‘ਦ ਬਲੈਕ ਪ੍ਰਿੰਸ’ ਇਸ ਸਦੀ ਦੀ ਇਤਿਹਾਸਕ ਫਿਲਮ
ਵਰਲਡ ਸਿੱਖ ਨਿਊਜ ਦੇ ਸੰਪਾਦਕ ਜਗਮੋਹਨ ਸਿੰਘ ਨੇ ਇਤਿਹਾਸਕ ਫਿਲਮ ‘ਦ ਬਲੈਕ ਪ੍ਰਿੰਸ’ ਦੇ ਇਸ ਰਿਵਿਊ ਵਿੱਚ ਫਿਲਮ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਪੜ੍ਹ ਸਿੱਖ ਅਤੇ ਸਿੱਖਾਂ ਦੇ ਦੋਸਤ ਫਿਲਮ ਦੇਖਣ ਲਈ ਪ੍ਰੇਰਤ ਹੋਣਗੇ ਜੋ ਫਿਲਮ ਦੁਨੀਆਂ ਭਰ ਵਿੱਚ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਦਿਖਾਈ ਜਾ ਰਹੀ ਹੈ। ਉਨ੍ਹਾਂ ਨੇ ਫਿਲਮ ਨੂੰ ਫਾਈਵ ਸਟਾਰ ਰੇਟਿੰਗ ਦਿੱਤੀ ਹੈ।
ਪਿਛਲੇ ਹਫਤੇ ਸ਼ੁੱਕਰਵਾਰ ਨੂੰ ਮੈਂ 2 ਘੰਟੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਦੇ ਸਾਥ ਵਿੱਚ ਗੁਜਾਰੇ। ਇਨ੍ਹਾਂ 2 ਘੰਟਿਆਂ ਦੌਰਾਨ ਮੈਂ ਮਹਾਰਾਜਾ ਦਲੀਪ ਸਿੰਘ ਨਾਲ ਸਿੱਖ ਧਰਮ ਤੋਂ ਜ਼ਬਰੀ ਇਸਾਈ ਧਰਮ ਦੇ ਦਾਖਲੇ ਤੱਕ ਅਤੇ ਫਿਰ ਸਹਿਜੇ-ਸਹਿਜੇ ਸਿੱਖੀ ਵਿੱਚ ਮੁੜ ਵਾਪਸੀ ਦਾ ਸਫਰ ਤਹਿ ਕੀਤਾ। ਬੱਚੇ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਘਰਾਣੇ `ਚੋਂ ਮਾਂ ਦੀ ਝੋਲੀ `ਚੋਂ ਖੋਹ ਕੇ ਇੰਗਲੈਂਡ ਬਕਿੰਘਮ ਪੈਲੇਸ ਦੇ ਰਾਜ ਘਰਾਣੇ ਤੱਕ ਮਹਾਰਾਜਾ ਦਲੀਪ ਸਿੰਘ ਦੀ ਜਬਰੀ ਯਾਤਰਾ ਦਾ ਵੀ ਮੈਂ ਸਾਥ ਮਾਣਿਆ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਮੈਂ ਹਰ ਅੰਗਰੇਜ਼ ਦੀ ਅੱਖ ਵਿੱਚ ਅੱਖ ਪਾ ਕੇ ਸਿੱਧਾ ਦੇਖ ਸਕਦਾ ਹਾਂ ਅਤੇ ਉਸਨੂੰ ਦੱਸ ਸਕਦਾ ਹਾਂ ਕਿ ਕਿਵੇਂ ਗੋਰਿਆਂ ਨੇ ਸਿੱਖਾਂ ਨਾਲ ਫਰੇਬ ਕਮਾਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਕੋਲੋਂ ਸਿੱਖ ਰਾਜ ਖੋਹ ਲਿਆ।
ਇੱਕ ਸਿੱਖ ਹੋਣ ਦੇ ਨਾਤੇ ਮੇਰੇ ਹੰਝੂ ਰੁਕ ਨਾ ਸਕੇ ਜਦ ਮੈਂ ਦਲੀਪ ਸਿੰਘ ਨੂੰ ਬਰਤਾਨਵੀ ਰਿਆਸਤੀ ਅਮੀਰੀ ਜਿਸ ਵਿੱਚ ਉਸਨੇ ਆਪਣੀ ਜਵਾਨੀ ਗੁਜਾਰੀ ਸੀ ਪਰ ਕਿਵੇਂ ਸਭ ਕੁਝ ਤਿਆਗ ਕੇ ਉਹ ਬਰਤਾਨੀਆ ਤੋਂ ਬਾਘੀ ਹੋਇਆ, ਕਿਵੇਂ ਉਸ ਕੋਲੋਂ ਸਭ ਕੁਝ ਖੋਹ ਲਿਆ ਗਿਆ ਅਤੇ ਉਹ ਇੱਕ ਅੱਤ ਗਰੀਬ ਹਾਲਤ ਵਿੱਚ ਆਪਣੇ ਆਖਰੀ ਸਾਹ ਭਰਣ ਲਈ ਮਜ਼ਬੂਰ ਹੋਇਆ ਪਰ ਇਹ ਕਹਿਣਾ ਪਵੇਗਾ, ਉਸ ਨੇ “ਲੜਾਈ ਪੂਰੀ ਲੜੀ”। ਫਿਲਮ ਦੇ ਵਿੱਚ ਮਾਂ-ਪੁੱਤ ਦੇ ਸੰਵਾਦ ਨੇ ਝੰਜੋੜ ਕੇ ਰੱਖ ਦਿੱਤਾ। ਬੜੇ ਹੀ ਸਹਿਜ ਨਾਲ ਜਦ ਦਹਾਕਿਆਂ ਬਾਅਦ ਮਹਾਰਾਣੀ ਜਿੰਦਾ ਆਪਣੇ ਬੱਚੇ ਮਹਾਰਾਜਾ ਦਲੀਪ ਸਿੰਘ ਨੂੰ ਮਿਲਦੀ ਹੈ ਤਾਂ ਬੜੀ ਹੀ ਸਹਿਣਸ਼ੀਲਤਾ ਨਾਲ ਕਹਿੰਦੀ ਹੈ, “ਮੈਂ ਕੇਵਲ ਸਰਕਾਰ ਖਾਲਸਾ ਦਾ ਰਾਜ ਹੀ ਨਹੀਂ ਗਵਾਇਆ, ਮੈਂ ਪੁੱਤਰ ਵੀ ਗਵਾ ਲਿਆ”।
“ਫਿਲਮ ਦੇ ਵਿੱਚ ਮਾਂ-ਪੁੱਤ ਦੇ ਸੰਵਾਦ ਨੇ ਝੰਜੋੜ ਕੇ ਰੱਖ ਦਿੱਤਾ। ਬੜੇ ਹੀ ਸਹਿਜ ਨਾਲ ਜਦ ਦਹਾਕਿਆਂ ਬਾਅਦ ਮਹਾਰਾਣੀ ਜਿੰਦਾ ਆਪਣੇ ਬੱਚੇ ਮਹਾਰਾਜਾ ਦਲੀਪ ਸਿੰਘ ਨੂੰ ਮਿਲਦੀ ਹੈ ਤਾਂ ਬੜੀ ਹੀ ਸਹਿਣਸ਼ੀਲਤਾ ਨਾਲ ਕਹਿੰਦੀ ਹੈ, “ਮੈਂ ਕੇਵਲ ਸਰਕਾਰ ਖਾਲਸਾ ਦਾ ਰਾਜ ਹੀ ਨਹੀਂ ਗਵਾਇਆ, ਮੈਂ ਪੁੱਤਰ ਵੀ ਗਵਾ ਲਿਆ”“
ਮਹਾਰਾਜਾ ਦਲੀਪ ਸਿੰਘ ਦਹਾਕਿਆਂ ਤੋਂ ਬਿਛੜੀ ਮਾਂ ਨੂੰ ਮਿਲਣ ਤੋਂ ਬਾਅਦ ਬੜੇ ਜੋਸ਼ੋ-ਖਰੋਸ਼ ਨਾਲ ਆਪਣੇ ਨੇੜਲੇ ਸਹਿਯੋਗੀ ਰੂੜ ਸਿੰਘ ਨੂੰ ਕਹਿੰਦਾ ਹੈ, “ਮੈਂ ਸ਼ਹਿਜ਼ਾਦਾ ਨਹੀਂ, ਰਾਜਾ ਹਾਂ”। ਇਸ ਬਦਲਾਵ ਨੂੰ ਯੁੱਗ ਪਲਟਾ ਹੀ ਕਿਹਾ ਜਾ ਸਕਦਾ ਹੈ।
ਮੈਨੂੰ ਬਹੁਤ ਮਾਣ ਹੋਇਆ ਜਦ ਮੈਂ ਦੇਖਿਆ ਕਿ ਰਾਜੇ ਤੋਂ ਸ਼ਹਿਜ਼ਾਦਾ, ਸ਼ਹਿਜ਼ਾਦੇ ਤੋਂ ਰਾਜਾ ਅਤੇ ਰਾਜੇ ਤੋਂ ਬਾਘੀ ਬਣਿਆ ਮਹਾਰਾਜਾ ਦਲੀਪ ਸਿੰਘ ਫਰਾਂਸ ਅਤੇ ਰੂਸ ਜਾ ਕੇ ਫਰਾਂਸੀਸੀ ਅਤੇ ਰੂਸੀ ਸਰਕਾਰਾਂ ਦੀ ਇਮਦਾਦ ਨਾਲ ਬਰਤਾਨਵੀ ਰਾਜ ਦਾ ਤਖਤਾ ਪਲਟਣ ਲਈ ਪੁਰਜ਼ੋਰ ਉਪਰਾਲੇ ਕਰਦਾ ਹੈ।
ਫਰਾਂਸ ਦੀ ਧਰਤੀ `ਤੇ ਅੰਮ੍ਰਿਤ ਸੰਚਾਰ? ਸ਼ਾਇਦ ਆਪਣੇ ਕਿਸਮ ਦਾ ਉਸ ਧਰਤੀ `ਤੇ ਪਹਿਲੀ ਵਾਰ ਇਹ ਹੋਇਆ ਹੋਣਾ ਜੋ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ ਇੱਕ ਨਿੱਜੀ ਅੰਮ੍ਰਿਤ ਸੰਚਾਰ ਸਮਾਗਮ ਕਰਕੇ ਮਹਾਰਾਜਾ ਦਲੀਪ ਸਿੰਘ ਪੱਕੇ ਤੌਰ `ਤੇ ਸਿੱਖੀ ਨੂੰ ਅਪਣਾ ਲੈਂਦਾ ਹੈ ਕਿਉਂਕਿ ਉਸਦੀ ਦੀ ਮਾਂ ਦੇ ਬਚਨ ਸਨ ਕਿ ਸਿੱਖ ਬਣ ਕੇ ਜਿਉਂਦਾ ਰਹੀਂ ਕਿਉਂਕਿ ਉਸਦੀ ਮਾਂ ਵੀ ਸਿੱਖ ਬਣ ਕੇ ਜਿਉਣਾ ਅਤੇ ਮਰਨਾ ਚਾਹੁੰਦੀ ਹੈ ਅਤੇ ਉਸਨੂੰ ਵੀ ਇਸ ਤਰ੍ਹਾਂ ਹੀ ਪ੍ਰੇਰਿਆ ਸੀ।
ਕੂਕਾ ਸਿੱਖਾਂ (ਅਜੋਕੇ ਸਮੇਂ ਦੇ ਨਾਮਧਾਰੀ ਸਿੱਖ) ਦੇ ਚਿਹਰਿਆਂ `ਤੇ ਖੁਸ਼ੀ ਦੇਖਦਿਆਂ ਹੀ ਬਣਦੀ ਹੈ ਜਦ ਉਨ੍ਹਾਂ ਨੂੰ ਇਤਲਾਹ ਮਿਲਦੀ ਹੈ ਕਿ ਸਿੱਖ ਰਾਜ ਨੂੰ ਮੁੜ ਸੁਰਜੀਤ ਕਰਨ ਦੇ ਲਈ ਮਹਾਰਾਜਾ ਦਲੀਪ ਸਿੰਘ ਆਪਣੀ ਸਰ-ਜਮੀਨ ਪੰਜਾਬ ਵਾਪਿਸ ਪਹੁੰਚ ਰਿਹਾ ਹੈ।
ਕੀ ਤੁਸੀਂ ਇਹ ਨਹੀਂ ਜਾਨਣਾ ਚਾਹੋਗੇ ਕਿ ਪੰਜਾਬ ਪਰਤ ਰਹੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਵਤਨ ਨਹੀਂ ਆਉਣ ਦਿੱਤਾ ਗਿਆ ਅਤੇ ਉਸ ਨੂੰ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਸਰਸਵਤੀ ਨਦੀ ਦੇ ਕੰਢੇ ਨਾਸਿਕ ਮਹਾਰਾਸ਼ਟਰਾ ਵਿਖੇ ਕਰਨਾ ਪਿਆ?
“ਮੈਨੂੰ ਬਹੁਤ ਮਾਣ ਹੋਇਆ ਜਦ ਮੈਂ ਦੇਖਿਆ ਕਿ ਰਾਜੇ ਤੋਂ ਸ਼ਹਿਜ਼ਾਦਾ, ਸ਼ਹਿਜ਼ਾਦੇ ਤੋਂ ਰਾਜਾ ਅਤੇ ਰਾਜੇ ਤੋਂ ਬਾਘੀ ਬਣਿਆ ਮਹਾਰਾਜਾ ਦਲੀਪ ਸਿੰਘ ਫਰਾਂਸ ਅਤੇ ਰੂਸ ਜਾ ਕੇ ਫਰਾਂਸੀਸੀ ਅਤੇ ਰੂਸੀ ਸਰਕਾਰਾਂ ਦੀ ਇਮਦਾਦ ਨਾਲ ਬਰਤਾਨਵੀ ਰਾਜ ਦਾ ਤਖਤਾ ਪਲਟਣ ਲਈ ਪੁਰਜ਼ੋਰ ਉਪਰਾਲੇ ਕਰਦਾ ਹੈ।“
ਕਿੰਨੇ ਸਿੱਖਾਂ ਦੇ ਅਜਿਹੇ ਕਿਰਦਾਰ ਹਨ ਜੋ ਇੰਗਲੈਂਡ ਵਿੱਚ ਅੰਗਰੇਜ਼ੀ ਰਿਆਸਤੀ ਜੀਵਨ ਜੀ ਰਹੇ ਹੋਣ ਪਰ ਜਿਨ੍ਹਾਂ ਵਿੱਚ ਅਜਿਹੀ ਹਿੰਮਤ ਹੋਵੇ ਕਿ ਉਹ ਮਲਕਾਏ ਐਲਜਾਬ੍ਰਥ ਨੂੰ ਸ਼ਰਮਿੰਦਾ ਕਰਨ ਲਈ ਬਰਤਾਨਵੀ ਮੀਡੀਆ ਵਿੱਚ ਆਪਣੇ ਪਿਛੋਕੜ ਬਾਰੇ ਖੁੱਲ ਕੇ ਦੱਸਣ। ਕੀ ਤੁਸੀਂ ਇਹ ਵੀ ਨਹੀਂ ਜਾਨਣਾ ਚਾਹੋਗੇ ਕਿ ਬਰਤਾਨੀਆ ਸਿੱਖਾਂ ਤੋਂ ਕਿੰਨਾ ਡਰਦਾ ਸੀ? ਉਨ੍ਹਾਂ ਨੇ ਫਰਾਂਸੀਸੀ ਕਲੌਨੀ ਪੋਂਡਚੇਰੀ ਵਿੱਚ ਠਾਕੁਰ ਸਿੰਘ ਸੰਧਾਵਾਲੀਆ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤਾਂ ਜੋ ਉਹ ਮਹਾਰਾਜਾ ਦਲੀਪ ਸਿੰਘ ਨਾਲ ਮੁਲਾਕਾਤ ਨਾ ਕਰ ਸਕੇ। ਇਸ ਫਿਲਮ ਤੋਂ ਬਾਅਦ, ਸਿੱਖ ਸ਼ਾਇਦ ਅੰਗਰੇਜ਼ਾਂ ਨੂੰ ਉਨ੍ਹਾਂ ਦੇ ਧੋਖੇ ਲਈ ਕਦੀ ਵੀ ਮੁਆਫ ਨਾ ਕਰ ਸਕਣ। ਪਰ ਨਾਲ ਹੀ ਇਹ ਦੇਖ ਕੇ ਵੀ ਚੰਗਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਫਾਦਾਰ ਕਰਨਲ ਹਬਰਾਨ ਨੇ ਬੱਚੇ ਮਹਾਰਾਜਾ ਦਲੀਪ ਸਿੰਘ ਦੀ ਜਾਨ ਬਚਾਈ। ਇਹ ਵੀ ਦੇਖ ਕੇ ਚੰਗਾ ਲੱਗਾ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਦੇ ਆਖਰੀ ਦਿਨਾਂ ਵਿੱਚ ਬਰਤਾਨਵੀ ਮਹਾਰਾਣੀ ਉਸ ਨੂੰ ਮਿਲਣ ਆਈ ਤਾਂ ਉਸ ਨੇ ਪਛਤਾਵੇ ਦੇ ਸ਼ਬਦ ਬੋਲੇ। ਪਰ ਹੁਣ ਸਮਾਂ ਬਹੁਤ ਅੱਗੇ ਲੰਘ ਚੁੱਕਾ ਸੀ।
ਮਹਾਰਾਜਾ ਦਲੀਪ ਸਿੰਘ ਜਦ ਫਿਲਮ ਵਿੱਚ ਥੋੜੀ ਦੇਰ ਲਈ ਆਪਣੀ ਤਲਵਾਰਬਾਜ਼ੀ ਦੇ ਹੁਨਰ ਦਿਖਾਉਂਦੈ ਅਤੇ ਫਰਾਂਸੀਸੀ ਅਤੇ ਰੂਸੀ ਰੂਹਪੋਸ਼ ਕਾਰਕੁੰਨਾ ਨਾਲ ਬਰਤਾਨਵੀ ਤਖਤ ਪਲਟਣ ਦੀਆਂ ਸਾਜਿਸ਼ਾਂ ਰਚਦੈ ਤਾਂ ਹਰੀ ਸਿੰਘ ਨਲੂਏ ਅਤੇ ਬਾਬਾ ਬਘੇਲ ਸਿੰਘ ਦੀ ਯਾਦ ਆ ਜਾਂਦੀ ਹੈ।
ਫਿਲਮ ਵਿੱਚ ਮਹਾਰਾਣੀ ਜਿੰਦਾ ਦੀ ਪੰਜਾਬੀ ਵੀ ਮਨ ਮੋਹ ਲੈਂਦੀ ਹੈ। ਸ਼ਬਾਨਾ ਆਜ਼ਮੀ ਨੇ ਕਰੜੀ ਮੁਸ਼ੱਕਤ ਨਾਲ ਬੋਲੇ ਸੰਵਾਦ ਯਾਦਗਾਰੀ ਬਣ ਗਏ ਹਨ। ਕਿੰਨੇ ਸਹਿਜ ਨਾਲ ਉਹ ਬਰਤਾਨਵੀ ਮਹਾਰਾਣੀ ਨੂੰ ਕਹਿੰਦੀ ਹੈ, “ਇਹ ਪਿਆਲੀਆਂ ਪਹਿਲਾਂ ਕਿਧਰੇ ਦੇਖੀਆਂ ਹਨ। ਇਹ ਉਹੀ ਤਾਂ ਨਹੀਂ ਜੋ ਤੁਸੀਂ ਚੋਰੀ ਕਰਕੇ ਲਿਆਏ ਹੋ”? ਪਿਆਲੀਆਂ ਦੀ ਜ਼ੁਬਾਨੀ ਸਿੱਖ ਰਾਜ ਦੇ ਚੋਰੀ ਕੀਤੇ ਜਾਣ ਦਾ ਇਹ ਜ਼ਿਕਰ ਕਮਾਲ ਦਾ ਹੈ।
“ਕਿੰਨੇ ਸਹਿਜ ਨਾਲ ਉਹ ਬਰਤਾਨਵੀ ਮਹਾਰਾਣੀ ਨੂੰ ਕਹਿੰਦੀ ਹੈ, “ਇਹ ਪਿਆਲੀਆਂ ਪਹਿਲਾਂ ਕਿਧਰੇ ਦੇਖੀਆਂ ਹਨ। ਇਹ ਉਹੀ ਤਾਂ ਨਹੀਂ ਜੋ ਤੁਸੀਂ ਚੋਰੀ ਕਰਕੇ ਲਿਆਏ ਹੋ”? ਪਿਆਲੀਆਂ ਦੀ ਜ਼ੁਬਾਨੀ ਸਿੱਖ ਰਾਜ ਦੇ ਚੋਰੀ ਕੀਤੇ ਜਾਣ ਦਾ ਇਹ ਜ਼ਿਕਰ ਕਮਾਲ ਦਾ ਹੈ।“
ਗੁਲਜ਼ਾਰ ਦੀ ਦਸਤਾਵੇਜੀ ਫਿਲਮ ਮਾਚਿਸ ਦੇਖ ਕੇ ਬੜੇ ਲੰਬੇ ਸਮੇਂ ਤੱਕ ਮੇਰੇ ਲਈ ਤੱਬੂ ਇੱਕ ਸਿੱਖ ਜੁਝਾਰੂ ਦੀ ਭੈਣ ਹੀ ਸੀ, ਇਸੇ ਤਰ੍ਹਾਂ ਹੁਣ ਬੜੇ ਲੰਬੇ ਸਮੇਂ ਤੱਕ ਸਿੱਖ, ਸ਼ਬਾਨਾ ਆਜ਼ਮੀ ਨੂੰ ਮਹਾਰਾਣੀ ਜਿੰਦਾ ਕਰਕੇ ਹੀ ਜਾਨਣਗੇ।
ਐਂਗਲੋ ਸਿੱਖ ਇਤਿਹਾਸ `ਤੇ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਇੱਕ ਇਮਾਨਦਾਰ ਯਤਨ ਹੈ ਇਤਿਹਾਸ ਦੇ ਪੰਨਿਆਂ ਨੂੰ ਫਿਲਮ `ਤੇ ਉਜਾਗਰ ਕਰਨ ਦਾ। ਫਿਲਮ ਸਿੱਖਾਂ ਨੂੰ ਆਪਣੇ ਵਿਰਸੇ ਦੀ ਨਜ਼ਰਸ਼ਾਨੀ ਕਰਨ ਲਈ ਮਜ਼ਬੂਰ ਕਰਦੀ ਹੈ। 2 ਘੰਟਿਆਂ ਬਾਅਦ ਸਿੱਖੀ ਜਜ਼ਬਾ ਮਹਾਰਾਣੀ ਜਿੰਦਾ ਦੇ ਮਹਾਰਾਜਾ ਦਲੀਪ ਸਿੰਘ ਨੂੰ ਬੋਲੇ ਗਏ ਉਹ ਬੋਲ ਭੁਲਾ ਨਹੀਂ ਸਕਦੇ। “ਆਪਣੀ ਤਲਵਾਰ ਉਠਾ ਤੇ ਆਪਣਾ ਰਾਜ ਵਾਪਿਸ ਲੈ”। ਕੀ ਮਹਾਰਾਣੀ ਜਿੰਦਾ ਸਿਰਫ ਮਹਾਰਾਜਾ ਦਲੀਪ ਸਿੰਘ ਨੂੰ ਇਹ ਗੱਲ ਕਹਿ ਰਹੀ ਹੈ? ਨਹੀਂ। ਉਹ ਮੈਨੂੰ ਵੀ ਕਹਿ ਰਹੀ ਹੈ, ਤੁਹਾਨੂੰ ਵੀ ਕਹਿ ਰਹੀ ਹੈ ਤੇ ਹਰ ਸਿੱਖ ਨੂੰ ਕਹਿ ਰਹੀ ਹੈ।