ਰੂਹ ਦੀ ਗਹਿਰਾਈ
ਇਸ ਰਚਨਾ ਵਿਚਲੇ ਬੋਲ, ਮੇਰੀ ਰੂਹ ਦੀ ਗਹਿਰਾਈ ਤੋ ਮੇਰੀ ਕਲਮ ਤੱਕ ਪਹੁੰਚੇ ਉਹ ਨਿਰੋਲ, ਨਿਰਛਲ ਤੇ ਕੋਮਲ ਬੋਲ ਹਨ, ਜੋ ਮੇਰੇ ਧੁਰ ਅੰਦਰ ਵਸੇ ਹਨ ਤੇ ਮੈਨੂੰ ਉਸ ਜੋਤ ਰੂਪ ਗਿਆਨ ਦੀ ਰੌਸ਼ਨੀ ਨਾਲ ਰੂਬਰੂ ਕਰਾਉਂਦੇ ਹੋਏ ,ਅਰਬਦ ਨਰਬਦ ਧੁੰਦੁਕਾਰਾ ਵਰਗੀ ਸਥਿਤੀ ਵਿੱਚ ਸਿਰਜਣਾ ਕਰਨ ਦੀ ਹੈਸੀਅਤ ਤੇ ਸਮਰੱਥਾ ਬਖਸ਼ਦੇ ਹਨ।
ਨਾ ਮਸਜਿਦ ਦੀ ਨਾ ਮੰਦਰ ਦੀ,
ਏਹ ਖੇਡ ਹੈ ਬੱਸ ਧੁਰ ਅੰਦਰ ਦੀ।
ਰੂਹ ਦੇ ਤੜਫਦੇ ਸ਼ੋਰ ਵਿੱਚੋਂ,
ਜੋ ਅਨਹਦ ਨਾਦ ਸੁਣਾ ਦੇਵੇ,
“ਮਿਲਕ ਭਾਗੋ” ਨੂੰ ਭਗਤ ਬਣਾ ਦੇਵੇ,
ਤੇ ਠੱਗ ਨੂੰ ਸੱਜਣ ਸਜਾ ਦੇਵੇ,
ਜੋ ਮੈਂ ਦੀ “ਮੈਂ” ਨੂੰ ਹਰ ਲਵੇ,
ਉਸ ਆਦਿ ਜੁਗਾਦਿ ਸਮੁੰਦਰ ਦੀ,
ਨਾ ਮਸਜਿਦ ਦੀ ਨਾ ਮੰਦਰ ਦੀ,
ਏਹ ਖੇਡ ਹੈ ਬੱਸ ਧੁਰ ਅੰਦਰ ਦੀ।
ਖੰਡ ਖੰਡ ਹੋਈ ਸੋਚ ਨੂੰ,
ਅਖੰਡ ਅਥਾਹ ਜੋ ਕਰ ਦੇਵੇ,
ਹਨੇਰੇ ਰਾਹਾਂ ਦੀ ਫਿਤਰਤ ਨੂੰ,
ਮੁੜ ਚਾਨਣ ਚਾਨਣ ਕਰ ਦੇਵੇ,
ਸੁਰਤ ਧੁਨ ਹੈ “ਚੇਲਾ” ਜਿਸਦਾ,
ਉਸ “ਸ਼ਬਦ ਗੁਰੂ” ਪੈਗੰਬਰ ਦੀ,
ਨਾ ਮਸਜਿਦ ਦੀ ਨਾ ਮੰਦਰ ਦੀ,
ਏਹ ਖੇਡ ਹੈ ਬੱਸ ਧੁਰ ਅੰਦਰ ਦੀ।
ਸੁਰਤ ਮੱਤ ਮਨ ਬੁੱਧ ਨੂੰ,
ਕਰਮ ਖੰਡ ਨਾਲ ਜੋੜ ਦੇਵੇ,
ਬੇਤਰਤੀਬ ਖਿਆਲਾਂ ਨੂੰ,
ਸਿਰਜਣਾ ਵੱਲ ਮੋੜ ਦੇਵੇ,
ਜੋ ਰਚਣਹਾਰ ਹੈ ਸ੍ਰਿਸ਼ਟੀ ਦਾ,
ਉਸ ਕਲਾਧਾਰ ਕਲੰਦਰ ਦੀ,
ਨਾ ਮਸਿਜਦ ਦੀ ਨਾ ਮੰਦਰ ਦੀ,
ਏਹ ਖੇਡ ਹੈ ਬੱਸ ਧੁਰ ਅੰਦਰ ਦੀ।
ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ,
ਜਗਤ ਜਲੰਦਾ ਠਾਰ ਦੇਵੇ,
ਦਇਆ ਧਰਮ ਹਿੰਮਤ ਤੇ ਮੋਹਕਮ,
ਸਾਹਿਬ ਦਾ ਪਿਆਰ ਦੇਵੇ,
ਏਹ ਸਭ ਤਾਂ ਹੀ ਹੋ ਸਕਦਾ,
ਜਦ ਠਾਹਰ ਮਿਲੇ ਗੁਰ ਮੰਤਰ ਦੀ,
ਨਾ ਮਸਿਜਦ ਦੀ ਨਾ ਮੰਦਰ ਦੀ,
ਏਹ ਖੇਡ ਹੈ ਬੱਸ ਧੁਰ ਅੰਦਰ ਦੀ।