ਵਰਤਮਾਨ ਦੀ ਹਿੱਕ ਤੇ
ਇਹ ਕਵਿਤਾ ਮੇਰੇ ਵੱਲੋਂ ਅੱਜ ਤੋਂ 29 ਸਾਲ ਪਹਿਲਾਂ.ਲਿਖੀ ਗਈ। ਇਹ ਉਹ ਦੌਰ ਸੀ, ਜਦੋਂ ਮੇਰੀ ਕੋਮਲ ਸੋਚ ਉਸ ਦਰਦ ਨੂੰ ਮਹਿਸੂਸ ਕਰਨ ਦੇ ਕਾਬਿਲ ਹੋਈ, ਜਦੋਂ ਮੇਰੀ ਕੌਮ ਦੇ ਸਿਰਮੌਰ ਧਾਰਮਿਕ ਥੰਮ ਉੱਤੇ ਹਮਲਾ ਕਰਕੇ, ਨਿਰਦੋਸ਼ ਲੋਕਾਂ ਨੂੰ ਕੋਹ ਕੋਹ ਕੇ ਮਾਰ ਕੇ, ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਸੀ, ਕਲਮਾਂ ਚੋਂ ਨਿਕਲੇ ਲਫਜ਼ਾਂ ਦਾ ਸਾਹ ਘੁੱਟਿਆ ਜਾ ਰਿਹਾ ਸੀ, ਪਰ ਫਿਰ ਵੀ ਕੁਝ ਜਾਗਦੀਆਂ ਜ਼ਮੀਰਾਂ ਕੌਮ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਵਿੱਚ ਸਨ। ਵਰਤਮਾਨ ਦੀ ਹਿੱਕ ਤੇ ਉਹਨਾਂ ਦੀਆਂ ਉਹ ਨਿਮਾਣੀਆਂ ਕੋਸ਼ਿਸ਼ਾਂ ਇੱਕ ਹਸਤਾਖਰ ਵਾਂਗ ਸਨ ਜਿੰਨ੍ਹਾਂ ਨੇ ਆਉਣ ਵਾਲੇ ਕਲ ਦਾ ਇਤਿਹਾਸ ਸਿਰਜਣਾ ਸੀ। ਇਹ ਮੇਰੇ ਸਵਰਗਵਾਸੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪੁਰਾਣੇ ਟਰੰਕ ਵਿੱਚੋਂ ਬੜੀ ਸਹੇਜ ਕੇ ਰੱਖੀ ਹੋਈ ਮਿਲੀ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ..ਸਚਮੁਚ ਮਾਂ ਆਪਣੇ ਬੱਚਿਆਂ ਦੀ ਹਰ ਕੀਮਤੀ ਸ਼ੈ ਨੂੰ ਕਿਵੇਂ ਸੰਭਾਲ ਕੇ ਰੱਖਦੀ ਹੈ …..
ਸਮੇਂ ਦੀਆਂ ਸੰਦਲੀ ਪੈੜਾਂ,
ਤੇ ਪੈੜਾਂ ਦੇ ਰਚਨਹਾਰੇ ਪੈਰ,
ਵਧ ਰਹੇ ਨੇ ਲਗਾਤਾਰ
ਬੇਕਰਾਰ, ਨਿਰੰਤਰ ਬਾਰ
ਬਾਰ।
ਵਰਤਮਾਨ ਦੀ ਹਿੱਕ ਤੇ
ਅਤੀਤ ਦੇ ਹਸਤਾਖਰ ਦੀ ਤਰ੍ਹਾਂ,
ਅਤੀਤ?
ਹਾਂ ਅਤੀਤ….
ਅਤੀਤ ਜੋ ਕੱਲ ਦਾ ਇਤਿਹਾਸ ਸੀ,
ਦੇ ਰਿਹਾ ਚੇਤਾਵਨੀ..
ਕੱਲ ਦੇ ਇਤਿਹਾਸ ਨੂੰ…
ਐ ਕੱਲ ਦੇ ਇਤਿਹਾਸ ਤੂੰ …
ਅੱਜ ਦਾ ਵਰਤਮਾਨ ਹੈਂ….
ਬੇਕਿਰਕਿਆ ਜ਼ਾਲਮਾਂ
ਤੂੰ ਬੜਾ ਕਹਿਰਵਾਨ ਹੈਂ…
ਕਹਿਰ?
ਹਾਂ ਕਹਿਰ ਹੀ ਤਾਂ ਹੈ…
ਕਿਉਂਕਿ ਤੇਰੇ ਪਲਾਂ
ਦੀ
ਕੈਦ
ਵਿੱਚ
ਚੁੱਪ ਦੇ ਬੋਲ ਨੇ ਤੜਫ ਰਹੇ..
ਕਿਣਕਾ ਕਿਣਕਾ ਬਿਖਰ ਰਹੇ..
ਲਮਹਾਂ ਲਮਹਾਂ ਸੁਲਘ ਰਹੇ
ਕਿਉਂਕਿ
ਤੇਰੇ ਨਪੁੰਸਕ ਖਲਾਅ ਵਿੱਚ
ਕੁਝ ਪੈਦਾ ਕਰਨ ਦੀ ਰੀਝ ਨਹੀਂ ,
ਫਿਰ ਬੋਲਾਂ ਦੀ ਭੁੱਖ ਕਿੰਝ ਸ਼ਾਂਤ ਹੋਵੇ
ਜਦ ਜਜ਼ਬਿਆਂ ਦੇ ਬੀਜ ਨਹੀਂ
ਜਜ਼ਬਿਆਂ ਦੇ ਬੀਜ?
ਹਾਂ ਬੀਜ…
ਜਜ਼ਬਿਆਂ ਦੇ ਬੀਜ ਜੋ ਪੁੰਗਰੇ ਨਹੀਂ
ਕਦੇ ਵੀ ਖਲਾਅ ਵਿੱਚ
ਪੰਗਰਨ ਦਾ ਗੁਰ ਛਿਪਿਆ ਹੈ,
ਬਸ ਪੁੰਗਰਨ ਦੀ ਚਾਹ ਵਿੱਚ।
ਹਾਲਾਤਾਂ ਦੀ ਜ਼ਮੀਨ ਤੇ
ਜ਼ਜ਼ਬਿਆ ਦੇ ਬੀਜ ਸੁੱਟ ਕੇ
ਕੋਮਲਤਾ ਦਾ ਛਿੜਕ ਪਾਣੀ,
ਗਿਆਨ ਦੀ ਖਾਦ ਪਾ ਕੇ
ਸਿਰਜਣਾ ਦੀ ਵਾਹੀ ਕਰਕੇ
ਕਲਪਨਾ ਦੇ ਸਿਆੜ ਕੱਢ ਕੇ
ਨੇ ਬੋਲ ਪੈਦਾ ਹੋ ਸਕਦੇ।
ਬੋਲ?
ਹਾਂ ਬੋਲ..
ਉਹ ਬੋਲ ਜੋ ਗੂੰਗੇ ਨਹੀਂ ..
ਬੌਣੇ ਨਹੀਂ , ਬੋਲ੍ਹੇ ਨਹੀਂ ..
ਕੈਦ ਨਹੀਂ , ਅਵੈਦ ਨਹੀਂ,
ਸੌੜੇ ਨਹੀਂ ਬੇਉਮੀਦ ਨਹੀਂ…
ਝੂਠ ਦੇ ਮੁਰੀਦ ਨਹੀਂ।
ਜੋ ਜ਼ਿੰਦਗੀ ਦੇ ਬੋਲ ਹਨ
ਤੇ ਜ਼ਿੰਦਗੀ ਦੇ ਕੋਲ ਹਨ
ਨਿਆਂ ਤੋਂ ਇਹ ਦੂਰ ਨਹੀਂ ..
ਗੁਸਤਾਖ ਨਹੀਂ ਮਗਰੂਰ
ਨਹੀਂ।
ਇਹ ਬੋਲ ਜੋ ਇਤਿਹਾਸ ਹਨ
ਵਰਤਮਾਨ ਦੇ ਪਾਸ ਹਨ
ਜੋ ਕੱਲ ਦਾ ਇਤਿਹਾਸ ਸੀ…
ਜੇ ਕੱਲ ਜ਼ਿੰਦਾ ਰੱਖੇਂਗਾ
ਤਾਂ ਹੀ ਤਾਂ ਕਰ ਸਕੇਂਗਾ
ਮੇਰੀ ਤਰ੍ਹਾਂ ਹਸਤਾਖਰ
ਵਰਤਮਾਨ ਦੀ ਹਿੱਕ ਤੇ…