ਜਾਂਦਾ ਆਪ ਹਾਂ ਉਨਾਂ ਦੇ ਦੁਆਰ
ਗੁਰੂ ਨਾਨਕ ਸਾਹਿਬ ਜੀ ਦਾ ਪੂਰਬ ਮਨਾਇਆ ਤਾਂ ਹੀ ਸਫਲ ਹੈ ਜੇ ਅਸੀਂ ਅਨਮਤੀ ਦਰਾਂ ਨੂੰ ਛੱਡ ਸਿਰਫ ਸ਼ਬਦ ਦਾ ਲੜ ਫੜੀਏ ਤੇ ਗੁਰੂ ਸਾਹਿਬ ਜੀ ਦੇ ਹੁਕਮਾਂ ਤੇ ਜੀਵਨ ਬਤੀਤ ਕਰੀਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸ਼ੀਅਤ ਇੰਨੀ ਮਹਾਨ ਹੈ ਕਿ ਇੱਕ ਜੀਵਨ ਤੇ ਕੁਝ ਲਫਜ਼ ਉਸਨੂੰ ਬਿਆਨ ਕਰਨ ਵਿੱਚ ਅਸਮਰਥ ਹਨ। ਉਨ੍ਹਾਂ ਦੇ ਜੀਵਨ ਤੇ ਸਿੱਖਿਆ ਦੇ ਇੱਕ-ਇੱਕ ਪੱਖ ਨੂੰ ਲੈ ਕੇ ਕੀਤੀ ਵਿਚਾਰ ਹੀ ਉਨਾਂ ਨੂੰ ਪੂਰੀ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਭਾਈ ਸਾਹਿਬ ਵੀਰ ਸਿੰਘ ਜੀ ਦੀ ਕਵਿਤਾ “ਜਾਂਦਾ ਆਪ ਹਾਂ ਉਨਾਂ ਦੇ ਦੁਆਰ” ਗੁਰੂ ਸਾਹਿਬਾਨ ਦੇ ਵਿਸਮਾਦੀ ਤੇ ਰੂਹਾਨੀ ਪ੍ਰੇਮ ਨੂੰ ਸਮਝਣ ਲਈ ਹੀ ਰਚੀ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸ਼ੀਅਤ ਇੰਨੀ ਮਹਾਨ ਹੈ ਕਿ ਇੱਕ ਜੀਵਨ ਤੇ ਕੁਝ ਲਫਜ਼ ਉਸਨੂੰ ਬਿਆਨ ਕਰਨ ਵਿੱਚ ਅਸਮਰਥ ਹਨ। ਉਨ੍ਹਾਂ ਦੇ ਜੀਵਨ ਤੇ ਸਿੱਖਿਆ ਦੇ ਇੱਕ-ਇੱਕ ਪੱਖ ਨੂੰ ਲੈ ਕੇ ਕੀਤੀ ਵਿਚਾਰ ਹੀ ਉਨਾਂ ਨੂੰ ਪੂਰੀ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਹੀ ਧਰਤਿ ਲੁਕਾਈ ਨੂੰ ਸੋਧਣ ਲਈ ਤਤਪਰ ਰਿਹਾ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਅੱਧੇ ਤੋਂ ਵੱਧ ਜ਼ਿੰਦਗੀ ਉਦਾਸੀਆਂ ਵਿੱਚ ਅਰਪਣ ਕੀਤੀ।
ਕਿਸੇ ਵੀ ਧਰਮ ਪ੍ਰਚਾਰਕ ਦੇ ਪ੍ਰਚਾਰਕ ਦੌਰਿਆਂ ਵੱਲ ਝਾਤ ਮਾਰੀਏ ਤਾਂ ਸਾਫ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵੱਧ ਲੰਮੀਆਂ ਪ੍ਰਚਾਰਕ ਯਾਤਰਾਵਾਂ ਕੀਤੀਆਂ। ਇਨ੍ਹਾਂ ਉਦਾਸੀਆਂ ਸਮੇਂ ਦੀਆਂ ਕਈ ਅਸਚਰਜ ਭਰੀਆਂ ਸਾਖੀਆਂ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਇਸ ਪਿੱਛੇ ਅਸਲ ਰਮਜ਼ ਕੀ ਸੀ? ਕਿਉਂਕਿ ਇਹ ਸਾਖੀਆਂ ਆਮ ਦਿਸਦੀਆਂ ਹੋਈਆਂ ਵੀ ਆਪਣੇ ਆਪ ਵਿੱਚ ਰੱਬੀ ਖੇਡ ਦਾ ਹੀ ਇੱਕ ਨਜ਼ਾਰਾ ਹਨ। ਵਿਸਮਾਦ ਤੋਂ ਇਲਾਵਾ ਇਨ੍ਹਾਂ ਵਿੱਚੋਂ ਕੁਝ ਲੱਭਿਆ ਹੀ ਨਹੀਂ ਜਾ ਸਕਦਾ ਤੇ ਇਹੀ ਵਿਸਮਾਦ ਤਾਂ ਗੁਰੂ ਸਾਹਿਬ ਜੀ ਆਪ ਸੰਸਾਰ ਨੂੰ ਵਿਖਾ ਰਹੇ ਸਨ।
“ਲੈ ਕੇ ਝੋਲੀ ਦੇ ਮੈਂ ਵਿਚਕਾਰ, ਕੀਤੇ ਰਾਜੇ ਨੇ ਬੁੱਲ ਓਘਾੜ।
ਜੋ ਕਰਦੇ ਨੇ ਮੈਨੂੰ ਪਿਆਰ, ਓਹ ਜਾਂਦੇ ਨੇ ਮੇਰੇ ਦੁਆਰ,
ਉਨਾਂ ਕਿੰਜ ਮਿਲ ਜਾਇ ਦਿਦਾਰ।
ਕਰਦਾ ਜਿਨਾਂ ਨੂੰ ਮੈਂ ਹਾਂ ਪਿਆਰ, ਜਾਂਦਾ ਆਪ ਹਾਂ ਉਨਾਂ ਦੇ ਦੁਆਰ,
ਦੁਆਰ ਉਨਾਂ ਦਾ ਮੇਰਾ ਦੁਆਰ।”
ਇਨ੍ਹਾਂ ਸਾਖੀਆਂ ਦੇ ਜ਼ਿਕਰ ਤੋਂ ਪਹਿਲਾਂ ਭਾਈ ਸਾਹਿਬ ਵੀਰ ਸਿੰਘ ਜੀ ਦੀ ਇੱਕ ਕਵਿਤਾ “ਜਾਂਦਾ ਆਪ ਹਾਂ ਉਨਾਂ ਦੇ ਦੁਆਰ” ਨੂੰ ਵਿਚਾਰ ਲੈਣਾ ਜਰੂਰੀ ਹੈ ਕਿਉਂਕਿ ਅਸਲ ਵਿੱਚ ਭਾਈ ਸਾਹਿਬ ਜੀ ਨੇ ਇਹ ਕਵਿਤਾ ਗੁਰੂ ਸਾਹਿਬਾਨ ਦੇ ਵਿਸਮਾਦੀ ਤੇ ਰੂਹਾਨੀ ਪ੍ਰੇਮ ਨੂੰ ਸਮਝਣ ਲਈ ਹੀ ਰਚੀ ਹੈ। ਕਵਿਤਾ ਦਾ ਮਜਮੂਨ ਕੁਝ ਇੰਜ ਹੈ:
ਇਕ ਬਹੁਤ ਹੀ ਗਰੀਬ ਭੇਡਾਂ ਚਾਰਣ ਵਾਲੀ ਕਿਸੇ ਰਾਜਾ ਨੂੰ ਪਸੰਦ ਆ ਜਾਂਦੀ ਹੈ। ਰਾਜਾ ਉਸ ਨੂੰ ਰਾਤੀਂ ਆਪਣੇ ਮਹਲ ਤੇ ਆਉਣ ਦਾ ਸੱਦਾ ਦੇ ਕੇ ਚਲਾ ਜਾਂਦਾ ਹੈ। ਇਹ ਗਰੀਬ ਭੇਡਾਂ ਚਾਰਣ ਵਾਲੀ ਡਰਦੀ ਤੇ ਸਹਿਮਦੀ ਹਨੇਰੀ ਰਾਤ ਨੂੰ ਰਾਜਾ ਦੇ ਮਹਿਲ ਵੱਲ ਤੁਰ ਪੈਂਦੀ ਹੈ। ਸਾਰੇ ਰਾਹ ਉਹ ਇਹੀ ਸੋਚਦੀ ਹੈ ਕਿ ਮੈ ਇਸ ਲੀਰਾਂ ਭਰੇ ਲਿਬਾਸ ਵਿੱਚ ਰਾਜਾ ਨੂੰ ਕਿਵੇਂ ਭਾਅ ਗਈ ਹਾਂ। ਅਖੀਰ ਉਹ ਰਾਜਾ ਦੇ ਦਰ ਤੇ ਪਹੁੰਚਦੀ ਹੈ, ਬਹੁਤ ਵਾਰੀ ਅਵਾਜਾਂ ਦਿੰਦੀ ਹੈ ਪਰ ਕੋਈ ਬੂਹਾ ਨਹੀਂ ਖੋਲਦਾ। ਉਹ ਥੱਕ ਕੇ, ਮਾਯੂਸ ਹੋ ਕੇ ਜਦ ਆਪਣੀ ਕੱਖਾਂ ਦੀ ਕੁੱਲੀ ਕੋਲ ਪਹੁੰਚਦੀ ਹੈ ਤਾਂ ਉਸਨੂੰ ਦੂਰੋਂ ਹੀ ਆਪਣੀ ਕੁੱਲੀ ਵਿੱਚ ਰਾਜਾ ਸਾਹਿਬ ਬੈਠੇ ਨਜ਼ਰੀ ਪੈਂਦੇ ਹਨ। ਉਹ ਪ੍ਰੇਮ ਵਿੱਚ ਭਿੱਜ ਕੇ ਚਰਨਾਂ ਤੇ ਬੈਠ ਜਾਂਦੀ ਹੈ ਤੇ ਬੰਦ ਕਿਵਾੜ ਦਾ ਕਾਰਣ ਪੁੱਛਦੀ ਹੈ। ਭਾਈ ਸਾਹਿਬ ਜੀ ਦੇ ਸੋਹਣੇ ਲਫਜਾਂ ਵਿੱਚ ਰਾਜਾ ਦਾ ਜੁਆਬ ਸੀ,
ਲੈ ਕੇ ਝੋਲੀ ਦੇ ਮੈਂ ਵਿਚਕਾਰ, ਕੀਤੇ ਰਾਜੇ ਨੇ ਬੁੱਲ ਓਘਾੜ।
ਜੋ ਕਰਦੇ ਨੇ ਮੈਨੂੰ ਪਿਆਰ, ਓਹ ਜਾਂਦੇ ਨੇ ਮੇਰੇ ਦੁਆਰ,
ਉਨਾਂ ਕਿੰਜ ਮਿਲ ਜਾਇ ਦਿਦਾਰ।
ਕਰਦਾ ਜਿਨਾਂ ਨੂੰ ਮੈਂ ਹਾਂ ਪਿਆਰ, ਜਾਂਦਾ ਆਪ ਹਾਂ ਉਨਾਂ ਦੇ ਦੁਆਰ,
ਦੁਆਰ ਉਨਾਂ ਦਾ ਮੇਰਾ ਦੁਆਰ।
ਕਿੰਨਾ ਸੋਹਣਾ ਦ੍ਰਿਸ਼ ਹੈ, ਕਵਿਤਾ ਦੇ ਪਾਤਰ ਇੱਕ ਖਿਨ ਵਿੱਚ ਦੁਨਿਆਵੀ ਤੋਂ ਰੁਹਾਨੀ ਬਣ ਜਾਂਦੇ ਹਨ। ਇਹ ਸਪੱਸ਼ਟ ਹੈ ਕਿ ਭੇਂਡਾਂ ਚਾਰਣ ਵਾਲੀ ਇਸਤਰੀ ਸਾਡੀ ਆਤਮਾ ਦਾ ਪ੍ਰਤੀਕ ਹੈ ਤੇ ਰਾਜਾ ਸਤਿਗੁਰੂ ਦਾ (ਇੱਥੇ ਗੁਰੂ ਤੇ ਪਰਮੇਸ਼ਰ ਇੱਕ ਰੂਪ ਹਨ)।
ਆਓ ਅਸੀਂ ਹੁਣ ਇਸ ਕਵਿਤਾ ਦੇ ਅਧਾਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਸਮਝੀਏ। ਅੱਜ ਸਾਰਾ ਸੰਸਾਰ ਗੁਰੂ ਨਾਨਕ ਦੇ ਦਰ ਤੇ ਨਤਮਸਤਕ ਹੋ ਰਿਹਾ ਹੈ। ਅਸੀਂ ਸਾਰੇ ਹੀ ਉਨਾਂ ਦੇ ਦਰ ਤੇ ਸੀਸ ਨਿਵਾਉਣ ਲਈ ਵਿਆਕੁਲ ਹਾਂ। ਇਹੀ ਕਾਰਨ ਹੈ ਕਿ ਹਰ ਸਾਲ ਅਸੀਂ ਉਨਾਂ ਦੇ ਪ੍ਰਕਾਸ਼ ਉਤਸਵ ਤੇ ਕਈ ਔੰਕੜਾਂ ਦੇ ਬਾਵਜੂਦ ਵਹੀਰਾਂ ਘੱਤ ਕੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਾਂ। ਅਸੀਂ ਹਰ ਹੀਲੇ ਕੋਸ਼ਿਸ਼ ਕਰ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲ ਜਾਏ, ਭਾਵ ਕਿ ਅਸੀਂ ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਦੇ ਹਾਂ ਤੇ ਉਨਾਂ ਦੇ ਦਰ ਤੇ ਹਾਜਰੀ ਭਰਦੇ ਹਾਂ ਪਰ ਕੀ ਗੁਰੁ ਨਾਨਕ ਸਾਹਿਬ ਜੀ ਵੀ ਸਾਨੂੰ ਪਿਆਰ ਕਰਦੇ ਹਨ।
“ਅਸੀਂ ਗੁਰੂ ਨਾਨਕ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੇ ਦੁਆਰ ਬਾਰੰਬਾਰ ਜਾਂਦੇ ਹਾਂ ਪਰ ਕੀ ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਪਿਆਰ ਕਰਦੇ ਹਨ?”
ਆਓ ਇਤਿਹਾਸ ਵੱਲ ਝਾਤ ਮਾਰ ਕੇ ਇਸ ਰਮਜ਼ ਨੂੰ ਸਮਝੀਏ। ਗੁਰੂ ਨਾਨਕ ਸਾਹਿਬ ਜੀ ਵੇਈਂ ਵਿੱਚੋਂ ਬਾਹਰ ਆਉਂਦੇ ਹਨ ਤੇ ਫੌਰਨ ਜਗਤ ਜੰਲਦੇ ਨੂੰ ਠਾਰਨ ਲਈ ਘਰ-ਪਰਿਵਾਰ ਪਿੱਛੇ ਛੱਡ ਕੇ ਪੱਛਮ ਵੱਲ ਯਾਤਰਾ ਲਈ ਤੁਰ ਪੈਂਦੇ ਹਨ। ਸਿੱਖ ਇਤਿਹਾਸ ਇਸਨੂੰ ਪਹਿਲੀ ਉਦਾਸੀ ਦਾ ਅਰੰਭ ਮੰਨਦਾ ਹੈ। ਭਾਈ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਤੁਲੰਭੇ ਪੰਹੁਚਦੇ ਹਨ ਤੇ ਪਹਿਲਾ ਪੜਾਅ ਸ਼ੇਖ ਸੱਜਣ ਦੀ ਸਰਾਂ ਵਿੱਚ ਕਰਦੇ ਹਨ। ਪੁਰਾਤਨ ਤੇ ਮੱਧਕਾਲੀਨ ਸਮਿਆਂ ਵਿੱਚ ਇਹ ਸਰਾਂਵਾਂ ਹੀ ਯਾਤਰੀਆਂ ਦਾ ਰੈਨ ਬਸੇਰਾ ਹੁੰਦੀਆਂ ਸਨ। ਜਿਵੇਂ ਅੱਜ ਕਲ ਵੱਡੇ-ਵੱਡੇ ਵਪਾਰਕ ਤੇ ਸਿਖਿਅਕ ਅਦਾਰੇ ਸਮਾਜ ਕਲਿਆਣ ਲਈ ਕਈ ਉਪਰਾਲੇ ਕਰਦੇ ਹਨ, ਇਸੇ ਤਰਾਂ ਉਨਾਂ ਸਮਿਆਂ ਵਿੱਚ ਵੀ ਧਾਰਮਿਕ ਬਿਰਤੀ ਦੇ ਧਨਾਢ ਲੋਕ ਐਸੀਆਂ ਧਰਮਸ਼ਾਲਾਵਾਂ, ਸਰਾਂਵਾਂ ਤੇ ਛਬੀਲਾਂ ਲਾ ਕੇ ਲੋਕ ਭਲਾਈ ਦਾ ਕੰਮ ਕਰਿਆ ਕਰਦੇ ਸਨ। ਇਸੇ ਲਈ ਇਨਾਂ ਸਰਾਂਵਾਂ ਵਿੱਚ ਆਮ ਲੋਕੀ ਬੇਝਿਜਕ ਠਹਿਰਦੇ ਦੇ ਪ੍ਰਸ਼ਾਦਾ ਪਾਣੀ ਵੀ ਛੱਕਦੇ।
ਸ਼ੇਖ ਸੱਜਣ ਨੇ ਵੀ ਇਸੇ ਤਰਾਂ ਇਹ ਸਰਾਂ ਖੋਲੀ ਸੀ ਤੇ ਆਪ ਹੀ ਸੇਵਾ ਵੀ ਕਰਦਾ ਸੀ। ਲੋਕਾਂ ਵਿੱਚ ਇਸ ਸਰਾਂ ਦੀ ਚਰਚਾ ਤੇ ਸ਼ੇਖ ਸੱਜਣ ਦੀ ਸੇਵਾ ਭਾਵੀ ਧਾਰਮਿਕ ਬਿਰਤੀ ਦੀ ਸ਼ਲਾਘਾ ਵੀ ਆਮ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨਾਲ ਇਸ ਸਰਾਂ ਵਿੱਚ ਪੰਹੁਚਦੇ ਹਨ। ਉਨਾਂ ਨੂੰ ਚੰਗੇ ਘਰ ਦੇ ਜਾਣ ਕੇ ਸ਼ੇਖ ਸੱਜਣ ਉਨਾਂ ਦੀ ਬੜੀ ਆਉਭਗਤ ਕਰਦਾ ਹੈ ਤੇ ਬੜੇ ਪਿਆਰ ਨਾਲ ਸਰਾਂ ਦੇ ਇੱਕ ਕਮਰੇ ਵਿੱਚ ਠਹਿਰਾਉਂਦਾ ਹੈ। ਹੋ ਸਕਦਾ ਹੈ ਕਿ ਉੱਥੇ ਹੋਰ ਯਾਤਰੀ ਵੀ ਟਿਕੇ ਹੋਣ।
ਗੁਰੂ ਸਾਹਿਬ ਜੀ ਤਾਂ ਅੰਤਰਜਾਮੀ ਹਨ, ਉਹ ਸ਼ੇਖ ਸੱਜਣ ਦੀ ਹਕੀਕਤ ਚੰਗੀ ਤਰਾਂ ਪਛਾਣ ਲੈਂਦੇ ਹਨ। ਅਸਲ ਵਿੱਚ ਉਹ ਇਕ ਠੱਗ ਸੀ ਜੋ ਸਿਰਫ ਦਿਖਾਵੇ ਲਈ ਹੀ ਸੇਵਾ ਕਰਦਾ ਸੀ। ਉਹ ਆਏ ਹੋਏ ਯਾਤਰੀਆਂ ਵੱਲ ਤੱਕ ਕੇ ਆਪਣਾ ਭੇਸ ਵੀ ਵਟਾ ਲੈਂਦਾ ਸੀ, ਕਦੇ ਹਿੰਦੂ ਸਾਧ, ਕਦੇ ਸਰੇਵੜਾ ਤੇ ਕਦੇ ਮੁਸਲਮਾਨ ਫਕੀਰ ਬਣ ਜਾਂਦਾ ਸੀ ਜਿਸ ਨਾਲ ਯਾਤਰੀ ਨੂੰ ਉਸ ਤੇ ਵਿਸ਼ਵਾਸ ਹੋ ਜਾਂਦਾ ਸੀ। ਰਾਤ ਸਮੇਂ ਉਹ ਧਨਾਢ ਯਾਤਰੀਆ ਨੂੰ ਮਾਰ ਕੇ ਉਨਾਂ ਦਾ ਮਾਲ-ਅਸਬਾਬ ਲੁੱਟ ਲੈਂਦਾ ਤੇ ਉਨਾਂ ਦੀਆਂ ਲੋਥਾਂ ਨੂੰ ਜੰਗਲ ਵਿੱਚ ਸਿੱਟ ਦਿੰਦਾ। ਲੰਮੇ ਸਮੇਂ ਤੋ ਉਹ ਇਹੀ ਕਰ ਰਿਹਾ ਸੀ ਪਰ ਕਿਸੇ ਨੂੰ ਇਸਦਾ ਪਤਾ ਨਹੀਂ ਸੀ। ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇੱਕ ਤੱਕਣੀ ਵਿੱਚ ਹੀ ਸਭ ਪਛਾਣ ਲਿਆ।
ਜੇ ਕਿਤੇ ਅੱਜ ਦੇ ਦੌਰ ਵਿੱਚ ਕਿਸੇ ਨੂੰ ਐਸੀ ਕਿਸੀ ਹਕੀਕਤ ਦਾ ਪਤਾ ਚਲ ਜਾਵੇ ਤਾਂ ਓਹ ਰੌਲਾ ਪਾ-ਪਾ ਕੇ ਸਾਰੀ ਦੁਨੀਆਂ ਵਿੱਚ ਉਸਨੂੰ ਪ੍ਰਗਟ ਕਰੇਗਾ। ਮੀਡੀਆ ਉਸ ਖਬਰ ਨੂੰ ਉਛਾਲ-ਉਛਾਲ ਕੇ ਪੈਸਾ ਕਮਾਇਗਾ ਪਰ ਨਾ ਤੇ ਕੋਈ ਉਸ ਬੰਦੇ ਦੇ ਸ਼ਿਕਾਰਾਂ ਦੀ ਮਦਦ ਕਰੇਗਾ ਤੇ ਨਾ ਹੀ ਕੋਈ ਐਸੀ ਬਿਰਤੀ ਵਾਲੇ ਨੂੰ ਸੁਧਾਰਣ ਲਈ ਕੋਈ ਕਦਮ ਚੱਕੇਗਾ।
ਬਖਸ਼ਿਸ਼ਾਂ ਦੇ ਮਾਲਿਕ ਗੁਰੂ ਨਾਨਕ ਸਾਹਿਬ ਜੀ ਐਸਾ ਕੁਝ ਨਹੀਂ ਕਰਦੇ, ਉਹ ਰੱਬੀ ਧਿਆਨ ਵਿੱਚ ਮਗਨ ਹੋ ਕੇ ਭਾਈ
ਮਰਦਾਨੇ ਨੂੰ ਕਹਿੰਦੇ ਹਨ, “ਮਰਦਾਨਿਆ ਰਬਾਬ ਵਜਾ, ਬਾਣੀ ਆਈ ਹੈ।” ਭਾਈ ਮਰਦਾਨਾ ਜੀ ਰਬਾਬ ਦੇ ਸੁਰ ਛੇੜਦੇ ਹਨ ਤੇ ਗੁਰੂ ਸਾਹਿਬ ਜੀ ਸੂਹੀ ਰਾਗ ਵਿੱਚ ਇਸ ਇਲਾਹੀ ਬਾਣੀ ਦਾ ਉਚਾਰਣ ਕਰਦੇ ਹਨ:
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥੧॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥੧॥ਰਹਾਉ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥
ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥੨॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ॥੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ॥
ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ॥੪॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥੫॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥੬॥
(ਸੂਹੀ ਮਹਲਾ ੧, ਸ਼੍ਰੀ.ਗੁ.ਗ੍ਰੰ.ਸਾ.ਜੀ. ਅੰਗ ੭੨੯)
ਇਸ ਅੰਮ੍ਰਿਤ ਕੀਰਤਨ ਦੀ ਅਵਾਜ਼ ਕੰਨਾ ਰਾਹੀ ਹੁੰਦੀ ਹੋਈ ਸ਼ੇਖ ਸੱਜਣ ਦੀ ਆਤਮਾ ਤੱਕ ਪੰਹੁਚਦੀ ਹੈ। ਉਹ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਜਾਂਦਾ ਹੈ ਤੇ ਆਪਣੇ ਧੋਖੇ ਨੂੰ ਸਵੀਕਾਰਦਾ ਹੋਇਆ ਭੁੱਲ ਬਖਸ਼ਾਉਂਦਾ ਹੈ ਤੇ ਅਗਾਂਹ ਲਈ ਆਗਿਆ ਮੰਗਦਾ ਹੈ। ਗੁਰੂ ਸਾਹਿਬ ਜੀ ਫੁਰਮਾਂਦੇ ਹਨ, “ਭਾਈ ਤੂੰ ਉਹੀ ਕਰ ਜੋ ਤੇਰਾ ਨਾਂ ਹੈ।” ਇਤਿਹਾਸ ਗਵਾਹ ਹੈ ਕਿ ਸ਼ੇਖ ਸੱਜਣ ਦੀ ਇਹੀ ਸਰਾਂ ਸਿੱਖ ਧਰਮ ਦੀ ਪਹਿਲੀ ਧਰਮਸਾਲ (ਗੁਰਦੁਆਰਾ) ਬਣਦੀ ਹੈ। ਇਹੀ ਤਾਂ ਭਾਈ ਵੀਰ ਸਿੰਘ ਜੀ ਨੇ ਕਵਿਤਾ ਵਿੱਚ ਕਿਹਾ ਹੈ:
ਜੋ ਕਰਦੇ ਨੇ ਮੈਨੂੰ ਪਿਆਰ, ਉਹ ਜਾਂਦੇ ਨੇ ਮੇਰੇ ਦੁਆਰ,
ਉਨਾਂ ਕਿੰਜ ਮਿਲ ਜਾਇ ਦਿਦਾਰ।
ਕਰਦਾ ਜਿਨਾਂ ਨੂੰ ਮੈਂ ਹਾਂ ਪਿਆਰ, ਜਾਂਦਾ ਆਪ ਹਾਂ ਉਨਾਂ ਦੇ ਦੁਆਰ,
ਦੁਆਰ ਉਨਾਂ ਦਾ ਮੇਰਾ ਦੁਆਰ।
ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ? ਜਿਸ ਦੁਆਰ ਤੇ ਬੇਸ਼ੁਮਾਰ ਸਿਰ ਝੁਕਦੇ ਹਨ ਉਹ ਗੁਰੂ ਨਾਨਕ ਆਪ ਚੱਲ ਕੇ ਸ਼ੇਖ ਸੱਜਣ ਦੇ ਦੁਆਰ ਪੰਹੁਚਦੇ ਹਨ, ਕਿਂਉਕਿ ਉਹ ਉਨਾਂ ਨੂੰ ਪਿਆਰਾ ਸੀ ਤੇ ਉਸ ਸੱਜਣ ਠੱਗ ਦਾ ਦੁਆਰ ਗੁਰੂ ਨਾਨਕ ਦਾ ਆਪਣਾ ਦੁਆਰ ਬਣ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਰੋਗੀ ਨੂੰ ਨਹੀਂ ਮਿਟਾਇਆ, ਰੋਗੀ ਵਿੱਚੋਂ ਰੋਗ ਕੱਢਕੇ ਉਸਨੂੰ ਸਹੀ ਅਰਥਾਂ ਵਿੱਚ ਸੱਜਣ ਬਣਾਇਆ। ਇਸੇ ਤਰਾਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਦੁਆਰ ਜਾਂਦੇ ਹਨ, ਕੋਡੇ ਰਾਖਸ਼ਸ ਦੇ ਦੁਆਰ ਜਾਂਦੇ ਹਨ, ਸਿੱਧਾਂ ਦੇ ਦੁਆਰ ਜਾਂਦੇ ਹਨ।
ਹੁਣ ਪਹਿਲਾ ਸਵਾਲ ਇਹ ਹੈ ਕਿ ਅਸੀਂ ਗੁਰੂ ਨਾਨਕ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੇ ਦੁਆਰ ਬਾਰੰਬਾਰ ਜਾਂਦੇ ਹਾਂ ਪਰ ਕੀ ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਪਿਆਰ ਕਰਦੇ ਹਨ?
ਦੂਜਾ ਸਵਾਲ ਕਿ ਸ਼ੇਖ ਸੱਜਣ ਵਿੱਚ ਐਸਾ ਕੀ ਸੀ ਕਿ ਆਪ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਉਸਨੂੰ ਪਿਆਰ ਕੀਤਾ?
ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਸਾਡਾ ਓਪਰਾ ਰੂਪ ਨਹੀਂ ਵੇਖਦੇ, ਉਹ ਸਾਡੇ ਮਨ ਨੂੰ ਪੜਡੇ ਹਨ, ਸਾਡੀ ਬਿਰਤੀ ਨੂੰ ਸਮਝਦੇ ਹਨ ਤੇ ਸਾਡੀ ਸੱਚਾਈ ਨੂੰ ਜਾਣਦੇ ਹਨ। ਇਸ ਖੇਤਰ ਵਿੱਚ ਅਸੀਂ ਸੱਜਣ ਠੱਗ ਨਾਲੋਂ ਬਹੁਤ-ਬਹੁਤ ਨੀਵੇਂ ਹਾਂ। ਸਾਖੀ ਵੱਲ ਧਿਆਨ ਦੇਣ ਤੇ ਇਹ ਸਾਫ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਕ ਸ਼ਬਦ ਇੱਕੋ ਵਾਰੀ ਪੜਿਆ ਤੇ ਸੱਜਣ ਠੱਗ ਦੀ ਅੰਤਰਆਤਮਾ ਬਦਲ ਗਈ। ਇਹੀ ਹੈ ਸ਼ਬਦ ਦਾ ਅਸਰ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਵੀ ਸ਼ਬਦ ਦੇ ਰੁਹਾਨੀ ਅਸਰ ਨੂੰ ਇਸ ਤਰਾਂ ਪ੍ਰਗਟ ਕਰਦੇ ਹਨ:
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ॥
ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ॥
(ਸਲੋਕ ਭਗਤ ਕਬੀਰ ਜੀ, ਸ਼੍ਰੀ.ਗੁ.ਗ੍ਰੰ.ਸਾ.ਜੀ. ਅੰਗ ੧੩੭੬)
ਸ਼ੇਖ ਸੱਜਣ ਨੇ ਸ਼ਬਦ ਦੀ ਚੋਟ ਖਾ ਕੇ ਆਪਣੇ ਆਪ ਨੁੰ ਸਦਾ ਲਈ ਬਦਲ ਲਿਆ ਇਹੀ ਕਾਰਨ ਹੈ ਕਿ ਬਾਬੇ ਨਾਨਕ ਨੇ ਉਸਦੇ ਦੁਆਰ ਨੂੰ ਆਪਣਾ ਦੁਆਰ ਬਣਾਇਆ। ਅਸੀਂ ਗੁਰਬਾਣੀ ਦੇ ਕਿੰਨੇ ਹੀ ਸ਼ਬਦ ਕਿੰਨੀ ਵਾਰੀ ਸੁਣਦੇ ਹਾਂ ਪਰ ਸਾਡੇ ਵਿੱਚੋਂ ਕਿਸੇ ਵਿਰਲੇ ਦੀ ਅੰਤਰਾਤਮਾ ਉਸਨੂੰ ਪਛਾਣ ਸਕਦੀ ਹੈ, ਬਾਕੀ ਤਾਂ ਸਾਡੇ ਬੋਲੇ ਕੰਨਾਂ ਤੇ ਹਠੀ ਮਨ ਤੇ ਪੈ ਕੇ ਗੁਆਚ ਜਾਂਦੇ ਹਨ। ਇਹੀ ਕਾਰਨ ਹੈ ਕਿ ਅਸੀਂ ਤਾਂ ਗੁਰੂ ਨੂੰ ਪਿਆਰ ਕਰਦੇ ਹਾਂ ਪਰ ਹਾਲੇ ਇੰਨੇ ਭਾਗਸ਼ਾਲੀ ਨਹੀਂ ਕਿ ਗੁਰੂ ਨਾਨਕ ਦਾ ਪਿਆਰ ਸਾਨੂੰ ਮਿਲੇ।
“ਸ਼ੇਖ ਸੱਜਣ ਵਿੱਚ ਐਸਾ ਕੀ ਸੀ ਕਿ ਆਪ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਉਸਨੂੰ ਪਿਆਰ ਕੀਤਾ? ”
ਅਸੀਂ ਗੁਰੂ ਨਾਨਕ ਦੇ ਦਰ ਤੇ ਜਾਂਦੇ ਹਾਂ ਪਰ ਸ਼ਬਦ ਦੇ ਰੂਪ ਵਿੱਚ ਸਾਡੇ ਮਨ ਮੰਦਿਰ ਦੇ ਦਰ ਤੇ ਆਏ ਗੁਰੂ ਨਾਨਕ ਨੂੰ ਅਸੀਂ ਪਛਾਣ ਨਹੀਂ ਸਕਦੇ। ਗੁਰੂ ਨਾਨਕ ਤਾਂ ਸਾਨੂੰ ਵੀ ਓਨਾ ਹੀ ਪਿਆਰ ਕਰਦੇ ਹਨ ਤਾਂ ਹੀ ਸਾਡੇ ਆਤਮਿਕ ਬੂਹੇ ਦਾ ਕੁੰਡਾ ਸ਼ਬਦ ਰਾਹੀਂ ਖੜਕਾਉਂਦੇ ਹਨ ਪਰ ਸ਼ਬਦ ਨੂੰ ਨਾ ਸਮਝ ਕੇ ਅਸੀਂ ਉਸ ਪਿਆਰ ਦੇ ਪਾਤਰ ਬਣ ਨਹੀਂ ਪਾਉਂਦੇ।
ਗੁਰੂ ਨਾਨਕ ਸਾਹਿਬ ਜੀ ਦਾ ਪੂਰਬ ਮਨਾਇਆ ਤਾਂ ਹੀ ਸਫਲ ਹੈ ਜਿ ਅਸੀਂ ਅਨਮਤੀ ਦਰਾਂ ਨੂੰ ਛੱਡ ਸਿਰਫ ਸ਼ਬਦ ਦਾ ਲੜ ਫੜੀਏ ਤੇ ਗੁਰੂ ਸਾਹਿਬ ਜੀ ਦੇ ਹੁਕਮਾਂ ਤੇ ਜੀਵਨ ਬਤੀਤ ਕਰੀਏ। ਗਰੂ ਨਾਨਕ ਤਾਂ ਸ਼ਬਦ ਰਾਹੀ ਸਾਡਾ ਬੂਹਾ ਖੜਕਾ ਹੀ ਰਹੇ ਹਨ, ਸ਼ਬਦ ਦੀ ਕਮਾਈ ਨਾਲ ਸ਼ਾਇਦ ਕਦੇ ਅਸੀਂ ਵੀ ਇੰਨੇ ਭਾਗਸ਼ਾਲੀ ਬਣ ਸਕੀਏ ਕਿ ਗੁਰੂ ਨਾਨਕ ਆਪ ਸਾਡੇ ਲਈ ਕਹਿਣ:
ਕਰਦਾ ਜਿਨਾਂ ਨੂੰ ਮੈਂ ਹਾਂ ਪਿਆਰ,
ਜਾਂਦਾ ਆਪ ਹਾਂ ਉਨਾਂ ਦੇ ਦੁਆਰ,
ਦੁਆਰ ਉਨਾਂ ਦਾ ਮੇਰਾ ਦੁਆਰ।