ਰੰਘਰੇਟੇ ਵੀਰਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ
ਪਿਛਲੇ ਕੁਝ ਸਮੇਂ ਤੋਂ ਸਿੱਖੀ ਵਿੱਚ ਅਤੇ ਸਿੱਖਾਂ ਵੱਲੋਂ “ਨੀਚ ਜਾਤੀ” ਕਹੇ ਜਾਂਦੇ ਸਿੱਖਾਂ ਦੀ ਕੌਮ ਵਿੱਚ ਥਾਂ ਬਾਰੇ ਪ੍ਸ਼ਨ ਚਿੰਨ੍ਹ ਲਗਾਇਆ ਜਾ ਰਿਹਾ ਹੈ। ਕੌਮਾਂਤਰੀ ਪੱਧਰ `ਤੇ ਮਸ਼ਹੂਰ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਮਰਿਆਦਾ ਦੇ ਦ੍ਰਿੜ੍ਹ ਪਹਿਰੇਦਾਰ ਭਾਈ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਇਸ ਲੇਖ ਵਿੱਚ ਇਸ ਸੰਵੇਦਨਸ਼ੀਲ ਵਿਸ਼ੇ `ਤੇ ਸਿਧਾਂਤਕ ਅਤੇ ਇਤਿਹਾਸਕ ਪੱਖ ਪੇਸ਼ ਕਰਕੇ ਅਸੀਲੀਅਤ ਤੋਂ ਜਾਣੂ ਕਰਵਾ ਰਹੇ ਹਨ।
ਮਹਾਨਕੋਸ਼ ਮੁਤਾਬਕ ਰੰਘਰੇਟਾ ਲਫ਼ਜ਼ ‘ਰੰਘੜੇਟਾ’ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਇਸ ਦਾ ਅਰਥ ਹੈ – ਰੰਘੜ ਦਾ ਬੇਟਾ। ਗੁਰੂ ਕਾਲ ਵੇਲੇ ‘ਰੰਘੜ’ ਭਾਵੇਂ ਉਨ੍ਹਾਂ ਰਾਜਪੂਤਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਇਸਲਾਮ ਮਤ ਧਾਰਨ ਕਰ ਲੈਂਦੇ ਸਨ। ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’।
ਜਦੋਂ ਤੋਂ ਖ਼ਾਲਸੇ ਦੇ ਸੁਆਮੀ-ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ, ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ ਤਦੋਂ ਤੋਂ ਗੁਰੂ ਕੇ ਸਿੱਖਾਂ ਵੱਲੋਂ ਉਨ੍ਹਾਂ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕੀਤੀ ਜਾਣ ਲੱਗੀ, ਜਿਨ੍ਹਾਂ ਨੂੰ ਮੰਨੂਵਾਦੀ ਦ੍ਰਿਸ਼ਟੀਕੋਨ ਤੋਂ “ਸ਼ੂਦਰਾਂ” ਵਿੱਚੋਂ ਵੀ ਅਤਿ ਨੀਚ ਤੇ ਅਛੂਤ ਮੰਨ ਕੇ ਬਹੁਤ ਹੀ ਘ੍ਰਿਣਤ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ ਜਿਵੇਂ “ਰੰਘੜ”, “ਚੂਹੜੇ”, “ਚਮਾਰ” ਤੇ “ਚੰਡਾਲ”। ਗੁਰੁ ਸਾਹਿਬ ਨੇ ਉਸੇ ਘਿਰਣਾ ਵਾਲੇ ਨਾਮ ਨੂੰ ਨਵਾਂ ਭਾਵ ਦੇ ਕੇ ਯੁਗ ਪਲਟਾ ਐਲਾਨ ਕਰ ਦਿੱਤਾ ਸੀ ਅਤੇ ਸੂਝਵਾਨ ਗੁਰਸਿੱਖਾਂ ਨੇ ਦਸ਼ਮੇਸ਼ ਗੁਰੂ ਦੀ ਬਖ਼ਸ਼ਿਸ਼ ਭਰੀ ਰਮਜ਼ ਨੂੰ ਸਮਝ ਲਿਆ ਸੀ। ਉਹ ਜਾਣ ਗਏ ਸਨ ਕਿ ਗੁਰੂ ਦ੍ਰਿਸ਼ਟੀ ਵਿੱਚ ‘ਰੰਘਰੇਟਾ’ ਲਫ਼ਜ਼ ਦੇ ਅਰਥ ਹੁਣ ‘ਰੰਘੜ ਦਾ ਬੇਟਾ’ ਨਹੀਂ, ਸਗੋਂ ‘ਗੁਰੂ ਕਾ ਬੇਟਾ’ ਹੋ ਗਏ ਹਨ। 19ਵੀਂ ਸਦੀ ਦੇ ਆਰੰਭ ਤੋਂ ਇਨ੍ਹਾਂ ਨੇ ਆਪਣੇ ਆਪ ਨੂੰ ਮਜ਼ਹਬੀ, ਰਵਿਦਾਸੀਏ, ‘ਰਾਮਦਾਸੀਏ’ ਤੇ ਰਾਮਗੜ੍ਹੀਏ ਸਦਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਹੀ ਉਪਨਾਮ ਵਧੇਰੇ ਪ੍ਰਚਲਿਤ ਹਨ।
“ਕਮਾਲ ਦੀ ਗੱਲ ਇਹ ਹੈ ਕਿ ਗ਼ਰੀਬ-ਨਿਵਾਜ਼ ਸਤਿਗੁਰਾਂ ਨੇ ਕਥਿਤ ਸ਼ੂਦਰ ਭਗਤਾਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਬਰਾਬਰ ਰੂਹਾਨੀ ਸਿੰਘਾਸਣ `ਤੇ ਵਿਰਾਜਮਾਨ ਕਰਕੇ “ਨੀਚਹ ਊਚੁ ਕਰੇ ਮੇਰਾ ਗੋਬਿੰਦ” ਦਾ ਰੱਬੀ-ਸੱਚ ਪ੍ਰਕਾਸ਼ਮਾਨ ਕੀਤਾ ਅਤੇ ਫਿਰ ਗੁਰੂ ਦੇ ਸਾਜੇ-ਨਿਵਾਜੇ ਖ਼ਾਲਸਾ ਪੰਥ ਨੇ ਉਨ੍ਹਾਂ ਦੇ ਭਾਈਚਾਰਿਆਂ ਦੇ ਅਠਾਰਵੀਂ ਸਦੀ ਵਿੱਚਲੇ ਸੂਰਬੀਰਾਂ ਅਤੇ ਅਜੋਕੇ ਆਗੂਆਂ ਨੂੰ ਸੱਤਾਧਾਰੀ ਸਿੰਘਾਸਣਾਂ `ਤੇ ਬੈਠਾਅ ਕੇ ਵਿਸ਼ੇਸ਼ ਸਰਦਾਰੀਆਂ ਬਖਸ਼ੀਆਂ।”
ਸਹਿਜੇ-ਸਹਿਜੇ ਇਹ ਪੱਖ ਵੀ ਸਿੱਖਾਂ ਦੀ ਸਮਝ ਗੋਚਰਾ ਹੋ ਗਿਆ ਸੀ ਕਿ ਸਤਿਗੁਰਾਂ ਨੇ ਭਾਈ ਜੈਤਾ ਜੀ ਨੂੰ ਜੋ ਪਿਆਰ ਤੇ ਸਤਿਕਾਰ ਬਖ਼ਸ਼ਿਆ ਹੈ, ਉਸ ਪਿੱਛੇ ਕੇਵਲ “ਭਾਈ ਜੀ” ਦੀ ਸ਼ਹੀਦ ਪਿਤਾ ਗੁਰੂ ਦੇ ਸੀਸ ਨੂੰ ਜਾਨ `ਤੇ ਖੇਡ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਣ ਦੀ ਦਲੇਰੀ ਤੇ ਕੁਰਬਾਨੀ ਹੀ ਨਹੀਂ ਸਗੋਂ ਵਿਸ਼ੇਸ਼ ਕਾਰਣ ਗੁਰੂ ਨਾਨਕ ਪਾਤਸ਼ਾਹ ਦਾ ਉਹ ਦੁਨੀਆਂ ਤੋਂ ਵਿਲੱਖਣ ਗ਼ਰੀਬ-ਨਿਵਾਜ਼ੀ ਰੱਬੀ-ਦ੍ਰਿਸ਼ਟੀਕੋਣ ਹੈ ਜਿਸ ਅਧੀਨ ਉਨ੍ਹਾਂ ਨੇ ਰਬਾਬੀ ਮਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਆਪਣਾ ਸਾਥੀ ਬਣਾਇਆ ਅਤੇ
“ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥”–{ਗੁ.ਗ੍ਰੰ.-ਪੰ.15}
ਦਾ ਦੈਵੀ ਐਲਾਨ ਕੀਤਾ ਸੀ।
ਕਮਾਲ ਦੀ ਗੱਲ ਇਹ ਹੈ ਕਿ ਗ਼ਰੀਬ-ਨਿਵਾਜ਼ ਸਤਿਗੁਰਾਂ ਨੇ ਕਥਿਤ ਸ਼ੂਦਰ ਭਗਤਾਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਬਰਾਬਰ ਰੂਹਾਨੀ ਸਿੰਘਾਸਣ `ਤੇ ਵਿਰਾਜਮਾਨ ਕਰਕੇ “ਨੀਚਹ ਊਚੁ ਕਰੇ ਮੇਰਾ ਗੋਬਿੰਦ” ਦਾ ਰੱਬੀ-ਸੱਚ ਪ੍ਰਕਾਸ਼ਮਾਨ ਕੀਤਾ ਅਤੇ ਫਿਰ ਗੁਰੂ ਦੇ ਸਾਜੇ-ਨਿਵਾਜੇ ਖ਼ਾਲਸਾ ਪੰਥ ਨੇ ਉਨ੍ਹਾਂ ਦੇ ਭਾਈਚਾਰਿਆਂ ਦੇ ਅਠਾਰਵੀਂ ਸਦੀ ਵਿੱਚਲੇ ਸੂਰਬੀਰਾਂ ਅਤੇ ਅਜੋਕੇ ਆਗੂਆਂ ਨੂੰ ਸੱਤਾਧਾਰੀ ਸਿੰਘਾਸਣਾਂ `ਤੇ ਬੈਠਾਅ ਕੇ ਵਿਸ਼ੇਸ਼ ਸਰਦਾਰੀਆਂ ਬਖਸ਼ੀਆਂ। ਖ਼ਾਲਸੇ ਦੇ ਸੁਆਮੀ ਨੇ ਇਹ ਦ੍ਰਿੜ ਸਕੰਲਪ ਲਿਆ ਸੀ ਕਿ “ਜਿਨ ਕੀ ਜਾਤ ਵਰਣ ਕੁਲ ਮਾਹੀਂ। ਸਰਦਾਰੀ ਨਹਿਂ ਭਈ ਕਦਾਹੀਂ। ਇਨਹੀਂ ਕੋ ਸਰਦਾਰ ਬਨਾਵਊਂ। ਤਬੈ ਗੋਬਿੰਦ ਸਿੰਘ ਨਾਮ ਕਹਾਵਊਂ।”-{ਪੰਥ ਪ੍ਕਾਸ਼-ਗਿਆਨੀ ਗਿਆਨ ਸਿੰਘ} ਤਾਂ ਅਜਿਹੇ ਗ਼ਰੀਬ ਸਿੱਖੜਿਆਂ ਨੇ ਵੀ ਭਗਤ ਰਵਿਦਾਸ ਜੀ ਨਾਲ ਆਤਮਕ-ਸਾਂਝ ਪਾ ਕੇ
“ਐਸੀ, ਲਾਲ ! ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ ॥” –{ਗੁ.ਗ੍ਰੰ.-ਪੰ.1106}
ਦਾ ਇਲਾਹੀ-ਗੀਤ ਗਾਉਂਦਿਆਂ ਗੁਰੂ ਤੇ ਪੰਥ ਤੋਂ ਆਪਣੀਆਂ ਜਿੰਦੜੀਆਂ ਅਤੇ ਆਪਣੇ ਪਰਵਾਰਾਂ ਨੂੰ ਘੋਲ ਘੁਮਾਇਆ।
ਇਸ ਪੱਖੋਂ ‘ਪੰਜ ਪਿਆਰਿਆਂ’ ਦਾ ਸਦੀਵੀ ਰੁਤਬਾ ਹਾਸਲ ਕਰਨ ਵਾਲੇ ਦਿੱਲੀ ਤੋਂ ਭਾਈ ਧਰਮ ਸਿੰਘ (ਜੱਟ), ਜਗੰਨਾਥਪੁਰੀ ਤੋਂ ਹਿੰਮਤ ਸਿੰਘ (ਝੀਵਰ), ਦੁਵਾਰਕਾ ਤੋਂ ਮੁਹਕਮ ਸਿੰਘ (ਛੀਂਬਾ) ਤੇ ਬਿਦਰ ਤੋਂ ਭਾਈ ਸਾਹਿਬ ਸਿੰਘ (ਨਾਈ) ਜੀ ਦਾ ਸਿੱਖੀ ਸਿਦਕ ਸਿੱਖੀ ਦੇ ਅਕਾਸ਼ ਉੱਤੇ ਧ੍ਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ। ਇਸੇ ਤਰ੍ਹਾਂ ਗੁਰੂ ਦੇ ਪਿਆਰ, ਸਤਿਕਾਰ ਨੂੰ ਪ੍ਰਗਟਾਉਣ ਲਈ ਰੰਘਰੇਟੇ ਸ਼ਹੀਦ ਭਾਈ ਜੀਵਨ ਸਿੰਘ, ਰੰਘਰੇਟੇ ਪਿਉ ਪੁਤਰ ਭਾਈ ਬੀਰ ਸਿੰਘ ਤੇ ਧੀਰ ਸਿੰਘ ਦਾ ਨਾਂ ਸਦਾ ਸੇਧ ਬਖ਼ਸ਼ਦਾ ਰਹੇਗਾ । ਸਿੱਖ ਕੌਮ ਦੀ ਅਜ਼ਾਦ ਹਸਤੀ ਪ੍ਰਗਟਾਉਣ ਲਈ ਭਾਈ ਬੋਤਾ ਸਿੰਘ (ਸੰਧੂ ਜੱਟ) ਦਾ ਸਾਥੀ ਬਣੇ ਰੰਗਰੇਟੇ ਭਾਈ ਗਰਜਾ ਸਿੰਘ ਅਤੇ ਗੁਰੂ ਦਰਬਾਰ ਦੀ ਪਵਿਤ੍ਰਤਾ ਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਮੱਸੇ ਰੰਘੜ ਨੂੰ ਸੋਧਣ ਵਾਲੇ ਭਾਈ ਮਹਿਤਾਬ ਮੀਰਾਂ ਕੋਟ (ਭੰਗੂ ਜੱਟ) ਦਾ ਸਾਥ ਦੇਣ ਵਾਲੇ ਕਿੰਬੋਕੀ ਮਾੜੀ ਪਿੰਡ ਦੇ ਭਾਈ ਸੁੱਖਾ ਸਿੰਘ (ਕਲਸੀ ਤਰਖਾਣ) ਦਾ ਹਵਾਲਾ ਸਿੱਖੀ ਦੀ ਫੁਲਵਾੜੀ ਵਿੱਚ ਹਮੇਸ਼ਾਂ ਲਈ ਟਹਿਕਦਾ ਹੋਇਆ ਕੁਰਬਾਨੀ ਦੀ ਮਹਿਕ ਵੰਡਦਾ ਰਹੇਗਾ ।
ਇਸੀ ਤਰਜ਼ `ਤੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਤੇ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਤਰਣਾ ਦਲ ਦੇ ਜਰਨੈਲਾਂ ਵੱਜੋਂ ਰੰਘਰੇਟੇ ਆਗੂ ਸ੍ਰ. ਜਿਊਣ ਸਿੰਘ, ਮਦਨ ਸਿੰਘ ਤੇ ਬੀਰੂ ਸਿੰਘ ਤੋਂ ਇਲਾਵਾ ਰਾਮਗੜੀਏ ਸ੍ਰ. ਜੱਸਾ ਸਿੰਘ, ਸੁੱਖਾ ਸਿੰਘ ਕੰਬੋਕੀ ਮਾੜੀ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਘੜ ਸਿੰਘ (ਕੰਬੋਅ) ਦੇ ਨਾਂ ਵੀ ਸਦੀਵ ਕਾਲ ਵਾਸਤੇ ਸਿੱਖਾਂ ਨੂੰ ਕੌਮੀ ਅਜ਼ਾਦੀ ਲਈ ਜੂਝਣ ਦਾ ਚਾਅ ਬਖ਼ਸ਼ਦੇ ਰਹਿਣਗੇ। ਇਹੀ ਕਾਰਣ ਹੈ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਈ ਰਾਜ ਵਿੱਚ ਇਨ੍ਹਾਂ ਦਲਿਤ ਭਰਾਵਾਂ ਨੇ ਸਰਦਾਰੀਆਂ ਮਾਣੀਆਂ ਤੇ ਸਰਬਪੱਖੀ ਸਨਮਾਨ ਹਾਸਲ ਕੀਤਾ।
“ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਗ੍ਰੰਥੀ ਸਿੰਘ ਸਹਿਬਾਨਾਂ, ਕੀਰਤਨੀਆਂ ਤੇ ਲਾਂਗਰੀਆਂ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਸਭ ਤੋਂ ਵਧੇਰੇ ਸੇਵਾਦਾਰ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸਿੱਖ ਹੀ ਨਿਯੁਕਤ ਹਨ ਅਤੇ ਉਹ ਹਰ ਪ੍ਰਕਾਰ ਦਾ ਆਦਰ ਮਾਣ ਪ੍ਰਾਪਤ ਕਰ ਰਹੇ ਹਨ।”
ਅਜੋਕੇ ਸਮੇਂ ਵਿਚ, ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਤੇ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਸਿਆਸਤ ਤੋਂ ਪ੍ਰੇਰਿਤ ਹੋ ਕੇ ਤੇ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਖ਼ਤਰਨਾਕ ਪ੍ਰਾਰ ਕਰ ਰਹੇ ਹਨ ਕਿ ਪੰਜਾਬ ਦੇ ਅਜੋਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੜਦਾਦਾ ਤੇ ਪਟਿਆਲਾ ਰਿਆਸਤ ਦੇ ਬਾਨੀ ਸਰਦਾਰ ਆਲਾ ਸਿੰਘ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ। ਪੰਥ-ਦਰਦੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਖ਼ਾਲਸਾ ਪੰਥ ਨੂੰ ਦੁਫਾੜ ਕਰਕੇ ਸਿੱਖੀ ਦੀ ਰਾਜਨੀਤਕ ਵਿਕਾਸ ਨੂੰ ਰੋਕਣ ਦੀ ਕੋਈ ਢੂੰਘੀ ਸਰਕਾਰੀ ਸਾਜਸ਼ ਹੈ ਕਿਉਂਕਿ, ਉਹ ਸਮਝਦੇ ਸਨ ਕਿ ਉਪਰੋਕਤ ਰਾਜ-ਘਰਾਣਿਆਂ ਦੀ ਯਾਦ ਸਿੱਖਾਂ ਅੰਦਰ ਆਪਣਾ ਰਾਜ-ਭਾਗ ਸਥਾਪਤ ਕਰਨ ਦੀ ਰੀਝ ਪੈਦਾ ਕਰਦੀ ਹੈ।
ਇਹ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅਜੋਕੇ ਪੰਥਕ ਆਗੂਆਂ ਨੇ ਦਲਿਤ ਸਿੱਖ ਪ੍ਰਵਾਰਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਉਪਰਾਲੇ ਨਹੀਂ ਕੀਤੇ । ਜੱਟ ਲੋਕ ਸਾਨੂੰ ਅਜੇ ਚੂਹੜੇ ਚਮਾਰ ਕਹਿ ਕੇ ਦੁਰਕਾਰਦੇ ਹਨ । ਪਰ, ਇਥੇ ਦੋ ਪੱਖ ਸਮਝਣ ਯੋਗ ਹਨ । ਪਹਿਲਾ ਇਹ ਕਿ ਜੱਟਾਂ ਨੂੰ ਵੀ ਹਿੰਦੂ ਸ਼ਾਸਤਰਾਂ ਨੇ ਕੋਈ ਉੱਤਮ ਜਾਤੀ ਨਹੀਂ ਮੰਨਿਆ । ਇਹ ਹਲਵਾਹਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਨਾਲ ਜ਼ਮੀਨਾਂ ਦੇ ਮਾਲਕ ਬਣੇ ਹਨ । ਦੂਜਾ, ਸਾਰੇ ਜੱਟ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸਿੱਖ ਨਹੀਂ ਮੰਨੇ ਜਾ ਸਕਦੇ । ਕਿਉਂਕਿ, ਸਿੱਖ ਓਹੀ ਹੈ, ਜਿਸ ਨੇ ਗੁਰਮਤ ਸਿਧਾਂਤਾਂ ਨੂੰ ਸਮਝਿਆ ਤੇ ਜੀਵਨ ਵਿਹਾਰ ਵਿੱਚ ਧਾਰਨ ਕੀਤਾ ਹੈ । ਇਸ ਲਈ ਉਨ੍ਹਾਂ ਦੇ ਬਿਪਰਵਾਦੀ ਗ਼ਲਤ ਵਿਹਾਰ ਸਿੱਖਾਂ ਦੇ ਗਲ਼ ਨਹੀਂ ਮੜ੍ਹਣਾ ਚਾਹੀਦਾ ।
ਇਹ ਕਹਿਣਾ ਵੀ ਦਿਨ ਨੂੰ ਰਾਤ ਕਹਿਣ ਵਾਂਗ ਝੂਠਾ ਤੇ ਗ਼ਲਤ ਹੈ ਕਿ ਪੰਥਕ ਆਗੂਆਂ ਨੇ ਕੁਝ ਨਹੀਂ ਕੀਤਾ। ਕਿਉਂਕਿ, ਸੰਨ 1925 ਵਿਚ ਗੁਰਦੁਆਰਾ ਐਕਟ ਬਣਨ ਉਪਰੰਤ ਜਦੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਤਾਂ ਦਲਿਤ ਪਿਛੋਕੜ ਵਾਲੇ ਸਿੱਖ ਭਾਈਚਾਰੇ ਦੀ ਸੇਵਾ ਸੰਭਾਲ, ਸਤਿਕਾਰ ਅਤੇ ਉਨ੍ਹਾਂ ਦੀ ਸਰਬਪੱਖੀ ਉਨਤੀ ਲਈ ਚਿੰਤਾ ਪ੍ਰਗਟਾਉਂਦਿਆਂ ਜੋ ਗੁਰਮਤੇ ਪਹਿਲ ’ਤੇ ਅਧਾਰਿਤ ਪਾਸ ਕੀਤੇ ਅਤੇ ਅਮਲ ਵਿੱਚ ਲਿਆਂਦੇ । ਉਨ੍ਹਾਂ ਦੀ ਬਦੌਲਤ ਹੀ ਰਾਜਨੀਤਕ ਖੇਤਰ ਵਿੱਚ ਦਲਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਤੇ ਸ੍ਰ. ਉਜਾਗਰ ਸਿੰਘ ਰੰਘਰੇਟੇ ਵਾਂਗ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਦੇ ਮੁਖ ਮੰਤ੍ਰੀ ਅਤੇ ਐਮ ਪੀ ਬਣ ਕੇ ਲੋਕ ਸਭਾ ਦੇ ਸਪੀਕਰ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚੇ ਤੇ ਸਰਦਾਰੀਆਂ ਮਾਣੀਆਂ । ਜਿਵੇਂ ਸ਼੍ਰੋਮਣੀ ਕਮੇਟੀ ਦੇ ਖਰਚੇ ’ਤੇ ਪਲੇ ਤੇ ਪੜ੍ਹੇ ਗਿਆਨੀ ਜੈਲ ਸਿੰਘ ਅਤੇ ਸ੍ਰ ਬੂਟਾ ਸਿੰਘ ਤੋਂ ਇਲਾਵਾ ਸ੍ਰ. ਧੰਨਾ ਸਿੰਘ ‘ਗੁਲਸ਼ਨ’, ਡਾ. ਚਰਨਜੀਤ ਸਿੰਘ ਅਟਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ ਤੇ ਸਰਵਣ ਸਿੰਘ ਫਲੌਰ ਆਦਿਕ ।
12 ਨਵੰਬਰ 1936 ਦੇ ਜਨਰਲ ਸਮਾਗਮ ਵਿਖੇ ਮਾ. ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਅਪੀਲ ਰੂਪ ਮਤਾ ਹੋਇਆ ਕਿ “ਸ਼੍ਰੋਮਣੀ ਗੁ: ਪ੍ਰ: ਕਮੇਟੀ ਸਮੂਹ ਗੁ: ਪ੍ਰ: ਕਮੇਟੀਆਂ ਦਾ ਧਿਆਨ ਇਸ ਪਾਸੇ ਦਿਵਾਉਂਦੀ ਹੋਈ ਉਨ੍ਹਾਂ ਪਾਸੋਂ ਆਸ ਰੱਖਦੀ ਹੈ ਕਿ ਗੁਰਦੁਆਰਿਆਂ ਵਿੱਚ ਸੇਵਾਦਾਰ ਰੱਖਣ ਵੇਲੇ ਨਾਮਧਰੀਕ “ਅਛੂਤਾਂ” ਵਿੱਚੋਂ ਸਜੇ ਸਿੰਘਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਇਆ ਕਰੇਗਾ।”
11 ਜੂਨ 1939 ਦਾ ਮਤਾ ਹੈ ਕਿ “ਗ਼ੈਰ ਸਿੱਖਾਂ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਦੇ ਕਾਰਨ ਪੰਜਾਬ ਦੇ ਅਖੌਤੀ ਅਛੂਤਾਂ ਵਿੱਚ ਸਿੱਖ ਬਣਨ ਦੀ ਲਹਿਰ ਵਿੱਚ ਰੋਕ ਪੈ ਗਈ ਹੈ ਅਤੇ ਇਸ ਰੋਕ ਦਾ ਕਾਰਨ ਹਿੰਦੂ ਅਛੂਤਾਂ ਨੂੰ ਵੱਖਰੀਆਂ ਸੀਟਾਂ ਦਾ ਮਿਲਣਾ ਹੈ। ਇਨ੍ਹਾਂ ਹਾਲਾਤ ਨੂੰ ਮੁਖ ਰੱਖ ਕੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਪੰਜਾਬ ਗਵਰਨਮੈਂਟ, ਹਕੂਮਤ ਹਿੰਦ ਅਤੇ ਬ੍ਰਿਟਿਸ਼ ਪਾਰਲੀਮੈਂਟ `ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲਡ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਸਿੱਖ ਸੀਟਾਂ ਵਿੱਚੋਂ ਤਿੰਨ ਸੀਟਾਂ ਰੀਜ਼ਰਵ ਕਰ ਦੇਵੇ ਅਤੇ ਸ਼ਡੂਲ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਵੋਟਰ ਬਣਨ ਦੇ ਗੁਣ (ਕੁਆਲੀਫੀਕੇਸਨਜ਼) ਉਹੋ ਨੀਯਤ ਕੀਤੇ ਜਾਣ ਜੋ ਹੋਰ ਸ਼ਡੂਲਡ ਜਾਤੀਆਂ ਨੀਯਤ ਕੀਤੇ ਗਏ ਹਨ। ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ ਆਪ ਰੀਜ਼ਰਵੇਸ਼ਨ ਹਟ ਜਾਏ।”
28 ਮਈ 1948 ਦਾ ਮਤਾ ਹੈ – “ਪਛੜੀਆਂ ਸਿੱਖ ਸ਼੍ਰੇਣੀਆਂ, ਜਿਨ੍ਹਾਂ ਵਿੱਚ ਮਜ਼ਹਬੀ, ਰਵਿਦਾਸੀਏ ਤੇ ਕਬੀਰ-ਪੰਥੀ ਆਦਿਕ ਸ਼੍ਰੇਣੀਆਂ ਸ਼ਾਮਲ ਹਨ, ਪ੍ਰਾਚੀਨ ਕਾਲ ਤੋਂ “ਅਛੂਤ ਜਾਤੀਆਂ” ਨਾਲ ਸਬੰਧਿਤ ਹੋਣ ਕਰਕੇ ਸਮਾਜਿਕ ਤੇ ਮਾਲੀ ਕਮਜ਼ੋਰੀ ਦੇ ਕਾਰਨ ਪਿੰਡਾਂ ਵਿੱਚ ਆਮ ਤੌਰ `ਤੇ ਹਕਾਰਤ ਦੀ ਨਿਗਾਹ ਨਾਲ ਦੇਖੇ ਜਾਂਦੇ ਹਨ । ਇਸ ਲਈ ਸ਼੍ਰੋ: ਗੁ: ਪ੍ਰ: ਕਮੇਟੀ ਨੇ ਇਨ੍ਹਾਂ ਨੂੰ ਧਾਰਮਿਕ ਤੇ ਸਮਾਜਿਕ ਬਰਾਬਰੀ ਦੇਣ ਲਈ ਗੁਰਦੁਆਰਾ ਤਰਤੀਮ ਬਿੱਲ ਰਾਹੀਂ ਕਮੇਟੀ ਦੀਆਂ 12 ਸੀਟਾਂ ਇਨ੍ਹਾਂ ਵਾਸਤੇ ਰੀਜ਼ਰਵ ਕਰ ਦਿੱਤੀਆਂ ਤੇ ਇਹ ਕਰੜੀ ਰੋਕ ਲਾ ਦਿੱਤੀ ਕਿ ਇਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਹਰੀਜਨ ਕੋਈ ਨਾ ਆਖੇ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਚੁਣੇ ਹੋਏ ਪਛੜੀਆਂ ਸ਼੍ਰੇਣੀਆਂ ਦੇ 12 ਤੇ ਇੱਕ ਨਾਮਜ਼ਦ ਮੈਂਬਰ, ਕੁੱਲ 13 ਮੈਂਬਰ ਉਸ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਅੰਗ ਬਣ ਗਏ। ਸਰਦਾਰ ਗੁਰਬਖਸ਼ ਸਿੰਘ ‘ਰਾਹੀ’ ਜ਼ਿਲਾ ਲੁਧਿਆਣਾ ਨੂੰ ਕਮੇਟੀ ਵੱਲੋਂ ਇਤਫ਼ਾਕ ਰਾਇ ਨਾਲ ਅੰਤ੍ਰਿੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਇਨ੍ਹਾਂ ਸ਼੍ਰੇਣੀਆਂ ਵਿੱਚ ਕਮੇਟੀ ਵੱਲੋਂ ਬਾਕਾਇਦਾ ਗੁਰਮਤਿ ਪ੍ਰਚਾਰ ਦੀ ਲਹਿਰ ਚਲਾਈ ਗਈ।” ਇਥੇ ਨੋਟ ਕਰਨ ਵਾਲਾ ਵਿਸ਼ੇਸ਼ ਨੁਕਤਾ ਹੈ ਕਿ 10 ਮਾਰਚ 1945 ਦੇ ਮਤੇ ਮੁਤਾਬਿਕ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਤੇ ਪ੍ਰਚਾਰਕ ਵੀ ਮਜ਼ਹਬੀਆਂ ਤੇ ਰਵਿਦਾਸੀਆਂ ਵਿੱਚੋਂ ਰੱਖੇ ਗਏ।
ਇਹੀ ਕਾਰਣ ਹੈ ਕਿ ਹੁਣ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਗ੍ਰੰਥੀ ਸਿੰਘ ਸਹਿਬਾਨਾਂ, ਕੀਰਤਨੀਆਂ ਤੇ ਲਾਂਗਰੀਆਂ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਸਭ ਤੋਂ ਵਧੇਰੇ ਸੇਵਾਦਾਰ ਉਪਰੋਕਤ ਕਿਸਮ ਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸਿੱਖ ਹੀ ਨਿਯੁਕਤ ਹਨ ਅਤੇ ਉਹ ਹਰ ਪ੍ਰਕਾਰ ਦਾ ਆਦਰ ਮਾਣ ਪ੍ਰਾਪਤ ਕਰ ਰਹੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਵਜੋਂ ਗਿ. ਸਾਧੂ ਸਿੰਘ ‘ਭੌਰਾ’, ਸ੍ਰੀ ਦਰਬਾਰ ਦੇ ਮੁਖ ਗ੍ਰੰਥੀ ਵਜੋਂ ਗਿ. ਚੈਂਚਲ ਸਿੰਘ ਜੀ ਅਤੇ ਪ੍ਰਸਿੱਧ ਕੀਰਤਨੀਆਂ ਵਜੋਂ ਭਾਈ ਸੰਤਾ ਸਿੰਘ, ਭਾਈ ਬਖ਼ਸ਼ੀਸ਼ ਸਿੰਘ, ਭਾਈ ਗੁਰਮੇਲ ਸਿੰਘ ਅਤੇ ‘ਪਦਮ ਸ੍ਰੀ’ ਭਾਈ ਨਿਰਮਲ ਸਿੰਘ ਜੀ ਦੇ ਨਾਂ ਵਰਨਣ ਯੋਗ ਹਨ।
ਸੋ ਸਪੱਸ਼ਟ ਹੈ ਕਿ ਬਿਪਰਵਾਦੀ “ਸ਼ੂਦਰ” ਤੇ ਦਲਿਤ ਪਰਿਵਾਰਾਂ ਦੇ ਪਿਛੋਕੜ ਵਾਲੇ ਗੁਰਸਿੱਖਾਂ ਨੂੰ ਜਿਤਨਾ ਮਾਣ ਸਤਿਕਾਰ ਤੇ ਪਿਆਰ ਗੁਰੂ ਸਾਹਿਬਾਨ, ਸਿੱਖ ਸੰਸਥਾਵਾਂ ਤੇ ਸਿੱਖ ਭਾਈਚਾਰੇ ਨੇ ਸੰਸਾਰ ਭਰ ਵਿੱਚ ਬਖ਼ਸ਼ਿਆ ਹੈ, ਉਸ ਦੇ ਬਰਾਬਰ ਦੀ ਕੋਈ ਹੋਰ ਮਿਸਾਲ ਲਭਣੀ ਅਸੰਭਵ ਹੈ। ਪਰ, ਅਤਿਅੰਤ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਪੈਰਾਂ ਹੇਠ ਰੋਲ ਕੇ ‘ਨੀਚੀਂ ਹੂੰ ਅਤਿ ਨੀਚ’ ਦਲਿਤ ਤੇ ਅਛੂਤ ਬਣਾਇਆ, ਸ਼ੂਦਰ ਕਹਿ ਕੇ ਮੰਦਰਾਂ ਚੋਂ ਧੱਕੇ ਮਾਰੇ ਅਤੇ ਇਨ੍ਹਾਂ ਦਾ ਪ੍ਰਛਾਂਵਾਂ ਭਿੱਟਣਯੋਗ ਮੰਨਿਆ, ਹੁਣ ਉਨ੍ਹਾਂ ਲੋਕਾਂ ਦੀਆਂ ਸਰਕਾਰੀ ਸਾਜਸ਼ਾਂ ਦਾ ਸ਼ਿਕਾਰ ਹੋ ਕੇ ਹੀ ਸਾਡੇ ਹੀ ਕੁਝ (ਦਲਿਤ) ਭਰਾਵਾਂ ਨੇ ਖ਼ਾਲਸਾ-ਪੰਥ ਨੂੰ ਕਮਜ਼ੋਰ ਕਰਣ ਲਈ ਬਹੁਤ ਖ਼ਤਰਨਾਕ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਥ-ਦਰਦੀ ਭੈਣ-ਭਰਾਵਾਂ ਤੇ ਵਿਦਵਾਨਾਂ ਦਾ ਫਰਜ਼ ਹੈ ਅਜਿਹੇ ਲੋਕਾਂ ਨੂੰ ਗੁਰੂ ਸਾਹਿਬਾਨ ਤੇ ਖ਼ਾਲਸੇ ਉਪਕਾਰਾਂ ਨੂੰ ਚੇਤੇ ਕਰਾਉਣ, ਸਮਝਾਉਣ ਤੇ ਅਰਦਾਸ ਕਰਨ ਕਿ ਅਕਾਲ ਪੁਰਖ ਇਨ੍ਹਾਂ ਭੁੱਲੜ ਵੀਰਾਂ ਨੂੰ ਬਿਬੇਕ-ਬੁੱਧੀ ਬਖ਼ਸ਼ਣ।