ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ-ਦੀਦਾਰ ਲਈ ਗੰਗਾ ਸਿੰਘ ਢਿਲੋਂ ਦੀ ਦੇਣ

 -  -  254


ਗੁਰੂ ਨਾਨਕ ਪਿਤਾ ਦੇ ੫੫੦ ਸਾਲਾ ਗੁਰਪੁਰਬ ਸਬੰਧੀ, ਸਮੁੱਚੇ ਸਿੱਖ ਜਗਤ ‘ਚ ਉਤਸ਼ਾਹ ਹੈ। ਕਰਤਾਰਪੁਰ ਲਾਂਘੇ ਦੀਆਂ ਖਬਰਾਂ ਨਾਲ ਹਿੰਦੁਸਤਾਨ-ਪਾਕਿਸਤਾਨ ਵਿੱਚ ਆਸ ਜਾਗੀ ਹੈ। ਇਹ ਲੇਖ ਦਹਾਕਿਆਂ ਪਹਿਲੇ ਸਿੱਖ ਸੋਚ ਦੇ ਅਲੰਬਰਦਾਰ -ਸਰਦਾਰ ਗੰਗਾ ਸਿੰਘ ਢਿਲੋਂ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਜੋ ਉਧਮ ਅਤੇ ਮਹਿਨਤ ਕੀਤੀ ਉਸਦੀ ਇਹ ਗਾਥਾ ਹੈ।ਨਨਕਾਣਾ ਸਾਹਿਬ ਫਾਉਂਡੇਸ਼ਨ ਬਣਾ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖ ਖੁਲੇ ਦਰਸ਼ਨ-ਦੀਦਾਰ ਦਾ ਰਾਹ ਪਧਰਾ ਕੀਤਾ। ਉਨ੍ਹਾਂ ਦੇ ਲਿਖਾਰੀ ਮਿਤ੍ਰ ਭੁਪਿੰਦਰ ਸਿੰਘ ਹੌਲੈਂਡ ਨੇ ਬਾਰੀਕੀ ਨਾਲ ਉਨ੍ਹਾਂ ਦੀ ਦੇਣ ਤੇ ਚਾਨਣਾ ਪਾਇਆ ਹੈ।

ਰਦਾਰ ਗੰਗਾ ਸਿੰਘ ਢਿੱਲੋਂ ੨੪ ਸਤੰਬਰ ੨੦੧੪ ਨੂੰ ੮੬ ਸਾਲ ਦੀ ਉਮਰ ਵਿੱਚ ਵਾਸ਼ਿੰਗਟਨ ਵਿੱਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਕੂਚ ਕਰ ਗਏ। ਉਨ੍ਹਾਂ ਦਾ ਜਨਮ ਚੱਕ ਨੰਬਰ ੧੮, ਪਾਕਿਸਤਾਨ, ਜੋ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਸਿਰਫ ੮ ਕਿਲੋਮੀਟਰ ਦੀ ਦੂਰੀ ‘ਤੇ ਹੈ, ਸਰਦਾਰ ਕਾਹਨ ਸਿੰਘ ਜੀ ਦੇ ਘਰ ਹੋਇਆ।ਸਰਦਾਰ ਸਾਹਿਬ ਦੇ ਪਿਤਾ ਜੀ ਇਲਾਕੇ ਦੇ ਮੰਨੇ-ਪ੍ਰਮੰਨੇ, ਅਸਰ-ਰਸੂਖ ਵਾਲੇ ਜਗੀਰਦਾਰ ਸਨ। ਉਨ੍ਹਾਂ ਨੇ ੩੧ ਅਗਸਤ ੧੯੪੭ ਨੂੰ ਸੈਂਕੜੇ ਸਿੱਖਾਂ ਤੇ ਮੁਸਲਮਾਨਾਂ ‘ਚ ਹੋਣ ਜਾ ਰਹੇ ਖੂਨੀ ਟਕਰਾਅ ਨੂੰ ਰੋਕਿਆ ਅਤੇ ਸਮਝੋਤੇ ਕਰਾ ਕੇ ਸੈਂਕੜੇ ਜਾਨਾਂ ਬਚਾਈਆਂ।

ਜਦੋਂ ਲੋਕ ਆਪੋ ਆਪਣੇ ਘਰਾਂ ਨੂੰ ਜਾ ਰਹੇ ਸਨ (ਸਿਰਲੇਖ ਤਸਵੀਰ: ਦਸੰਬਰ ੧੯੭੮ ਵਿਚ ਜਹੂਰ ਹੋਟਲ, ਗੁਜਰਾਤ ਵਿਚ ਸਦਰੇ ਪਾਕਿਸਤਾਨ ਜ਼ਿਆ-ਉਲ-ਹਕ ਅਤੇ ਸਰਦਾਰ ਗੰਗਾ ਸਿੰਘ ਢਿਲੋਂ ਦੀ ਪਹਿਲੀ ਮੁਲਾਕਾਤ ਹੋਈ।) ਤਾਂ ਇਕ ਜੀਪ ਸਵਾਰ ਫੋਜੀ ਵੱਲੋਂ ਅਚਾਨਕ ਗੋਲੀ ਚਲਾਉਣ ਨਾਲ ਸਰਦਾਰ ਕਾਹਨ ਸਿੰਘ ਜੀ ਸ਼ਹੀਦ ਹੋ ਗਏ। ਸਰਦਾਰ ਕਾਹਨ ਸਿੰਘ ਜੀ ਦਾ ਪੱਕਾ ਵਿਸ਼ਵਾਸ ਸੀ ਕਿ ਦੁਸ਼ਮਣੀ, ਵੈਰ-ਵਿਰੋਧ, ਫਿਰਕਾਪ੍ਰਸਤੀ ਦੇ ਝਗੜੇ ਤੇ ਵਹਿਸ਼ੀਆਨਾ ਵਤੀਰਾ ਜਲਦੀ ਖਤਮ ਹੋ ਜਾਣਗੇ। ਸਿੱਖ ਤੇ ਮੁਸਲਮਾਨ ਫਿਰ ਤੋਂ ਇੱਕ ਚੰਗੇ ਗਵਾਂਢੀ ਦੀ ਤਰਾਂ ਆਪੋ-ਆਪਣਿਆ ਧਰਮਾਂ ਦੇ ਨਿੱਜੀ ਇਨਸਾਨੀ ਅਸੂਲਾਂ ਤੇ ਕਦਰਾਂ-ਕੀਮਤਾਂ ਨੂੰ ਬਹਾਲ ਕਰਨਗੇ।

ਕਰਨਲ ਚੋਧਰੀ ਹਮੀਦ ਅਲੀ, ਸਰਦਾਰ ਗੰਗਾ ਸਿੰਘ ਢਿਲੋਂ ਪ੍ਰਧਾਨ, ਨਨਕਾਨਾ ਸਾਹਿਬ ਫਾਊਂਡੇਸ਼ਨ, ਡਾ. ਹਰਬੰਸ ਲਾਲ, ਕੇਸਰ ਸਿੰਘ ਧਾਲੀਵਾਲ ਅਤੇ ਹੋਰ, ਲੋਹੋਰ ਦੀ ਇਕ ਇਤਿਹਾਸਕ ਤਸਵੀਰ ਵਿਚ

ਸਦਰਾਰ ਗੰਗਾ ਸਿੰਘ ਢਿੱਲੋਂ ਨੇ ਆਪਣੇ ਪਿਤਾ ਦੇ ਇਨ੍ਹਾਂ ਹੀ ਸਿਧਾਤਾਂ ਨੂੰ ਅਪਣਾਇਆ ਅਤੇ ਸਾਰੀ ਉਮਰ ਇਸ ਤੇ ਪਹਿਰਾ ਦਿੰਦੇ ਹੋਏ ਸੰਘਰਸ਼ ਕੀਤਾ। ਸਿਮਰਨਜੀਤ ਸਿੰਘ ਮਾਨ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਲਾਹ ਨਾਲ, ਸਰਦਾਰ ਗੰਗਾ ਸਿੰਘ ਢਿੱਲੋਂ ੧੯੬੧ ਵਿਚ ਅਮਰੀਕਾ ਜਾ ਵਸੇ। ਪੜ੍ਹਾਈ ਅਤੇ ਸਖਤ ਮਿਹਨਤ ਕੀਤੀ। ੧੯੭੫ ਵਿਚ ਅਮਰੀਕੀ ਸਦਰ ਜੋਹਨ ਆਫ. ਕਨੈਡੀ ਦੇ ਨਾਮ ਤੇ ਕੋਮਾਂਤਰੀ ਹਾਕੀ ਟੂਰਨਾਮੈਂਟ, ਵਾਸ਼ਿੰਗਟਨ ‘ਚ ਸ਼ੁਰੂ ਕੀਤਾ ਅਤੇ ਆਪ ਉਸਦੇ ਪ੍ਰਧਾਨ ਬਣੇ। ਹਿੰਦੁਸਤਾਨ, ਪਾਕਿਸਤਾਨ, ਅਫਰੀਕਾ, ਯੂਰਪ ਤੋਂ ਹਾਕੀ ਟੀਮਾਂ ਇਸ ਟੂਰਨਾਮੈਂਟ ‘ਚ ਭਾਗ ਲੈਣ ਆਉਣੀਆਂ ਸ਼ੁਰੂ ਹੋ ਗਈਆਂ।

ਸਾਹਿਬਜ਼ਾਦਾ ਅਯੂਬ ਖਾਨ, ਜੋ ਕਿ ਅਮਰੀਕਾ ‘ਚ ਪਾਕਿਸਤਾਨ ਦੇ ਸਫੀਰ ਸਨ, ਨਾਲ ਉਨ੍ਹਾਂ ਦੀ ਮਿੱਤਰਤਾ ਹੋ ਜਾਣ ਕਾਰਨ ਪਾਕਿਸਤਾਨ ਦਾ ਵੀਜ਼ਾ ਪ੍ਰਾਪਤ ਕਰਨ ਵਿਚ ਉਹ ਸਫਲ ਹੋ ਗਏ। ਇਹ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ’ਚ ਸਫਾਰਤੀ ਸਬੰਧ ਨਹੀਂ ਸਨ। ੨੮ ਸਾਲਾ ਬਾਅਦ, ਪਾਕਿਸਤਾਨ ਜਾ ਕੇ ਸ੍ਰੀ ਨਨਕਾਣਾ ਸਾਹਿਬ -ਜਨਮ ਅਸਥਾਨ, ਸ੍ਰੀ ਪੰਜਾ ਸਾਹਿਬ, ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਨਾਰੋਵਾਲ ਜੀ ਦੇ ਦਰਸ਼ਨ ਕੀਤੇ।

“ਹਮ ਭੀ ਬਾਬਾ ਨਾਨਕ ਕਾ ਅਜ਼ੀਮ ਇਹਤਰਾਮ ਕਰਤੇ ਹੈਂ। ਗੁਰਦੁਆਰੇ ਆਪ ਜੀ ਕੇ ਮੁੱਕਦਸ ਮਕਾਮਾਤ ਹੈ। ਹਮ ਤੋਂ ਖਾਲੀ ਉਨਕੇ ਪਹਿਰੇਦਾਰ ਹੈਂ। ਆਪ ਬਰਾਏ ਮਿਹਰਬਾਨੀ ਏਕ ਕੋਮਾਂਤਰੀ ਸਿੱਖ ਵਫਦ ਲੇ ਕੇ ਆਏਂ ਔਰ ਆਪਕੀ ਖਾਹਿਸ਼ ਮੁਤਾਬਿਕ ਸਭ ਮਾਕੂਲ ਇੰਤਜ਼ਾਮਾਤ ਕੇ ਫੈਸਲੇ ਕਰ ਦਿਏ ਜਾਇੰਗੇ।”

ਚੌਧਰੀ ਜਲਾਲੂਦੀਨ, ਜਨਾਬ ਐਮ. ਐਸ. ਜਫਰ ਸਾਹਿਬ, ਜੋ ਕਿ ਜਨਰਲ ਅਯੂਬ ਖਾਂ ਦੇ ਸਮੇਂ ਕਾਨੂੰਨ ਮੰਤਰੀ ਵੀ ਸਨ, ਦੀ ਮਿਹਰਬਾਨੀ ਸਦਕਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਨਾਬ ਜ਼ੁਲਫਿਕਾਰ ਅਲੀ ਭੁੱਟੋ ਸਾਹਿਬ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਪਾਕਿਸਤਾਨ ‘ਚ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ-ਦੀਦਾਰਿਆਂ ਲਈ ਸਿੱਖ ਕੌਮ ਨੂੰ ਇਜਾਜ਼ਤ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਰਦਾਰ ਢਿੱਲੋਂ ਦਾ ਪਾਕਿਸਤਾਨ ਆਉਣਾ-ਜਾਣਾ ਆਮ ਹੋ ਗਿਆ।

ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿਦੇਸ਼ ਮੰਤ੍ਰੀ ਸ਼ੇਖ ਅਜ਼ੀਜ਼ੁਦੀਨ ਦੇ ਵੰਸ਼ ਚੋ ਇਕ ਪਤਵੰਤੇ ਸਜਣ ਨਾਲ ਲਿਖਾਰੀ ਭੁਪਿੰਦਰ ਸਿੰਘ ਹਾਲੈਂਡ ਦੀ ਯਾਦਗਾਰੀ ਤਸਵੀਰ

੨੧ ਦਸੰਬਰ ੧੯੭੮ ਨੂੰ ਸਰਦਾਰ ਢਿੱਲੋਂ ਦੀ ਮੁਲਾਕਾਤ ਇੱਕ ਅਜਿਹੇ ਧਰਮੀ ਬੰਦੇ ਨਾਲ ਹੋਈ ਜਿਸਨੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਲਈ ਅਣਥੱਕ ਮਦਦ ਕੀਤੀ। ਸ੍ਰੀ ਕਰਤਾਰਪੁਰ ਜੀ ਦੇ ਲਾਂਘੇ ਲਈ ਜੋਰ-ਸ਼ੋਰ ਨਾਲ ਵਕਾਲਤ ਕੀਤੀ। ਇਹ ਸੱਜਣ ਸਨ ਚੋਧਰੀ ਜਹੂਰ ਅਲੀ ਸਾਹਿਬ, ਜੋ ਕਿ ਵਜ਼ੀਰ ਸਨ ਅਤੇ ਗੁਜਰਾਤ ਤੋਂ ਸਨ। ਚੌਧਰੀ ਜਹੂਰ ਅਲੀ ਸਾਹਿਬ ਨੇ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਮੁਲਾਕਾਤ ਸਦਰੇ-ਪਾਕਿਸਤਾਨ ਜਨਰਲ ਜ਼ਿਆ-ਉਲ-ਹੱਕ ਨਾਲ ਹੋਟਲ ਜਹੂਰ ਪੈਲਿਸ, ਗੁਜਰਾਤ ‘ਚ ਕਰਵਾਈ। ਜਨਰਲ ਸਾਹਿਬ ਨੇ ਇਸ ਮੁਲਾਕਾਤ ਤੋਂ ਬਾਅਦ ਪ੍ਰੈਸ ਨੂੰ ਇਹ ਬਿਆਨ ਦਿੱਤਾ “ਹਮ ਭੀ ਬਾਬਾ ਨਾਨਕ ਕਾ ਅਜ਼ੀਮ ਇਹਤਰਾਮ ਕਰਤੇ ਹੈਂ। ਗੁਰਦੁਆਰੇ ਆਪ ਜੀ ਕੇ ਮੁੱਕਦਸ ਮਕਾਮਾਤ ਹੈ। ਹਮ ਤੋਂ ਖਾਲੀ ਉਨਕੇ ਪਹਿਰੇਦਾਰ ਹੈਂ। ਆਪ ਬਰਾਏ ਮਿਹਰਬਾਨੀ ਏਕ ਕੋਮਾਂਤਰੀ ਸਿੱਖ ਵਫਦ ਲੇ ਕੇ ਆਏਂ ਔਰ ਆਪਕੀ ਖਾਹਿਸ਼ ਮੁਤਾਬਿਕ ਸਭ ਮਾਕੂਲ ਇੰਤਜ਼ਾਮਾਤ ਕੇ ਫੈਸਲੇ ਕਰ ਦਿਏ ਜਾਇੰਗੇ।”

ਸਿੱਖਾਂ ਦਾ ਪਹਿਲਾ ਵਫਦ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਅਗਵਾਈ ‘ਚ ਸਰਦਾਰ ਗੁਰਬਚਨ ਸਿੰਘ ਗਿੱਲ ਇੰਗਲੈਂਡ, ਸਰਦਾਰ ਮਿਹਰਵਾਨ ਸਿੰਘ ਸਿੰਘਾਪੁਰ, ਸਰਦਾਰ ਨਰਿੰਦਰ ਸਿੰਘ ਸੇਠੀ ਜਪਾਨ, ਸਰਦਾਰ ਨਰੈਣ ਸਿੰਘ ਜੋ ੧੯੪੭ ਦੀ ਵੰਡ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਮੈਨੇਜਰ ਵੀ ਰਹਿ ਚੁੱਕੇ ਸਨ, ੭ ਅਕਤੂਬਰ ੧੯੭੯ ਨੂੰ ਪਾਕਿਸਤਾਨ ਗਿਆ। ਇਸ ਵਫਦ ਨੇ ਗੁਰੂਘਰਾਂ ਦੇ ਦਰਸ਼ਨ ਕੀਤੇ, ਸੰਬੰਧਤ ਅਫਸਰਾਨ ਜਿਵੇਂ ਪਾਕਿਸਤਾਨ ਦੇ ਸਕੱਤਰ ਸਾਹਿਬ, ਜਾਇੰਟ ਸਕੱਤਰ, ਚੇਅਰਮੈਨ ਵਕਫ ਬੋਰਡ ਨਾਲ ਮੀਟਿੰਗਾਂ ਕੀਤੀਆਂ ਤੇ ਸਦਰ ਸਾਹਿਬ ਨੂੰ ਵੀ ਮਿਲੇ। ਸਰਕਾਰ ਵੱਲੋਂ ਇਹ ਦੁਹਰਾਇਆ ਗਿਆ ਕਿ “ਪਾਕਿਸਤਾਨ ਸਰਕਾਰ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਸਿੱਖੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਸਿੱਖਾਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੀ ਹੈ ਅਤੇ ਗੁਰਦੁਆਰਿਆਂ ਦੇ ਦਰਸ਼ਨਾ ਲਈ ਆਉਣ ਵਾਲੇ ਯਾਤਰੂਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ।”

ਭੁਪਿੰਦਰ ਸਿੰਘ ਹਾਲੈਂਡ ਨੂੰ ਸਨ ੨੦੦੩ ਵਿਚ ਖਾਲਸਾ ਅਵਾਰਡ ਨਾਲ ਨਿਵਾਜਿਆ ਗਿਆ

ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਫਾਉਂਡੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ੧੧ ਅਕਤੂਬਰ ੧੯੭੯ ਨੂੰ ਸਦਰ ਪਾਕਿਸਤਾਨ ਨੇ ਰਾਵਲਪਿੰਡੀ ‘ਚ ਵਫਦ ਨੂੰ ਦਾਅਵਤ ਦਿੱਤੀ ਜਿਸ ਵਿੱਚ ਕੈਬਿਨੈਟ ਮੈਬਰਾਂ ਤੋਂ ਇਲਾਵਾ ਮਜ਼ਹਬੀ ਮਾਮਲਿਆਂ ਦੇ ਸਕੱਤਰ ਅਤੇ ਔਕਾਫ ਬੋਰਡ ਦੇ ਚੇਅਰਮੈਨ ਵੀ ਸ਼ਾਮਲ ਹੋਏ। ਇਸ ਤੋਂ ਬਾਅਦ, ਸਰਦਾਰ ਢਿੱਲੋਂ ਕਈ ਵਾਰ ਪਾਕਿਸਤਾਨ ਗਏ, ਸਬੰਧਤ ਅਫਸਰਾਂ ਨੂੰ ਮਿਲਦੇ ਰਹੇ ਅਤੇ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਉਧਮ ਕਰਦੇ ਰਹੇ।

ਸਰਦਾਰ ਗੰਗਾ ਸਿੰਘ ਢਿੱਲੋਂ ਨੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝ ਕੇ ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨ ਦੀਦਾਰੇ, ਸੇਵਾ-ਸੰਭਾਲ ਆਸਾਨ ਕਰਾਉਣ, ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਬਨਾਉਣ, ਸਿੱਖ-ਮੁਸਲਿਮ ਭਾਈਚਾਰਕ ਸਾਂਝ ਮਜ਼ਬੂਤ ਕਰਨ, ਮਨੁੱਖਤਾ ਨੂੰ ਗੁਰੂ ਜੀ ਦਾ ਸਾਂਝੀਵਾਲਤਾ ਦਾ ਉਪਦੇਸ਼ ਪ੍ਰਚਾਰਣ, ਦੋਵੇਂ ਪੰਜਾਬਾਂ ‘ਚ ਸਾਂਝ ਪਕਿਆਂ ਕਰਨ ਅਤੇ ਭਾਰਤ-ਪਾਕਿਸਤਾਨ ‘ਚ ਪਈ ਹੋਈ ਦੁਸ਼ਮਣੀ ਦੀਆਂ ਤਰੇੜਾ ਨੂੰ ਭਰਨ ਦਾ ਬਾਕਮਾਲ ਕੰਮ ਕੀਤਾ ਸੀ।।

ਸਰਦਾਰ ਢਿੱਲੋਂ ਨਾਲ ਮੇਰੇ ਚੰਗੇ ਪਰਿਵਾਰਕ ਸਬੰਧ ਹੋਣ ਕਰਕੇ ਉਹ ਵਾਸ਼ਿੰਗਟਨ ਤੋਂ ਪਾਕਿਸਤਾਨ ਜਾਣ ਵਕਤ ਆਉਣ-ਜਾਣ ਸਮੇਂ ਮੇਰੇ ਕੋਲ ਹੀ ਠਹਿਰਦੇ ਸਨ। ਇਸ ਤਰ੍ਹਾਂ ਇਸ ਮਸਲੇ ਸਬੰਧੀ ਪੂਰੀ ਜਾਣਕਾਰੀ ਮਿਲਦੀ ਰਹੀ। ੧੯੯੨ ਵਿੱਚ ਮੈਂ ਪਹਿਲੀ ਵਾਰ ਉਨ੍ਹਾਂ ਨਾਲ ਪਾਕਿਸਤਾਨ ਗਿਆ ਅਤੇ ਉਨ੍ਹਾਂ ਵਲੋਂ ਵਿੱਢੇ ਕਾਰਜਾਂ ਨੂੰ ਨੇੜੇ ਹੋ ਕੇ ਵੇਖਿਆ। ਸ੍ਰੀ ਨਨਕਾਣਾ ਸਾਹਿਬ ਤੋਂ ਥੋੜ੍ਹੀ ਦੂਰ ਹੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣ ਰਿਹਾ ਦਫਤਰ ਵੀ ਦੇਖਿਆ ਜਿਸਦਾ ਕੰਮ ਰੁਕਿਆ ਹੋਇਆ ਸੀ।

ਜ਼ਿਲ੍ਹਾ ਸ਼ੇਖੂਪੁਰਾ ਦੇ ਰਹਿ ਚੁੱਕੇ ਕਮਿਸ਼ਨਰ ਖਵਾਜਾ ਸਦੀਕ ਅਕਬਰ ਸਾਹਿਬ ਜੋ ਕਿ ਪ੍ਰਧਾਨ ਮੰਤਰੀ ਜਨਾਬ ਨਵਾਜ ਸਰੀਫ ਜੀ ਦੇ ਜਾਤੀ ਅਫਸਰ ਸਨ, ਉਨ੍ਹਾਂ ਨੇ ਅਤੇ ਚੌਧਰੀ ਸ਼ੁਜਾਤ ਹੁਸੈਨ ਗੁਜਰਾਤ ਵਾਲਿਆਂ ਨੇ ਸਰਦਾਰ ਢਿੱਲੋਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਜੀ ਨਾਲ ਉਨ੍ਹਾਂ ਦੇ ਦੋਲਤਖਾਨੇ, ਮਾਡਲ ਟਾਊਨ ਲਾਹੌਰ ‘ਚ ਕਰਵਾਈ।

੧੨ ਜਨਵਰੀ ੧੯੯੭ ਨੂੰ ਸ੍ਰੀ ਨਨਕਾਣਾ ਸਾਹਿਬ ਫਾਉਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਜਨਾਬ ਨਵਾਜ ਸਰੀਫ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਲਈ ਦਰਖਾਸਤ ਦਿੱਤੀ ਗਈ। ੧ ਅਗਸਤ ੧੯੯੭ ਨੂੰ ਇਹ ਦਰਖਾਸਤ ਰਦ ਹੋ ਗਈ। ਸਤੰਬਰ ੧੯੯੮ ਨੂੰ ਇਸ ਨੇਕ ਕਾਰਜ ਨੂੰ ਸਿਰੇ ਚਾੜ੍ਹਨ ਲਈ ਫਿਰ ਕੋਸ਼ਿਸ਼ਾਂ ਸੁਰੂ ਹੋਈਆਂ। ਪ੍ਰਧਾਨ ਮੰਤਰੀ ਜਨਾਬ ਨਵਾਜ ਸਰੀਫ ਵਲੋਂ ਭੇਜੇ ਸੁਝਾਅ ਮੁਤਾਬਿਕ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਲਈ ਸਤੰਬਰ ੧੯੯੮ ਵਿਚ ਫਿਰ ਦਰਖਾਸਤ ਦਿੱਤੀ ਗਈ। ਵਕਫ ਬੋਰਡ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਜਨਾਬ ਜਾਵੇਦ ਨਾਸਰ ਸਾਹਿਬ ਨੇ ਇਸਦੀ ਪੁਰਜ਼ੋਰ ਹਮਾਇਤ ਕੀਤੀ ਜਿਸਦੇ ਸਿੱਟੇ ਵਜੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ੬ ਜਨਵਰੀ ੧੯੯੯ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਮੇਟੀ ਲਈ ਮਨਜੂਰੀ ਦੇ ਦਿੱਤੀ।

ਸੰਨ ੨੦੦੦ ਨੂੰ ਨਨਕਾਣਾ ਸਾਹਿਬ ਵਿਖੇ ਸ੍ਰ. ਗੰਗਾ ਸਿੰਘ ਢਿੱਲੋਂ ਨਾਲ ਭੁਪਿੰਦਰ ਸਿੰਘ ਹਾਲੈਂਡ, ਜਸਵਿੰਦਰ ਸਿੰਘ ਖਾਲਸਾ ਲੁਧਿਆਣਾ, ਅਨੂਪ ਸਿੰਘ ਸੰਧੂ ਲੁਧਿਆਣਾ ਅਤੇ ਭਾਈ ਮਰਦਾਨਾ ਸੇਵਾ ਸੁਸਾਇਟੀ ਦੇ ਆਗੂਆਂ ਨਾਲ ਇੱਕ ਯਾਦਗਾਰੀ ਤਸਵੀਰ

੮-੯ ਫਰਵਰੀ ੧੯੯੯ ਨੂੰ ਦਿੱਲੀ ਤੋਂ ਇਕ ਖਾਸ ਖਬਰ ਆਈ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ੨੦ ਫਰਵਰੀ ਨੂੰ ਇਕ ਸਪੈਸ਼ਲ ਬੱਸ ਲੈ ਕੇ ਲਾਹੌਰ ਜਾ ਰਹੇ ਹਨ। ਉਸ ਬੱਸ ‘ਚ ਚੜ੍ਹਦੇ ਪੰਜਾਬ ਦੇ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਫਸਰਾਂ ਸਮੇਤ ਲਾਹੋਰ ਪਹੁੰਚੇ ਅਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਖਬਰਾਂ ਮੁਤਾਬਿਕ ਇਸ ਮੀਟਿੰਗ ‘ਚ ਜਨਾਬ ਸਹਿਬਾਜ ਸਰੀਫ ਸਾਹਿਬ -ਮੁੱਖ ਮੰਤਰੀ ਲਹਿੰਦਾ ਪੰਜਾਬ ਤੋਂ ਇਲਾਵਾ ਵਕਫ ਬੋਰਡ ਦੇ ਚੇਅਰਮੈਨ ਜਨਰਲ ਜਾਵੇਦ ਨਾਸਿਰ ਸਾਹਿਬ ਹਾਜਰ ਸਨ। ਪ੍ਰਕਾਸ ਸਿੰਘ ਬਾਦਲ ਨੇ ਬੜੇ ਤਪਾਕ ਨਾਲ ਮੰਗ ਰੱਖੀ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਦਿੱਤਾ ਜਾਵੇ। ਜਨਰਲ ਜਾਵੇਦ ਨਾਸਿਰ ਸਾਹਿਬ ਨੇ ਠੋਕ ਵਜਾ ਕੇ ਇਹ ਜਵਾਬ ਦਿੱਤਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਬਣ ਚੁੱਕੀ ਹੈ। ਪਰ ਬਾਦਲ ਸਾਹਿਬ ਨਾਲ ਮੀਟਿੰਗ ਤੋਂ ਬਾਅਦ ਕੁਝ ਨਾ ਕੁਝ ਤਾਂ ਫਰਕ ਜਰੂਰ ਪਿਆ। ਸਰਦਾਰ ਗੰਗਾ ਸਿੰਘ ਢਿੱਲੋਂ ਦੇ ਕਹਿਣ ਮੁਤਾਬਕ ਇਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਨ੍ਹਾਂ ਨੂੰ ਮਿਲਣ ਤੋਂ ਕੰਨੀ ਕਤਰਾਉਂਣ ਲਗ ਪਏ।

ਚੋਧਰੀ ਹਮੀਦ ਅਲੀ ਨਨਕਾਣਾ ਸਾਹਿਬ ਫਾਉਂਡੇਸ਼ਨ ਦੇ ਆਗੂ ਕੇਸਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਲੀਸਾ, ਭੁਪਿੰਦਰ ਸਿੰਘ ਹਾਲੈਂਡ, ਲਾਹੋਰ ਵਿਚ ਗੁਫਤਗੂ ਕਰਦੇ ਹੋਏ

ਖੈਰ ੧੩ ਅਪ੍ਰੈਲ ੧੯੯੯ ਨੂੰ ਪਾਕਿਸਤਾਨ ਦੇ ਸਾਬਕਾ ਸਦਰ ਜਨਾਬ ਰਫੀਕ ਤਰੜ ਸਾਹਿਬ ਨੇ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਆ ਕੇ ਹਜਾਰਾਂ ਸਿੱਖਾਂ ਅਤੇ ਮੁਸਲਮਾਨਾਂ ਦੀ ਹਾਜਰੀ ‘ਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਐਲਾਨ ਕਰ ਦਿੱਤਾ। ੩੦੦ ਪਾਕਿਸਤਾਨੀ ਸਿੱਖਾਂ ਦੇ ਜੱਥੇ ਨੂੰ ਆਪਸੀ ਪਿਆਰ ਵਧਾਉਣ ਦੇ ਮਨਸੂਬੇ ਤਹਿਤ ਖਾਲਸੇ ਦੀ ਤੀਸਰੀ ਸ਼ਤਾਬਦੀ ਮੌਕੇ ਚੜ੍ਹਦੇ ਪੰਜਾਬ ਜਾ ਕੇ ਪੁਰਬ ਮਨਾਉਣ ਦਾ ਐਲਾਨ ਕਰ ਦਿੱਤਾ।

੧੯੮੧ ਵਿਚ ਸਰਦਾਰ ਗੰਗਾ ਸਿੰਘ ਢਿੱਲੋਂ ਦੇ ਹਿੰਦੁਸਤਾਨ ਦਾਖਲੇ ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਣ ਕਰਕੇ ਉਹ ਫਿਰ ਕਦੀਂ ਇੰਡੀਆ ਨਹੀਂ ਗਏ। ਇਹ ਵੀ ਉਨ੍ਹਾਂ ਨਾਲ ਬਹੁਤ ਵੱਡੀ ਬੇਇਨਸਾਫੀ ਸੀ। ਸਿੱਖਾਂ ਦੇ ਗੁਲਾਮ ਹੋਣ ਦੀ ਇਹ ਨਿਸ਼ਾਣੀ ਸੀ। ਜੋ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕਰਦਾ ਹੈ, ਪਾਕਿਸਤਾਨ ‘ਚ ਰਹਿ ਗਏ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਗੱਲ ਕਰਦਾ ਹੈ, ਸਿੱਖ ਹੱਕਾਂ ਲਈ ਅਵਾਜ਼ ਉਠਾਉਂਦਾ ਹੈ, ਉਸ ਨੂੰ ਉਸੇ ਵੇਲੇ ਗੱਦਾਰ ਅਤੇ ਹੋਰ ਕਈ ਤਰਾਂ ਦੇ ਨਾਵਾਂ ਨਾਲ ਨਿਵਾਜਿਆ ਜਾਂਦਾ ਹੈ।

ਅਮਰੀਕੀ ਆਗੂ ਅਤੇ ਪਿਛਲੀਆਂ ਚੋਣਾਂ ਵਿਚ ਅਮਰੀਕਾ ਦੇ ਰਾਸਟ੍ਰਪਤੀ ਚੋਣਾਂ ਦੀ ਉਮੀਦਵਾਰ ਹਿਲਰੀ ਕਲਿੰਟਨ ਨਾਲ ਸਰਦਾਰ ਗੰਗਾ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ

ਸਰਦਾਰ ਗੰਗਾ ਸਿੰਘ ਢਿੱਲੋਂ ਦੀ ਅਗਵਾਈ ‘ਚ ਇਕ ੧੩-ਮੈਂਬਰੀ ਕੋਮਾਂਤਰੀ ਵਫਦ ਅਮਰੀਕਾ, ਕੈਨੇਡਾ, ਇੰਗਲੈਂਡ, ਨੀਦਰਲੈਂਡ, ਜਰਮਨੀ, ਮਲੇਸ਼ੀਆ ਦੇ ਸਿੱਖਾਂ ਵੱਲੋਂ ਪਾਕਿਸਤਾਨ ਗਿਆ ਅਤੇ ੧੭ ਅਗਸਤ ੨੦੦੦ ਨੂੰ ਪਾਕਿਸਤਾਨ ਦੇ ਸਦਰ ਜਨਰਲ ਪਰਵੇਜ਼ ਮੁਸ਼ੱਰਫ਼ ਨਾਲ ਮੁਲਾਕਾਤ ਕੀਤੀ। ਗੁਰੂਘਰਾਂ ਦੇ ਦਰਸ਼ਨ ਦੀਦਾਰੇ, ਸੇਵਾ ਸੰਭਾਲ ਅਤੇ ਮਰਿਆਦਾ, ਗੁਰਦੁਆਰਿਆਂ ਦੀਆਂ ਜਾਇਦਾਦਾਂ ਦਾ ਮਾਮਲਾ ਵਧਾਉਣ, ਵੀਜ਼ਾ ਤੋਂ ਛੋਟ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਆਦਿ ਦੇ ਮਸਲੇ ਵਿਚਾਰੇ ਗਏ। ਇਸ ਵਫਦ ‘ਚ ਇਹ ਲੇਖਕ ਵੀ ਸੀ।

ਜਨਰਲ ਪ੍ਰਵੇਜ਼ ਮੁਸ਼ਰਫ ਨੇ ਦੱਸਿਆ ਕਿ ਸਾਡੇ ਵੱਲੋਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਲਾਂਘੇ ਲਈ ਹਾਂ ਹੈ। ਗੇਂਦ ਦੂਸਰੇ ਪਾਸੇ ਹੈ। ਸਾਡੀ ਫਾਈਲ ਵਿਚਾਰਨ ਤੋਂ ਬਾਅਦ, ਟੇਬਲ ਤੇ ਰੱਖ ਕੇ ਉਨ੍ਹਾਂ ਨੇ ਕਿਹਾ ਅਤੇ ਵਿਸ਼ਵਾਸ਼ ਦੁਆਇਆ ਕਿ ਜੋ ਮੰਗਾਂ ਇਸ ਵਿਚ ਦਰਜ ਹਨ, ਇਸ ਤੋ ਦਸ ਗੁਣਾ ਅਸੀਂ ਕਰਾਂਗੇ। ਸਰਦਾਰ ਢਿੱਲੋਂ, ਜਨਰਲ ਮੁਸ਼ਰਫ ਨੂੰ ੨੦੦੧ ਤੇ ਫਿਰ ੨੦੦੩ ਵਿੱਚ ਵੀ ਮਿਲੇ।

ਹੁਣ ਤੱਕ ਹਜਾਰਾਂ-ਲੱਖਾਂ ਦੀ ਗਿਣਤੀ ‘ਚ ਸਿੱਖ ਸ਼ਰਧਾਲੂ, ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨ ਕਰ ਚੁੱਕੇ ਹਨ। ਗੁਰੂਘਰਾਂ ‘ਚ ਆਈ ਨਵੀਂ ਦਿੱਖ, ਸੁੰਦਰ ਇਮਾਰਤਾਂ, ਪਹਿਲੀ ਪਾਤਸ਼ਾਹੀ ਦੇ ਗੁਰਪੁਰਬ ਮੋਕੇ ਦੇਸ਼ਾਂ-ਵਿਦੇਸ਼ਾਂ ਤੋਂ ਜਨਮ ਅਸਥਾਨ ਨਨਕਾਣਾ ਸਾਹਿਬ ਆ ਕੇ ਗੁਰਪੁਰਬ ਮਨਾਉਣਾ ਅਤੇ ਉਸਦੀ ਦਿੱਖ, ਪੰਜਾਬ ਦੇ ਕਿਸੇ ਵੀ ਗੁਰਪੁਰਬ ਨੂੰ ਮਨਾਉਂਦੀਆ ਹੋਈਆਂ ਸੰਗਤਾਂ ਦੇ ਠਾਠਾ ਮਾਰਦੇ ਸਮੁੰਦਰ ਵਾਂਗ ਝਲਕਦੀ ਨਜ਼ਰ ਪੈਂਦੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਅੱਜ ਤੋਂ ੨੦-੩੦ ਸਾਲਾ ਪਹਿਲਾਂ ਦੇ ਹਾਲਾਤਾ ਅਤੇ ਹੁਣ ਦੇ ਨਜ਼ਾਰੇ ਵਿਚ ਇਹ ਇੱਕ ਬਹੁਤ ਵੱਡਾ ਬਦਲਾਅ ਹੈ। ਇਸ ਬਾਬਤ ਕੌਮ ਨੂੰ ਕਦੀ ਵੀ ਸਰਦਾਰ ਗੰਗਾ ਸਿੰਘ ਦੀ ਦੇਣ ਨੂੰ ਭੁਲਾਉਣਾ ਨਹੀ ਚਾਹੀਦਾ।

ਵਕਫ ਬੋਰਡ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਰਕਾਰ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ, ਕਰੋੜਾਂ-ਅਰਬਾਂ ਰੁਪਏ ਪਾਕਿਸਤਾਨ ਦੇ ਗੁਰੂਘਰਾਂ, ਸਰਾਵਾਂ ਅਤੇ ਹੋਰ ਧਾਰਮਿਕ ਕਾਰਜਾਂ ਲਈ ਲਗਾ ਚੁੱਕੇ ਹਨ ਅਤੇ ਲਗਾ ਰਹੇ ਹਨ। ਗੁਰੂ ਘਰਾਂ ਦੀਆਂ ਨਵੀਆਂ ਇਮਾਰਤਾਂ, ਲੰਗਰ ਹਾਲ ਆਦਿ, ਪੰਜਾਬ ਅਤੇ ਦੁਨੀਆਂ ਭਰ ਤੋਂ ਆਉਂਦੇ ਸਿੱਖ ਦੇਖ ਚੁੱਕੇ ਹਨ। ਸ੍ਰੀ ਨਨਕਾਣਾ ਸਾਹਿਬ ‘ਚ ਬਣੇ ਸਰਾਵਾਂ ਦੇ ਸ਼ਾਂਨਦਾਰ ਕਮਰਿਆਂ ਦੀ ਸਾਰੇ ਹੀ ਬਹੁਤ ਤਾਰੀਫ ਕਰਦੇ ਹਨ।

ਇਕ ਟੈਲੀਵੀਜ਼ਨ ਪ੍ਰੋਗਰਾਮ ਵਿਚ ਸਰਦਾਰ ਗੰਗਾ ਸਿੰਘ ਢਿੱਲੋਂ ਕੋਈ ਅਹਿਮ ਨੁਕਤਾ ਸਮਝਾਉਂਦੇ ਹੋਏ।

ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ, ਗੁਰਦੁਆਰਾ ਸ਼ਹੀਦ ਸਿੰਘ-ਸਿੰਘਣੀਆ ਲਾਹੌਰ, ਗੁਰਦੁਆਰਾ ਡੇਹਰਾ ਸਾਹਿਬ ਅਤੇ ਅਨੇਕਾਂ ਹੋਰ ਗੁਰੂਘਰ, ਖਾਲਸਾ ਪੰਥ ਦੇ ਸਨਮੁੱਖ ਹਨ। ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵੱਲੋਂ ਗੁਰੂ ਘਰ ਗੁਰੂ ਰਾਮਦਾਸ ਸਾਹਿਬ ਚੂਨਾ ਮੰਡੀ ਜਨਮ ਅਸਥਾਨ ਦੀ ਸੇਵਾ ਉਪਰੰਤ ਸਿੱਖ ਸੰਗਤਾਂ ਦੇ ਸਾਹਮਣੇ ਹੈ।ਹੋਰ ਵੀ ਬਹੁਤ ਕੁਝ ਹੋਣਾ ਬਾਕੀ ਹੈ। ਸਾਰੇ ਸੰਸਾਰ ਦੇ ਸਿੱਖਾਂ ਨੂੰ ਰਲ ਕੇ ਇੱਕ ਵੱਡਾ ਹੰਬਲਾਂ ਮਾਰਨ ਦੀ ਲੋੜ੍ਹ ਹੈ। ਭਾਰਤ ਦੇ ਸਿੱਖਾਂ ਨੂੰ ਇਸ ਪਾਸੇ ਖਾਸ ਤਵੱਜੋ ਦੇਣ ਦੀ ਲੋੜ ਹੈ।

ਸਦਰੇ ਪਾਕਿਸਤਾਨ ਜਨਰਲ ਪਰਵੇਜ਼ ਮੁਸ਼ਰਫ ਨਾਲ ਸਰਦਾਰ ਗੰਗਾ ਸਿੰਘ ਢਿਲੋਂ, ਭੁਪਿੰਦਰ ਸਿੰਘ ਹੋਲੈਂਡ ਸਮੇਤ ਸਿੱਖ ਆਗੂਆਂ ਦੇ ਵਫਦ ਦੀ ਇਕ ਮੁਲਾਕਾਤ

ਸਰਦਾਰ ਗੰਗਾ ਸਿੰਘ ਢਿੱਲੋਂ ਨੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝ ਕੇ ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨ ਦੀਦਾਰੇ, ਸੇਵਾ-ਸੰਭਾਲ ਆਸਾਨ ਕਰਾਉਣ, ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਬਨਾਉਣ, ਸਿੱਖ-ਮੁਸਲਿਮ ਭਾਈਚਾਰਕ ਸਾਂਝ ਮਜ਼ਬੂਤ ਕਰਨ, ਮਨੁੱਖਤਾ ਨੂੰ ਗੁਰੂ ਜੀ ਦਾ ਸਾਂਝੀਵਾਲਤਾ ਦਾ ਉਪਦੇਸ਼ ਪ੍ਰਚਾਰਣ, ਦੋਵੇਂ ਪੰਜਾਬਾਂ ‘ਚ ਸਾਂਝ ਪਕਿਆਂ ਕਰਨ ਅਤੇ ਭਾਰਤ-ਪਾਕਿਸਤਾਨ ‘ਚ ਪਈ ਹੋਈ ਦੁਸ਼ਮਣੀ ਦੀਆਂ ਤਰੇੜਾ ਨੂੰ ਭਰਨ ਦਾ ਬਾਕਮਾਲ ਕੰਮ ਕੀਤਾ ਸੀ।।

ਸਰਦਾਰ ਢਿਲੋਂ ਨੇ ਅਮਰੀਕਾ ਵਿੱਚ ਰਹਿ ਕੇ ਵੀ ਪੰਥਕ ਕਾਰਜਾਂ ਵਿੱਚ ਸਿੱਖ ਕੌਮ ਦੀ ਵੱਖਰੀ ਅਤੇ ਨਿਵੇਕਲੀ ਹੋਂਦ ਨੂੰ ਹਮੇਸ਼ਾਂ ਹੀ ਧਿਆਨ ਵਿੱਚ ਰੱਖ ਕੇ ਫੈਸਲੇ ਕੀਤੇ। ਸਿੱਖੀ ਕੌਮੀ ਹਸਤੀ ਦੀ ਪਹਿਚਾਣ ਵਿੱਚ ਉਹ ਗ੍ਰਸੇ ਹੋਏ ਸਨ। ੧੯੮੧ ਵਿੱਚ ਚੰਡੀਗੜ੍ਹ ‘ਚ ਹੋਈ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ “ਨਾ ਹਮ ਹਿੰਦੂ ਨਾ ਮੁਸਲਮਾਨ” ਦੇ ਪਵਿੱਤਰ ਵਾਕ ‘ਤੇ ਪਹਿਰਾ ਦਿੰਦਿਆਂ ‘ਸਿੱਖ ਇੱਕ ਵੱਖਰੀ ਕੌਮ ਹੈ’ ਦਾ ਮਤਾ, ਗੰਗਾ ਸਿੰਘ ਢਿੱਲੋਂ ਦੀ ਪ੍ਰਧਾਨਗੀ ‘ਚ ਹੀ ਪਾਸ ਹੋਇਆ ਸੀ। ਖਲਬਲੀ ਤੇ ਮੱਚੀ ਸੀ ਪਰ ਉਹ ਬਾਖੂਬੀ ਮਕਸਦ ਵਿੱਚ ਕਾਮਯਾਬ ਹੋਏ ਸਨ।

ਅਮਰੀਕਾ ਦੀ ਕਾਂਗਰਸ ‘ਚ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਸਿੱਖਾਂ ਦੀ ਆਨ-ਸ਼ਾਨ ਲਈ ਇੱਕ ਹੋਰ ਮਹਾਨ ਕੰਮ ਕੀਤਾ ਸੀ। ਸਿੱਖ ਹੱਕ-ਹਕੂਕ ਲਈ ਲਾਬਿੰਗ ਕਰਨੀ, ਲਾਬਿੰਗ ਕਰਨ ਦੀ ਪਿਰਤ ਪਾਉਣੀ ਅਤੇ ਸਿੱਖ ਅਮਰੀਕਨਾਂ, ਕੈਨੇਡਾ ਅਤੇ ਬਰਤਾਨੀਆਂ ਦੇ ਨੌਜਵਾਨ ਧਾਰਮਿਕ-ਸਿਆਸੀ ਆਗੂਆਂ ਨੂੰ ਲਾਬਿੰਗ ਵੱਲ ਤੋਰਨ ਦਾ ਅਜਿਹਾ ਉਧਮ ਕੀਤਾ ਜਿਸਦੇ ਸਿੱਟੇ ਅਜ ਦਿੱਖ ਰਹੇ ਹਨ।

੧੯੮੫ ਵਿੱਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਵਾਸ਼ਿੰਗਟਨ ਦੀ ਪ੍ਰਧਾਨਗੀ ਸਮੇਂ, ਵੰਗਾਰ ਭਰੇ ਹਾਲਾਤਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਅਕਾਲ ਪੁਰਖ ਅਜਿਹੇ ਹੋਰ ਸਿੱਖ, ਕੌਮ ਲਈ ਇਸ ਸੰਸਾਰ ਵਿੱਚ ਭੇਜਣ।

ਸਦਰੇ ਪਾਕਿਸਤਾਨ ਜਨਰਲ ਪਰਵੇਜ਼ ਮੁਸ਼ਰਫ ਵਲੋਂ ਭੁਪਿੰਦਰ ਸਿੰਘ ਹੌਲੈਂਡ ਨੂੰ ਦਿੱਤਾ ਯਾਦਗਾਰੀ ਚਿਨ੍ਹ

ਸਾਰੀ ਉਮਰ ਉਨ੍ਹਾਂ ਦਾ ਸਾਥ ਦੇਣ ਵਾਲੇ ਸਹਿਯੋਗੀਆਂ ਦੀ ਪਹਿਚਾਣ ਜਰੂਰੀ ਹੈ। ਯੂਰਪ ਤੋਂ ਭੁਪਿੰਦਰ ਸਿੰਘ ਹੌਲੈਂਡ, ਬਸੰਤ ਸਿੰਘ ਰਾਮੂਵਾਲੀਆ, ਬਹਾਦਰ ਸਿੰਘ ਹੀਰਾ, ਕੇਸਰ ਸਿੰਘ ਧਾਲੀਵਾਲ, ਕਰਨੈਲ ਸਿੰਘ ਜੱਸਲ, ਗੁਰਦੀਪ ਸਿੰਘ ਕੁੰਦਨ ਅਤੇ ਹਰਜਿੰਦਰ ਸਿੰਘ ਸੰਧੂ। ਇੰਗਲੈਂਡ ਤੋਂ ਹਰਚਰਨ ਸਿੰਘ, ਮੇਅਰ ਇੰਦਰ ਸਿੰਘ ਜੰਮੂ, ਜੱਜ ਮੋਤਾ ਸਿੰਘ, ਕਸ਼ਮੀਰ ਸਿੰਘ ਗਿੱਲ, ਡਾਕਟਰ ਕਿਰਪਾਲ ਸਿੰਘ ਸੀਰ੍ਹਾ, ਤਰਸੇਮ ਸਿੰਘ ਪੁਰੇਵਾਲ, ਦਲਜੀਤ ਸਿੰਘ ਸ਼ੇਰਗਿੱਲ (ਪਿਤਾ ਬੀਬੀ ਪ੍ਰੀਤ ਕੌਰ ਗਿਲ M.P.), ਮਿਸਟਰ ਟੇਰੀ ਡਿਕਸ M.P., ਅਮਰੀਕਾ ਤੋਂ ਸਰਦਾਰ ਅਜੀਤ ਸਿੰਘ ਬੇਨੀਵਾਲ, ਡਾਕਟਰ ਹਰਬੰਸ ਲਾਲ, ਅਮਰਜੀਤ ਸਿੰਘ ਢਿੱਲੋਂ, ਬਲਵੰਤ ਸਿੰਘ ਗੁਰਾਇਆ, ਸਤਿਨਾਮ ਸਿੰਘ ਬੂੰਗਰਾ, ਉਜਾਗਰ ਸਿੰਘ ਬਾਵਾ, ਕਰਤਾਰ ਸਿੰਘ ਬੱਲ, ਨਿਰਮਲ ਸਿੰਘ ਸਿਆਟਲ (ਭਰਾਤਾ ਭੁਪਿੰਦਰ ਸਿੰਘ ਹੌਲੈਂਡ), ਹਰਚਰਨ ਸਿੰਘ ਢਿੱਲੋਂ – ਗੁਰਬਖਸ਼ ਸਿੰਘ (ਦੋਵੇਂ ਭਰਾ ਗੰਗਾ ਸਿੰਘ ਢਿੱਲੋਂ), ਗੁਰਪਾਲ ਕੌਰ (ਪਤਨੀ), ਕਾਹਨ ਸਿੰਘ ਢਿੱਲੋਂ (ਸਪੁੱਤਰ) ਅਤੇ ਬੇਟੀ ਨਿਹਾਲ ਕੌਰ। ਭਰਾਵਾਂ ਅਤੇ ਪਰਿਵਾਰ ਦੀ ਬਹੁਤ ਵੱਡੀ ਸੇਵਾ ਹੈ। ਮਲੇਸ਼ੀਆ ਤੋਂ ਜੋਗਿੰਦਰ ਸਿੰਘ ਵਕੀਲ, ਹਾਂਗਕਾਗ ਤੋਂ ਚਰਨ ਸਿੰਘ, ਕੀਨੀਆ ਤੋਂ ਚੌਧਰੀ ਅਨੂਪ ਸਿੰਘ ਜੱਜ, ਜਪਾਨ ਤੋਂ ਸਰਦਾਰ ਨਰਿੰਦਰ ਸਿੰਘ ਸੇਠੀ, ਮੁੰਬਈ ਤੋਂ ਹਰਭਜਨ ਸਿੰਘ ਕੋਹਲੀ। ਇਸ ਤੋਂ ਇਲਾਵਾ ਸਰਦਾਰ ਸਾਹਿਬ ਦੇ ਅਨੇਕਾਂ ਹੀ ਸ਼ੁਭਚਿੰਤਕ, ਮਿੱਤਰ-ਦੋਸਤ ਜੋ ਕਿ ਸਾਰੀ ਦੁਨੀਆ ਵਿੱਚ ਵੱਸਦੇ ਹਨ, ਡੱਟ ਕੇ ਮਦਦ ਕਰਦੇ ਰਹੇ ਜਿਨ੍ਹਾਂ ਦੇ ਨਾਮ ਦਾਸ ਰਿਕਾਰਡ ਨਹੀਂ ਕਰ ਸਕਿਆ। ਸਮਾਂ ਆਉਣ ‘ਤੇ ਜਰੂਰ ਕਰਾਂਗਾਂ।

 If you like our stories, do follow WSN on Facebook.

ਸਿੱਖ ਕੌਮ ਦੇ ਇਸ ਅਣਖੀਲੇ ਹੀਰੇ ਨੂੰ ਲੱਖ-ਲੱਖ ਪ੍ਰਣਾਮ।

254 recommended
2812 views
bookmark icon