿਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਲੰਡਨ ਵਿੱਚ ਵਾਪਰੇ ਹਾਦਸੇ ਦੀ ਭਰਪੂਰ ਨਿਖੇਧੀ ਕਰਦੇ ਹੋਏ ਕਿਹਾ ਕਿ “ਅਸੀਂ ਗੁਰੂ ਦੇ ਪ੍ਰਚਾਰਕ ਹਾਂ ਕਿਸੇ ਧੜੇ ਦੇ ਨਹੀਂ। ਜੇ ਕੋਈ ਵੀ ਅਜਿਹਾ ਸੋਚਦਾ ਹੈ ਕਿ ਇਸ ਤਰ੍ਹਾਂ ਦੀ ਅਤਿ-ਨੀਚ ਹਰਕਤ ਕਰਕੇ ਉਹ ਸਾਨੂੰ ਚੁੱਪ ਕਰਾ ਦੇਣਗੇ ਤਾਂ ਗੁਰੂ ਦਾ ਭੈਅ ਰੱਖਦੇ ਹੋਏ ਅਸੀਂ ਡੰਕੇ ਦੀ ਚੋਟ ‘ਤੇ ਐਲਾਨ ਕਰਦੇ ਹਾਂ ਕਿ ਅਸੀਂ ਸਿੱਖੀ ਦਾ ਅਤੇ ਗੁਰ ਵਿਚਾਰ ਦਾ ਪ੍ਰਚਾਰ ਨਿਰਵੈਰ ਅਤੇ ਨਿਰਭੈਅ ਹੋ ਕੇ ਕਰਦੇ ਰਹਾਂਗੇ।”
ਵਰਲਡ ਸਿੱਖ ਨਿਉਜ਼ ਨਾਲ ਫੋਨ ਤੇ ਗਲਬਾਤ ਕਰਦੇ ਹੋਏ, ਸਿੱਖ ਸੰਗਤ ਨੂੰ ਹੋਕਾ ਦਿੰਦੇ ਹੋਏ ਗਿਆਨੀ ਅਮਰੀਕ ਸਿੰਘ ਨੇ ਕਿਹਾ ਕਿ “ਜੇ ਹੁਣ ਵੀ ਸਿੱਖ ਸੰਗਤ ਨੇ ਅਜਿਹੇ ਅਨਸਰਾਂ ਨੂੰ ਨਾ ਰੋਕਿਆ ਤਾਂ ਸਮੁੱਚੀ ਕੌਮ ਦੇ ਮੂੰਹ ਕਾਲਖ ਮੱਲੀ ਜਾਵੇਗੀ । ਉਠੋ, ਜਾਗੋ ਤੇ ਕੁਝ ਕਰੋ।”
ਕੀ ਕੋਈ ਸੁਣ ਰਿਹਾ ਹੈ?