ਸਿੱਖਾਂ ਦੇ ਵੇੜੇ ਚੜਿਆ ਨਵੰਬਰ ੧੯੮੪ ਦਾ ਚੰਦਰਾ ਸੂਰਜ
ਸੁਖਦੀਪ ਸਿੰਘ ਬਰਨਾਲਾ ਇਕ ਧੜੱਲੇਦਾਰ ਨੌਜਵਾਨ ਕਵੀ ਹੈ ਜਿਸਨੇ ਛੇ ਕਵਿਤਾਵਾਂ ਦਾ ਸੰਗ੍ਰਹ ਪ੍ਰਕਾਸ਼ਿਤ ਕੀਤਾ ਹੈ। ਆਪਣੇ ਆਪ ਨੂੰ ਬਾਗੀ ਕਹਿਣ ਵਿਚ ਮਾਣ ਮਹਿਸੂਸ ਕਰਨ ਵਾਲੇ ਇਸ ਕਵੀ ਦੀਆਂ ਪੁਸਤਕਾਂ ਹਨ –ਜੰਗਨਾਮਾ –ਸਿੱਖਾਂ ਤੇ ਬਿਪਰਾਂ, ਬਾਗੀ ਕਵਿਤਾਵਾਂ, ਧਰਮ ਯੁਧ, ਪੰਜ ਸਦੀਆਂ ਦਾ ਵੈਰ, ਹੁਣ ਸਜ਼ਾ ਦਿਉ ਮੈਨੂੰ ਦੋਸ਼ੀ ਨੂੰ ਅਤੇ ਸਰਕਾਰੀ ਸਾਜਿਸ਼। ਉਹ ਬੇਬਾਕ ਹੋਕੇ ਕੌਮੀ ਪੀੜਾ ਅਤੇ ਆਸ਼ਾਵਾਂ ਦੀ ਤਰਜੁਮਾਨੀ ਕਰਦਾ ਹੈ।
ਨਵੰਬਰ ੧੯੮੪ ਬਾਰੇ ਇਸ ਕਵਿਤਾ ਨੂੰ ਵਰਲਡ ਸਿੱਖ ਨਿਉਜ਼ ਆਪਣੇ ਦਰਸ਼ਕਾਂ ਲਈ ਅਰਪਣ ਕਰਦਾ ਹੈ:
ਏਹ ਕੇਹਾ ਸੂਰਜ ਚੰਦਰਾ, ਸਾਡੇ ਵਿਹੜੇ ਚੜ੍ਹਿਆ ਆਣ ਵੇ,
ਜਿਉਂ-ਜਿਉਂ ਕਿਰਨਾਂ ਚੜ੍ਹਦੀਆਂ, ਸਾਡੇ ਘਰੀਂ ਹਨੇਰੇ ਛਾਣ ਵੇ,
ਲੈ ਲਿਆ ਬਦਲਾ ਅਗਲਿਆਂ, ਕਿਉਂ ਰਾਜੇ ਖੂਨ ਮਚਾਣ ਵੇ,
ਜਿਸ ਦਰ ਨਾ ਮੱਥਾ ਲਾ ਲਿਆ, ਉਸ ਦਰ ਦੀ ਉਂਚੀ ਸ਼ਾਨ ਵੇ,
ਬਦਲੇ ਵਾਂਗਰ ਗਿਰਗਿਟਾਂ, ਪਏ ਧਰਤੀ ਅੱਜ ਹਿਲਾਨ ਵੇ,
ਇਸ ਖਸਮਾਂ ਖਾਣੀ ਰੁੱਤ ਵਿਚ, ਬਣ ਗਿਆ ਕੀ ਇਨਸਾਨ ਵੇ,
ਅੱਜ ਪੌਣਾ ਪਿੱਟਣ ਤਾਜ਼ੀਏ, ਸਭ ਮੌਤ ਦੇ ਨਗਮੇਂ ਗਾਣ ਵੇ,
ਤੂੰ ਰੱਖਿਆ ਡੁੱਬਦੀ ਹਿੰਦ ਨੂੰ, ਪਰ ਟੁੱਟ ਗਿਆ ਅੱਜ ਮਾਣ ਵੇ,
ਘਿਰ ਗਿਆ ਦਿੱਲੀ ਖਾਲ਼ਸਾ, ਫੜ ਟਾਇਰ ਗਲਾਂ ਵਿਚ ਪਾਣ ਵੇ,
ਸਭ ਬੱਚੇ, ਬੁੱਢੇ, ਨਾਰੀਆਂ, ਨੂੰ ਫੜ-ਫੜ ਲਾਂਬੂ ਲਾਣ ਵੇ,
ਜਿਸ ਚਾਂਦਨੀ ਚੌਂਕ ਵਿਚ, ਲੱਗੇ ਜੰਝੂ ਅਸੀਂ ਬਚਾਣ ਵੇ,
ਉਥੇ ਤੜਪ-ਤੜਪ ਕੇ ਨਿਕਲੀ, ਸਾਡੀ ਨਿਰਦੋਸ਼ੀ ਜਾਨ ਵੇ,
ਰੁਲ਼ੀਆਂ ਅੱਜ ਸਰਦਾਰੀਆਂ, ਕਿੰਝ ਮੋੜੇ ਅੱਜ ਅਹਿਸਾਨ ਵੇ,
ਸਿਵੇ ਹਿੱਕਾਂ ‘ਤੇ ਬਾਲਤੇ, ਸਾਡੇ ਘਰ-ਘਰ ਅੱਜ ਸ਼ਮਸਾਨ ਵੇ,
‘ਯਾਦ ਕਰੇਗਾ ਖਾਲਸਾ’ ਸਾਨੂੰ ਉਚੀ ਆਖ ਸੁਨਾਣ ਵੇ,
ਦਿੱਲੀ ਨੇ ਅੱਜ ਲੁੱਟ ਲਈ, ਸਾਡੇ ਚਿਹਰੇ ਦੀ ਮੁਸਕਾਣ ਵੇ,
ਇਥੇ ਦੋਸ਼ੀ ਅਣਖਾਂ ਵਾਲੜੇ, ਇਹੋ ਤਖਤਾਂ ਦਾ ਫੁਰਮਾਣ ਵੇ,
ਅੱਜ ਸੱਚ ਨੂੰ ਫਾਂਸੀ ਦੇਦੀਏ, ਆਓ ਕਿਰਿਆ-ਕਰਮ ਕਰਾਣ ਵੇ,
ਚੱਲੋ ਸੱਦੋ ਸਾਕ ਸਕੀਰੀਆਂ, ਘੱਲੋ ਖਬਰਾਂ ਕੁੱਲ ਜਹਾਨ ਵੇ,
“ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ” ਸਾਡਾ ਬਾਕੀ ਇਹੋ ਨਿਸ਼ਾਨ ਵੇ..