ਛਤਿਸਗੜ੍ਹ ਗੁਰਦੁਆਰਿਆਂ ਨੇ 5 ਜਨਵਰੀ ਦਸਮ ਪਿਤਾ ਪੁਰਬ ਤੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਇਆ
ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਅਹਿਮ ਇਕੱਤ੍ਰਤਾ ਵਿੱਚ ਛਤਿਸਗੜ੍ਹ ਦੀਆਂ ਸਾਰੀਆਂ ਪ੍ਰਬੰਧਕਾਂ ਕਮੇਟੀਆਂ ਨੇ ਡੂੰਘਾ ਵਿਚਾਰ ਵਟਾਂਦਰਾ ਕਰ ਕੇ ਫੈਸਲਾ ਕੀਤਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ।
10 ਦਸੰਬਰ 2017 ਨੂੰ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਅਹਿਮ ਇਕੱਤ੍ਰਤਾ ਵਿੱਚ ਛਤਿਸਗੜ੍ਹ ਦੀਆਂ ਸਾਰੀਆਂ ਪ੍ਰਬੰਧਕਾਂ ਕਮੇਟੀਆਂ ਨੇ ਡੂੰਘਾ ਵਿਚਾਰ ਵਟਾਂਦਰਾ ਕਰ ਕੇ, ਇਹ ਫੈਸਲਾ ਕੀਤਾ ਕਿ ਅਸੀਂ ਸ਼ਹੀਦੀ ਦਿਹਾੜਿਆਂ ਨੂੰ ਨਹੀਂ ਭੁੱਲਣਾ ਜਿਸ ਲਈ ਅਸੀਂ ਸ਼ਹੀਦੀ ਦਿਹਾੜੇ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਮਨਾਵਾਂਗੇ ਅਤੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ।
ਇਸੇ ਨਾਲ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਅੱਗੇ ਤੋਂ ਜੋ ਮੂਲ ਨਾਨਕਸ਼ਾਹੀ ਕੈਲੰਡਰ ਹੈ ਜਿਸਨੂੰ 1999 ਤੋਂ 2003 ਤੱਕ ਸੋਧ ਕੇ ਲਾਗੂ ਕੀਤਾ ਗਿਆ ਸੀ ਉਸੇ ਮੁਤਾਬਕ ਗੁਰੂ ਸਾਹਿਬ ਦੇ ਪੁਰਬ ਮਨਾਏ ਜਾਣਗੇ।
ਵਰਲਡ ਸਿੱਖ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਚਾ ਧਨ ਬਾਬਾ ਬੁਢਾ ਜੀ, ਤੇਲੀਬਾਂਧਾ, ਰਾਇਪੁਰ ਦੇ ਜਨਰਲ ਸਕਤਰ ਦਲੇਰ ਸਿੰਘ ਨੇ ਕਿਹਾ ਕਿ “ਇਹ ਸੰਗਤੀ ਫੈਸਲਾ ਹੈ ਅਤੇ ਇਸ ਨਾਲ ਅਸੀਂ ਛਤਿਸਗੜ੍ਹ ਵਿੱਚ ਇੱਕ ਮੁੱਠ ਹੋ ਕੇ ਹਰ ਸਾਲ ਸੁਚੱਜੇ ਢੰਗ ਨਾਲ ਬਿਨਾ ਭੰਬਲਭੂਸੇ ਤੋਂ ਗੁਰਪੁਰਬ ਮਨਾਵਾਂਗੇ।” ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਕੋਈ 100 ਆਗੂਆਂ ਅਤੇ ਗੁਰਦੁਆਰਾ ਨੁਮਾਂਇੰਦਿਆ ਨੇ ਹਿੱਸਾ ਲਿਆ।
ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਇਹ ਨਿਰਣਾ ਲਿਆ ਹੈ। ਜੋ ਗੁਰਦੁਆਰਾ ਸਾਹਿਬ ਨੇ ਇਹ ਫੈਸਲਾ ਕੀਤਾ ਹੈ ਉਨ੍ਹਾਂ ਦੇ ਨਾਮ ਹਨ: ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਤੇਲੀਬੰਧਾ, ਗੁਰਦੁਆਰਾ ਸੱਚਾ ਸੌਦਾ ਕਟੋਰਾ ਤਲਾਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਮਹਾਂਵੀਰ ਨਗਰ, ਗੁਰੂ ਸਿੰਘ ਸਭਾ ਤਾਤੀਬੰਧ, ਗੁਰੂ ਸਿੰਘ ਸਭਾ ਹੀਰਾਪੁਰ, ਗੁਰੂ ਸਿੰਘ ਸਭਾ ਮੁਰਗੀਫਾਰਮ, ਗੁਰੂ ਸਿੰਘ ਸਭਾ ਅਮਾਨਕਾ, ਗੁਰੂ ਸਿੰਘ ਸਭਾ ਕਬੀਰ ਨਗਰ ਅਤੇ ਗੁਰੂ ਸਿੰਘ ਸਭਾ ਦੁਖਨਿਵਾਰਨ ਪੰਡਰੀ