ਕੈਦੀ ਨੰਬਰ 1997 ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਬਾ-ਮੁਸ਼ੱਕਤ
15 ਸਾਲ ਦੇ ਪੁਰਾਣੇ ਕੇਸ ਅਤੇ 7 ਦਿਨਾਂ ਦੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੀਆਂ ਸੜਕਾਂ ਅਤੇ ਮੁਲਕ ਭਰ ਦੇ ਟੀ ਵੀ ਚੈਨਲਾਂ `ਤੇ ਖੇਡੇ ਗਏ ਦਰਦ ਭਰੇ ਡਰਾਮੇ `ਤੇ ਉਸ ਵੇਲੇ ਪਰਦਾ ਡਿੱਗ ਗਿਆ ਜਦ ਕੈਦੀ ਨੰਬਰ 1997- ਗੁਰਮਤਿ ਰਾਮ ਰਹੀਮ ਨੂੰ ਜਬਰ ਜਨਾਹ ਅਤੇ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਬਾ-ਮੁਸ਼ੱਕਤ ਸੁਣਾ ਦਿੱਤੀ ਗਈ।
ਢੋਂਗੀ ਸਾਧ ਅਤੇ ਉਸਦੇ ਝੂਠੇ ਰਾਜ ਦਾ ਉਸ ਵੇਲੇ ਅੰਤ ਹੋ ਗਿਆ ਜਦੋਂ ਸੀ. ਬੀ. ਆਈ. ਦੇ ਸਪੈਸ਼ਲ ਜੱਜ ਜਗਦੀਪ ਸਿੰਘ ਨੇ ਉਸਨੂੰ ਜਬਰ-ਜਨਾਹ ਦੇ ਕੇਸ ਵਿੱਚ ਰੋਹਤਕ ਦੀ ਜੇਲ ਵਿੱਚ ਸਥਾਪਤ ਵਿਸ਼ੇਸ਼ ਜੇਲ ਵਿੱਚ ਦੋਨੋਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਤੋਂ ਬਾਅਦ 20 ਸਾਲ ਦੀ ਸਜ਼ਾ ਬਾ-ਮੁਸ਼ੱਕਤ ਦਾ ਐਲਾਨ ਕੀਤਾ। ਉਸਨੂੰ ਉੇਚੇਰੀ ਅਦਾਲਤ ਵਿੱਚ ਅਪੀਲ ਕਰਨ ਦਾ ਸਮਾਂ ਤੇ ਮੌਕਾ ਦਿੱਤਾ ਗਿਆ ਹੈ ਪਰ ਜੇਲ ਤਬਦੀਲ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਪੈਸ਼ਲ ਕੋਰਟ ਦੇ ਜੱਜ ਅਤੇ ਉਸਦੇ ਪ੍ਰਬੰਧਕੀ ਸਹਾਈਆਂ ਨੂੰ ਚੰਡੀਗੜ੍ਹ ਤੋਂ ਰੋਹਤਕ ਸਰਕਾਰੀ ਹੈਲੀਕਾਪਟਰ ਵਿੱਚ ਲਿਜਾਇਆ ਗਿਆ।
“ਹੁਣ ਕੋਈ ਸ਼ੱਕ ਨਹੀਂ ਹੈ ਕਿ ਇੱਕ ਲੰਬੇ ਸਮੇਂ ਲਈ ਗੁਰਮੀਤ ਰਾਮ ਰਹੀਮ ਸਲਾਖਾਂ ਪਿੱਛੇ ਨਜ਼ਰਬੰਦ ਰਹਿਣਗੇ, ਭਾਵੇਂ ਕਮਰ ਦੀ ਦਰਦ ਕਿਤਨੀ ਹੀ ਕਿਉਂ ਨਾ ਵੱਧ ਜਾਵੇ।ਕੋਈ 8 ਕੇਸ ਜੋ ਉਨ੍ਹਾਂ ਖਿਲਾਫ ਦਰਜ ਹਨ, ਉਨ੍ਹਾਂ ਦੇ ਫੈਸਲੇ ਆਉਣੇ ਹਨ। ਪੂਰਾ ਸੱਚ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਦਾ ਫੈਸਲਾ ਜੋ ਕਥਿਤ ਤੌਰ `ਤੇ ਗੁਰਮੀਤ ਰਾਮ ਰਹੀਮ ਨੇ ਕਰਵਾਇਆ ਹੈ, ਉਸ ਦਾ ਫੈਸਲਾ ਸਤੰਬਰ ਵਿੱਚ ਆਉਣ ਦੀ ਸੰਭਾਵਨਾ ਹੈ। ਨਾਲ ਹੀ ਪੀੜਤ ਬੀਬੀ ਦੇ ਭਰਾ ਰਣਜੀਤ ਸਿੰਘ ਅਤੇ ਡਰਾਈਵਰ ਖੱਟਾ ਸਿੰਘ ਦੇ ਕਤਲ ਦੇ ਮੁਕੱਦਮੇ ਦਾ ਵੀ ਫੈਸਲਾ ਆਉਣਾ ਹੈ।”
25 ਅਗਸਤ ਨੂੰ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਪੰਚਕੁਲਾ ਨੇ 50 ਸਾਲਾ ਗੁਰਮੀਤ ਰਾਮ ਰਹੀਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (ਜਬਰ-ਜਨਾਹ) ਅਤੇ 506 (ਡਰਾਉਣਾ-ਧਮਕਾਉਣਾ) ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਸੀ. ਬੀ. ਆਈ. ਦੇ ਵਿਸ਼ੇਸ਼ ਵਕੀਲ ਹਰਿੰਦਰ ਪਾਲ ਸਿੰਘ ਵਰਮਾ ਨੇ ਇਸ ਕੇਸ ਨੂੰ ਨਿਵੇਕਲਾ ਦੱਸਦੇ ਹੋਏ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ ਜਦਕਿ ਢੋਂਗੀ ਸਾਧ ਦੇ ਵਕੀਲ ਐਸ ਕੇ ਗਰਗ ਨਿਰਵਾਨਾ ਨੇ ਗੁਰਮੀਤ ਰਾਮ ਰਹੀਮ ਦੀ ਸਿਹਤ ਅਤੇ ਮਨੁੱਖਤਾਵਾਦੀ ਕਾਰਵਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਸਜ਼ਾ ਦੀ ਅਪੀਲ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪੀੜਤ ਬੀਬੀਆਂ ਨੇ ਵੱਧ ਤੋਂ ਵੱਧ ਸਜ਼ਾ ਲਈ ਵੰਗਾਰ ਕੀਤੀ ਸੀ ਜਦ ਕਿ ਅਦਾਲਤੀ ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਨੇ ਖੁਦ ਨੂੰ ਨਿਰਦੋਸ਼ ਵੀ ਕਿਹਾ ਤੇ ਜੱਜ ਕੋਲੋਂ ਮੁਆਫੀ ਵੀ ਮੰਗੀ।
ਕੱਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੇਰਾ ਸੌਦਾ ਦੇ ਬੁਲਾਰੇ ਦਿਲਾਵਰ ਇੰਸਾਨ ਨੇ ਕਿਹਾ ਕਿ ਇਹ “ਇਹ ਜਾਇਜ਼ ਫੈਸਲਾ ਨਹੀਂ ਹੈ, ਅਸੀਂ ਇਸ ਦੇ ਖਿਲਾਫ ਅਪੀਲ ਕਰਾਂਗੇ। ਆਪਣੇ ਆਪ ਨੂੰ ਵੱਡਾ ਦਰਸਾਉਂਦੇ ਹੋਏ ਉਸਨੇ ਅੱਗੇ ਕਿਹਾ ਸਾਰੇ ਧਾਰਮਿਕ ਆਗੂਆਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਅਸੀਂ ਲੋਕਾਂ ਨੂੰ ਅਮਨ-ਅਮਾਨ ਬਹਾਲ ਰੱਖਣ ਦੀ ਅਪੀਲ ਕਰਦੇ ਹਾਂ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਡੇਰਾ ਸੌਦਾ ਦੇ 2 ਹੋਰ ਬੁਲਾਰਿਆਂ-ਡਾ. ਅਦਿੱਤਯਾ ਇੰਸਾਨ ਅਤੇ ਤਮਾਨ ਇੰਸਾਨ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਹ ਇਸ ਵੇਲੇ ਰੂਹ ਪੋਸ਼ ਹਨ।
“ਸੌਦਾ ਸਿਰਸਾ ਡੇਰੇ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਹੁਣ ਕਿਸੀ ਕੀਮਤ `ਤੇ ਆਉਣ ਵਾਲੇ ਲੰਬੇ ਸਮੇਂ ਤੱਕ ਇਹ ਡੇਰਾ ਸਮਾਜਿਕ, ਧਾਰਮਿਕ, ਸਿਆਸੀ ਜਾਂ ਅਧਿਆਤਮਕ ਅਗਵਾਈ ਨਹੀਂ ਦੇ ਸਕਦਾ ਜੋ ਅੱਜ ਤੋਂ ਇੱਕ ਹਫਤੇ ਪਹਿਲਾਂ ਦੇਣ ਦੇ ਦਾਅਵੇ ਕਰਦਾ ਸੀ।”
ਪਿਛਲੇ ਦਿਨਾਂ ਵਿੱਚ ਵੱਡੇ ਪੱਧਰ `ਤੇ ਹੋਈ ਹਿੰਸਾ ਦੀਆਂ ਘਟਨਾਵਾਂ ਅਤੇ ਆਮ ਲੋਕਾਂ ਦੀਆਂ 38 ਮੌਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਪੂਰੇ ਹਰਿਆਣੇ ਵਿੱਚ ਵਿਸ਼ੇਸ਼ ਕਰਕੇ ਰੋਹਤਕ ਸਿਰਸਾ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਿਰਸਾ ਡੇਰੇ ਦੇ ਅਨੁਯਾਈਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾਂ ਡੇਰਿਆਂ ਵਿੱਚ ਲਗਭਗ ਨਜ਼ਰਬੰਦ ਹੀ ਕੀਤਾ ਗਿਆ ਸੀ।
ਅਦਾਲਤ ਦੇ ਫੈਸਲੇ ਤੋਂ ਕੁਝ ਮਿੰਟ ਪਹਿਲਾਂ ਡੇਰੇ ਦੀ ਇੱਕ ਬੁਲਾਰੇ ਨੇ ਅਮਨ-ਅਮਾਨ ਦੀ ਅਪੀਲ ਕੀਤੀ।
ਹੁਣ ਕੋਈ ਸ਼ੱਕ ਨਹੀਂ ਹੈ ਕਿ ਇੱਕ ਲੰਬੇ ਸਮੇਂ ਲਈ ਗੁਰਮੀਤ ਰਾਮ ਰਹੀਮ ਸਲਾਖਾਂ ਪਿੱਛੇ ਨਜ਼ਰਬੰਦ ਰਹਿਣਗੇ, ਭਾਵੇਂ ਕਮਰ ਦੀ ਦਰਦ ਕਿਤਨੀ ਹੀ ਕਿਉਂ ਨਾ ਵੱਧ ਜਾਵੇ। ਕੋਈ 8 ਕੇਸ ਜੋ ਉਨ੍ਹਾਂ ਖਿਲਾਫ ਦਰਜ ਹਨ, ਉਨ੍ਹਾਂ ਦੇ ਫੈਸਲੇ ਆਉਣੇ ਹਨ। ਪੂਰਾ ਸੱਚ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਦਾ ਫੈਸਲਾ ਜੋ ਕਥਿਤ ਤੌਰ `ਤੇ ਗੁਰਮੀਤ ਰਾਮ ਰਹੀਮ ਨੇ ਕਰਵਾਇਆ ਹੈ, ਉਸ ਦਾ ਫੈਸਲਾ ਸਤੰਬਰ ਵਿੱਚ ਆਉਣ ਦੀ ਸੰਭਾਵਨਾ ਹੈ। ਨਾਲ ਹੀ ਪੀੜਤ ਬੀਬੀ ਦੇ ਭਰਾ ਰਣਜੀਤ ਸਿੰਘ ਅਤੇ ਡਰਾਈਵਰ ਖੱਟਾ ਸਿੰਘ ਦੇ ਕਤਲ ਦੇ ਮੁਕੱਦਮੇ ਦਾ ਵੀ ਫੈਸਲਾ ਆਉਣਾ ਹੈ। ਰਾਮਚੰਦਰ ਛਤਰਪਤੀ ਦੇ ਸਪੁੱਤਰ ਅੰਸ਼ੁਲ ਛਤਰਪਤੀ ਜੋ ਪਿਛਲੇ ਲਗਭਗ ਡੇਢ ਦਹਾਕੇ ਤੋਂ ਆਪਣੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਦਲੇਰੀ ਨਾਲ ਪੈਰਵਾਈ ਕਰ ਰਹੇ ਹਨ, ਉਨ੍ਹਾਂ ਨੇ ਹੋਰ ਪੀੜਤਾਂ ਨੂੰ ਵੀ ਦਲੇਰੀ ਨਾਲ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਢੋਂਗੀ ਸਾਧ ਜੇਲ ਵਿੱਚ। ਬੁਲਾਰੇ ਫਰਾਰ। ਡੇਰੇ ਨਾਲ ਗਿਟਮਿਟ ਕਰਨ ਵਾਲੀ ਸਿਆਸੀ ਲਿਡਰਸ਼ਿਪ ਸ਼ਰਮਿੰਦਾ ਤੇ ਚੁੱਪ। ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਨਾਮ ਚਰਚਾ ਘਰ ਅਤੇ ਡੇਰਿਆਂ `ਤੇ ਤਾਲੇ। ਡੇਰੇ ਦੇ ਪ੍ਰੇਮੀ ਸਹਿਮ ਕੇ ਘਰਾਂ ਵਿੱਚ। ਸਾਰੇ ਹੀ ਪ੍ਰੇਮੀ ਅਤੇ ਸਿਆਸੀ ਆਗੂ ਜਿਵੇਂ ਕਿਸੇ ਨਵੇਂ ਸਾਧ ਦੀ ਤਲਾਸ਼ ਵਿੱਚ ਲੱਗ ਗਏ ਹੋਣ।
ਇੱਕ ਵੱਡਾ ਅਫਸੋਸ ਜਰੂਰ ਰਹੇਗਾ, ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਜਮਾਤ ਦੀ ਇਸ ਔਖੀ ਘੜੀ ਵਿੱਚ ਚੁੱਪੀ ਹਮੇਸ਼ਾਂ ਸਤਾਉਂਦੀ ਤੇ ਖਲਦੀ ਰਹੇਗੀ।
ਸੌਦਾ ਸਿਰਸਾ ਡੇਰੇ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਹੁਣ ਕਿਸੀ ਕੀਮਤ `ਤੇ ਆਉਣ ਵਾਲੇ ਲੰਬੇ ਸਮੇਂ ਤੱਕ ਇਹ ਡੇਰਾ ਸਮਾਜਿਕ, ਧਾਰਮਿਕ, ਸਿਆਸੀ ਜਾਂ ਅਧਿਆਤਮਕ ਅਗਵਾਈ ਨਹੀਂ ਦੇ ਸਕਦਾ ਜੋ ਅੱਜ ਤੋਂ ਇੱਕ ਹਫਤੇ ਪਹਿਲਾਂ ਦੇਣ ਦੇ ਦਾਅਵੇ ਕਰਦਾ ਸੀ।